ਰਾੜਾ ਸਾਹਿਬ, 3 ਮਈ (ਸੁਖਵੀਰ ਸਿੰਘ ਚਣਕੋਈਆਂ)-ਗੁ. ਸਾਹਿਬ ਪ੍ਰਬੰਧਕ ਕਮੇਟੀ ਪਿੰਡ ਘਲੋਟੀ ਅਤੇ ਸਮੂਹ ਨਗਰ ਨਿਵਾਸੀ ਪਿੰਡ ਘਲੋਟੀ ਵਲੋਂ ਅਨਾਜ ਮੰਡੀ ਘਲੋਟੀ (ਫੋਕਲ ਪੁਆਇੰਾਟ) ਵਿਖੇ ਸਥਿਤ ਸਹਿਕਾਰੀ ਖੇਤੀਬਾੜੀ ਸਭਾ ਘੁਡਾਣੀ ਕਲ੍ਹਾਂ ਅੱਗੇ ਲਗਾਇਆ ਹੋਇਆ ਪੱਕਾ ਮੋਰਚਾ ਅੱਜ 24ਵੇਂ ਦਿਨ ਵਿੱਚ ਦਾਖਿਲ ਹੋ ਗਿਆ ਹੈ | ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਗੁ. ਸਾਹਿਬ ਪਿੰਡ ਘਲੋਟੀ ਦੀ ਮਾਲਕੀ ਵਾਲੀ ਜ਼ਮੀਨ ਵਿੱਚ ਬਣੇ ਗੋਦਾਮਾਂ ਤੇ ਗੁ. ਸਾਹਿਬ ਪ੍ਰਬੰਧਕ ਕਮੇਟੀ ਦਾ ਕਬਜ਼ਾ ਬਰਕਰਾਰ ਹੈ, ਉਨ੍ਹਾਂ ਦੱਸਿਆ ਇਸ ਸੰਬੰਧੀ ਮਿਤੀ 25-6-26 ਨੂੰ ਮਾਣਯੋਗ ਸਿਵਲ ਅਦਾਲਤ ਪਾਇਲ ਵਿਖੇ ਸਹਿਕਾਰੀ ਖੇਤੀਬਾੜੀ ਸਭਾ ਘੁਡਾਣੀ ਕਲਾਂ ਵੱਲੋਂ ਕੇਸ ਦਾਇਰ ਕੀਤਾ ਗਿਆ ਹੈ, ਅਦਾਲਤ ਤੋਂ ਸਹਿਕਾਰੀ ਸਭਾ ਨੇ ਸਟੇਅ ਆਰਡਰ ਲੈਣ ਲਈ ਮੰਗ ਕੀਤੀ ਗਈ ਸੀ, ਪਰ ਅਦਾਲਤ ਵੱਲੋਂ ਸਹਿਕਾਰੀ ਖੇਤੀਬਾੜੀ ਸਭਾ ਘੁਡਾਣੀ ਕਲਾਂ ਨੂੰ ਕੋਈ ਸਟੇਅ ਆਰਡਰ ਨਹੀਂ ਦਿੱਤਾ ਗਿਆ, ਮਾਣਯੋਗ ਅਦਾਲਤ ਵਿੱਚ ਅਗਲੀ ਸੁਣਵਾਈ 2 ਜੁਲਾਈ 2026 ਨੂੰ ਹੋਣੀ ਹੈ | ਉਨ੍ਹਾਂ ਦੱਸਿਆ ਕਿ ਪਿੰਡ ਘਲੋਟੀ ਦੇ ਮੋਰਚੇ ਦੇ ਆਗੂਆਂ ਨੂੰ ਅਦਾਲਤ ਵੱਲੋਂ ਸੰਮਨ ਤਾਲੀਮ ਹੋ ਚੁੱਕੇ ਹਨ, ਆਗੂਆਂ ਨੇ ਦੱਸਿਆ ਕਿ ਅਸੀਂ ਅਦਾਲਤ ਵਿੱਚ ਲੜਾਈ ਲੜਨ ਲਈ ਤਿਆਰ ਹਾਂ,ਗੋਦਾਮਾਂ ਵਿੱਚ ਗੁ. ਪ੍ਰਬੰਧਕ ਕਮੇਟੀ ਦਾ ਸਮਾਨ ਪਿਆ ਹੈ ਅਤੇ ਗੇਟ ਪਰ ਜਿੰਦਰੇ ਗੁਰੂ ਘਰ ਵੱਲੋਂ ਲਗਾਏ ਹੋਏ ਹਨ | ਗੁ. ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਪੁਲਸ - ਪ੍ਰਸ਼ਾਸਨ ਤੇ ਸਹਾਇਕ ਰਜਿਸਟਰਾਰ ਵੱਲੋਂ ਮੋਰਚੇ ਦੇ ਆਗੂਆਂ ਤੇ ਕਬਜ਼ਾ ਛੱਡਣ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ, ਜਦ ਕਿ ਮਾਮਲਾ ਅਦਾਲਤ ਵਿੱਚ ਹੈ, ਉਨ੍ਹਾਂ ਦੱਸਿਆ ਕਿ ਜੇਕਰ ਅਦਾਲਤ ਵੱਲੋਂ ਇਸ ਕਬਜ਼ੇ ਹਟਾਉਣ ਲਈ ਕੋਈ ਆਰਡਰ ਜਾਰੀ ਕੀਤੇ ਜਾਣਗੇ ਤਾਂ ਦੂਸਰੀ ਧਿਰ ਨੂੰ ਕਬਜ਼ਾ ਦਿਵਾਇਆ ਜਾ ਸਕਦਾ ਹੈ | ਪਰ ਜੇਕਰ ਅਦਾਲਤ ਦੇ ਹੁਕਮਾਂ ਤੋਂ ਬਿਨ੍ਹਾਂ ਧੱਕੇਸ਼ਾਹੀ ਨਾਲ ਦੂਸਰੀ ਧਿਰ ਨੂੰ ਕਬਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਗੁ. ਸਾਹਿਬ ਕਮੇਟੀ ਅਤੇ ਪਿੰਡ ਵਾਸੀ ਮਾਣਯੋਗ ਹਾਈ ਕੋਰਟ ਵਿੱਚ ਜਾਣ ਲਈ ਮਜਬੂਰ ਹੋਣਗੇ | ਗੁ. ਸਾਹਿਬ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਕੋਈ ਵੀ ਸਮਝੌਤਾ ਨਹੀਂ ਹੋਇਆ ਹੈ, ਵਿਭਾਗ ਵੱਲੋਂ ਝੂਠ ਬੋਲਿਆ ਜਾ ਰਿਹਾ ਹੈ ਅਤੇ ਪੱਖਪਾਤ ਕੀਤਾ ਜਾ ਰਿਹਾ ਹੈ | ਪਰ ਮਾਮਲਾ ਸਿਵਲ ਅਦਾਲਤ ਵਿੱਚ ਹੈ | ਅਖੀਰ ਵਿੱਚ ਉਨ੍ਹਾਂ ਕਿਹਾ ਕਿ ਸਾਰੇ ਪਿੰਡ ਦਾ ਵੱਡਾ ਸਮਰਥਨ ਹੈ ਅਤੇ ਲੋਕ ਵੱਡੀ ਗਿਣਤੀ ਵਿੱਚ ਮੋਰਚੇ ਵਿੱਚ ਹਾਜ਼ਰੀ ਭਰਦੇ ਹਨ | ਇਸ ਮੌਕੇ ਗੁ. ਕਮੇਟੀ ਦੇ ਮੈਂਬਰ ਹਰਪਾਲ ਸਿੰਘ, ਦਲਜੀਤ ਸਿੰਘ, ਗੁਰਸੇਵਕ ਸਿੰਘ ਤੋਂ ਇਲਾਵਾ ਪਰਮਵੀਰ ਸਿੰਘ ਘਲੋਟੀ, ਤਰਲੋਚਨ ਸਿੰਘ, ਗੁਰਵੀਰ ਸਿੰਘ,ਗੁਰਿੰਦਰ ਸਿੰਘ, ਬੰਤਾ ਸਿੰਘ, ਬਲਵੰਤ ਸਿੰਘ, ਤਰਲੋਚਨ ਸਿੰਘ, ਜਸਵੰਤ ਸਿੰਘ, ਝਰਮਲ ਸਿੰਘ, ਹਰਪਾਲ ਸਿੰਘ ਪਾਲਾ, ਮਾਸਟਰ ਭੁਪਿੰਦਰ ਸਿੰਘ, ਜਗਪਾਲ ਸਿੰਘ, ਦਰਸ਼ਨ ਸਿੰਘ, ਦਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸਨ |