ਮਲੌਦ,15 ਮਈ (ਸਹਾਰਨ ਮਾਜਰਾ)-ਮਨੁੱਖੀ ਅਧਿਕਾਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਵਲੋਂ ਪੰਜਾਬੀ ਲੇਖਕ ਤੇ ਪੱਤਰਕਾਰ ਹਰਪ੍ਰੀਤ ਸਿੰਘ ਸਿਹੌੜਾ ਨੂੰ ਸੋਸ਼ਲ ਮੀਡੀਆ ਇੰਚਾਰਜ ਜ਼ਿਲ੍ਹਾ ਲੁਧਿਆਣਾ ਨਿਯੁਕਤ ਕੀਤਾ ਗਿਆ ਹੈ | ਪੰਜਾਬ ਪ੍ਰਧਾਨ ਗੁਰਦੀਪ ਸਿੰਘ ਮਦਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਖੰਨਾ ਚਰਨਜੀਤ ਕੌਰ ਵਲੋਂ ਪਿੰਡ ਸਿਹੌੜਾ ਵਿਖੇ ਨਸ਼ਿਆਂ ਸਬੰਧੀ ਕਰਵਾਏ ਗਏ ਸੈਮੀਨਾਰ ਦੌਰਾਨ ਸੰਸਥਾ ਵਲੋਂ ਨਿਯੁਕਤੀ ਪੱਤਰ ਸੌਂਪੇ ਗਏ | ਜਿਸ ਦੇ ਤਹਿਤ ਹਰਪ੍ਰੀਤ ਸਿੰਘ ਸਿਹੌੜਾ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ | ਉਨ੍ਹਾਂ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਮਦਨ ਅਤੇ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੰਸਥਾ ਵੱਲੋਂ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਦੱਸਣਯੋਗ ਹੈ ਕਿ ਹਰਪ੍ਰੀਤ ਸਿੰਘ ਸਿਹੌੜਾ ਪਹਿਲਾਂ ਵੀ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਇਲਾਕੇ ਦੀਆਂ ਸਾਹਿਤ ਸਭਾਵਾਂ ਨਾਲ ਜੁੜ ਕੇ ਸਮਾਜ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ |