ਖੰਨਾ, 10 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਤੋਂ ਮੰਡੀ ਗੋਬਿੰਦਗੜ੍ਹ ਨੈਸ਼ਨਲ ਹਾਈਵੇ ਤੋਂ ਪਿੰਡ ਭਾਦਲਾ ਬਸਤੀ, ਪਿੰਡ ਅਲੌੜ, ਭਾਦਲਾ ਉੱਚਾ, ਭਾਦਲਾ ਨੀਚਾ, ਇਸਮੈਲਪੁਰ, ਸਾਹਿਬ ਪੁਰ, ਅਲੀਪੁਰ, ਮਾਣਕ ਮਾਜਰਾ, ਖੇੜੀ ਨੌਧ ਸਿੰਘ, ਉੱਚਾ ਪਿੰਡ ਸੰਘੋਲ ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਾਲ ਜੋੜਦੀ ਸੜਕ ਦੇ ਜੋ ਹਾਲਾਤ ਬਣੇ ਹੋਏ ਹਨ | ਉਹ ਬਹੁਤ ਤਰਸਯੋਗ ਹਨ | ਵਿਧਾਨ ਸਭਾ ਹਲਕਾ ਖੰਨਾ ਅਤੇ ਵਿਧਾਨ ਸਭਾ ਹਲਕਾ ਅਮਲੋਹ ਨੂੰ ਜੋੜਦੀ ਹੋਈ ਇਹ 18 ਫੁੱਟ ਚੌੜੀ ਸੜਕ ਦਾ ਨਾਮ ਪੰਜਾਬ ਸਰਕਾਰ ਵੱਲੋਂ ਪਿਛਲੀ ਦਿਨੀਂ ਮਹਿਰੂਮ ਗਾਇਕ ਜਨਾਬ ਸਰਦੂਲ ਸਿਕੰਦਰ ਯਾਦਗਾਰੀ ਮਾਰਗ ਰੱਖਿਆ ਗਿਆ | ਪ੍ਰੰਤੂ ਇਸ ਸੜਕ ਤੇ ਪੈਂਦੇ 60 ਦੇ ਕਰੀਬ ਪਿੰਡ ਅੱਜ ਆਪਣੇ ਆਪ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਅਤੇ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਮੰਡੀ ਮੰਡੀ ਗੋਬਿੰਦਗੜ੍ਹ ਨਾਲੋਂ ਬਿਲਕੁਲ ਆਪਣੇ ਆਪ ਨੂੰ ਅਲੱਗ ਹੋਇਆ ਮਹਿਸੂਸ ਕਰ ਰਹੇ ਹਨ | ਇਸ ਦਾ ਕਾਰਨ ਇਹ ਸੜਕ ਹੈ | ਇਲਾਕੇ ਦੇ ਮੋਹਤਬਰਾਂ ਸੱਜਣਾਂ ਵੱਲੋਂ ਬੀਤੇ ਦਿਨ ਤੋਂ ਇਕੱਠੇ ਹੋ ਕੇ ਨੈਸ਼ਨਲ ਹਾਈਵੇ ਦੇ ਨਾਲ ਸਰਵਿਸ ਰੋਡ ਉੱਪਰ ਪੱਕਾ ਧਰਨਾ ਟੈਂਟ ਲਗਾ ਕੇ ਲਾ ਦਿੱਤਾ ਗਿਆ ਹੈ | ਇਹ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ | ਇਸ ਧਰਨੇ ਦੀ ਅਗਵਾਈ ਰਜਿੰਦਰ ਸਿੰਘ ਬੈਨੀਪਾਲ ਪ੍ਰਧਾਨ ਮਜ਼ਦੂਰ ਕਿਸਾਨ ਯੂਨੀਅਨ, ਅਮਰੀਕ ਸਿੰਘ ਮਾਜਰੀ, ਗੁਰਮੁੱਖ ਸਿੰਘ ਭਾਦਲਾ, ਸੁਖਵਿੰਦਰ ਸਿੰਘ ਸੁੱਖਾ ਭਾਦਲਾ ਲਗਾਤਾਰ ਕਰ ਰਹੇ ਹਨ | ਇਸ ਧਰਨੇ ਨੂੰ ਚੁਕਵਾਉਣਾ ਲਈ ਬੀਤੇ ਕੱਲ ਤੋਂ ਹੀ ਪੁਲਿਸ ਪ੍ਰਸ਼ਾਸਨ ਅਤੇ ਖੰਨਾ ਦੇ ਸਿਵਲ ਪ੍ਰਸ਼ਾਸਨ ਵੱਖੋ ਵੱਖ ਆਪਣੇ ਤੌਰ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਅੱਜ ਇਸ ਧਰਨੇ ਨੂੰ ਚੁਕਵਾਉਣ ਲਈ ਈ. ਓ. ਖੰਨਾ ਚਰਨਜੀਤ ਸਿੰਘ ਉੱਬੀ ਵਿਸ਼ੇਸ਼ ਤੌਰ ਤੇ ਪਹੁੰਚੇ, ਪ੍ਰੰਤੂ ਧਰਨਾਕਾਰੀ ਦੀ ਇਸ ਗੱਲ ਤੇ ਅੜੇ ਹੋਏ ਸਨ ਕਿ ਜਦੋਂ ਤੱਕ ਟੈਂਡਰ ਕਰਕੇ ਟੈਂਡਰ ਦੀ ਕਾਪੀ ਸਾਨੂੰ ਨਹੀਂ ਦਿਖਾਈ ਜਾਂਦੀ ਉਦੋਂ ਤੱਕ ਅਸੀਂ ਧਰਨਾ ਇਸੇ ਤਰਾਂ ਜਾਰੀ ਰੱਖਾਂਗੇ ਇਸ ਧਰਨੇ ਵਿੱਚ ਸਿਤਾਰ ਮੁਹੰਮਦ ਭਾਦਲਾ, ਬਲਬੀਰ ਸਿੰਘ ਮਾਂਗਟ, ਪਰਮਜੀਤ ਸਿੰਘ ਪੰਮਾ ਉੱਚਾ ਭਾਦਲਾ, ਸੋਨੀ ਭਾਦਲਾ, ਗੁਰਦੀਪ ਸਿੰਘ ਭਾਦਲਾ, ਬਲਕਾਰ ਸਿੰਘ ਭਊ ਅੰਬੇਮਾਜਰਾ, ਦਰਸ਼ਨ ਸਿੰਘ ਡੇਰਾ ਬਸਤੀ ਭਾਦਲਾ, ਪੰਚ ਸੁਰਿੰਦਰ ਸਿੰਘ ਬਸਤੀ ਭਾਦਲਾ, ਗੱਗੀ ਨਿਊਆ ਬੱਬੀ ਭਾਦਲਾ ਆਦਿ ਹਾਜ਼ਰ ਸਨ |