08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਕੱਲ੍ਹ ਮਹਾਂਵੀਰ ਜੈਅੰਤੀ 'ਤੇ ਵਿਸ਼ੇਸ਼ ਅਹਿੰਸਾ ਦੇ ਪੁਜਾਰੀ ਭਗਵਾਨ ਮਹਾਂਵੀਰ

ਅਜੀਤ ਡੈਸਕ 30-03-2026

ਸੰਸਾਰ ਵਿਚ ਸਮੇਂ-ਸਮੇਂ ਅਜਿਹੇ ਮਹਾਂਪੁਰਸ਼ਾਂ ਦਾ ਆਗਮਨ ਹੁੰਦਾ ਰਿਹਾ ਹੈ ਜੋ ਆਪਣੀ ਨਿਵੇਕਲੀ ਤੇ ਸਰਬ-ਕਲਿਆਣੀ ਵਿਚਾਰਧਾਰਾ ਦੀ ਬਦੌਲਤ ਨਾ ਸਿਰਫ਼ ਆਮ ਤੋਂ ਖ਼ਾਸ ਹੋ ਨਿਬੜੇ, ਸਗੋਂ ਆਪਣੇ ਲੋਕ ਹਿਤਕਾਰੀ ਅਮਲਾਂ ਸਦਕਾ ਲੋਕਾਈ ਦੇ ਸਦੀਵੀ ਸਤਿਕਾਰ ਦਾ ਪਾਤਰ ਵੀ ਬਣੇ ਰਹੇ। ਮੋਹ-ਮਾਇਆ ਤੋਂ ਨਿਰਲੇਪ ਤੇ ਹਉਮੈ ਰਹਿਤ ਜੀਵਨ ਇਨ੍ਹਾਂ ਮਹਾਂਪੁਰਸ਼ਾਂ ਦਾ ਵੱਡਮੁੱਲਾ ਸਰਮਾਇਆ ਹੁੰਦਾ ਹੈ। ਇਹ ਸਰਮਾਇਆ ਇਨ੍ਹਾਂ ਮਹਾਂਪੁਰਸ਼ਾਂ ਦੇ ਪ੍ਰਲੋਕ ਗਮਨ ਤੋਂ ਬਾਅਦ ਵੀ ਇਨ੍ਹਾਂ ਨੂੰ ਲੋਕਾਈ ਦੇ ਚੇਤਿਆਂ ਵਿਚ ਵਸਾਈ ਰੱਖਦਾ ਹੈ। ਇਸ ਵਸੇਬੇ ਕਾਰਨ ਹੀ ਇਨ੍ਹਾਂ ਪਰਮ ਪੁਰਖਾਂ ਨੂੰ ਲੋਕ ਸਮੇਂ-ਸਮੇਂ ਯਾਦ ਕਰਦੇ ਰਹਿੰਦੇ ਹਨ। ਅਜਿਹੀਆਂ ਯਾਦ ਕੀਤੀਆਂ ਜਾਣ ਵਾਲੀਆਂ ਹਸਤੀਆਂ 'ਚ ਹੀ ਸ਼ਾਮਿਲ ਹਨ ਜੈਨ ਧਰਮ ਦੇ 24ਵੇਂ ਤੀਰਥੰਕਰ ਮਹਾਂਵੀਰ ਜੈਨ। ਜੈਨ ਧਰਮ ਨੂੰ ਬੁਲੰਦੀਆਂ ਤੱਕ ਲੈ ਕੇ ਜਾਣ ਵਾਲੇ ਮਹਾਂਵੀਰ ਜੈਨ ਦਾ ਜਨਮ 599 ਈਸਾ ਪੂਰਵ ਨੂੰ ਇਕ ਰਾਜ ਘਰਾਣੇ ਵਿਚ ਪਿਤਾ ਸਿਧਾਰਥ ਤੇ ਮਾਤਾ ਤ੍ਰਿਸ਼ਲਾ ਦੇ ਘਰ ਹੋਇਆ। ਇਹ ਘਰਾਣਾ ਭਾਰਤ ਦੇ ਸੂਬੇ ਬਿਹਾਰ ਦੇ ਵੈਸ਼ਾਲੀ (ਹੁਣ ਬਾਸਾੜ) ਸ਼ਹਿਰ ਦੇ ਨੇੜਲੇ ਸਥਾਨ ਕੁੰਡਗ੍ਰਾਮ ਵਿਖੇ ਵਸਦਾ ਸੀ। ਮਹਾਂਵੀਰ ਗਯਾਤ੍ਰੀ ਕਬੀਲੇ ਦਾ ਕਸ਼ੱਤਰੀ ਸਨ ਤੇ ਕਸ਼ਯਪ ਗੋਤ ਨਾਲ ਉਨ੍ਹਾਂ ਦਾ ਸੰਬੰਧ ਸੀ। ਮਹਾਂਵੀਰ ਦੇ ਜਨਮ ਤੋਂ ਪਹਿਲਾਂ ਉਨ੍ਹਾਂ ਦੀ ਮਾਤਾ ਨੂੰ ਬੋਧ ਹੋ ਗਿਆ ਸੀ ਕਿ ਇਹ ਬੱਚਾ ਮਹਾਨ ਹੋਣ ਦੇ ਨਾਲ-ਨਾਲ ਆਪਣੀ ਕਹਿਣੀ ਤੇ ਕਰਨੀ ਦਾ ਵੀ ਪੂਰਾ ਹੋਵੇਗਾ। ਇਸ ਪੂਰਨਤਾ ਕਾਰਨ ਹੀ ਉਹ ਅਧਿਆਤਮਕ ਉੱਚਤਾ ਦਾ ਮਾਲਕ ਸਾਬਿਤ ਹੋਵੇਗਾ।
ਆਪਣੇ ਵਿਲੱਖਣ ਤੇ ਵਿਸ਼ੇਸ਼ ਗੁਣਾਤਮਿਕ ਪ੍ਰਗਟਾਵੇ ਕਾਰਨ ਮਹਾਂਵੀਰ ਨੂੰ ਜਿਨ, ਸਿੱਧ ਤੇ ਅਰਹਤ ਦੇ ਨਾਂਅ ਨਾਲ ਵੀ ਯਾਦ ਕੀਤਾ ਜਾਂਦਾ ਹੈ। ਜੇਕਰ 'ਮਹਾਂਵੀਰ' ਦੇ ਸ਼ਬਦੀ ਅਰਥ ਕੀਤੇ ਜਾਣ ਤਾਂ ਇਸ ਦਾ ਅਰਥ ਉਸ 'ਮਹਾਨ ਨਾਇਕ' ਤੋਂ ਲਿਆ ਜਾਂਦਾ ਹੈ, ਜਿਸ ਨੇ ਲੋਕ ਭਲਾਈ ਦੇ ਕਾਰਜ ਕਰਦਿਆਂ ਲੋਕਾਈ ਦੇ ਦਿਲਾਂ 'ਤੇ ਗਹਿਰਾ ਅਸਰ ਪਾਇਆ ਹੋਵੇ ਤੇ ਇਸ ਅਸਰ ਸਦਕਾ ਲੋਕ ਉਨ੍ਹਾਂ ਦੇ ਪੂਰਨਿਆਂ 'ਤੇ ਚੱਲਣ ਲਈ ਤਿਆਰ ਹੋਣ। ਜੇ 'ਜਿਨ' ਸ਼ਬਦ ਦਾ ਭਾਵ-ਅਰਥ ਕੀਤਾ ਜਾਵੇ ਤਾਂ ਇਸ ਦਾ ਅਰਥ ਉਸ ਜੇਤੂ ਤੋਂ ਲਿਆ ਜਾਂਦਾ ਹੈ, ਜਿਸ ਨੇ ਆਪਣਾ ਮਨ ਜਿੱਤ ਲਿਆ ਹੋਵੇ। 'ਸਿੱਧ' ਉਹ ਪੁਰਸ਼ ਹੁੰਦੇ ਹਨ, ਜਿਨ੍ਹਾਂ ਨੇ ਅਧਿਆਤਮਕ ਜੀਵਨ 'ਚ ਸੰਪੂਰਨਤਾ ਪ੍ਰਾਪਤ ਕਰ ਲਈ ਹੋਵੇ। 'ਅਰਹਤ' ਭਾਵ ਉਹ ਲੋਕ ਜਿਨ੍ਹਾਂ ਦਾ ਸਾਦਾ ਜੀਵਨ ਬਤੀਤ ਕਰਨ ਦੇ ਨਾਲ ਕਸ਼ਾਯਾਂ 'ਤੇ ਕਾਬੂ ਹੁੰਦਾ ਹੈ। ਮਹਾਂਵੀਰ ਨੂੰ 'ਵਰਧਮਾਨ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਜਿਸ ਦਾ ਅਰਥ ਹੈ ਸੁਭਾਗਸ਼ਾਲੀ। ਇਨ੍ਹਾਂ ਅਰਥਾਂ 'ਚ ਹੀ ਮਹਾਂਵੀਰ ਜੈਨ ਨੂੰ ਵਰਧਮਾਨ ਦਾ ਖ਼ਿਤਾਬ ਦਿੱਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਦੇ ਆਗਮਨ ਨਾਲ ਪਿਤਾ ਸਿਧਾਰਥ ਦੇ ਰਾਜ-ਭਾਗ 'ਚ ਧਨ ਤੇ ਅਨਾਜ ਵਿਚ ਭਰਪੂਰ ਵਾਧਾ ਹੋਇਆ ਸੀ। ਮਹਾਂਵੀਰ ਜੈਨ ਦਾ ਬਚਪਨ ਬਹੁਤ ਦਲੇਰੀ ਤੇ ਬਹਾਦਰੀ ਭਰਿਆ ਰਿਹਾ। ਉਮਰ ਦੇ ਤੀਜੇ ਦਹਾਕੇ ਦੇ ਅਖੀਰਲੇ ਸਮੇਂ ਮਹਾਂਵੀਰ ਨੇ ਘਰ-ਬਾਰ ਛੱਡ ਕੇ ਤਪੱਸਿਆ ਕਰਨ ਲਈ ਜੰਗਲਾਂ ਵਿਚ ਜਾਣ ਲਈ ਤਿਆਰੀ ਕਰ ਲਈ ਪਰ ਵੱਡੇ ਭਰਾ ਨੰਦੀ ਵਰਧਨ ਨੇ ਕੁਝ ਵਕਤ ਹੋਰ ਠਹਿਰਨ ਲਈ ਆਖ ਦਿੱਤਾ। ਇਸ ਸਮੇਂ ਦੌਰਾਨ ਹੀ ਮਹਾਂਵੀਰ ਜੈਨ ਦਾ ਵਿਆਹ ਯਸ਼ੋਧਾ ਨਾਲ ਹੋ ਗਿਆ। ਉਨ੍ਹਾਂ ਦੇ ਗ੍ਰਹਿ ਵਿਖੇ ਇਕ ਬੇਟੀ ਪ੍ਰਿਯਦਰਸ਼ਨਾ ਨੇ ਜਨਮ ਲਿਆ। ਜਦੋਂ ਮਹਾਂਵੀਰ ਤੀਹ ਕੁ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਮਾਤਾ-ਪਿਤਾ ਸੰਸਾਰ ਤੋਂ ਕੂਚ ਕਰ ਗਏ। ਆਪਣੇ ਮਾਪਿਆਂ ਦੇ ਸਦੀਵੀ ਵਿਛੋੜੇ ਤੋਂ ਬਾਅਦ ਉਹ ਪਰਮ ਸ਼ਾਂਤੀ ਦੀ ਭਾਲ ਵਿਚ ਜੰਗਲਾਂ ਵੱਲ ਚਲੇ ਗਏ ਤੇ ਕਠਿਨ ਸਾਧਨਾ ਕਰਨ ਲੱਗੇ। ਉਨ੍ਹਾਂ ਨੇ ਕੱਪੜੇ ਪਹਿਨਣੇ ਘਰੋਂ ਤੁਰਨ ਸਮੇਂ ਹੀ ਤਿਆਗ ਦਿੱਤੇ ਸਨ ਤੇ ਪ੍ਰਸ਼ਾਦੇ-ਪਾਣੀ ਦਾ ਸੇਵਨ ਜੰਗਲਾਂ ਵਿਚ ਜਾ ਕੇ ਛੱਡ ਦਿੱਤਾ। ਉਨ੍ਹਾਂ ਨੇ ਬਾਰਾਂ ਸਾਲ ਜੰਗਲ ਵਿਚ ਤਪੱਸਿਆ ਕੀਤੀ। ਇਨ੍ਹਾਂ ਬਾਰਾਂ ਸਾਲਾਂ ਵਿਚ ਮਹਾਂਵੀਰ ਦਾ ਮਨ ਸਦਾਚਾਰ ਦੀ ਪ੍ਰਾਪਤੀ ਤੇ ਵਾਸ਼ਨਾਵਾਂ ਤੋਂ ਮੁਕਤੀ ਵੱਲ ਲੱਗਾ ਰਿਹਾ। ਇਸ ਘੋਰ ਤਪੱਸਿਆ ਦੇ ਫ਼ਲਸਰੂਪ ਉਨ੍ਹਾਂ ਨੂੰ 42 ਸਾਲ ਦੀ ਉਮਰ ਵਿਚ ਰਿਜਪਾਲਿਕਾ ਨਦੀ ਦੇ ਕੰਡੇ ਉੱਚਤਮ ਗਿਆਨ ਦੀ ਪ੍ਰਾਪਤੀ ਹੋਈ। ਜੈਨ ਧਰਮ ਵਿਚ ਗਿਆਨ ਦੀ ਇਸ ਅਵਸਥਾ ਨੂੰ 'ਕੇਵਲਯ ਗਿਆਨੋ' ਦਾ ਨਾਂਅ ਦਿੱਤਾ ਗਿਆ ਹੈ, ਜਿਸ ਦੀ ਪ੍ਰਾਪਤੀ ਹਰ ਜੈਨ ਮੁਨੀ ਦੀ ਇੱਛਾ ਅਤੇ ਉਦੇਸ਼ ਹੁੰਦਾ ਹੈ। ਜੈਨ ਸਮਾਜ ਵਲੋਂ ਇਸ ਸੁਭਾਗੇ ਦਿਨ ਨੂੰ ਦੀਵਾਲੀ ਵਾਲੇ ਦਿਨ ਵਿਸ਼ੇਸ਼ ਤੌਰ 'ਤੇ ਯਾਦ ਕੀਤਾ ਜਾਂਦਾ ਹੈ। ਇਸ ਪ੍ਰਾਪਤੀ ਤੋਂ ਬਾਅਦ ਮਹਾਂਵੀਰ ਨੇ ਤੀਹ ਸਾਲ ਤੱਕ ਇਸ ਗਿਆਨ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਸੱਚ ਦੇ ਮਾਰਗ 'ਤੇ ਤੋਰਿਆ ਅਤੇ 72 ਸਾਲ ਦੀ ਉਮਰ ਵਿਚ ਪਾਵਾਪੁਰੀ ਨਾਮਕ ਸਥਾਨ 'ਤੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। 24ਵੇਂ ਤੀਰਥੰਕਰ ਦੇ ਰੂਪ ਵਿਚ ਉਨ੍ਹਾਂ ਦੀਆਂ ਸਿੱਖਿਆਵਾਂ ਜੈਨ ਭਾਈਚਾਰੇ ਦਾ ਅਟੁੱਟ ਅੰਗ ਮੰਨੀਆਂ ਜਾਂਦੀਆਂ ਹਨ।

#1348/17/1, ਗਲੀ ਨੰ: 8, ਰਿਸ਼ੀ ਨਗਰ ਐਕਸਟੈਨਸ਼ਨ (ਹੈਬੋਵਾਲ), ਲੁਧਿਆਣਾ।
ਮੋਬਾਈਲ : 9463132719

ਪਿਛਲੀ ਖ਼ਬਰ 30-03-26 ਅਗਲੀ ਖ਼ਬਰ ਬਰਸੀ ਸਮਾਗਮ 'ਤੇ ਵਿਸ਼ੇਸ਼ ਜਥੇਦਾਰ ਬਾਬਾ ਮੱਖਣ ਸਿੰਘ ਤੇ ਜਥੇਦਾਰ ਬਾਬਾ ਗੱਜਣ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।