08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਗ਼ਦਰੀ ਭਾਈ ਬਲਵੰਤ ਸਿੰਘ ਖੁਰਦਪੁਰ ਨੂੰ ਯਾਦ ਕਰਦਿਆਂ

ਅਜੀਤ ਡੈਸਕ 30-03-2026

ਦੂਜੇ ਲਾਹੌਰ ਸਾਜਿਸ਼ ਕੇਸ ਵਿਚ ਲਾਹੌਰ ਜੇਲ੍ਹ 'ਚ ਫ਼ਾਂਸੀ ਦਾ ਰੱਸਾ ਚੁੰਮਣ ਵਾਲਾ ਮਹਾਨ ਸ਼ਹੀਦ ਭਾਈ ਬਲਵੰਤ ਸਿੰਘ ਕੈਨੇਡੀਅਨ (ਖੁਰਦਪੁਰ) ਅਜਿਹਾ ਸੂਰਬੀਰ ਯੋਧਾ ਸੀ, ਜਿਸ ਨੇ ਭਰ ਜਵਾਨੀ ਵਿਚ ਸ਼ਹਾਦਤ ਦਾ ਜਾਮ ਪੀਤਾ। ਭਾਈ ਬਲਵੰਤ ਸਿੰਘ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਉੱਘੇ ਪਿੰਡ ਖੁਰਦਪੁਰ ਵਿਖੇ ਸ. ਬੁੱਧ ਸਿੰਘ ਦੇ ਗ੍ਰਹਿ 14 ਸਤੰਬਰ 1882 ਨੂੰ ਹੋਇਆ। ਉਨ੍ਹਾਂ ਨਜ਼ਦੀਕੀ ਕਸਬੇ ਆਦਮਪੁਰ ਦੇ ਮਿਡਲ ਸਕੂਲ 'ਚ ਮੁੱਢਲੀ ਸਿੱਖਿਆ ਪ੍ਰਾਪਤੀ ਲਈ ਦਾਖਲਾ ਲਿਆ ਪਰ ਉਸ ਸਮੇਂ ਬਾਲ-ਵਿਆਹ ਕਾਰਨ ਪਰਿਵਾਰ ਨੇ ਉਨ੍ਹਾਂ ਦਾ ਵਿਆਹ ਵੀ ਬਚਪਨ ਵਿਚ ਹੀ ਕਰ ਦਿੱਤਾ। ਪੜ੍ਹਾਈ ਵਿਚਾਲੇ ਛੱਡੀ ਗਈ। ਭਰ ਜਵਾਨੀ 'ਚ ਪੈਰ ਧਰਦਿਆਂ ਉਹ ਅੰਗਰੇਜ਼ ਹਕੂਮਤ ਦੀ ਭਾਰਤੀ ਫ਼ੌਜ 'ਚ ਭਰਤੀ ਹੋ ਗਏ। ਜਦੋਂ ਭਾਈ ਬਲਵੰਤ ਸਿੰਘ ਦੀ ਪਲਟਨ ਮਰਦਾਨ (ਅੱਜ ਪਾਕਿਸਤਾਨ 'ਚ) ਵਿਚ ਸੀ ਤਾਂ ਇਨ੍ਹਾਂ ਦੀ ਸ਼ਖ਼ਸੀਅਤ 'ਤੇ ਪੰਜਾਬ ਦੀ ਪ੍ਰਸਿੱਧ ਧਾਰਮਿਕ ਹਸਤੀ ਬਾਬਾ ਕਰਮ ਸਿੰਘ ਹੋਤੀ ਮਰਦਾਨ ਦੀ ਸੰਗਤ ਦਾ ਅਜਿਹਾ ਅਸਰ ਹੋਇਆ ਕਿ ਉਨ੍ਹਾਂ ਦਾ ਨਿਸਚਾ ਤੇ ਵਿਸ਼ਵਾਸ ਸਿੱਖ ਧਰਮ ਵਿਚ ਦ੍ਰਿੜ੍ਹ ਹੋ ਗਿਆ ਤੇ ਅੰਗਰੇਜ਼ ਹਕੂਮਤ ਦੀ ਗੁਲਾਮੀ ਦਾ ਅਹਿਸਾਸ ਵੀ ਹੋਇਆ। 23 ਸਾਲ ਦੀ ਉਮਰ 'ਚ ਨੌਕਰੀ ਛੱਡ ਕੇ ਉਹ 1906 'ਚ ਕੈਨੇਡਾ ਚਲੇ ਗਏ, ਜਿੱਥੇ ਵੈਨਕੂਵਰ 'ਚ ਪਹਿਲਾ ਗੁਰਦੁਆਰਾ ਸਾਹਿਬ ਬਣਾਉਣ ਵਿਚ ਭਰਪੂਰ ਯੋਗਦਾਨ ਪਾਇਆ ਤੇ ਗੁਰੂਘਰ ਦੇ ਗ੍ਰੰਥੀ ਨਿਯੁਕਤ ਹੋਏ। ਕੈਨੇਡਾ ਸਰਕਾਰ ਨੇ 1908 'ਚ ਫ਼ੈਸਲਾ ਕੀਤਾ ਕਿ ਬ੍ਰਿਟਿਸ਼ ਕੋਲੰਬੀਆ (ਬੀ.ਸੀ.) 'ਚ ਰਹਿਣ ਵਾਲੇ ਹਿੰਦੁਸਤਾਨੀਆਂ ਨੂੰ ਅਮਰੀਕਾ ਦੀ ਹੈਂਡਰਸ ਕਾਲੋਨੀ ਵਿਚ ਆਬਾਦ ਕੀਤਾ ਜਾਵੇ। ਭਾਈ ਬਲਵੰਤ ਸਿੰਘ ਨੇ ਸਾਥੀਆਂ ਸਮੇਤ ਇਸ ਦਾ ਵਿਰੋਧ ਕੀਤਾ। 1909 'ਚ ਹਿੰਦੁਸਤਾਨ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਗਈ, ਜਿਸ ਦੇ ਸਾਰੇ ਪ੍ਰਵਾਸੀ ਭਾਰਤੀਆਂ ਨੇ ਕੈਨੇਡਾ ਨਾ ਆਉਣ ਦੀਆਂ ਰੋਕਾਂ ਵਿਰੁੱਧ ਆਵਾਜ਼ ਉਠਾਈ। 1911 'ਚ ਭਾਈ ਬਲਵੰਤ ਸਿੰਘ ਆਪਣੇ ਸਾਥੀ ਭਾਈ ਭਾਗ ਸਿੰਘ ਭਿੱਖੀਵਿੰਡ ਨਾਲ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਵਾਪਸ ਹਿੰਦੁਸਤਾਨ ਪੁੱਜੇ ਤੇ ਮੁਸੀਬਤਾਂ ਦੇ ਬਾਵਜੂਦ ਜਨਵਰੀ 1912 'ਚ ਪਰਿਵਾਰ ਸਮੇਤ ਵੈਨਕੂਵਰ ਪਹੁੰਚ ਗਏ। 22 ਫਰਵਰੀ 1913 ਨੂੰ ਖ਼ਾਲਸਾ ਦੀਵਾਨ ਸੁਸਾਇਟੀ ਤੇ ਯੂਨਾਈਟਡ ਇੰਡੀਆ ਲੀਗ ਦੀ ਸਾਂਝੀ ਇਕੱਤਰਤਾ 'ਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਕਿ ਇੰਗਲੈਂਡ ਤੇ ਹਿੰਦੁਸਤਾਨ ਦੋਵਾਂ ਦੇਸ਼ਾਂ 'ਚ ਜਾ ਕੇ ਬ੍ਰਿਟਿਸ਼ ਸਰਕਾਰ ਨੂੰ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਮੰਗ ਪੱਤਰ ਦਿੱਤਾ ਜਾਵੇ। ਇਸ ਕਾਰਜ ਲਈ ਭਾਈ ਬਲਵੰਤ ਸਿੰਘ, ਭਾਈ ਨੰਦ ਸਿੰਘ ਤੇ ਭਾਈ ਨਰਾਇਣ ਸਿੰਘ 'ਤੇ ਆਧਾਰਿਤ ਇਕ ਪ੍ਰਤੀਨਿਧ ਮੰਡਲ ਦੋਵਾਂ ਦੇਸ਼ਾਂ 'ਚ ਭੇਜਣ ਲਈ ਸਮਾਂ ਨਿਸਚਿਤ ਕੀਤਾ ਗਿਆ ਪਰ ਅੰਗਰੇਜ਼ ਸਰਕਾਰ ਨੇ ਕੋਈ ਸਹਿਯੋਗ ਨਾ ਦਿੱਤਾ। ਕੈਨੇਡਾ ਪਰਤਣ ਸਮੇਂ ਭਾਈ ਬਲਵੰਤ ਸਿੰਘ ਦਾ ਮਿਲਾਪ ਕਾਮਾਗਾਟਾਮਾਰੂ ਜਹਾਜ਼ ਵਾਲੇ ਬਾਬਾ ਗੁਰਦਿੱਤ ਸਿੰਘ ਸਰਹਾਲੀ ਨਾਲ ਹੋਇਆ। ਭਾਈ ਬਲਵੰਤ ਸਿੰਘ ਨੇ ਕੈਨੇਡਾ ਦੇ ਪ੍ਰਵਾਸੀ ਭਾਰਤੀਆਂ ਖ਼ਾਸ ਕਰਕੇ ਸਿੱਖਾਂ ਵਲੋਂ ਬਾਬਾ ਗੁਰਦਿੱਤ ਸਿੰਘ ਨੂੰ ਹਰ ਸਮੇਂ ਹਰ ਹਾਲਾਤ ਵਿਚ ਸਹਿਯੋਗ ਦੇਣ ਦਾ ਵਾਅਦਾ ਕੀਤਾ। ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫ਼ਰਾਂ ਨੂੰ ਕੈਨੇਡਾ 'ਚ ਦਾਖਲ ਨਾ ਹੋਣ ਦੇ ਵਿਰੋਧ ਵਿਚ ਸਾਰੇ ਪ੍ਰਵਾਸੀ ਭਾਰਤੀਆਂ 'ਚ ਅਤਿ ਦਾ ਗੁੱਸਾ ਸੀ। ਇਨ੍ਹਾਂ ਸਾਰੇ ਪ੍ਰਵਾਸੀਆਂ ਨੇ ਗ਼ਦਰ ਪਾਰਟੀ ਨਾਲ ਸੰਪਰਕ ਬਣਾਇਆ ਪਰ ਅੰਗਰੇਜ਼ ਹਕੂਮਤ ਦਾ ਵਤੀਰਾ ਹੋਰ ਸਖ਼ਤ ਹੋ ਗਿਆ। ਕੈਨੇਡੀਅਨ ਹਕੂਮਤ ਦੇ ਇੰਮੀਗ੍ਰੇਸ਼ਨ ਇੰਸਪੈਕਟਰ ਵਿਲੀਅਮ ਹਾਪਨਿਕਸ ਨੇ 5 ਸਤੰਬਰ 1914 ਨੂੰ ਵੈਨਕੂਵਰ ਦੇ ਗੁਰਦੁਆਰਾ ਕੰਪਲੈਕਸ 'ਚ ਦੋ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਇਨ੍ਹਾਂ ਸ਼ਹਾਦਤਾਂ ਦੇ ਰੋਸ ਵਜੋਂ 21 ਅਕਤੂਬਰ 1914 ਨੂੰ ਪ੍ਰਵਾਸੀ ਭਾਰਤੀ ਭਾਈ ਸੇਵਾ ਸਿੰਘ ਨੇ ਸ਼ਹਿਰ ਦੀ ਕਚਹਿਰੀ 'ਚ ਹੀ ਵਿਲੀਅਮ ਹਾਪਨਿਕਸ ਨੂੰ ਗੋਲੀਆਂ ਨਾਲ ਉਡਾ ਦਿੱਤਾ । ਇਹ ਸਾਜਿਸ਼ ਰਚਣ ਦੇ ਸ਼ੱਕ 'ਤੇ ਭਾਈ ਬਲਵੰਤ ਸਿੰਘ ਖੁਰਦਪੁਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਕੋਈ ਗਵਾਹੀ ਨਾ ਮਿਲਣ ਕਰਕੇ ਛੱਡਣਾ ਪਿਆ। ਬਾਅਦ 'ਚ ਉਨ੍ਹਾਂ ਨੂੰ ਕੈਨੇਡਾ 'ਚੋਂ ਕੱਢ ਦਿੱਤਾ ਗਿਆ। ਕੈਨੇਡਾ ਤੋਂ ਵਾਪਸੀ ਸਮੇਂ ਭਾਈ ਬਲਵੰਤ ਸਿੰਘ ਸ਼ੰੰਘਾਈ ਪੁੱਜੇ, ਜਿੱਥੇ ਭਾਰਤੀਆਂ ਦੀਆਂ ਔਕੜਾਂ ਨੂੰ ਵੇਖਦਿਆਂ ਉਨ੍ਹਾਂ ਗ਼ਦਰ ਲਹਿਰ ਦੇ ਹੱਕ 'ਚ ਪ੍ਰਚਾਰ ਕਰਨਾ ਸ਼ੁਰੂ ਕੀਤਾ। 1915 'ਚ ਉਹ ਥਾਈਲੈਂਡ ਚਲੇ ਗਏ, ਜਿੱਥੇ ਉਹ ਸਾਰੇ ਗ਼ਦਰੀ ਬਾਬਿਆਂ ਨੂੰ ਮਿਲੇ। ਇਹ ਸਾਰੇ ਗ਼ਦਰੀ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਖੜ੍ਹੀ ਕਰਨਾ ਚਾਹੁੰਦੇ ਸਨ। ਇੱਥੇ ਭਾਈ ਬਲਵੰਤ ਸਿੰਘ ਸਖ਼ਤ ਬਿਮਾਰ ਹੋ ਗਏ। ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇੱਥੋਂ ਬਿਮਾਰੀ ਦੀ ਹਾਲਤ 'ਚ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਹਿੰਦੁਸਤਾਨ ਭੇਜ ਦਿੱਤਾ। ਹਿੰਦੁਸਤਾਨ ਪਹੁੰਚੇ ਭਾਈ ਬਵਲੰਤ ਸਿੰਘ 'ਤੇ ਦੂਜੇ ਲਾਹੌਰ ਸਾਜਿਸ਼ ਕੇਸ ਅਧੀਨ ਮੁਕੱਦਮਾ ਚਲਾਇਆ ਗਿਆ। ਅੰਤ 30 ਮਾਰਚ 1917 ਨੂੰ ਇਸ ਅਣਖੀਲੇ ਨੌਜਵਾਨ ਨੂੰ ਲਾਹੌਰ ਜੇਲ੍ਹ ਵਿਚ ਫ਼ਾਂਸੀ ਦੇ ਦਿੱਤੀ ਗਈ। ਪੰਜਾਬ ਦੀ ਜ਼ਰਖ਼ੇਜ਼ ਧਰਤੀ ਦਾ ਜੰਮਿਆ-ਜਾਇਆ ਭਾਈ ਬਲਵੰਤ ਸਿੰਘ ਖੁਰਦਪੁਰ (ਕੈਨੇਡੀਅਨ) 35 ਕੁ ਸਾਲ ਦੀ ਉਮਰ ਵਿਚ ਹਿੰਦੁਸਤਾਨ ਦੇ ਗਲੋਂ ਗੁਲਾਮੀ ਦੇ ਤੌਕ ਨੂੰ ਲਾਹੁਣ ਲਈ ਸ਼ਹਾਦਤ ਦਾ ਜਾਮ ਪੀ ਗਿਆ।

-ਮੋਬਾਈਲ : 98143-24040

ਪਿਛਲੀ ਖ਼ਬਰ ਬਰਸੀ ਸਮਾਗਮ 'ਤੇ ਵਿਸ਼ੇਸ਼ ਜਥੇਦਾਰ ਬਾਬਾ ਮੱਖਣ ਸਿੰਘ ਤੇ ਜਥੇਦਾਰ ਬਾਬਾ ਗੱਜਣ ਸਿੰਘ ਅਗਲੀ ਖ਼ਬਰ ਫ਼ਰੀਦਕੋਟ ਰਿਆਸਤ ਨੇ ਕਰਾਇਆ ਸੀ ਦਰਬਾਰ ਸਾਹਿਬ ਵਿਖੇ ਸਭ ਤੋਂ ਪਹਿਲਾਂ ਬਿਜਲੀ ਪ੍ਰਬੰਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।