ਰਾੜਾ ਸਾਹਿਬ, 21 ਜੁਲਾਈ (ਸੁਖਵੀਰ ਸਿੰਘ ਚਣਕੋਈਆਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਦਿੱਲੀ ’ਚ ਵਿਦਿਆਰਥੀਆਂ ਅਤੇ ਨੌਜਵਾਨਾਂ ’ਤੇ ਜਬਰ ਤਸ਼ੱਦਦ ਕੀਤੇ ਜਾਣ ਦੇ ਰੋਸ ਵਜੋਂ ਅੱਜ ਪਿੰਡ ਘੁਡਾਣੀ ਕਲਾਂ ਵਿਖੇ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ। ਜਥੇਬੰਦੀ ਦੇ ਜ਼ਿਲ੍ਹਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਦਿੱਲੀ ’ਚ ਵਿਦਿਆਰਥੀਆਂ ਅਤੇ ਨੌਜਵਾਨਾਂ ਦਾ ਰੋਹ ਨੌਜਵਾਨਾਂ ਅੰਦਰ ਜਮਾ ਹੋ ਚੁੱਕੇ ਰੋਸ ਤੇ ਬੇਚੈਨੀ ਦਾ ਸਿੱਧਾ ਇਜ਼ਹਾਰ ਹੈ। ਪ੍ਰੀਖਿਆ ਪ੍ਰਣਾਲੀ ਦੇ ਘੁਟਾਲਿਆਂ ਤੋਂ ਲੈ ਕੇ ਅੰਤਾਂ ਦੀ ਮਹਿੰਗੀ ਸਿੱਖਿਆ ਤੇ ਮਗਰੋਂ ਬੇਰੁਜ਼ਗਾਰੀ ਦੇ ਸੰਤਾਪ ਹੰਢਾਉਂਦੇ ਨੌਜਵਾਨਾਂ ਦੀ ਪੀੜ ਸੁਣਨ ਦੀ ਬਿਜਾਏ ਮੋਦੀ ਸਰਕਾਰ ਇਸ ਆਵਾਜ਼ ਨੂੰ ਜਬਰ ਨਾਲ ਕੁਚਲਨ ਦਾ ਭਰਮ ਪਾਲ ਰਹੀ ਹੈ ਅਤੇ ਵਿਦਿਆਰਥੀਆਂ ਦੀ ਆਵਾਜ਼ ਨੂੰ ਅਣਸੁਣਿਆ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐਸ. ਕੇ. ਐਮ ਵੱਲੋਂ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕਰਵਾਉਣ ਲਈ ਅੱਜ 22 ਜੁਲਾਈ ਨੂੰ ਪੰਜਾਬ ਭਰ ਦੇ ਟੋਲ ਪਲਾਜੇ 12 ਤੋਂ 3 ਵਜੇ ਤੱਕ ਫ਼ਰੀ ਕੀਤੇ ਜਾਣਗੇ। ਇਸ ਮੌਕੇ ਸਰਬਜੀਤ ਸਿੰਘ, ਸੁਖਬੀਰ ਸਿੰਘ, ਦਲਜੀਤ ਸਿੰਘ, ਬਹਾਦਰ ਸਿੰਘ, ਮੋਹਨ ਸਿੰਘ, ਸ਼ਿੰਦਰ ਸਿੰਘ, ਕੁਲਦੀਪ ਸਿੰਘ ਜਗਮੋਹਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਸਨ।
ਦਿੱਲੀ ’ਚ ਵਿਦਿਆਰਥੀਆਂ ’ਤੇ ਤਸ਼ੱਦਦ ਕੀਤੇ ਜਾਣ ਦੇ ਰੋਸ ਵਜੋਂ ਬੀ. ਕੇ. ਯੂ. ਏਕਤਾ ਉਗਰਾਹਾਂ ਨੇ ਮੋਦੀ ਸਰਕਾਰ ਦੀ ਅਰਥੀ ਸਾੜੀ
ਅਜੀਤ ਡੈਸਕ
22-07-2026