12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਧਨੌਲਾ ਰੋਡ ’ਤੇ ਇੰਸ਼ੋਰੈਂਸ ਕੰਪਨੀ ਦੇ ਦਫ਼ਤਰ ਨੂੰ ਲੱਗੀ ਭਿਆਨਕ ਅੱਗ, ਰਿਕਾਰਡ ਤੇ ਸਾਮਾਨ ਸੜ ਕੇ ਹੋਇਆ ਸੁਆਹ

ਅਜੀਤ ਡੈਸਕ 30-06-2026
ਬਰਨਾਲਾ, 29 ਜੂਨ (ਨਰਿੰਦਰ ਅਰੋੜਾ)-ਬਰਨਾਲਾ ਸ਼ਹਿਰ ਦੇ ਧਨੌਲਾ ਰੋਡ ’ਤੇ ਸਥਿਤ ਐੱਨ.ਕੇ. ਕਾਰ ਜ਼ੋਨ ਦੀ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਚੱਲ ਰਹੀ ਇਕ ਇੰਸ਼ੋਰੈਂਸ ਕੰਪਨੀ ਦੇ ਦਫ਼ਤਰ ਵਿਚ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁੱਝ ਹੀ ਮਿੰਟਾਂ ਵਿਚ ਪੂਰਾ ਦਫ਼ਤਰ ਧੂੰਏਂ ਅਤੇ ਅੱਗ ਦੀਆਂ ਲਪਟਾਂ ਦੀ ਲਪੇਟ ਵਿਚ ਆ ਗਿਆ। ਇਸ ਹਾਦਸੇ ਵਿਚ ਦਫ਼ਤਰ ਦਾ ਰਿਕਾਰਡ, ਫਾਈਲਾਂ, ਕੰਪਿਊਟਰ, ਏਅਰ ਕੰਡੀਸ਼ਨਰ, ਫ਼ਰਨੀਚਰ ਅਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਦਫ਼ਤਰ ਵਿਚੋਂ ਉੱਠ ਰਹੀਆਂ ਅੱਗ ਦੀਆਂ ਉੱਚੀਆਂ ਲਪਟਾਂ ਅਤੇ ਧੂੰਏਂ ਨੂੰ ਦੇਖ ਕੇ ਆਸ-ਪਾਸ ਦੇ ਲੋਕਾਂ ਵਿਚ ਹੜਕੰਪ ਮਚ ਗਿਆ। ਸਥਾਨਕ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਖ਼ੁਸ਼ਕਿਸਮਤੀ ਨਾਲ ਘਟਨਾ ਦੇ ਸਮੇਂ ਦਫ਼ਤਰ ਵਿਚ ਕੋਈ ਕਰਮਚਾਰੀ ਮੌਜੂਦ ਨਹੀਂ ਸੀ, ਜਿਸ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਸੂਚਨਾ ਮਿਲਦੇ ਹੀ ਜ਼ਿਲ੍ਹਾ ਫਾਇਰ ਅਫ਼ਸਰ ਹਰਪ੍ਰੀਤ ਸਿੰਘ ਬਾਠ ਦੀ ਅਗਵਾਈ ਹੇਠ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ। ਫਾਇਰ ਅਫ਼ਸਰ ਜ਼ਿਲ੍ਹਾ ਬਰਨਾਲਾ ਹਰਪ੍ਰੀਤ ਸਿੰਘ ਬਾਠ ਨੇ ਦੱਸਿਆ ਕਿ ਕਿ ਅੱਗ ਕਾਫ਼ੀ ਭਿਆਨਕ ਸੀ ਅਤੇ ਇਸ ਨੂੰ ਕਾਬੂ ਕਰਨ ਲਈ ਫਾਇਰ ਕਰਮਚਾਰੀਆਂ ਨੂੰ ਕਈ ਘੰਟੇ ਤੱਕ ਸਖ਼ਤ ਮੁਸ਼ੱਕਤ ਕਰਨੀ ਪਈ। ਇਸ ਦੌਰਾਨ ਪਾਣੀ ਦੀਆਂ ਤਿੰਨ ਵੱਡੀਆਂ ਫਾਇਰ ਬ੍ਰਿਗੇਡ ਗੱਡੀਆਂ ਦੀ ਵਰਤੋਂ ਕੀਤੀ ਗਈ। ਦੱਸਿਆ ਕਿ ਅੱਗ ਬੁਝਾਉਣ ਦੀ ਕਾਰਵਾਈ ਦੌਰਾਨ ਡੇਰਾ ਪ੍ਰੇਮੀਆਂ ਅਤੇ ਸਥਾਨਕ ਲੋਕਾਂ ਨੇ ਵੀ ਭਰਪੂਰ ਸਹਿਯੋਗ ਦਿੱਤਾ। ਸਾਰਿਆਂ ਦੇ ਸਾਂਝੇ ਯਤਨਾਂ ਨਾਲ ਅੱਗ ਨੂੰ ਨੇੜਲੀਆਂ ਇਮਾਰਤਾਂ ਤੱਕ ਫੈਲਣ ਤੋਂ ਰੋਕ ਲਿਆ ਗਿਆ, ਜਿਸ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਮੁੱਢਲੀ ਜਾਂਚ ਅਨੁਸਾਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਹਾਲਾਂਕਿ ਫਾਇਰ ਵਿਭਾਗ ਵਲੋਂ ਘਟਨਾ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਇਸ ਮੌਕੇ ਫਾਇਰਮੈਨ ਚਮਕੌਰ ਸਿੰਘ, ਅਮਰੀਕ ਸਿੰਘ, ਅਰਜੁਨ ਸਿੰਘ, ਮਨਜੀਤ ਸਿੰਘ, ਸਨਪ੍ਰੀਤ ਸਿੰਘ, ਜਸਵਿੰਦਰ ਸਿੰਘ, ਸੁਖਪ੍ਰੀਤ ਸਿੰਘ, ਡਰਾਈਵਰ ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਸੇਵਕ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਸਰਪੰਚਾਂ ਲਈ ਦਸ ਹਜ਼ਾਰ ਮਾਣ ਭੱਤਾ ਦੇਣ ਦਾ ਫ਼ੈਸਲਾ ਸ਼ਲਾਘਾਯੋਗ- ‘ਆਪ’ ਸਰਪੰਚ ਅਗਲੀ ਖ਼ਬਰ ਅੱਠ ਘੰਟੇ ਬਿਜਲੀ ਸਪਲਾਈ ਦੇ ਸੰਬੰਧ ਵਿਚ ਬੀਕੇਯੂ ਡਕੌਂਦਾ ਨੇ ਕੀਤਾ ਚੱਕਾ ਜਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।