ਖੰਨਾ, 19 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਕਾਂਗਰਸ ਨੇ ਨਗਰ ਕੌਂਸਲ ਚੋਣ ਪ੍ਰਕਿਰਿਆ ਵਿਚ ਧਾਂਦਲੀ ਅਤੇ ਹੇਰਾਫੇਰੀ ਦੇ ਦੋਸ਼ ਲਾਏ ਹਨ | ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਦੋਸ਼ ਲਾਇਆ ਕਿ ਕਾਗ਼ਜ਼ਾਂ ਦੀ ਜਾਂਚ ਦੌਰਾਨ 18 ਮਈ ਦੀ ਅੱਧੀ ਰਾਤ ਤੱਕ ਅੰਤਿਮ ਸੂਚੀ ਜਾਣਬੁੱਝ ਕੇ ਜਾਰੀ ਨਹੀਂ ਕੀਤੀ ਗਈ ਸੀ | ਸਵੇਰੇ ਸੂਚੀ ਜਾਰੀ ਹੋਣ ਤੋਂ ਬਾਅਦ ਪਤਾ ਲੱਗਾ ਕਿ ਵਾਰਡ ਨੰਬਰ 26 ਤੋਂ ਸਾਬਕਾ ਨਗਰ ਕੌਂਸਲ ਪ੍ਰਧਾਨ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਲੱਧੜ ਅਤੇ ਉਨ੍ਹਾਂ ਦੇ ਭਰਾ ਰਾਣਾ ਰਣਬੀਰ ਸਿੰਘ (ਕਵਰਿੰਗ ਉਮੀਦਵਾਰ) ਦੇ ਕਾਗ਼ਜ਼ ਰੱਦ ਕਰ ਦਿੱਤੇ ਗਏ ਹਨ | ਵਾਰਡ ਨੰਬਰ 32 ਤੋਂ ਕਾਂਗਰਸੀ ਉਮੀਦਵਾਰ ਸਚਿਨ ਸੂਦ ਅਤੇ ਉਨ੍ਹਾਂ ਦੀ ਪਤਨੀ ਰੁਪਲ ਸੂਦ ਦੇ ਕਾਗਜ਼ ਵੀ ਰੱਦ ਕਰ ਦਿੱਤੇ ਗਏ ਹਨ | ਕਈ ਹੋਰ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਵੀ ਜ਼ਬਰਦਸਤੀ ਰੱਦ ਕਰ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਮੌਜੂਦਾ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਦਬਾਅ ਹੇਠ ਕੀਤਾ ਗਿਆ ਹੈ | ਕੋਟਲੀ ਨੇ ਕਿਹਾ ਕਿ ਚੋਣ ਕਮਿਸ਼ਨ ਸ਼ਿਕਾਇਤਾਂ 'ਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ | ਚੋਣਾਂ ਅਧੂਰੀਆਂ ਤਿਆਰੀਆਂ ਨਾਲ ਕਰਵਾਈਆਂ ਜਾ ਰਹੀਆਂ ਹਨ | ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਲਖਬੀਰ ਸਿੰਘ ਲੱਖਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਬੀ-ਟੀਮ ਹੈ ਅਤੇ ਸਿਰਫ਼ ਕਾਂਗਰਸ ਪਾਰਟੀ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਕਾਂਗਰਸ ਪਾਰਟੀ ਦੇ ਅੰਦਰ ਵੀ ਦਲਿਤਾਂ ਨੂੰ ਚੋਣਾਂ ਲੜਨ ਤੋਂ ਰੋਕਿਆ ਜਾ ਰਿਹਾ ਹੈ | ਇਸ ਜ਼ੁਲਮ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਜਵਾਬ ਦੇਣਾ ਪਵੇਗਾ | ਇਸਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ | ਖੰਨਾ ਨਗਰ ਕੌਂਸਲ ਦੇ 33 ਵਾਰਡਾਂ ਲਈ ਕੁੱਲ 226 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ, ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਕਾਂਗਰਸ ਅਤੇ ਆਪ ਦੇ ਨਾਲ-ਨਾਲ ਬਸਪਾ ਅਤੇ ਆਜ਼ਾਦ ਉਮੀਦਵਾਰ ਸ਼ਾਮਿਲ ਸਨ | 25 ਆਜ਼ਾਦ ਉਮੀਦਵਾਰਾਂ ਨੇ ਵੀ ਨਾਮਜ਼ਦਗੀਆਂ ਦਾਖਲ ਕੀਤੀਆਂ | ਨਾਮਜ਼ਦਗੀਆਂ ਦੀ ਅੰਤਿਮ ਸੂਚੀ ਬੀਤੀ ਦੇਰ ਰਾਤ ਜਾਰੀ ਕੀਤੀ ਗਈ, ਜਿਸ ਵਿੱਚ 19 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ | ਰੱਦ ਕੀਤੇ ਗਏ ਮੁੱਖ ਉਮੀਦਵਾਰਾਂ ਵਿੱਚ ਵਾਰਡ ਨੰਬਰ 26 ਤੋਂ ਕਾਂਗਰਸ ਉਮੀਦਵਾਰ ਕਮਲਜੀਤ ਸਿੰਘ ਲੱਧੜ ਅਤੇ ਕਵਰਿੰਗ ਉਮੀਦਵਾਰ ਰਣਬੀਰ ਸ਼ਾਮਿਲ ਹਨ | ਇਸ ਤੋਂ ਇਲਾਵਾ, ਵਾਰਡ ਨੰਬਰ 4 ਤੋਂ 'ਆਪ' ਉਮੀਦਵਾਰ ਪਾਰਸ ਕੌਸ਼ਲ, ਵਾਰਡ ਨੰਬਰ 7 ਤੋਂ ਭਾਜਪਾ ਦੀ ਮਾਲਵਿਕਾ ਸ਼ਰਮਾ, ਵਾਰਡ ਨੰਬਰ 9 ਤੋਂ ਕਾਂਗਰਸ ਦੀ ਜਸਬੀਰ ਕੌਰ, ਵਾਰਡ ਨੰਬਰ 12 ਤੋਂ ਅਕਾਲੀ ਦਲ ਦੇ ਭੁਪਿੰਦਰ ਸਿੰਘ ਸਰਨ ਅਤੇ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਜੀਵਨ ਸਿੰਘ ਦੀਆਂ ਨਾਮਜ਼ਦਗੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ | ਵਾਰਡ ਨੰਬਰ 15 ਤੋਂ ਕਾਂਗਰਸ ਦੀ ਸ਼ੀਤਲ ਵਿਜਨ ਅਤੇ ਅਕਾਲੀ ਦਲ ਦੀ ਕਮਲਜੀਤ ਕੌਰ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ | ਇਸ ਤੋਂ ਇਲਾਵਾ ਵਾਰਡ ਨੰਬਰ 16 ਤੋਂ 'ਆਪ' ਦੀ ਕਵਰਿੰਗ ਉਮੀਦਵਾਰ ਆਰਤੀ ਬਾਲੂ, ਵਾਰਡ ਨੰਬਰ 19 ਤੋਂ ਭਾਜਪਾ ਦੀ ਰਜਨੀ ਸੇਠੀ, ਵਾਰਡ ਨੰਬਰ 20 ਤੋਂ ਆਜ਼ਾਦ ਅਮਰਜੀਤ ਸਿੰਘ, ਵਾਰਡ ਨੰਬਰ 27 ਤੋਂ ਆਜ਼ਾਦ ਪਿਲੋ ਦੇਵੀ ਅਤੇ ਭਾਜਪਾ ਦੀ ਨੀਲਮ ਰਾਣੀ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ | ਵਾਰਡ ਨੰਬਰ 32 ਤੋਂ ਭਾਜਪਾ ਦੇ ਹਰਸਿਮਰਨਜੀਤ ਸਿੰਘ ਰਿਚੀ, ਕਾਂਗਰਸ ਦੇ ਕਪਿਲ ਸੂਦ ਅਤੇ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਰੂਪਲ ਸੂਦ ਦੇ ਇਲਾਵਾ ਵਾਰਡ ਨੰਬਰ 33 ਤੋਂ ਕਾਂਗਰਸ ਦੀ ਰਵਿੰਦਰ ਕੌਰ ਦੀਆਂ ਨਾਮਜ਼ਦਗੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ |