ਬਰਨਾਲਾ, 17 ਮਈ (ਨਰਿੰਦਰ ਅਰੋੜਾ)-ਬਰਨਾਲਾ ਦੇ ਵਾਰਡ ਨੰਬਰ 26 ਤੋਂ ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਰਾਜੀਵ ਗੁਪਤਾ ਲੂਬੀ ਵਲੋਂ ਚੋਣ ਦਫ਼ਤਰ ਖੋਲਿ੍ਹਆ ਗਿਆ | ਜਿਸ ਦਾ ਉਦਘਾਟਨ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਬਰਨਾਲਾ 'ਚ ਜਿੰਨੇ ਵੀ ਵਿਕਾਸ ਦੇ ਕੰਮ ਹੋਏ ਹਨ, ਉਹ 'ਆਪ' ਸਰਕਾਰ ਦੇ ਕਾਰਜਕਾਲ ਵਿਚ ਹੀ ਹੋਏ ਹਨ | ਲੋਕਾਂ ਦੀਆਂ ਮੁਸ਼ਕਿਲਾਂ ਭਾਵੇਂ ਉਹ ਕੂੜੇ ਦੇ ਡੰਪਾਂ ਦੀ ਹੋਵੇ ਜਾਂ ਕੋਈ ਹੋਰ, ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦੀਆਂ ਗਰਾਂਟਾਂ ਆਈਆਂ ਹਨ | ਸੀਵਰੇਜ ਅਤੇ ਪਾਈਪ ਲਾਈਨ ਲਈ 84 ਕਰੋੜ ਰੁਪਏ ਦੀ ਗਰਾਂਟ ਦਿੱਤੀ ਗਈ ਹੈ | ਸਰਕਾਰ ਦੇ ਖ਼ਜ਼ਾਨੇ ਦੀ ਸਹੀ ਵਰਤੋਂ ਨਾਲ ਹੀ ਇਹ ਗਰਾਂਟਾਂ ਆਈਆਂ ਹਨ | ਟੈਕਸਾਂ 'ਚ ਕੋਈ ਵਾਧਾ ਨਹੀਂ ਕੀਤਾ ਗਿਆ, ਸਿਰਫ਼ ਕਮਾਈ ਨਾਲ ਹੀ ਵਿਕਾਸ ਹੋਇਆ ਹੈ | ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬਿਜਲੀ ਬਿੱਲ ਮੁਆਫ਼ੀ ਅਤੇ ਸਿਹਤ ਬੀਮਾ ਵਰਗੀਆਂ ਸਹੂਲਤਾਂ ਬਿਨਾਂ ਕਿਸੇ ਭੇਦਭਾਵ ਤੋਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਵਾਰਡ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਬੇਦਾਗ਼, ਮਿਹਨਤੀ ਅਤੇ ਇਮਾਨਦਾਰ ਉਮੀਦਵਾਰ ਐਡਵੋਕੇਟ ਰਾਜੀਵ ਗੁਪਤਾ ਲੂਬੀ ਦਾ ਸਾਥ ਦਿਉ ਤਾਂ ਜੋ ਵਾਰਡ ਦਾ ਹੋਰ ਵੀ ਵਿਕਾਸ ਹੋ ਸਕੇ | ਉਨ੍ਹਾਂ ਭਰੋਸਾ ਜਤਾਇਆ ਕਿ ਬਰਨਾਲਾ ਦੇ ਸਾਰੇ ਵਾਰਡਾਂ ਵਿਚੋਂ ਸਭ ਤੋਂ ਵੱਡੀ ਲੀਡ ਨਾਲ ਵਾਰਡ ਨੰਬਰ 26 ਤੋਂ ਰਾਜੀਵ ਗੁਪਤਾ ਲੂਬੀ ਨੂੰ ਜਿਤਾਉਗੇ | ਇਸ ਮੌਕੇ ਐਸ.ਸੀ. ਕਮਿਸ਼ਨ ਮੈਂਬਰ ਰੁਪਿੰਦਰ ਸ਼ੀਤਲ ਬੰਟੀ, ਅਨੀਸ਼ ਕੁਮਾਰ ਐਸ.ਕੇ.ਡੀ., ਨੀਤੂ ਅਗਰਵਾਲ, ਗੋਪਾਲ ਸ਼ਰਮਾ, ਕਮਲੇਸ਼ ਕੁਮਾਰ, ਨਰੇਸ਼ ਕੁਮਾਰ, ਕਪਿਸ਼ ਗਰਗ, ਜੀਵਨ ਬਾਂਸਲ, ਰਵੀ ਕੁਮਾਰ, ਦਿਨੇਸ਼ ਕੁਮਾਰ ਆਦਿ ਹਾਜ਼ਰ ਸਨ |