18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪਹਿਲੇ ਵਿਸ਼ਵ ਕੱਪ 'ਚ ਚਮਕਣ ਵਾਲਾ ਗੋਲਕੀਪਰ ਵੋਜ਼ਿਨਹਾ

ਪਹਿਲੇ ਵਿਸ਼ਵ ਕੱਪ 'ਚ ਚਮਕਣ ਵਾਲਾ ਗੋਲਕੀਪਰ ਵੋਜ਼ਿਨਹਾ

ਅਜੀਤ ਡੈਸਕ 18-08-2026

2026 ਦੇ ਫੀਫਾ ਵਿਸ਼ਵ ਕੱਪ ਫੁੱਟਬਾਲ ਕੱਪ 'ਚ ਜਿੱਥੇ ਵੱਧ ਉਮਰ ਦੇ ਪੁਰਤਗਾਲ ਦਾ ਸਟਾਰ ਖਿਡਾਰੀ ਕ੍ਰਿਸਟੀਅਨ ਰੋਨਾਲਡੋ (41), ਕਰੋਸ਼ੀਆ ਦਾ ਲੂਕਾ ਮੋਡਰਿਚ (40) ਤੇ ਜਰਮਨੀ ਦਾ ਮੈਨੂਅਲ ਨਿਊਅਰ (41) ਖੇਡ ਰਹੇ ਹਨ, ਉੱਥੇ ਹੀ ਆਪਣਾ ਪਹਿਲਾ ਵਿਸ਼ਵ ਕੱਪ ਖੇਡ ਰਹੇ ਪੰਜ ਲੱਖ ਦੀ ਆਬਾਦੀ ਵਾਲੇ ਕੇਪ ਵਰਡੇ ਦੀ ਟੀਮ ਦੇ ਗੋਲਕੀਪਰ ਵੋਜ਼ਿਨਹਾ (40) ਨੇ ਆਪਣੇ ਖੇਡ ਹੁਨਰ ਨਾਲ ਸਭ ਨੂੰ  ਹੈਰਾਨ ਕੀਤਾ ਹੈ | ਉਹ ਪਹਿਲੇ ਹੀ ਮੁਕਾਬਲੇ 'ਚ ਸਪੇਨ ਅੱਗੇ ਕੰਧ ਬਣ ਕੇ ਖੜ੍ਹ ਗਿਆ ਤੇ ਰਾਤੋ-ਰਾਤ ਦੁਨੀਆ ਭਰ 'ਚ ਉਸ ਦੀਆਂ ਗੱਲਾਂ ਹੋਣ ਲੱਗੀਆਂ | ਫੀਫਾ ਰੈਂਕਿੰਗ 'ਚ ਸਪੇਨ ਦੂਜੇ ਅਤੇ ਕੇਪ ਵਰਡੇ 67ਵੇਂ ਸਥਾਨ 'ਤੇ ਹੈ | ਆਪਣੇ ਪਹਿਲੇ ਹੀ ਮੈਚ 'ਚ ਕੇਪ ਵਰਡੇ ਨੇ ਸਪੇਨ ਦਾ 31 ਮੈਚਾਂ ਦਾ ਜੇਤੂ ਰੱਥ ਰੋਕ ਦਿੱਤਾ, ਜਿਸ ਦਾ ਬਹੁਤਾ ਸਿਹਰਾ ਗੋਲਕੀਪਰ ਵੋਜ਼ਿਨਹਾ ਨੂੰ  ਹੀ ਜਾਂਦਾ ਹੈ | ਸਪੇਨ ਨੇ ਕੇਪ ਵਰਡੇ ਖ਼ਿਲਾਫ਼ 27 ਵਾਰ ਗੋਲ ਕਰਨ ਦੀ ਕੋਸ਼ਿਸ਼ ਕੀਤੀ, ਜਦਕਿ ਕੇਪ ਵਰਡੇ ਟੀਮ ਸਿਰਫ਼ 7 ਵਾਰ ਹੀ ਕੋਸ਼ਿਸ਼ ਕਰ ਸਕੀ | ਵੋਜ਼ਿਨਹਾ ਨੇ ਸਪੇਨ ਦੇ 7 ਹਮਲਿਆਂ ਨੂੰ  ਨਾਕਾਮੀ ਵਿਚ ਬਦਲ ਦਿੱਤਾ | ਪਹਿਲੀ ਜੂਨ 1986 ਨੂੰ  ਸਾਓ ਵਿਸੇਂਟੇ ਟਾਪੂ 'ਤੇ ਮਿੰਡੇਲੋ ਵਿਚ ਜਨਮੇ ਵੋਜ਼ਿਨਹਾ ਦੇ ਮਾਪੇ ਉਸ ਦਾ ਨਾਂਅ ਅਰਜਨਟੀਨਾ ਦੇ ਖਿਡਾਰੀ ਜੋਰਜ ਵਾਲਡਾਨੇ ਦੇ ਨਾਂਅ 'ਤੇ ਵਾਲਡਾਨੋ ਰੱਖਣਾ ਚਾਹੁੰਦੇ ਸਨ, ਪਰ ਕੇਪ ਵਰਡੇ ਅਧਿਕਾਰੀਆਂ ਨੇ ਇਸ ਦੀ ਇਜਾਜ਼ਤ ਨਾ ਦਿੱਤੀ | ਉਸ ਦਾ ਅਸਲ ਨਾਂਅ ਜੋਸ਼ਿਮਾਰ ਜੋਸ਼ ਇਵੋਰਾ ਡਿਆਸ ਹੈ | ਉਸ ਦੀ ਮਾਤਾ ਦਾ ਨਾਂਅ ਕੈਂਡਿਡਾ ਇਵੋਰਾ ਤੇ ਪਿਤਾ ਦਾ ਜੋਸ਼ ਪੇਡਰੋ ਡਿਆਸ ਹੈ | ਵੋਜ਼ਿਨਹਾ ਪਿਛਲੇ 20 ਸਾਲਾਂ ਤੋਂ ਫੁੱਟਬਾਲ ਖੇਡ ਰਿਹਾ ਹੈ | ਉਸ ਨੇ 2007 'ਚ ਬੈਟਕਿਊ ਕਲੱਬ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ | 2015 'ਚ ਵੋਜ਼ਿਨਹਾ ਸਾਓ ਵਿਸੇਂਟੇ ਆਈਲੈਂਡ ਲੀਗ 'ਚ ਮਿੰਡਲੈਂਸ ਵਿਚ ਵਾਪਸ ਆਇਆ ਤੇ ਇੱਕ ਸਾਲ ਲਈ ਖੇਡਿਆ | ਕੇਪ ਵਰਡੇ ਲਈ 90 ਕੌਮਾਂਤਰੀ ਮੈਚ ਖੇਡ ਕੇ ਦੂਜੇ ਸਥਾਨ 'ਤੇ ਸਭ ਤੋਂ ਵੱਧ ਮੈਚ ਖੇਡਣ ਵਾਲਾ ਵੋਜ਼ਿਨਹਾ 4 ਵਾਰ ਅਫਰੀਕਾ ਨੇਸ਼ਨ ਕੱਪ ਵਿਚ ਆਪਣੇ ਮੁਲਕ ਦੀ ਪ੍ਰਤੀਨਿਧਤਾ ਕਰ ਚੁੱਕਾ ਹੈ | ਉਹ ਲਿਗਾ ਪੁਰਤਗਾਲ ਲੀਗ ਦੇ ਕਲੱਬ ਤੋਂ ਇਲਾਵਾ ਵੱਖ-ਵੱਖ 10 ਕਲੱਬਾਂ ਲਈ ਵੀ ਖੇਡ ਚੁੱਕਾ ਹੈ | ਲੀਗਾ ਪੁਰਤਗਾਲ ਦੇ 32 ਮੈਚ ਖੇਡਦਿਆਂ ਵੋਜ਼ਿਨਹਾ ਨੇ ਪੰਜ ਪੈਨਲਟੀ ਬਚਾਏ ਹਨ | ਉਹ ਸਾਈਪ੍ਰਸ ਫਸਟ ਡਵੀਜਨ ਟੀਮ ਏ.ਈ.ਐਲ. ਲਈ ਪੰਜ ਸਾਲ ਖੇਡਿਆ | ਜੁਲਾਈ 2024 'ਚ ਉਹ ਪੁਰਤਗਾਲ ਵਾਪਸ ਆ ਗਿਆ ਤੇ ਲੀਗਾ ਪੁਰਤਗਾਲ ਦੇ ਸਾਈਡ ਚਾਵੇਜ਼ ਨਾਲ ਜੁੜ ਗਿਆ | ਪਹਿਲੀ ਜੂਨ 2026 ਨੂੰ  ਆਪਣੇ 40ਵੇਂ ਜਨਮ ਦਿਨ ਮੌਕੇ ਉਸ ਦੇ ਇਕਰਾਰਨਾਮੇ ਦੀ ਮਿਆਦ ਪੂਰੀ ਹੋ ਗਈ ਤੇ ਉਸ ਨੇ ਕਲੱਬ ਤੋਂ ਬਾਹਰ ਜਾਣ ਦਾ ਐਲਾਨ ਕਰ ਦਿੱਤਾ |

ਉਸ ਦਾ ਛੋਟਾ ਭਰਾ ਡੇਲਮੀਰੋ ਵੀ ਫੁੱਟਬਾਲ ਖਿਡਾਰੀ ਹੈ, ਜਦਕਿ ਇਕ ਭਰਾ ਕਲੀਦੀਰ ਬ੍ਰਾਜ਼ੀਲ 'ਚ ਗਣਿਤ ਅਧਿਆਪਕ ਹੈ | ਕੇਪ ਵਰਡੇ ਨੇ ਆਪਣੇ ਦੂਜੇ ਮੈਚ ਵਿਚ ਉਰਗੁਵੇ ਖ਼ਿਲਾਫ਼ 2-2 ਬਰਾਬਰੀ ਕਰਕੇ ਵੱਡਾ ਉਲਟਫੇਰ ਕੀਤਾ ਸੀ | ਇਸ ਮੈਚ 'ਚ ਵੋਜ਼ਿਨਹਾ ਦੀ ਖੇਡ ਕਾਬਲੇ ਤਾਰੀਫ਼ ਰਹੀ | ਤੀਜੇ ਮੈਚ ਵਿਚ ਕੇਪ ਵਰਡੇ ਨੇ ਸਾਊਦੀ ਅਰਬ ਨਾਲ 2-2 ਦੀ ਬਰਾਬਰੀ ਕਰਕੇ ਨਾਕਆਊਟ 'ਚ ਪ੍ਰਵੇਸ਼ ਕੀਤਾ ਤੇ ਫੁੱਟਬਾਲ ਸਮੀਖਿਅਕਾਰਾਂ ਨੂੰ  ਹੈਰਾਨ ਕਰ ਦਿੱਤਾ | ਵੋਜ਼ਿਨਹਾ ਨੇ ਕਿਹਾ, 'ਅਸੀਂ ਭਾਵੇਂ ਖੇਤਰਫਲ 'ਚ ਛੋਟੇ ਹਾਂ ਪਰ ਸਾਡੇ ਦਿਲ ਬਹੁਤ ਵੱਡੇ ਹਨ | ਅਸੀਂ ਹਾਰ ਨਹੀਂ ਮੰਨਦੇ, ਅਸੀਂ ਜੁਝਾਰੂ ਹਾਂ' |

-ਤਹਿ. ਸੁਨਾਮ (ਸੰਗਰੂਰ) |

ਪਿਛਲੀ ਖ਼ਬਰ ਫੁੱਟਬਾਲ ਦਾ ਸਫਲ ਅਲਜਬਰਾ-ਕੁਲਵੰਤ ਸਿੰਘ ਸੰਘਾ ਅਗਲੀ ਖ਼ਬਰ ਪੰਜਾਬ ਦੀ ਵੇਟ ਲਿਫਟਿੰਗ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਾਲਾ ਕੋਚ ਜਸਪਾਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।