ਬਰਨਾਲਾ, 5 ਜੂਨ (ਗੁਰਪ੍ਰੀਤ ਸਿੰਘ ਲਾਡੀ)-ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਦੀ ਅਗਵਾਈ ਵਿਚ ਐਸ.ਐਸ.ਪੀ. ਬਰਨਾਲਾ ਨੂੰ ਮਿਲਿਆ | ਉਪਰੰਤ ਜਾਣਕਾਰੀ ਦਿੰਦਿਆਂ ਭਾਜਪਾ ਆਗੂਆਂ ਨੇ ਦੱਸਿਆ ਕਿ ਨਗਰ ਨਿਗਮ ਦੀਆਂ ਚੋਣਾਂ ਵਾਲੇ ਦਿਨ 26 ਮਈ ਨੂੰ ਵਾਰਡ ਨੰਬਰ 38 ਤੋਂ ਭਾਜਪਾ ਉਮੀਦਵਾਰ ਸ਼ਿਵਾਨੀ ਉੱਪਲ ਦੇ ਪਤੀ ਤੇ ਇਲੈਕਸ਼ਨ ਏਜੰਟ ਰਾਜਿੰਦਰ ਉੱਪਲ (ਸੀਨੀਅਰ ਭਾਜਪਾ ਆਗੂ), ਉਨ੍ਹਾਂ ਦੇ ਮਾਤਾ ਸ੍ਰੀਮਤੀ ਕਾਂਤਾ ਰਾਣੀ ਅਤੇ ਪਿਤਾ ਮੰਗਤ ਰਾਏ ਉੱਪਲ (ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ) ਨਾਲ ਡੀ.ਐਸ.ਪੀ. ਸਤਬੀਰ ਸਿੰਘ ਬੈਂਸ ਅਤੇ ਐਸ.ਐਚ.ਓ. ਸਿਟੀ-1 ਲਖਵਿੰਦਰ ਸਿੰਘ ਵਲੋਂ ਕੀਤੀ ਗਈ ਕੁੱਟਮਾਰ ਅਤੇ ਦੋ ਘੰਟੇ ਦੇ ਕਰੀਬ ਨਜਾਇਜ਼ ਹਿਰਾਸਤ ਵਿਚ ਰੱਖਣ ਦੇ ਸਬੰਧ ਵਿਚ ਐਸ.ਐਸ.ਪੀ. ਨਾਲ ਗੱਲਬਾਤ ਕੀਤੀ ਗਈ ਹੈ ਅਤੇ ਉਨ੍ਹਾਂ ਤੋਂ ਮੰਗ ਕੀਤੀ ਗਈ ਕਿ ਉਕਤ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਪੀੜ੍ਹਤ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤਾਂ ਪਾਰਟੀ ਵੱਡੇ ਪੱਧਰ 'ਤੇ ਸੜਕਾਂ ਉੱਪਰ ਉੱਤਰੇਗੀ | ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਕਿਹਾ ਕਿ ਇਹ ਸਾਰਾ ਮਸਲਾ ਪਾਰਟੀ ਹਾਈਕਮਾਨ ਦੇ ਧਿਆਨ ਵਿਚ ਵੀ ਲਿਆਂਦਾ ਜਾ ਚੁੱਕਿਆ ਹੈ | ਇਸ ਮੌਕੇ ਕੈਪਟਨ ਗੁਰਜਿੰਦਰ ਸਿੰਘ ਸਿੱਧੂ, ਗੁਰਦਰਸ਼ਨ ਸਿੰਘ, ਬਰਾੜ, ਲਲਿਤ ਗਰਗ, ਸੰਦੀਪ ਜੇਠੀ, ਬਲਜਿੰਦਰ ਸਿੰਘ, ਚਰਨਜੀਤ ਸਿੰਘ ਰਾਜੂ ਆਦਿ ਆਗੂ ਵੀ ਹਾਜ਼ਰ ਸਨ |