ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦੇ ਨਿਰਦੇਸ਼ਾਂ ਨਾਲ ਵਪਾਰੀਆਂ 'ਚ ਵਧੀ ਸੁਰੱਖਿਆ ਦੀ ਭਾਵਨਾ, ਪੁਲਿਸ ਦੀ ਪੈਦਲ ਗਸ਼ਤ ਹੋਈ ਸ਼ੁਰੂ
ਅਜੀਤ ਡੈਸਕ
04-06-2026
ਇਸ ਮੁਹਿੰਮ ਤਹਿਤ ਡੀ. ਐਸ. ਪੀ ਵਿਨੋਦ ਕੁਮਾਰ ਨੇ ਖ਼ੁਦ ਮੋਰਚਾ ਸੰਭਾਲਦਿਆਂ ਸਿਟੀ ਥਾਣਾ-2 ਦੇ ਐਸ. ਐੱਚ ਓ ਅਜਿਤੇਜ਼ ਕੌਸ਼ਲ ਅਤੇ ਸਿਟੀ ਥਾਣਾ-1 ਦੇ ਐਸ. ਐੱਚ ਓ. ਸੁਖਵਿੰਦਰਪਾਲ ਸਿੰਘ ਸਮੇਤ ਵੱਡੀ ਪੁਲਿਸ ਫੋਰਸ ਨਾਲ ਸ਼ਹਿਰ ਦੀਆਂ ਪ੍ਰਮੁੱਖ ਮਾਰਕੀਟਾਂ ਦਾ ਦੌਰਾ ਕੀਤਾ | ਪੈਦਲ ਗਸ਼ਤ ਦੌਰਾਨ ਪੁਲਿਸ ਨੇ ਬਾਜ਼ਾਰਾਂ ਵਿੱਚ ਟਰੈਫ਼ਿਕ ਵਿਵਸਥਾ, ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਅਤੇ ਹੋਰ ਸੁਰੱਖਿਆ ਪੱਖਾਂ ਦਾ ਵੀ ਜਾਇਜ਼ਾ ਲਿਆ | ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਸ਼ੱਕੀ ਗਤੀਵਿਧੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ | ਵਪਾਰਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਐਸ. ਐਸ. ਪੀ ਡਾ. ਦਰਪਣ ਆਹਲੂਵਾਲੀਆ ਦੇ ਇਸ ਫ਼ੈਸਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਵਪਾਰੀਆਂ ਦੀਆਂ ਮੰਗਾਂ ਨੂੰ ਤਰਜੀਹ ਦੇ ਕੇ ਤੁਰੰਤ ਕਾਰਵਾਈ ਕਰਨਾ ਇੱਕ ਸਕਾਰਾਤਮਿਕ ਸੰਦੇਸ਼ ਹੈ | ਉਨ੍ਹਾਂ ਕਿਹਾ ਕਿ ਪੈਦਲ ਗਸ਼ਤ ਨਾਲ ਨਾ ਸਿਰਫ਼ ਅਪਰਾਧਿਕ ਤੱਤਾਂ ਵਿੱਚ ਡਰ ਪੈਦਾ ਹੋਵੇਗਾ, ਸਗੋਂ ਵਪਾਰੀਆਂ ਅਤੇ ਖ਼ਰੀਦਦਾਰਾਂ ਵਿੱਚ ਵੀ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੋਵੇਗੀ |