ਮਹਿਲ ਕਲਾਂ, 5 ਜੂਨ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੀ ਸੂਬਾ ਕਮੇਟੀ ਨੇ ਪਟਿਆਲਾ ਵਿਖੇ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਨੌਕਰੀਆਂ ਦੀ ਮੰਗ ਕਰ ਰਹੇ ਬੇਰੁਜ਼ਗਾਰ ਨੌਜਵਾਨਾਂ ਨੂੰ ਪਸ਼ੂਆਂ ਵਾਂਗੂੰ ਕੁੱਟਣ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਇਸ ਸਬੰਧੀ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਸਰਕਾਰ ਦਾ ਸਾਰਾ ਜ਼ੋਰ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਥਾਂ ਉਨ੍ਹਾਂ ਨੂੰ ਕੁੱਟ ਕੇ ਚੁੱਪ ਕਰਵਾਉਣ ਵੱਲ ਲੱਗਿਆ ਹੋਇਆ ਹੈ | ਚੱਲ ਰਹੇ ਕਾਇਦੇ ਕਾਨੂੰਨ ਅਨੁਸਾਰ ਹਜ਼ਾਰਾਂ ਨੌਜਵਾਨ ਪਾਵਰਕਾਮ ਵਿਚ ਲਾਈਨਮੈਨ ਦੀ ਸਿਖਲਾਈ ਲੈ ਰਹੇ ਹਨ | ਇਹ ਨੌਜਵਾਨ ਆਈ.ਟੀ.ਆਈ. ਪਾਸ ਹਨ ਅਤੇ ਸਿਖਲਾਈ ਪੂਰੀ ਕਰਨ ਤੋਂ ਬਾਅਦ ਉਹ ਲਾਈਨਮੈਨ ਦੀ ਪੋਸਟ ਦੇ ਯੋਗ ਹੋ ਜਾਂਦੇ ਹਨ | ਪਹਿਲਾਂ ਇਸ ਸਿਖਲਾਈ ਨੂੰ ਪਾਸ ਕਰਨ ਵਾਲੇ ਨੌਜਵਾਨਾਂ ਨੂੰ ਸਿੱਧਾ ਰੈਗੂਲਰ ਲਾਈਨਮੈਨ ਭਰਤੀ ਕੀਤਾ ਜਾਂਦਾ ਸੀ, ਪਰ ਹੁਣ ਉਨ੍ਹਾਂ ਨੂੰ ਸਹਾਇਕ ਲਾਈਨਮੈਨ ਭਰਤੀ ਕੀਤਾ ਜਾਂਦਾ ਹੈ | ਸਰਕਾਰ ਇੱਕ ਪਾਸੇ ਤਾਂ ਇਨ੍ਹਾਂ ਨੂੰ ਸਿਖਲਾਈ ਦੇ ਰਹੀ ਹੈ, ਦੂਜੇ ਪਾਸੇ ਇਸ਼ਤਿਹਾਰ ਕੱਢ ਦਿੱਤਾ ਕਿ ਬਿਨਾਂ ਸਿਖਲਾਈ ਤੋਂ ਹੀ ਸਹਾਇਕ ਲਾਈਨਮੈਨਾਂ ਦੀ ਭਰਤੀ ਕੀਤੀ ਜਾਵੇਗੀ | ਇਸ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਇੱਕ ਦੂਜੇ ਦੇ ਸਾਹਮਣੇ ਲਿਆ ਖੜ੍ਹਾ ਕੀਤਾ ਹੈ | ਅਪਰੈਂਟਿਸ਼ਿਪ ਕਰਨ ਵਾਲੇ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਵਿਖੇ ਧਰਨਾ ਲਗਾ ਕੇ ਰੁਜ਼ਗਾਰ ਦੀ ਮੰਗ ਕਰ ਰਹੇ ਹਨ | ਤਿੰਨ ਜੂਨ ਨੂੰ ਵੀ ਉਨ੍ਹਾਂ ਨਾਲ ਪੁਲਿਸ ਨੇ ਧੱਕਾ ਮੁੱਕੀ ਕਰ ਕੇ ਜਬਰੀ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਸੀ | ਅੱਜ ਫਿਰ ਉਨ੍ਹਾਂ ਨੂੰ ਬੁਰੀ ਤਰ੍ਹਾਂ ਡਾਂਗਾਂ ਨਾਲ ਕੁੱਟਿਆ ਗਿਆ ਹੈ | ਨੌਜਵਾਨ ਸ਼ਾਂਤਮਈ ਬੈਠੇ ਪੁਲਿਸ ਦੀਆਂ ਡਾਂਗਾਂ ਦੀ ਮਾਰ ਝੱਲਦੇ ਰਹੇ | ਇੰਨੀ ਬੇਦਰਦੀ ਨਾਲ ਉਨ੍ਹਾਂ ਨੂੰ ਕੁੱਟਿਆ ਗਿਆ ਕਿ ਮੀਰ ਮੰਨੂ ਨੂੰ ਵੀ ਸ਼ਰਮ ਆ ਜਾਵੇ | ਸੂਬਾ ਕਮੇਟੀ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਮੁਲਾਜ਼ਮਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਮੰਗਾਂ ਮੰਨਣ ਦੇ ਫੋਕੇ ਦਿਲਾਸੇ ਦੇ ਰਹੀ ਹੈ ਦੂਜੇ ਪਾਸੇ ਰੁਜ਼ਗਾਰ ਦੀ ਮੰਗ ਕਰ ਰਹੇ ਨੌਜਵਾਨਾਂ ਨੂੰ ਕੁੱਟਿਆ ਜਾ ਰਿਹਾ ਹੈ | ਸਰਕਾਰ ਦੇ ਇਸ ਜਬਰ ਦੀ ਜਿੰਨੀ ਨਿਖੇਧੀ ਕੀਤੀ ਜਾਵੇ, ਥੋੜ੍ਹੀ ਹੈ | ਸੂਬਾ ਕਮੇਟੀ ਨੇ ਮੰਗ ਕੀਤੀ ਕਿ ਸਿਖਲਾਈ ਪਾਸ ਕਰਨ ਵਾਲੇ ਨੌਜਵਾਨਾਂ ਨੂੰ ਰੈਗੂਲਰ ਲਾਈਨਮੈਨ ਭਰਤੀ ਕੀਤਾ ਜਾਵੇ ਅਤੇ ਬਿਨਾਂ ਸਿਖਲਾਈ ਵਾਲਿਆਂ ਨੂੰ ਸਰਕਾਰੀ ਇਸ਼ਤਿਹਾਰ ਅਨੁਸਾਰ ਸਹਾਇਕ ਲਾਈਨਮੈਨ ਭਰਤੀ ਕਰ ਕੇ ਮਸਲੇ ਦਾ ਹੱਲ ਕੀਤਾ ਜਾਵੇ | ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਨੇ ਕਿਹਾ ਕਿ ਜੇਕਰ ਸਰਕਾਰ ਨੇ ਨੌਜਵਾਨਾਂ ਦਾ ਮਸਲਾ ਹੱਲ ਨਾ ਕੀਤਾ ਤਾਂ ਜਥੇਬੰਦੀ ਉਹਨਾਂ ਦੇ ਸੰਘਰਸ਼ ਦੀ ਪੂਰੀ ਸ਼ਕਤੀ ਨਾਲ ਹਮਾਇਤ ਕਰੇਗੀ |