ਡੇਹਲੋਂ, 19 ਮਈ (ਅੰਮਿ੍ਤਪਾਲ ਸਿੰਘ ਕੈਲੇ)- ਪੈਰਾਗੌਨ ਇੰਟਰਨੈਸ਼ਨਲ ਸਕੂਲ, ਨੰਗਲ ਵਿਖੇ ਸ਼ਰਧਾ, ਭਗਤੀ ਅਤੇ ਅਧਿਆਤਮਿਕ ਉਤਸ਼ਾਹ ਨਾਲ ਭਰਪੂਰ ਮਾਤਾ ਰਾਣੀ ਦਾ ਜਾਗਰਣ ਕਰਵਾਇਆ ਗਿਆ | ਧਾਰਮਿਕ ਸਮਾਗਮ ਵਿਚ ਸਕੂਲ ਦੇ ਅਧਿਆਪਕਾਂ ਸਮੇਤ ਪਰਿਵਾਰਕ ਮੈਂਬਰਾਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਭਾਗ ਲਿਆ | ਜਾਗਰਣ ਦੀ ਸ਼ੁਰੂਆਤ ਮਾਤਾ ਭਗਵਤੀ ਦੀ ਜੋਤ ਪ੍ਰਜਵਲਿਤ ਕਰਕੇ ਅਤੇ ਗਣੇਸ਼ ਵੰਦਨਾ ਨਾਲ ਕੀਤੀ ਗਈ | ਪ੍ਰਸਿੱਧ ਭਜਨ ਗਾਇਕ ਕਪਿਲ ਸ਼ਰਮਾ ਵਲੋਂ ਪੇਸ਼ ਕੀਤੀਆਂ ਮਾਤਾ ਦੀਆਂ ਭੇਟਾਂ ਅਤੇ ਭਗਤੀ ਭਜਨਾਂ ਨੇ ਸਾਰੇ ਸ਼ਰਧਾਲੂਆਂ ਨੂੰ ਮੰਤਰਮੁਗਧ ਕਰ ਕੀਤਾ | ਸਕੂਲ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਸਿੰਘ ਸੋਫਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਅਤੇ ਸਭਿਆਚਾਰਕ ਸਮਾਗਮ ਸਕੂਲ ਪਰਿਵਾਰ ਵਿੱਚ ਪਿਆਰ, ਏਕਤਾ ਅਤੇ ਆਧਿਆਤਮਿਕ ਮੁੱਲਾਂ ਨੂੰ ਮਜ਼ਬੂਤ ਕਰਦੇ ਹਨ | ਸਕੂਲ ਦੀ ਚੇਅਰਪਰਸਨ ਸੁਮਨ ਸੋਫਤ ਨੇ ਕਿਹਾ ਕਿ ਮਾਂ ਦਾ ਪਿਆਰ, ਤਿਆਗ ਅਤੇ ਸ਼ਕਤੀ ਦੀ ਸੱਚੀ ਪ੍ਰਤੀਕ ਹੁੰਦੀ ਹੈ ਅਤੇ ਸਾਨੂੰ ਸਦਾ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਸਕੂਲ ਦੀ ਪਿ੍ੰਸੀਪਲ ਮਨਜੀਤ ਕੌਰ ਸਿੱਧੂ ਨੇ ਸਮੂਹ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਿਹਾ ਕਿ ਮਾਤਾ ਰਾਣੀ ਦਾ ਅਸ਼ੀਰਵਾਦ ਜੀਵਨ ਦੀ ਸਭ ਤੋਂ ਵੱਡੀ ਤਾਕਤ ਹੁੰਦਾ ਹੈ ਅਤੇ ਇਸ ਤਰ੍ਹਾਂ ਦੇ ਸਮਾਗਮ ਸਕਾਰਾਤਮਕ ਊਰਜਾ ਪ੍ਰਦਾਨ ਕਰਦੇ ਹਨ | ਪ੍ਰੋਗਰਾਮ ਦੇ ਅੰਤ ਵਿੱਚ ਮਹਾਂ ਆਰਤੀ ਅਤੇ ਪ੍ਰਸ਼ਾਦ ਵਰਤਾਇਆ ਗਿਆ | ਸ਼ਰਧਾਲੂਆਂ ਨੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਸਕੂਲ ਪਰਿਵਾਰ ਦੀ ਸੁੱਖ-ਸ਼ਾਂਤੀ ਅਤੇ ਸੁਨਿਹਰੇ ਭਵਿੱਖ ਲਈ ਅਰਦਾਸ ਕੀਤੀ |