21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਮਨਰੇਗਾ ਕਰਮਚਾਰੀਆਂ ਨੇ ਬੀ.ਡੀ.ਪੀ.ਓ. ਨੂੰ ਦਿੱਤਾ ਮੰਗ ਪੱਤਰ <br/>

ਅਜੀਤ ਡੈਸਕ 13-05-2026
ਮਹਿਲ ਕਲਾਂ, 12 ਮਈ (ਤਰਸੇਮ ਸਿੰਘ ਗਹਿਲ)-ਮਨਰੇਗਾ ਕਰਮਚਾਰੀ ਯੂਨੀਅਨ ਬਲਾਕ ਮਹਿਲ ਕਲਾਂ ਦੇ ਆਗੂਆਂ ਵਲੋਂ ਕਰਮਚਾਰੀਆਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਅਤੇ ਮੁਲਾਜ਼ਮਾਂ ਦੀਆਂ ਹੋਰ ਲਟਕਦੀਆਂ ਮੰਗਾਂ ਦੇ ਹੱਲ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਹਿਲ ਕਲਾਂ ਭੂਸ਼ਨ ਕੁਮਾਰ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਸਮੇਂ ਮਨਰੇਗਾ ਯੂਨੀਅਨ ਦੇ ਬਲਾਕ ਪ੍ਰਧਾਨ ਬੂਟਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਭਰ ਦੇ ਨਰੇਗਾ ਮੁਲਾਜ਼ਮ ਤਨਖ਼ਾਹਾਂ ਨਾ ਮਿਲਣ ਕਰ ਕੇ ਤਣਾਅਪੂਰਨ ਹਲਾਤਾਂ 'ਚੋਂ ਗੁਜ਼ਰ ਰਹੇ ਹਨ | ਮੁਲਾਜ਼ਮਾਂ ਨੂੰ ਪਿਛਲੇ 5-6 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਰ ਕੇ ਘਰੇਲੂ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਮਨਰੇਗਾ ਕਰਮਚਾਰੀ ਆਮ ਗ਼ਰੀਬ ਪਰਿਵਾਰਾਂ ਨਾਲ ਸਬੰਧਿਤ ਹਨ ਅਤੇ ਜਿਨ੍ਹਾਂ ਦਾ ਪਰਿਵਾਰਕ ਗੁਜ਼ਾਰਾ ਤਨਖ਼ਾਹ 'ਤੇ ਨਿਰਭਰ ਹੈ | ਇਸ ਦੇ ਬਾਵਜੂਦ ਅਧਿਕਾਰੀਆਂ ਵਲੋਂ ਜੁਰਮਾਨੇ ਅਤੇ ਟਰਮੀਨੇਸ਼ਨ ਵਰਗੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਜੋ ਇਖ਼ਲਾਕੀ ਤੌਰ 'ਤੇ ਜਾਇਜ਼ ਨਹੀਂ | ਇਸ ਸਮੇਂ ਬਲਾਕ ਪ੍ਰਧਾਨ ਬੂਟਾ ਸਿੰਘ ਨੇ ਕਿਹਾ ਕਿ ਪਿਛਲੇ 17-18 ਸਾਲਾਂ ਦੌਰਾਨ ਪਿੰਡਾਂ ਦੇ ਲਗਭਗ 80 ਫ਼ੀਸਦੀ ਵਿਕਾਸ ਦੇ ਕੰਮ ਨਰੇਗਾ ਕਰਮਚਾਰੀਆਂ ਵਲੋਂ ਕਰਵਾਏ ਗਏ ਹਨ | ਆਗੂਆਂ ਨੇ ਕਿਹਾ ਕਿ ਕਈ ਵਾਰ ਸਰਕਾਰੀ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਕੋਈ ਫ਼ੈਸਲਾ ਨਹੀਂ ਲਿਆ ਗਿਆ, ਜਿਸ ਨਾਲ ਮੁਲਾਜ਼ਮਾਂ ਵਿਚ ਗਹਿਰਾ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਪੈਨਲ ਮੀਟਿੰਗ ਬੁਲਾ ਕੇ ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾਣ ਅਤੇ ਬਕਾਇਆ ਤਨਖ਼ਾਹ ਤੁਰੰਤ ਜਾਰੀ ਕੀਤੀ ਜਾਵੇ | ਜੇਕਰ ਮੰਗਾਂ ਨਾ ਮੰਨੀਆਂ ਤਾਂ 13 ਮਈ ਨੂੰ ਸੂਬੇ ਭਰ ਦੇ ਨਰੇਗਾ ਮੁਲਾਜ਼ਮ ਰੋਸ ਮਾਰਚ ਕਰ ਕੇ ਪੰਚਾਇਤ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਗੇ ਅਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਏ.ਪੀ.ਓ. ਰਮਨਦੀਪ ਕੌਰ, ਜੇ.ਈ. ਇੰਦਰਜੀਤ ਸਿੰਘ, ਕੰਪਿਊਟਰ ਅਪਰੇਟਰ ਜਸਬੀਰ ਕੌਰ, ਗ੍ਰਾਮ ਸੇਵਕ ਮਹਿੰਦਰ ਸਿੰਘ ਮਹਿਲ ਕਲਾਂ, ਗ੍ਰਾਮ ਸੇਵਕ ਹਰਪ੍ਰੀਤ ਕੌਰ ਗਹਿਲ, ਕੁਲਵੀਰ ਕੌਰ, ਗ੍ਰਾਮ ਸੇਵਕ ਕੁਲਦੀਪ ਸਿੰਘ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਭਾਰਤ ਮਾਲਾ ਸੜਕ ਨਿਰਮਾਣ ਦਾ ਵਿਰੋਧ ਕਰ ਰਹੇ 50 ਕਿਸਾਨਾਂ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ <br/> ਅਗਲੀ ਖ਼ਬਰ ਸਿਵਲ ਹਸਪਤਾਲ ਵਿਖੇ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।