09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਬਰਨਾਲਾ ਦੇ ਸਰਕਾਰੀ ਰੈੱਸਟ ਹਾਊਸ ਦੀ ਦਿਨੋ-ਦਿਨ ਮਾੜੀ ਹੁੰਦੀ ਜਾ ਰਹੀ ਹੈ ਹਾਲਤ

ਅਜੀਤ ਡੈਸਕ 29-07-2026

ਬਰਨਾਲਾ, 28 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਵਲੋਂ ਰਾਜਨੀਤਕ ਪਾਰਟੀਆਂ ਦੇ ਆਗੂਆਂ, ਉੱਚ ਅਧਿਕਾਰੀਆਂ ਅਤੇ ਹੋਰ ਮਹੱਤਵਪੂਰਨ ਮਹਿਮਾਨਾਂ ਦੀ ਠਹਿਰਾਓ, ਮੀਟਿੰਗਾਂ ਅਤੇ ਪ੍ਰੈੱਸ ਕਾਨਫ਼ਰੰਸਾਂ ਲਈ ਸ਼ਾਨਦਾਰ ਵਾਤਾਵਰਨ ਤੇ ਵਧੀਆ ਸਹੂਲਤਾਂ ਦੇਣ ਦੇ ਮਕਸਦ ਨਾਲ ਸਰਕਾਰੀ ਰੈਸਟ ਹਾਊਸ ਬਣਾਏ ਜਾਂਦੇ ਹਨ। ਪ੍ਰੰਤੂ ਜੇਕਰ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਰੈਸਟ ਹਾਊਸ ਵੱਲ ਨਜ਼ਰ ਮਾਰੀ ਜਾਵੇ ਤਾਂ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਰੈਸਟ ਹਾਊਸ ਦੀ ਮੌਜੂਦਾ ਹਾਲਤ ਦਿਨੋ-ਦਿਨ ਖ਼ਸਤਾ ਹੋ ਰਹੀ ਹੈ ਅਤੇ ਇਮਾਰਤ ਖੰਡਰਾਤ ਬਣਨ ਵੱਲ ਵਧ ਰਹੀ ਹੈ। ਰੈਸਟ ਹਾਊਸ ਵਿਚ ਜਾ ਕੇ ਜਦੋਂ ਦੇਖਿਆ ਗਿਆ ਤਾਂ ਗਰਾਊਂਡਾਂ ਵਿਚ ਗੋਡੇ-ਗੋਡੇ ਲੰਮਾ ਘਾਹ ਉੱਗ ਚੁੱਕਿਆ ਹੈ, ਜਿਸ ਨਾਲ ਇੱਥੇ ਸਫ਼ਾਈ ਦਾ ਬੁਰਾ ਹਾਲ ਹੈ। ਇੰਨਾ ਹੀ ਨਹੀਂ ਮੀਟਿੰਗਾਂ ਕਰਨ ਲਈ ਬਣਾਏ ਗਏ ਮੁੱਖ ਹਾਲਾਂ ਅਤੇ ਕਮਰਿਆਂ ਵਿਚ ਕਈ-ਕਈ ਦਿਨਾਂ ਤੱਕ ਝਾੜੂ ਤੱਕ ਨਹੀਂ ਮਾਰਿਆ ਜਾਂਦਾ। ਕਮਰਿਆਂ ਦੇ ਫ਼ਰਸ਼ਾਂ ਉੱਪਰ ਮਿੱਟੀ ਦੀ ਮੋਟੀ ਪਰਤ ਸ਼ਰੇਆਮ ਵੇਖੀ ਜਾ ਸਕਦੀ ਹੈ, ਜੋ ਪ੍ਰਸ਼ਾਸਨਿਕ ਅਣਗਹਿਲੀ ਦੀ ਜਿਊਂਦੀ-ਜਾਗਦੀ ਮਿਸਾਲ ਹੈ। ਰੈਸਟ ਹਾਊਸ ਵਿਚ ਰਸੋਈ ਤਾਂ ਬਣੀ ਹੋਈ ਹੈ, ਪ੍ਰੰਤੂ ਉੱਥੇ ਸੁਵਿਧਾਵਾਂ ਨਾਂਹ ਦੇ ਬਰਾਬਰ ਹਨ। ਪਤਾ ਲੱਗਾ ਹੈ ਕਿ ਇੱਥੇ ਆਉਣ ਵਾਲੇ ਮਹਿਮਾਨਾਂ ਅਤੇ ਮੀਟਿੰਗਾਂ ਕਰਨ ਵਾਲੇ ਲੋਕਾਂ ਨੂੰ ਚਾਹ-ਪਾਣੀ ਦਾ ਪ੍ਰਬੰਧ ਆਪਣੇ ਪੱਧਰ ’ਤੇ ਹੀ ਕਰਨਾ ਪੈਂਦਾ ਹੈ। ਪੂਰੇ ਰੈਸਟ ਹਾਊਸ ਦੀ ਸਫ਼ਾਈ ਅਤੇ ਹੋਰ ਸਾਰੇ ਕੰਮਾਂ ਨੂੰ ਸੰਭਾਲਣ ਲਈ ਮਹਿਜ਼ ਇਕ ਹੀ ਮੁਲਾਜ਼ਮ ਹੈ। ਮੁਲਾਜ਼ਮ ਅਨੁਸਾਰ ਰੈਸਟ ਹਾਊਸ ਵਿਚ ਮਹਿਮਾਨਾਂ ਦੀ ਠਹਿਰਾਓ ਲਈ ਬਣੇ ਹੋਏ ਹਨ। ਤਿੰਨ ਕਮਰਿਆਂ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਕੋਈ ਟੀਮ ਰਹਿ ਰਹੀ ਹੈ ਅਤੇ ਇੱਕ ਕਮਰਾ ਡੀ.ਐੱਸ.ਪੀ. ਪਾਸ ਹੈ। ਮੌਕੇ ’ਤੇ ਦੇਖਣ ਅਨੁਸਾਰ ਇਕ ਕਮਰੇ ਵਿਚ ‘ਆਪ’ ਦੀ ਸਰਵੇ ਟੀਮ ਦੇ ਮੈਂਬਰ ਮੌਜੂਦ ਸਨ, ਜਦਕਿ ਬਾਕੀ ਤਿੰਨ ਕਮਰਿਆਂ ਨੂੰ ਜਿੰਦਰੇ ਲੱਗੇ ਹੋਏ ਸਨ। ਇਸ ਨਾਲ ਆਮ ਜਾਂ ਹੋਰ ਸਰਕਾਰੀ ਮਹਿਮਾਨਾਂ ਲਈ ਇੱਥੇ ਠਹਿਰਨ ਦੀ ਕੋਈ ਜਗ੍ਹਾ ਨਹੀਂ ਸੀ। ਰੈਸਟ ਹਾਊਸ ਦੀ ਇਸ ਮਾੜੀ ਦੁਰਦਸ਼ਾ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਇਸ ਦੀ ਦੇਖਰੇਖ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਲੋਕ ਨਿਰਮਾਣ ਵਿਭਾਗ ਦੀ ਕਾਰਜਸ਼ੈਲੀ ਉੱਪਰ ਵੱਡੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ ਕਿ ਇੱਕ ਵਧੀਆ ਇਮਾਰਤ ਹੋਣ ਦੇ ਬਾਵਜੂਦ ਇਸ ਦੀ ਸਹੀ ਢੰਗ ਨਾਲ ਸੰਭਾਲ ਕਿਉਂ ਨਹੀਂ ਕੀਤੀ ਜਾ ਰਹੀ? ਜੇਕਰ ਸਮਾਂ ਰਹਿੰਦੇ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਲੱਖਾਂ ਰੁਪਏ ਦੀ ਲਾਗਤ ਨਾਲ ਬਣੀ ਇਹ ਸਰਕਾਰੀ ਇਮਾਰਤ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ।
ਕੌਮੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਉਪ ਚੇਅਰਮੈਨ ਨੇ ਬਾਹਰ ਖੜ੍ਹ ਕੇ ਹੀ ਮੀਡੀਆ ਨਾਲ ਕਰਨੀ ਪਈ ਗੱਲਬਾਤ
ਕੌਮੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਉੱਪ ਚੇਅਰਮੈਨ ਹਰਦੀਪ ਸਿੰਘ ਗਿੱਲ ਅੱਜ ਬਰਨਾਲਾ ਵਿਖੇ ਵਿਸ਼ੇਸ਼ ਤੌਰ ’ਤੇ ਪੁੱਜੇ। ਉਹ ਇੱਥੇ ਚੱਲ ਰਹੇ ਸਫ਼ਾਈ ਕਰਮਚਾਰੀਆਂ ਦੇ ਧਰਨੇ ਵਿਚ ਸ਼ਾਮਿਲ ਹੋਣ ਅਤੇ ਹਸਪਤਾਲ ਵਿਚ ਦਾਖਲ ਕਰਮਚਾਰੀਆਂ ਦਾ ਹਾਲ-ਚਾਲ ਜਾਣਨ ਲਈ ਆਏ ਸਨ। ਜਦੋਂ ਉੱਪ ਚੇਅਰਮੈਨ ਹਰਦੀਪ ਸਿੰਘ ਗਿੱਲ ਬਰਨਾਲਾ ਦੇ ਸਰਕਾਰੀ ਰੈਸਟ ਹਾਊਸ ਵਿਖੇ ਪੁੱਜੇ ਤਾਂ ਉੱਥੇ ਉਨ੍ਹਾਂ ਦੇ ਬੈਠਣ ਲਈ ਕੋਈ ਵੀ ਕਮਰਾ ਉਪਲਬਧ ਨਹੀਂ ਸੀ ਅਤੇ ਉਨ੍ਹਾਂ ਨੂੰ ਰੈਸਟ ਹਾਊਸ ਦੇ ਬਾਹਰ ਉੱਗੇ ਗੋਡੇ-ਗੋਡੇ ਘਾਹ ਨੇੜੇ ਖੜ੍ਹ ਕੇ ਹੀ ਮੀਡੀਆ ਦੇ ਰੂਬਰੂ ਹੋਣਾ ਪਿਆ।
ਕੀ ਕਹਿਣਾ ਹੈ ਐਕਸੀਅਨ ਲੋਕ ਨਿਰਮਾਣ ਵਿਭਾਗ ਦਾ
ਜਦੋਂ ਰੈਸਟ ਹਾਊਸ ਦੀ ਮਾੜੀ ਹਾਲਤ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਹਰਸ਼ ਗੋਇਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਰੈਸਟ ਹਾਊਸ ਦੀ ਮੁਰੰਮਤ ਅਤੇ ਹੋਰ ਸਹੂਲਤਾਂ ਲਈ ਐਸਟੀਮੇਟ ਤਿਆਰ ਕੀਤਾ ਜਾ ਰਿਹਾ ਹੈ। ਰੈਸਟ ਹਾਊਸ ਵਿਚ ਤਿੰਨ ਕਮਰਿਆਂ ’ਚ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਆਮ ਆਦਮੀ ਪਾਰਟੀ ਦੀ ਟੀਮ ਦੇ ਰਹਿਣ ਅਤੇ ਉਨ੍ਹਾਂ ਤੋਂ ਕਮਰਿਆਂ ਦੇ ਲਏ ਜਾ ਰਹੇ ਕਿਰਾਏ ਬਾਰੇ ਪੁੱਛਣ ’ਤੇ ਐਕਸੀਅਨ ਨੇ ਕਿਹਾ ਕਿ ਉਹ ਚੈੱਕ ਕਰ ਕੇ ਦੱਸ ਸਕਦੇ ਹਨ ਕਿੰਨੇ ਸਮੇਂ ਤੋਂ ਕਮਰੇ ਬੁੱਕ ਹਨ ਅਤੇ ਉਨ੍ਹਾਂ ਤੋਂ ਕਿੰਨਾ ਕਿਰਾਇਆ ਲਿਆ ਜਾ ਚੁੱਕਾ ਹੈ।

ਪਿਛਲੀ ਖ਼ਬਰ ਐੱਲ.ਏ.ਡੀ.ਸੀ. ਨੀਤੀ ਦੇ ਵਿਰੋਧ ’ਚ ਵਕੀਲਾਂ ਦੀ ਨਿਰੰਤਰ ਭੁੱਖ ਹੜਤਾਲ ਜਾਰੀ ਅਗਲੀ ਖ਼ਬਰ ਖਨੌਰੀ ਵਿੱਚ ਚੋਰਾਂ ਦੇ ਹੌਸਲੇ ਬੁਲੰਦ, ਸੁੰਨੇ ਘਰ ਨੂੰ ਬਣਾਇਆ ਨਿਸ਼ਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।