08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਬਰਸੀ ਸਮਾਗਮ 'ਤੇ ਵਿਸ਼ੇਸ਼ ਜਥੇਦਾਰ ਬਾਬਾ ਮੱਖਣ ਸਿੰਘ ਤੇ ਜਥੇਦਾਰ ਬਾਬਾ ਗੱਜਣ ਸਿੰਘ

ਅਜੀਤ ਡੈਸਕ 30-03-2026

ਸ਼੍ਰੋਮਣੀ ਪੰਥ ਅਕਾਲੀ ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦਾ ਸ਼ਾਨਾਮੱਤਾ ਇਤਿਹਾਸ ਹੈ, ਜੋ ਸੁਨਿਹਰੀ ਅੱਖਰਾਂ 'ਚ ਲਿਖਿਆ ਹੋਇਆ ਹੈ। ਇਹ ਮਿਸਲ ਸ਼ਹੀਦਾਂ ਦੇ ਨਾਂਅ ਨਾਲ ਜਾਣੀ ਜਾਂਦੀ ਹੈ, ਜਿਸ ਦੇ ਪਹਿਲੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਦੀਪ ਸਿੰਘ ਜੀ ਤੇ ਮੀਤ ਜਥੇਦਾਰ ਬਾਬਾ ਨੌਧ ਸਿੰਘ ਜੀ ਹੋਏ ਹਨ। ਬਾਬਾ ਦੀਪ ਸਿੰਘ ਜੀ ਤੋਂ ਲੈ ਕੇ ਹੁਣ ਤੱਕ ਦੇ ਮੌਜੂਦਾ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਪਲੰਘੇ 'ਤੇ ਸੁਭਾਏਮਾਨ ਹਨ, ਜਿਨ੍ਹਾਂ ਦੀ ਦੇਖ-ਰੇਖ ਹੇਠ 14ਵੇਂ ਮੁਖੀ ਸੱਚਖੰਡ ਵਾਸੀ ਸਿੰਘ ਸਾਹਿਬ ਜਥੇਦਾਰ ਬਾਬਾ ਮੱਖਣ ਸਿੰਘ ਤੇ 15ਵੇਂ ਮੁਖੀ ਸੱਚਖੰਡ ਵਾਸੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਦੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ 31 ਮਾਰਚ ਨੂੰ ਸੰਤ ਬਾਬਾ ਗੁਰਦੇਵ ਸਿੰਘ ਗੁਰਦੁਆਰਾ ਸ਼ਹੀਦੀ ਬਾਗ ਅਨੰਦਪੁਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਤੇ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਸਦਕਾ ਗੁਰਦੁਆਰਾ ਸ਼ਹੀਦ ਬਾਬਾ ਨੌਧ ਸਿੰਘ ਅੰਮ੍ਰਿਤਸਰ ਤਰਨਤਾਰਨ ਰੋਡ ਪਿੰਡ ਚੱਬਾ ਵਿਖੇ ਕਰਵਾਏ ਜਾ ਰਹੇ ਹਨ। ਬਾਬਾ ਮੱਖਣ ਸਿੰਘ ਦਾ ਜਨਮ ਪਿਤਾ ਸ. ਬਾਬਾ ਸੰਤ ਸਿੰਘ ਤੇ ਮਾਤਾ ਗੁਰਬਚਨ ਕੌਰ ਦੇ ਘਰ ਪਿੰਡ ਵਡਾਲਾ ਨਜ਼ਦੀਕ ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ ਵਿਖੇ ਹੋਇਆ। ਸਕੂਲ ਦੀ ਪੜ੍ਹਾਈ ਖਤਮ ਕਰ ਆਪ ਮਿਸਲ ਦੇ 12ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ ਕੋਲ ਬਾਬਾ ਬਕਾਲਾ ਸਾਹਿਬ ਆ ਗਏ ਤੇ ਦਲ ਪੰਥ 'ਚ ਰਹਿੰਦਿਆਂ ਆਪ ਨੇ ਅਨੇਕਾਂ ਗੁਰਧਾਮਾਂ ਦੀ ਸੇਵਾ ਕਰਾਈ ਤੇ ਮਿਸਲ ਨੂੰ ਪ੍ਰਫੁੱਲਤ ਕਰਨ 'ਚ ਵੱਡਾ ਯੋਗਦਾਨ ਪਾਇਆ। ਮਿਸਲ ਦੇ 13ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਕੀਰਤਨ ਸਿੰਘ 2001 'ਚ ਸੱਚਖੰਡ ਪਿਆਨਾ ਕਰ ਗਏ ਤਾਂ ਆਪ ਨੂੰ 14ਵੇਂ ਮੁਖੀ ਵਜੋਂ ਸੇਵਾਵਾਂ ਸੌਂਪੀਆਂ ਗਈਆਂ। ਆਪ ਨੇ ਆਪਣੇ ਜੀਵਨ ਕਾਲ 'ਚ ਅਨੇਕਾਂ ਗੁਰਧਾਮਾਂ, ਸਰੋਵਰਾਂ, ਸਕੂਲਾਂ, ਲੰਗਰ ਹਾਲ ਤੇ ਗੁਰਮਤਿ ਵਿਦਿਆਲਿਆਂ ਦੀਆਂ ਸੇਵਾਵਾਂ ਨੂੰ ਸੰਪੂਰਨ ਕੀਤਾ। ਦਲ ਪੰਥ ਦੀਆਂ ਸੇਵਾਵਾਂ ਨਿਭਾਉਂਦਿਆਂ ਆਪ 2016 'ਚ ਸੱਚਖੰਡ ਪਿਆਨਾ ਕਰ ਗਏ ਤੇ ਬਾਅਦ 'ਚ ਦਲ ਪੰਥ ਦੇ ਮੀਤ ਜਥੇਦਾਰ ਬਾਬਾ ਗੱਜਣ ਸਿੰਘ ਨੂੰ ਜਥੇਦਾਰੀ ਦੀਆਂ ਸੇਵਾਵਾਂ ਸੌਂਪੀਆਂ ਗਈਆਂ। ਬਾਬਾ ਗੱਜਣ ਸਿੰਘ ਦਾ ਜਨਮ ਪਿਤਾ ਸ. ਮੱਖਣ ਸਿੰਘ ਦੇ ਘਰ ਮਾਤਾ ਹਰਦੀਪ ਕੌਰ ਦੀ ਕੁੱਖੋਂ 1957 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਜੰਡਿਆਲਾ ਗੁਰੂ ਦੇ ਨੇੜੇ ਪੈਂਦੇ ਪਿੰਡ ਮੱਲ੍ਹੀਆਂ ਵਿਖੇ ਹੋਇਆ। ਆਪ 15 ਸਾਲ ਦੀ ਉਮਰ 'ਚ ਜਥੇਦਾਰ ਬਾਬਾ ਬਿਸ਼ਨ ਸਿੰਘ ਕੋਲ ਬਾਬਾ ਬਕਾਲਾ ਸਾਹਿਬ ਵਿਖੇ ਆ ਗਏ। 13ਵੇਂ ਮੁਖੀ ਜਥੇਦਾਰ ਬਾਬਾ ਕੀਰਤਨ ਸਿੰਘ ਦੇ ਸੱਚਖੰਡ ਪਿਆਨਾ ਕਰਨ ਮਗਰੋਂ ਜਥੇਦਾਰ ਬਾਬਾ ਮੱਖਣ ਸਿੰਘ ਨੂੰ 14ਵੇਂ ਮੁਖੀ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਉਨ੍ਹਾਂ ਦੀ ਆਗਿਆ ਤੇ ਹੁਕਮਾਂ ਨੂੰ ਮੰਨਦਿਆਂ ਗੁਰਦੁਆਰਾ ਸ਼ਹੀਦ ਬਾਬਾ ਨੋਧ ਸਿੰਘ ਚੱਬਾ ਵਿਖੇ ਵੱਡਾ ਲੰਗਰ ਹਾਲ, ਗੁਰਮਤਿ ਵਿਦਿਆਲੇ, ਕਬੱਡੀ ਅਕੈਡਮੀਆਂ ਸ਼ੁਰੂ ਕਰਵਾਈਆਂ ਤੇ 2016 'ਚ ਜਥੇਦਾਰ ਬਾਬਾ ਮੱਖਣ ਸਿੰਘ ਆਪਣਾ ਚੋਲਾ ਤਿਆਗ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ ਤਾਂ ਦੁਸਹਿਰੇ ਉਪਰੰਤ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ, ਸਿੰਘ ਸਾਹਿਬਾਨ, ਸੰਤਾਂ-ਮਹਾਂਪੁਰਸ਼ਾਂ ਤੇ ਸਮੁੱਚੀ ਸਿੱਖ ਸੰਗਤ ਵਲੋਂ ਆਪ ਨੂੰ ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ 15ਵਾਂ ਮੁਖੀ ਥਾਪ ਦਿੱਤਾ ਗਿਆ। ਦਲ ਪੰਥ 'ਚ ਜਥੇਦਾਰ ਦੀਆਂ ਸੇਵਾਵਾਂ ਨਿਭਾਉਦਿਆਂ ਆਪ 2023 'ਚ ਸੱਚਖੰਡ ਪਿਆਨਾ ਕਰ ਗਏ ਤਾਂ ਬਾਬਾ ਜੋਗਾ ਸਿੰਘ ਨੂੰ ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ 16ਵੇਂ ਮੁਖੀ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਜਥੇਦਾਰ ਬਾਬਾ ਜੋਗਾ ਸਿੰਘ ਵਲੋਂ ਸੱਚਖੰਡ ਵਾਸੀ ਜਥੇਦਾਰ ਬਾਬਾ ਮੱਖਣ ਸਿੰਘ ਤੇ ਜਥੇਦਾਰ ਬਾਬਾ ਗੱਜਣ ਸਿੰਘ ਦੀ ਯਾਦਗਾਰ ਵਜੋਂ ਬੁੰਗੇ ਸੁਸ਼ੋਭਿਤ ਕਰਵਾਏ ਗਏ ਤੇ ਜਲਦ ਹੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਦੇ ਨਾਂਅ 'ਤੇ ਵਿਸ਼ਾਲ ਦੀਵਾਨ ਹਾਲ ਦੀ ਉਸਾਰੀ ਸ਼ੁਰੂ ਕਰਵਾਈ ਜਾਵੇਗੀ।

-ਪ੍ਰਤੀਨਿਧ, ਚੱਬਾ, ਅੰਮ੍ਰਿਤਸਰ।
ਮੋਬਾਈਲ : 84278-86534

ਪਿਛਲੀ ਖ਼ਬਰ ਕੱਲ੍ਹ ਮਹਾਂਵੀਰ ਜੈਅੰਤੀ 'ਤੇ ਵਿਸ਼ੇਸ਼ ਅਹਿੰਸਾ ਦੇ ਪੁਜਾਰੀ ਭਗਵਾਨ ਮਹਾਂਵੀਰ ਅਗਲੀ ਖ਼ਬਰ ਗ਼ਦਰੀ ਭਾਈ ਬਲਵੰਤ ਸਿੰਘ ਖੁਰਦਪੁਰ ਨੂੰ ਯਾਦ ਕਰਦਿਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।