09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਖਨੌਰੀ ਵਿੱਚ ਚੋਰਾਂ ਦੇ ਹੌਸਲੇ ਬੁਲੰਦ, ਸੁੰਨੇ ਘਰ ਨੂੰ ਬਣਾਇਆ ਨਿਸ਼ਾਨਾ

ਅਜੀਤ ਡੈਸਕ 29-07-2026
ਖਨੌਰੀ, 27 ਜੁਲਾਈ (ਬਲਵਿੰਦਰ ਸਿੰਘ ਥਿੰਦ)–ਖਨੌਰੀ ਵਿੱਚ ਲਗਾਤਾਰ ਵਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ। ਪਿਛਲੀ ਰਾਤ ਵੀ ਚੋਰਾਂ ਨੇ ਵਾਰਡ ਨੰਬਰ 3 ਦੀ ਮਾਸਟਰ ਕਾਲੋਨੀ ਵਿੱਚ ਡਰੇਨ ਨੇੜੇ ਸਥਿਤ ਇੱਕ ਸੁੰਨੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਸੋਨਾ, ਚਾਂਦੀ ਅਤੇ ਨਗਦੀ ‘ਤੇ ਹੱਥ ਸਾਫ਼ ਕਰ ਦਿੱਤਾ। ਪੀੜਤ ਪਰਿਵਾਰ ਦੇ ਮੈਂਬਰ ਬੀਰਭਾਨ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸੋਮ ਦੱਤ (ਲਾਲਾ) ਆਪਣੇ ਪਰਿਵਾਰ ਸਮੇਤ ਕਿਸੇ ਜ਼ਰੂਰੀ ਕੰਮ ਕਾਰਨ ਘਰ ਤੋਂ ਬਾਹਰ ਗਿਆ ਹੋਇਆ ਸੀ ਅਤੇ ਘਰ ਨੂੰ ਤਾਲਾ ਲੱਗਾ ਹੋਇਆ ਸੀ। ਸਵੇਰੇ ਗੁਆਂਢੀਆਂ ਨੇ ਘਰ ਦਾ ਮੁੱਖ ਤਾਲਾ ਟੁੱਟਿਆ ਦੇਖਿਆ ਤਾਂ ਤੁਰੰਤ ਫ਼ੋਨ ਰਾਹੀਂ ਉਨ੍ਹਾਂ ਨੂੰ ਇਸ ਬਾਰੇ ਸੂਚਿਤ ਕੀਤਾ। ਮੌਕੇ ‘ਤੇ ਪਹੁੰਚ ਕੇ ਪਰਿਵਾਰ ਨੇ ਦੇਖਿਆ ਕਿ ਘਰ ਦੇ ਮੁੱਖ ਗੇਟ, ਕਮਰਿਆਂ ਦੇ ਦਰਵਾਜ਼ਿਆਂ ਅਤੇ ਲੋਹੇ ਦੀ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ। ਕਮਰਿਆਂ ਵਿੱਚ ਕੱਪੜੇ ਅਤੇ ਹੋਰ ਸਮਾਨ ਖਿਲਰਿਆ ਪਿਆ ਸੀ, ਜਿਸ ਤੋਂ ਸਪੱਸ਼ਟ ਸੀ ਕਿ ਚੋਰਾਂ ਨੇ ਘਰ ਦੀ ਬਾਰੀਕੀ ਨਾਲ ਤਲਾਸ਼ੀ ਲਈ। ਬੀਰਭਾਨ ਦੇ ਅਨੁਸਾਰ ਚੋਰ ਅਲਮਾਰੀ ਵਿੱਚੋਂ ਕਰੀਬ ਡੇਢ ਤੋਲਾ ਸੋਨਾ, ਅੱਧਾ ਕਿਲੋ ਚਾਂਦੀ ਅਤੇ ਗੁਲਕ ਤੋੜ ਕੇ ਉਸ ਵਿੱਚ ਪਈ ਹਜ਼ਾਰਾਂ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਢਲੀ ਜਾਣਕਾਰੀ ਮੁਤਾਬਕ ਚੋਰੀ ਨੂੰ ਅੰਜਾਮ ਦੇਣ ਵਾਲੇ ਤਿੰਨ ਵਿਅਕਤੀ ਮੋਟਰਸਾਈਕਲ ‘ਤੇ ਆਏ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਖਨੌਰੀ ਦੇ ਐਸਐਚਓ ਇੰਸਪੈਕਟਰ ਗੁਰਮੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਚੋਰਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਖਨੌਰੀ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ, ਜਿਸ ਕਾਰਨ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਸਮੇਂ ਗਸ਼ਤ ਹੋਰ ਸਖ਼ਤ ਕਰਨ ਅਤੇ ਚੋਰਾਂ ਨੂੰ ਜਲਦੀ ਕਾਬੂ ਕਰਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਬਰਨਾਲਾ ਦੇ ਸਰਕਾਰੀ ਰੈੱਸਟ ਹਾਊਸ ਦੀ ਦਿਨੋ-ਦਿਨ ਮਾੜੀ ਹੁੰਦੀ ਜਾ ਰਹੀ ਹੈ ਹਾਲਤ ਅਗਲੀ ਖ਼ਬਰ ਐੱਸ.ਯੂ.ਐੱਸ ਕਾਲਜ ਮਹਿਲਾਂ ਚੌਕ ਦੇ ਬੀ.ਐੱਡ. ਸਾਲ ਦੂਜਾ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।