ਮਹਿਲ ਕਲਾਂ, 17 ਮਈ (ਅਵਤਾਰ ਸਿੰਘ ਅਣਖੀ)-ਸਮਾਜ ਸੇਵੀ ਪਿਆਰਾ ਸਿੰਘ ਮਾਹਮਦਪੁਰ ਦੀ ਅਗਵਾਈ ਹੇਠ ਏਕ ਜੋਤ ਆਈ ਹਸਪਤਾਲ ਮਲੇਰਕੋਟਲਾ ਦੀ ਡਾਕਟਰੀ ਟੀਮ, ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਛਾਪਾ ਵਿਖੇ ਐਸ.ਸੀ. ਧਰਮਸ਼ਾਲਾ 'ਚ 29ਵਾਂ ਮੁਫ਼ਤ ਅੱਖਾਂ ਦਾ ਚੈੱਕਅਪ ਅਤੇ ਅਪਰੇਸ਼ਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸਰਪੰਚ ਗੁਰਦੀਪ ਸਿੰਘ ਛਾਪਾ ਨੇ ਕੀਤਾ | ਇਸ ਮੌਕੇ ਬੋਲਦਿਆਂ ਸਰਪੰਚ ਗੁਰਦੀਪ ਸਿੰਘ ਬਾਬਾ ਨੇ ਸਮਾਜ ਸੇਵੀ ਪਿਆਰਾ ਸਿੰਘ ਮਾਹਮਦਪੁਰ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਅਜਿਹੇ ਕੈਂਪ ਲਾਏ ਜਾਣੇ ਸਮੇਂ ਦੀ ਵੱਡੀ ਲੋੜ ਹਨ | ਉਨ੍ਹਾਂ ਕਿਹਾ ਕਿ ਅੱਖਾਂ ਦੀ ਰੌਸ਼ਨੀ ਵਾਪਸ ਮਿਲਣ ਨਾਲ ਮਨੁੱਖ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ, ਇਸ ਤੋਂ ਸੇਧ ਲੈ ਕੇ ਹੋਰ ਸਮਾਜ ਸੇਵੀ ਲੋਕਾਂ ਨੂੰ ਵੀ ਅੱਗੇ ਆ ਕੇ ਅਜਿਹੇ ਲੋਕ ਭਲਾਈ ਕੰਮਾ 'ਚ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਮੌਕੇ ਮੁੱਖ ਪ੍ਰਬੰਧਕ ਪਿਆਰਾ ਸਿੰਘ ਮਾਹਮਦਪੁਰ ਨੇ ਕਿਹਾ ਕਿ ਇਨਸਾਨੀਅਤ ਦੀ ਸੇਵਾ ਕਰਨਾ ਹੀ ਸਾਡਾ ਅਸਲ ਧਰਮ ਹੈ | ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਸੁੰਦਰ ਸੰਸਾਰ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਰਹੇ, ਇਹੋ ਮਕਸਦ ਨਾਲ ਇਹ ਸੇਵਾ ਨਿਰੰਤਰ ਜਾਰੀ ਰਹੇਗੀ | ਇਸ ਮੌਕੇ ਏਕ ਜੋਤ ਆਈ ਹਸਪਤਾਲ ਮਲੇਰਕੋਟਲਾ ਦੇ ਅੱਖਾਂ ਦੇ ਮਾਹਿਰ ਡਾ: ਅਜੇ ਕੁਮਾਰ ਯਾਦਵ, ਸਟਾਫ਼ ਨਰਸ ਗਗਨਦੀਪ ਕੌਰ, ਸੰਦੀਪ ਸਿੰਘ ਨੇ ਆਪਣੀ ਟੀਮ ਸਮੇਤ 85 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ | ਮਰੀਜ਼ਾਂ ਨੂੰ ਮੁਫ਼ਤ ਦਵਾਈਆਂ, ਐਨਕਾਂ ਵੀ ਦਿੱਤੀਆਂ ਗਈਆਂ, 15 ਮਰੀਜ਼ਾਂ ਨੂੰ ਮੁਫ਼ਤ ਲੈਂਜ ਪਾਉਣ ਲਈ ਚੁਣਿਆ ਗਿਆ | ਮੌਕੇ ਹਰਦੀਪ ਕੁਮਾਰ ਸ਼ਰਮਾ, ਸਮੂਹ ਨਗਰ ਪੰਚਾਇਤ ਅਤੇ ਸਮੂਹ ਰਵਿਦਾਸ ਕਮੇਟੀ ਦੇ ਆਗੂਆਂ ਨੇ ਸਮਾਜ ਸੇਵੀ ਪਿਆਰਾ ਸਿੰਘ ਮਾਹਮਦਪੁਰ ਦੀ ਟੀਮ ਅਤੇ ਡਾਕਟਰੀ ਟੀਮ ਦਾ ਸਨਮਾਨ ਚਿੰਨ੍ਹ ਭੇਟ ਕਰ ਕੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਸਮੇਂ ਪ੍ਰਧਾਨ ਤਕਦੀਰ ਸਿੰਘ, ਕੁਲਵਿੰਦਰ ਸਿੰਘ ਕਮੇਟੀ ਮੈਂਬਰ, ਸੰਤੋਖ ਸਿੰਘ ਪੰਚ, ਕੁਲਵੰਤ ਸਿੰਘ, ਅਵਨੀਤ ਰਾਈਸ ਮਿੱਲ ਛਾਪਾ, ਪਿ੍ਤਪਾਲ ਸਿੰਘ, ਹਰਦੀਪ ਸ਼ਰਮਾ, ਬਲਵਿੰਦਰ ਸਿੰਘ ਖ਼ਜ਼ਾਨਚੀ, ਦਰਵਾਰਾ ਸਿੰਘ, ਅਮਰਜੀਤ ਸਿੰਘ ਗੰਡੇਵਾਲ, ਜਗਤਾਰ ਸਿੰਘ ਪੰਜਗਰਾਈਆਂ, ਗੁਰਬੰਸ ਸਿੰਘ, ਬਲਵੀਰ ਸਿੰਘ, ਬਿਮਲ ਸਿੰਘ ਆਦਿ ਹਾਜ਼ਰ ਸਨ |