ਤਪਾ ਮੰਡੀ, 19 ਮਈ (ਪ੍ਰਵੀਨ ਗਰਗ)-ਨਗਰ ਕੌਂਸਲ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਵੱਖ-ਵੱਖ ਵਾਰਡਾਂ 'ਚ ਚੋਣ ਲੜ ਰਹੇ ਉਮੀਦਵਾਰਾਂ ਨੂੰ ਜਿੱਥੇ ਆਪੋ ਆਪਣੇ ਚੋਣ ਨਿਸ਼ਾਨ ਅਲਾਟ ਕੀਤੇ ਗਏ, ਉੱਥੇ ਉਮੀਦਵਾਰਾਂ ਨੇ ਵੀ ਚੋਣ ਜਿੱਤਣ ਲਈ ਦਿਨ ਰਾਤ ਇਕ ਕਰ ਦਿੱਤਾ ਹੈ | ਭਾਵੇਂ ਦੁਪਹਿਰ ਸਮੇਂ ਸੂਰਜ ਦੇਵਤਾ ਕਹਿਰ ਦੀ ਗਰਮੀ ਬਰਸਾ ਰਹੇ ਹਨ, ਪ੍ਰੰਤੂ ਫਿਰ ਵੀ ਆਪੋ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਉਨ੍ਹਾਂ ਦੇ ਸਮਰਥਕ ਵੀ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ | ਜਿਸ ਤਹਿਤ ਵਾਰਡ ਨੰਬਰ 15 ਤੋਂ ਆਜ਼ਾਦ ਉਮੀਦਵਾਰ ਸੁਨੀਤਾ ਰਾਣੀ ਦੇ ਹੱਕ ਵਿਚ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਸਮੇਤ ਵਾਰਡ ਦੇ ਬਾਸ਼ਿੰਦੇ ਡੋਰ ਟੂ ਡੋਰ ਇਸ ਚੋਣ ਮੁਹਿੰਮ 'ਚ ਨਿੱਤਰੇ ਹੋਏ ਹਨ, ਜਿਨ੍ਹਾਂ ਨੂੰ ਵਾਰਡ ਵਾਸੀਆਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ | ਇਸ ਮੌਕੇ ਗੱਲਬਾਤ ਦੌਰਾਨ ਉਮੀਦਵਾਰ ਸੁਨੀਤਾ ਰਾਣੀ ਦੇ ਬੇਟੇ ਅੰਕਿਤ ਸਿੰਗਲਾ ਨੇ ਦੱਸਿਆ ਕਿ ਉਹ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ |