ਸਮਰਾਲਾ, 19 ਮਈ (ਕੁਲਵਿੰਦਰ ਸਿੰਘ)-ਪਿਛਲੇ ਦਿਨਾਂ ਵਿੱਚ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਉਪਰੰਤ ਹੀ ਕੇਂਦਰ ਦੀ ਮੋਦੀ ਸਰਕਾਰ ਨੇ ਪੰਜ ਦਿਨਾਂ ਦੇ ਅੰਦਰ ਅੰਦਰ ਦੋ ਵਾਰੀ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਾ ਕੇ ਆਮ ਲੋਕਾਂ ਦੀ ਜੇਬ ਉੱਤੇ ਡਾਕਾ ਮਾਰਿਆ ਹੈ | ਇਹ ਪ੍ਰਗਟਾਵਾ ਹਰਿੰਦਰ ਸਿੰਘ ਲੱਖੋਵਾਲ ਸੂਬਾ ਪ੍ਰਧਾਨ ਬੀ. ਕੇ. ਯੂ. (ਲੱਖੋਵਾਲ) ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਪੈੱ੍ਰਸ ਨਾਲ ਗੱਲਬਾਤ ਕਰਦੇ ਹੋਏ ਕੀਤਾ | ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਕਦੇ ਵੀ ਕਿਸਾਨਾਂ ਦੀ ਸਕੀ ਨਹੀਂ ਹੋਈ, ਜਿਸਨੇ ਹਮੇਸ਼ਾਂ ਕਿਸਾਨਾਂ ਨੂੰ ਆਪਣੇ ਹਿੱਤਾਂ ਲਈ ਵਰਤਿਆ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਉੱਪਰ 200 ਲੀਟਰ ਡੀਜ਼ਲ ਦੀ ਸ਼ਰਤ ਲਗਾ ਦਿੱਤੀ ਹੈ | ਝੋਨੇ ਦੀ ਫ਼ਸਲ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਕਿਸਾਨਾਂ ਨੂੰ ਫ਼ਸਲ ਬੀਜਣ ਅਤੇ ਹੋਰ ਕੰਮਾਂ ਲਈ ਡੀਜ਼ਲ ਦੀ ਜ਼ਰੂਰਤ ਪੈਣੀ ਹੈ, ਇਸ ਸ਼ਰਤ ਕਾਰਨ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ, ਜਿਸ ਦਾ ਅਸਰ ਸਾਉਣੀ ਦੀ ਫ਼ਸਲ ਦੀ ਬਿਜਾਈ ਉੱਪਰ ਪਵੇਗਾ | ਹੁਣ ਕਿਸਾਨ ਆਪਣੇ ਖੇਤਾਂ ਵਿੱਚ ਬਿਜਾਈ ਦਾ ਕੰਮ ਕਰਨਗੇ ਜਾਂ ਲਾਈਨਾਂ ਵਿੱਚ ਖੜ੍ਹ ਕੇ ਤੇਲ ਭਰਵਾਉਣਗੇ | ਆਗੂਆਂ ਨੇ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸਰਕਾਰ ਆਪਣਾ ਇਹ ਲਿਆ ਫ਼ੈਸਲਾ ਤੁਰੰਤ ਵਾਪਸ ਲਵੇ | ਜੇਕਰ ਸਰਕਾਰ ਨੇ ਆਪਣਾ ਨਾਦਰਸ਼ਾਹੀ ਫੁਰਮਾਨ ਵਾਪਸ ਨਾ ਲਿਆ ਤਾਂ ਮਜ਼ਬੂਰਨ ਯੂਨੀਅਨ ਵੱਡਾ ਫੈਸਲਾ ਲੈ ਕੇ ਸੰਘਰਸ਼ ਸ਼ੁਰੂ ਕਰੇਗੀ, ਜਿਸਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ |