ਭੂੰਦੜੀ, 19 ਮਈ (ਕੁਲਦੀਪ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਖ਼ਿਲਾਫ਼ ਦਰਜ ਮਾਮਲੇ ਨੂੰ ਲੈ ਕੇ ਅਕਾਲੀ ਆਗੂਆਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਕੀਤੇ ਹਨ | ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਜਸਕਰਨ ਸਿੰਘ ਦਿਓਲ ਦੀ ਵੱਧ ਰਹੀ ਲੋਕਪਿ੍ਯਤਾ ਕਾਰਨ ਸਿਆਸੀ ਰੰਜਿਸ਼ ਤਹਿਤ ਇਹ ਕਾਰਵਾਈ ਕੀਤੀ ਗਈ ਹੈ | ਸਾਬਕਾ ਚੇਅਰਮੈਨ ਜਗਦੀਸ਼ ਸਿੰਘ ਗੋਰਸੀਆਂ, ਯੂਥ ਆਗੂ ਜਸਵਿੰਦਰ ਸਿੰਘ ਛੀਨਾ, ਕਰਨੈਲ ਸਿੰਘ ਕਾਕੂ ਅਤੇ ਪ੍ਰੀਤਮ ਸਿੰਘ ਆਲੀਵਾਲ ਨੇ ਕਿਹਾ ਕਿ ਜਸਕਰਨ ਸਿੰਘ ਦਿਉਲ ਲੰਮੇ ਸਮੇਂ ਤੋਂ ਹਲਕਾ ਦਾਖਾ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ ਅਤੇ ਲੋਕ ਵੱਡੀ ਗਿਣਤੀ ਵਿਚ ਉਨ੍ਹਾਂ ਨਾਲ ਜੁੜ ਰਹੇ ਹਨ | ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀਆਂ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਈ, ਜਿਸ ਕਾਰਨ ਝੂਠਾ ਪਰਚਾ ਦਰਜ ਕਰਵਾਇਆ ਗਿਆ | ਆਗੂਆਂ ਨੇ ਦੱਸਿਆ ਕਿ ਮਾਮਲੇ ਸਬੰਧੀ ਅਦਾਲਤ ਵਲੋਂ ਵੀ ਪੁਲਿਸ ਦੀ ਕਾਰਵਾਈ 'ਤੇ ਸਵਾਲ ਉਠਾਏ ਗਏ ਹਨ ਅਤੇ ਜਸਕਰਨ ਸਿੰਘ ਦਿਉਲ ਦੀ ਗਿ੍ਫ਼ਤਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਰਿਹਾਈ ਦੇ ਹੁਕਮ ਜਾਰੀ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਪਾਰਟੀ ਨੂੰ ਨਿਆਂ ਪ੍ਰਣਾਲੀ 'ਤੇ ਪੂਰਾ ਭਰੋਸਾ ਹੈ ਅਤੇ ਜਲਦ ਹੀ ਸੱਚਾਈ ਲੋਕਾਂ ਸਾਹਮਣੇ ਲਿਆਂਦੀ ਜਾਵੇਗੀ |