12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਅੱਠ ਘੰਟੇ ਬਿਜਲੀ ਸਪਲਾਈ ਦੇ ਸੰਬੰਧ ਵਿਚ ਬੀਕੇਯੂ ਡਕੌਂਦਾ ਨੇ ਕੀਤਾ ਚੱਕਾ ਜਾਮ

ਅਜੀਤ ਡੈਸਕ 30-06-2026
ਸ਼ਹਿਣਾ, 29 ਜੂਨ (ਸੁਰੇਸ਼ ਗੋਗੀ)-ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਝੋਨਾ ਲਗਾਉਣ ਲਈ ਅੱਠ ਘੰਟੇ ਬਿਜਲੀ ਸਪਲਾਈ ਪੂਰੀ ਨਾ ਮਿਲਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਬਰਨਾਲਾ-ਬਾਜਾਖਾਨਾ ਰੋਡ ਪੱਖੋਂ ਕੈਂਚੀਆਂ ਪੁਰਾਣੇ ਟੋਲ ਪਲਾਜੇ ਵਾਲੀ ਥਾਂ ’ਤੇ ਪਾਵਰਕਾਮ ਅਤੇ ਪੰਜਾਬ ਸਰਕਾਰ ਖ਼ਿਲਾਫ਼ ਚੱਕਾ ਜਾਮ ਕਰ ਕੇ ਨਾਅਰੇਬਾਜ਼ੀ ਕੀਤੀ ਤੇ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਉੱਗੋਕੇ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਦਰਸ਼ਨ ਸਿੰਘ ਮਹਿਤਾ ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਹਰਚਰਨ ਸਿੰਘ ਸੁਖਪੁਰਾ, ਬਲਵੰਤ ਸਿੰਘ ਚੀਮਾ, ਭਿੰਦਾ ਢਿੱਲਵਾਂ, ਗੋਗੀ ਚੀਮਾ, ਵਿਸਾਖਾ ਸਿੰਘ ਇਕਾਈ ਪ੍ਰਧਾਨ ਭਦੌੜ, ਇੰਦਰਪਾਲ ਸਿੰਘ ਸੂਬਾ ਪ੍ਰੈੱਸ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇਣ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੱਜ ਮਜ਼ਬੂਤ ਹੋਏ ਪੰਜਾਬ ਦੇ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫ਼ੂਕ ਕੇ ਟਾਈਮ ਲੰਘਾ ਰਹੇ ਹਨ। ਆਗੂਆਂ ਨੇ ਕਿਹਾ ਕਿ ਬਿਜਲੀ ਸਪਲਾਈ ਦੀ ਘਾਟ ਨੂੰ ਪੂਰਾ ਕਰਨ ਲਈ ਬਹੁਤੇ ਪਿੰਡਾਂ ਵਿਚ ਕਿਸਾਨਾਂ ਨੂੰ ਆਰਜ਼ੀ ਮੋਘੇ ਦੇਣ ਦੀ ਬਿੜਕ ਨਹੀਂ ਲੱਗਣ ਦਿੱਤੀ, ਜਦਕਿ ਸੱਤਾਧਾਰੀ ਪਾਰਟੀ ਦੇ ਚਹੇਤਿਆਂ ਨੂੰ ਹੀ ਆਰਜ਼ੀ ਮੋਘੇ ਪਾਸ ਕਰ ਦਿੱਤੇ ਗਏ। ਦੁਖੀ ਕਿਸਾਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਜਿਸ ਲਈ ਖੇਤੀ ਪਾਲਣ ਲਈ ਪਾਣੀ ਦੀ ਅਹਿਮ ਲੋੜ ਹੈ। ਜਿਸ ਨੂੰ ਸਰਕਾਰ ਕਿਸੇ ਵੀ ਤਰ੍ਹਾਂ ਪੂਰਾ ਕਰੇ। ਉਨ੍ਹਾਂ ਕਿਹਾ ਕਿ ਅੱਜ ਅਸੀਂ ਸਿਰਫ਼ ਤਿੰਨ ਘੰਟੇ ਲਈ ਬਰਨਾਲਾ-ਬਾਜਾਖਾਨਾ ਰੋਡ ਪੱਖੋਂ ਕੈਂਚੀਆਂ ਹੀ ਜਾਮ ਕੀਤਾ ਹੈ, ਜੇਕਰ ਪੰਜਾਬ ਸਰਕਾਰ ਅਤੇ ਪਾਵਰਕਾਮ ਨੇ ਕਿਸਾਨਾਂ ਨੂੰ ਬਿਜਲੀ ਸਪਲਾਈ ਅੱਠ ਘੰਟੇ ਯਕੀਨੀ ਨਾ ਬਣਾਈ ਤਾਂ ਆਉਣ ਵਾਲੇ ਦਿਨਾਂ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦੀ ਅਗਵਾਈ ਵਿਚ ਪੂਰੇ ਪੰਜਾਬ ਦੀਆਂ ਸੜਕਾਂ ਜਾਮ ਕੀਤੀਆਂ ਜਾਣਗੀਆਂ। ਸੜਕਾਂ ’ਤੇ ਲੱਗੇ ਜਾਮ ਨੂੰ ਦੇਖਦਿਆਂ ਹੋਇਆਂ ਕੁਲਵਿੰਦਰ ਸਿੰਘ ਡੀ.ਐਸ.ਪੀ ਹੈੱਡਕੁਆਟਰ ਬਰਨਾਲਾ, ਥਾਣਾ ਸ਼ਹਿਣਾ ਮੁਖੀ ਮੈਡਮ ਰੈਨੂੰ ਪਰੋਚਾ, ਜਗਜੀਤ ਸਿੰਘ ਘੁਮਾਣ ਥਾਣਾ ਮੁਖੀ ਬਰਨਾਲਾ ਪੁਲਿਸ ਪਾਰਟੀ ਸਮੇਤ ਪਹੁੰਚੇ ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਣ ਲਈ ਗਗਨਦੀਪ ਸਿੰਘ ਐਕਸ਼ਨ ਦਿਹਾਤੀ, ਵਿਕਾਸ ਕੁਮਾਰ ਐਕਸ਼ਨ ਸ਼ਹਿਰੀ, ਨਿਰਮਲ ਸਿੰਘ ਐਸ.ਡੀ.ਓ. ਸ਼ਹਿਣਾ, ਚਮਕੌਰ ਸਿੰਘ ਅਤੇ ਹੋਰ ਪਾਵਰਕਾਮ ਦੇ ਅਧਿਕਾਰੀਆਂ ਨੂੰ ਧਰਨੇ ਵਾਲੀ ਥਾਂ ’ਤੇ ਬੁਲਾਇਆ ਗਿਆ, ਜਿੱਥੇ ਪਾਵਰਕਾਮ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਥਰਮਲ ਪਲਾਂਟ ਦੀ ਜਿਹੜੀ ਯੂਨਿਟ ਬੰਦ ਸੀ ਉਹ ਚਾਲੂ ਹੋ ਗਈ ਹੈ, ਆਉਣ ਵਾਲੇ ਦਿਨਾਂ ਵਿਚ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ। ਅਧਿਕਾਰੀਆਂ ਦੇ ਵਿਸ਼ਵਾਸ ਦਿਵਾਉਣ ਉਪਰੰਤ ਹੀ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਮਲਕੀਤ ਸਿੰਘ ਉੱਗੋਕੇ, ਜਲੰਧਰ ਸਿੰਘ ਗਿੱਲ ਕੋਠੇ, ਮਲਕੀਤ ਸਿੰਘ ਸ਼ਹਿਣਾ, ਬਬਲੀ ਸ਼ਹਿਣਾ, ਜਗਜੀਤ ਸਿੰਘ ਫ਼ੌਜੀ ਅਲਕੜਾ, ਗੁਰਮੇਲ ਸਿੰਘ ਜਗਜੀਤਪੁਰਾ, ਸੁਖਦੇਵ ਸਿੰਘ ਜਗਜੀਤਪੁਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ ਧਨੌਲਾ ਰੋਡ ’ਤੇ ਇੰਸ਼ੋਰੈਂਸ ਕੰਪਨੀ ਦੇ ਦਫ਼ਤਰ ਨੂੰ ਲੱਗੀ ਭਿਆਨਕ ਅੱਗ, ਰਿਕਾਰਡ ਤੇ ਸਾਮਾਨ ਸੜ ਕੇ ਹੋਇਆ ਸੁਆਹ ਅਗਲੀ ਖ਼ਬਰ ਵਿਧਾਇਕ ਉੱਗੋਕੇ ਨੇ ਦੁਕਾਨਦਾਰਾਂ ਨਾਲ ਮਿਲ ਕੇ ਵਪਾਰਕ ਮੁੱਦਿਆਂ ’ਤੇ ਕੀਤੀ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।