02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸਾਬਕਾ ਫ਼ੌਜੀਆਂ ਨੂੰ ਇਕਜੁੱਟ ਹੋਣ ਦੀ ਲੋੜ-ਕੈਪਟਨ ਗੁਰਜਿੰਦਰ ਸਿੰਘ ਸਿੱਧੂ

ਅਜੀਤ ਡੈਸਕ 13-07-2026

ਮਹਿਲ ਕਲਾਂ, 12 ਜੁਲਾਈ (ਅਵਤਾਰ ਸਿੰਘ ਅਣਖੀ)-ਗੁਰਦੁਆਰਾ ਸਾਹਿਬ ਪਿੰਡ ਹਮੀਦੀ ਵਿਖੇ 27ਵੇਂ ਕਾਰਗਿਲ ਵਿਜੇ ਦਿਵਸ ਦੀਆਂ ਤਿਆਰੀਆਂ ਸਬੰਧੀ ਸਾਬਕਾ ਸੈਨਿਕਾਂ ਦੀ ਇਕ ਅਹਿਮ ਇਕੱਤਰਤਾ ਸੂਬੇਦਾਰ ਸੁਦਾਗਰ ਸਿੰਘ ਸਾਬਕਾ ਸਰਪੰਚ ਦੀ ਅਗਵਾਈ ਹੇਠ ਹੋਈ। ਜਿਸ ਵਿਚ ਸਾਬਕਾ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਉਨ੍ਹਾਂ ਕਿਹਾ ਪਿਛਲੇ 77 ਸਾਲ ਤੋਂ ਕਿਸੇ ਵੀ ਸਰਕਾਰ ਨੇ ਸਾਬਕਾ ਫ਼ੌਜੀਆਂ ਦੇ ਹਿਤਾਂ ਦੀ ਰਾਖੀ ਨਹੀਂ ਕੀਤੀ ਬਲਕਿ ਇਨ੍ਹਾਂ ਦਾ ਸ਼ੋਸ਼ਣ ਕੀਤਾ ਹੈ, ਰਿਟਾਇਰਮੈਂਟ ਤੋਂ ਬਾਅਦ ਕੰਟਰੈਕਟ ਨੌਕਰੀਆਂ ਵਿਚ ਵਿਭਾਗਾਂ ਤੋ ਠੇਕੇਦਾਰ ਵੱਧ ਪੈਸੇ ਵਸੂਲਦੇ ਹਨ ਅਤੇ ਪੈਸਕੋ, ਜੇਲ੍ਹਾਂ, ਬਿਜਲੀ ਬੋਰਡ, ਰੇਲਵੇ ਫਾਟਕ, ਸਕੂਲਾਂ ਵਿਚ ਡਿਊਟੀ ਕਰ ਰਹੇ ਸਾਬਕਾ ਫ਼ੌਜੀਆਂ ਦੀ ਝੋਲੀ ਅੱਧੇ ਪੈਸੇ ਹੀ ਪਾਏ ਜਾਂਦੇ ਹਨ। ਜਿਹੜਾ ਕਿ ਸਾਬਕਾ ਫ਼ੌਜੀਆਂ ਦੇ ਹੱਕਾਂ ’ਤੇ ਸਿੱਧਾ ਡਾਕਾ ਹੈ। ਅੱਜ ਬਹੁਤ ਸਖ਼ਤ ਲੋੜ ਹੈ ਕਿ ਸਮੁੱਚੇ ਸਾਬਕਾ ਫ਼ੌਜੀ ਨਿੱਕੇ-ਨਿੱਕੇ ਗਰੁੱਪਾਂ ਨੂੰ ਛੱਡ ਕੇ ਇਕ ਝੰਡੇ ਥੱਲੇ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਆਪਣਾ ਰਾਜਨੀਤਕ ਦਲ ਬਣਾਉਣ ਅਤੇ ਪੰਜਾਬ ਦੇ ਲੋਕਾਂ ਨੂੰ ਆਪਣਾ ਪ੍ਰੋਗਰਾਮ ਦੇਣ ਤਾਂ ਕਿ ਮੌਜੂਦਾ ਸਥਿਤੀ ਵਿਚੋਂ ਪੰਜਾਬ ਨੂੰ ਬਾਹਰ ਕੱਢਿਆ ਜਾ ਸਕੇ। ਕੈਪਟਨ ਸਿੱਧੂ ਨੇ ਕਿਹਾ ਕਿ ਸਾਬਕਾ ਸੈਨਿਕ ਇਕ ਇਮਾਨਦਾਰ ਵਰਗ ਹੈ ਅਤੇ ਪੰਜਾਬ ਨੂੰ ਅੱਜ ਇਮਾਨਦਾਰ ਵਰਗ ਦੀ ਲੋੜ ਹੈ। ਉਨ੍ਹਾਂ ਸਾਬਕਾ ਫ਼ੌਜੀਆਂ ਨੂੰ ਕਾਰਗਿਲ ਜੰਗ ਦੇ 527 ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਗੁਰਦੁਆਰਾ ਸਾਹਿਬ ਬਰਨਾਲਾ ਵਿਖੇ 26 ਜੁਲਾਈ, ਐਤਵਾਰ ਨੂੰ ਵਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਸੂਬੇਦਾਰ ਕਮਲਜੀਤ ਸ਼ਰਮਾ, ਸਰਪੰਚ ਓਮਨਦੀਪ ਸਿੰਘ ਸੋਹੀ, ਸ਼ਮਸ਼ੇਰ ਸਿੰਘ ਸੇਖੋਂ, ਕੈਪਟਨ ਸੁਖਦੇਵ ਸਿੰਘ, ਪ੍ਰਿੰਸੀਪਲ ਬਲਦੇਵ ਸਿੰਘ, ਹੌਲਦਾਰ ਬਲਦੇਵ ਸਿੰਘ ਹਮੀਦੀ, ਹੌਲਦਾਰ ਬਸੰਤ ਸਿੰਘ ਉੱਗੋਕੇ, ਗੁਰਦੇਵ ਸਿੰਘ ਮੱਕੜਾ, ਹੌਲਦਾਰ ਸਰਬਜੀਤ ਸਿੰਘ, ਹੌਲਦਾਰ ਗੁਰਜਿੰਦਰ ਸਿੰਘ ਆਦਿ ਸਾਬਕਾ ਸੈਨਿਕ, ਪਿੰਡ ਵਾਸੀ ਹਾਜ਼ਰ ਸਨ।

ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਨੌਜਵਾਨ ਕਾਬੂ ਅਗਲੀ ਖ਼ਬਰ ਅਧਿਆਪਕਾਂ ਲਈ ਲਾਜ਼ਮੀ ਕੀਤੇ ਟੈਟ ਦੀ ਸ਼ਰਤ ਤੋਂ ਛੋਟ ਦੇਣ ਲਈ ਆਰ.ਟੀ.ਈ. ਐਕਟ ਵਿਚ ਸੋਧ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।