ਬਰਨਾਲਾ, 30 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਮਰਦਮਸ਼ੁਮਾਰੀ-2027 ਦੇ ਪਹਿਲੇ ਪੜਾਅ ਤਹਿਤ ਅੱਜ ਸੂਬੇ ਵਿਚ ਸਵੈ-ਗਣਨਾ ਦੀ ਸ਼ੁਰੂਆਤ ਹੋ ਗਈ ਹੈ | ਜ਼ਿਲ੍ਹਾ ਬਰਨਾਲਾ ਵਿਚ ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ. ਮੁਹੰਮਦ ਸਰਫ਼ਰਾਜ਼ ਆਲਮ, ਉੱਘੀ ਅਦਾਕਾਰਾ ਰੁਪਿੰਦਰ ਰੂਪੀ, ਭੁਪਿੰਦਰ ਸਿੰਘ ਬਰਨਾਲਾ ਸਮੇਤ ਹੋਰ ਹਸਤੀਆਂ ਨੇ ਆਪਣੀ ਗਣਨਾ ਕਰ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਜ਼ਿਲ੍ਹਾ ਵਾਸੀਆਂ ਨੂੰ ਸਵੈ-ਗਣਨਾ ਲਈ ਅੱਗੇ ਆਉਣ ਦਾ ਸੱਦਾ ਦਿੱਤਾ | ਇਸ ਮੌਕੇ ਪ੍ਰੈੱਸ ਕਾਨਫ਼ਰੰਸ ਦੌਰਾਨ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ-ਕਮ- ਪ੍ਰਮੁੱਖ ਜਨਗਣਨਾ ਅਫ਼ਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਵੈ-ਗਣਨਾ ਪੋਰਟਲ ਖੁੱਲ੍ਹ ਗਿਆ ਹੈ | ਇਹ ਮਰਦਮਸ਼ੁਮਾਰੀ ਭਾਰਤ ਦੇਸ਼ ਦੀ ਹੁਣ ਤੱਕ ਦੀ 16ਵੀਂ ਮਰਦਮਸ਼ੁਮਾਰੀ ਹੈ ਅਤੇ ਆਜ਼ਾਦੀ ਤੋਂ ਬਾਅਦ ਦੀ 8ਵੀਂ ਹੈ | ਇਸ ਤੋਂ ਪਹਿਲਾਂ 2011 ਵਿਚ ਮਰਦਮਸ਼ੁਮਾਰੀ ਕਰਵਾਈ ਗਈ ਸੀ, ਜਿਸ ਅਨੁਸਾਰ ਬਰਨਾਲਾ ਜ਼ਿਲ੍ਹੇ ਦੀ ਕੁੱਲ ਆਬਾਦੀ 595527 ਸੀ ਜਿਸ ਵਿਚ 317522 ਪੁਰਸ਼ ਅਤੇ 278005 ਅÏਰਤਾਂ ਸਨ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਮੋਦੀ, ਐੱਸ.ਡੀ.ਐਮ. ਮਹਿਲ ਕਲਾਂ ਕਿ੍ਤਿਕਾ ਗੋਇਲ, ਕੌਮਾਂਤਰੀ ਖਿਡਾਰੀ ਹਰਪ੍ਰੀਤ ਸਿੰਘ ਹੈਪੀ (ਮੁੱਕੇਬਾਜ਼), ਲੇਖਕ ਤੇਜਾ ਸਿੰਘ ਤਿਲਕ, ਗੁਰਜੰਟ ਸਿੰਘ, ਤਰਸੇਮ, ਸੇਵਾਮੁਕਤ ਕਰਨਲ ਲਾਭ ਸਿੰਘ, ਸੂਬੇਦਾਰ ਮੇਜਰ ਜਰਨੈਲ ਸਿੰਘ ਸਮੇਤ ਹੋਰ ਹਸਤੀਆਂ ਨੇ ਆਪਣੀ ਸਵੈ-ਗਿਣਤੀ ਪੋਰਟਲ ਉੱਤੇ ਕੀਤੀ | ਖੋਜ ਅਫ਼ਸਰ ਸਹਿਤ ਵਧੀਕ ਜ਼ਿਲ੍ਹਾ ਜਨਗਣਨਾ ਅਫ਼ਸਰ (ਉਪ ਅਰਥ ਤੇ ਅੰਕੜਾ ਸਲਾਹਕਾਰ) ਚਰਨਜੀਤ ਕੌਰ ਨੇ ਦੱਸਿਆ ਕਿ ਜਨ-ਗਣਨਾ ਤਹਿਤ ਟੌਲ ਫ਼ਰੀ ਨੰਬਰ 1855 ਜਾਰੀ ਕੀਤਾ ਗਿਆ ਹੈ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸੈਂਸਜ਼ ਸੈੱਲ ਵੀ ਬਣਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ 15 ਮਈ ਤੋਂ 13 ਜੂਨ 2026 ਤੱਕ ਘਰਾਂ ਦੀ ਸੂਚੀਕਰਨ ਦਾ ਪਹਿਲਾ ਪੜਾਅ ਸ਼ੁਰੂ ਹੋਵੇਗਾ | ਜਿਸ ਵਿਚ ਗਿਣਤੀਕਾਰ ਘਰ-ਘਰ ਜਾ ਕੇ ਗਿਣਤੀ ਕਰਨਗੇ ਤੇ 33 ਸਵਾਲ ਪੁੱਛਣਗੇ | ਇਸ ਮੌਕੇ ਸੈਂਸਜ਼ ਸੈੱਲ ਇੰਚਾਰਜ ਹਰਜੀਤ ਸਿੰਘ, ਡਾਇਰੈਕਟੋਰੇਟ ਆਫ਼ ਸੈਂਸਜ਼ ਤੋਂ ਲਵਦੀਪ ਸਿੰਘ ਤੇ ਸੁਨੀਲ ਕੁਮਾਰ, ਨਗਰ ਨਿਗਮ ਤੋਂ ਗੋਬਿੰਦ ਬਾਂਸਲ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ |