ਅੱਜਕਲ੍ਹ ਅਸੀਂ ਬਰਸਾਤ ਦੇ ਹੁੰਮਸ ਭਰੇ ਮੌਸਮ ਤੋਂ ਬਾਅਦ ਠੰਢ ਦੇ ਮੌਸਮ ਵਿਚ ਦਾਖਲ ਹੋ ਰਹੇ ਹਾਂ | ਮੌਸਮ ਬਦਲਣ ਦੇ ਨਾਲ ਹੀ ਸਾਡੀ ਚਮੜੀ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਚਮੜੀ ਰੁੱਖੀ ਤੇ ਬੇਜਾਨ ਹੋਣ ਲਗਦੀ ਹੈ | ਇਸ ਬਦਲਾਅ ਨਾਲ ਚਮੜੀ ਨੂੰ ਸੁਰੱਖਿਅਤ ਰੱਖਣ ਲਈ ਸਕਿਨ ਕੇਅਰ ਰੁਟੀਨ ਨੂੰ ਲਾਈਟਵੇਟ ਤੋਂ ਡੀਪ ਮਾਈਸਚਰਾਈਜ਼ਰ ਵੱਲ ਜਾਣਾ ਪਵੇਗਾ | ਇਸ ਦੌਰਾਨ ਤੁਹਾਨੂੰ ਕਲੀਨਜ਼ਰ ਬਦਲਣ ਦੀ ਜ਼ਰੂਰਤ ਹੁੰਦੀ ਹੈ | ਬਰਸਾਤ ਵਿਚ ਤੁਸੀਂ ਜਿਥੇ ਜੈੱਲ ਜਾਂ ਫੋਮ ਵਾਲੇ ਕਲੀਨਜ਼ਰ ਦੀ ਵਰਤੋਂ ਕਰਦੇ ਹੋ, ਉਥੇ ਮੌਸਮ ਬਦਲਣ ਬਾਅਦ ਹੁਣ ਤੁਹਾਨੂੰ ਲੋਸ਼ਨ ਜਾਂ ਕ੍ਰੀਮ ਕਲੀਨਜ਼ਰ ਸ਼ੁਰੂ ਕਰਨ ਦੀ ਜ਼ਰੂਰਤ ਹੈ ਜੋ ਕਿ ਚਮੜੀ ਦੇ ਕੁਦਰਤੀ ਤੇਲਾਂ ਨੂੰ ਸੁਰੱਖਿਅਤ ਰੱਖਦੇ ਹੋਏ ਉਸ ਨੂੰ ਸਾਫ਼ ਕਰਦਾ ਹੈ |

ਮੌਸਮ ਬਦਲਦੇ ਹੀ ਐਕਸਫੋਲੀਏਸ਼ਨ ਘੱਟ ਕਰ ਦਿਓ | ਬਰਸਾਤ ਦੇ ਹੁੰਮਸ ਭਰੇ ਮੌਸਮ ਵਿਚ ਚਿਪਚਿਪ ਅਤੇ ਡੈੱਡ ਸਕਿਨ ਨੂੰ ਹਟਾਉਣ ਲਈ ਅਸੀਂ ਲਗਾਤਾਰ ਸਕਰੱਬ ਕਰਦੇ ਹਾਂ ਪਰ ਮੌਸਮ ਬਦਲਦੇ ਹੀ ਸਕਰੱਬ ਦੀ ਵਰਤੋਂ ਹਫ਼ਤੇ ਵਿਚ ਇਕ ਵਾਰ ਲਈ ਹੀ ਸੀਮਤ ਕਰ ਦਿਓ ਕਿਉਂਕਿ ਜ਼ਿਆਦਾ ਸਕਰੱਬ ਕਰਨ ਨਾਲ ਚਮੜੀ ਦੀ ਬਾਹਰੀ ਸੁਰੱਖਿਆਤਮਿਕ ਪਰਤ ਕਮਜ਼ੋਰ ਹੋ ਸਕਦੀ ਹੈ, ਜਿਸ ਨਾਲ ਚਮੜੀ ਵਿਚ ਰੁੱਖਾਪਨ ਆ ਜਾਂਦਾ ਹੈ |
ਐਕਸਫੋਲੀਏਸ਼ਨ ਦੇ ਤੁਰੰਤ ਬਾਅਦ ਚਮੜੀ 'ਤੇ ਚੰਗੀ ਕੁਆਲਿਟੀ ਦਾ ਗਾੜ੍ਹਾ ਮਾਈਸਚਰਾਈਜ਼ਰ ਜਾਂ ਲੋਸ਼ਨ ਜ਼ਰੂਰ ਲਗਾਓ | ਇਸ ਮੌਸਮ ਵਿਚ ਨਮਕ ਜਾਂ ਮੋਟੇ ਕਣਾਂ ਵਾਲੇ ਸਕਰੱਬ ਦੀ ਵਰਤੋਂ ਤੋਂ ਪ੍ਰਹੇਜ਼ ਕਰੋ ਅਤੇ ਇਸ ਦੀ ਬਜਾਏ ਸ਼ਹਿਦ, ਓਟਸ, ਦਹੀਂ, ਦੁੱਧ ਜਾਂ ਲੈਕਟਿਕ ਐਸਿਡ ਵਰਗੇ ਤੱਤਾਂ ਦਾ ਵਰਤੋਂ ਕਰੋ ਜੋ ਚਮੜੀ ਨੂੰ ਨਮੀ ਪ੍ਰਦਾਨ ਕਰਦੇ ਹਨ |
ਮੌਸਮ ਬਦਲਦੇ ਹੀ ਸਾਨੂੰ ਇਹ ਅਹਿਸਾਸ ਹੁੰਦਾ ਹੈ, ਧੁੱਪ ਵਿਚ ਠੰਢਕ ਦਾ ਅਹਿਸਾਸ ਹੋਵੇਗਾ ਅਤੇ ਧੁੱਪ ਵਿਚ ਤੇਜ਼ ਅਲਟਰਾ ਵਾਇਲਟ ਕਿਰਨਾਂ ਨਾ ਹੋਣ ਕਾਰਨ ਹੁਣ ਧੁੱਪ ਤੋਂ ਚਮੜੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ | ਪਰ ਸਰਦੀਆਂ ਦੀ ਧੁੱਪ ਵੀ ਚਮੜੀ ਨੂੰ ਬਰਾਬਰ ਦਾ ਨੁਕਸਾਨ ਪਹੁੰਚਾਉਂਦੀ ਹੈ |
ਇਸ ਮੌਸਮ ਵਿਚ ਵੀ ਅਲਟਰਾ ਵਾਇਲਟ ਕਿਰਨਾਂ ਸਰਗਰਮ ਰਹਿੰਦੀਆਂ ਹਨ ਜੋ ਬੱਦਲਾਂ ਅਤੇ ਕੱਚ ਨੂੰ ਆਰਾਮ ਨਾਲ ਪਾਰ ਕਰ ਕੇ ਚਮੜੀ ਦੀ ਡੂੰਘਾਈ ਤੱਕ ਪਹੁੰਚ ਜਾਂਦੀਆਂ ਹਨ, ਜਿਸ ਨਾਲ ਚਮੜੀ ਵਿਚ ਝੁਰੜੀਆਂ ਪੈ ਜਾਂਦੀਆਂ ਹਨ ਅਤੇ ਤੁਸੀਂ ਬੁੱਢੇ ਦਿਸਣ ਲਗਦੇ ਹੋ | ਅੱਜਕਲ੍ਹ ਪਹਾੜਾਂ ਵਿਚ ਇਸ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋ ਚੁੱਕੀ ਹੈ | ਜੇਕਰ ਤੁਸੀਂ ਬਰਫ਼ੀਲੇ ਖੇਤਰਾਂ ਵਿਚ ਰਹਿੰਦੇ ਹੋ ਤਾਂ ਤੁਹਾਨੂੰ ਜ਼ਿਆਦਾ ਚੌਕੰਨੇ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਬਰਫ਼ 'ਤੇ ਪੈਣ ਵਾਲੀ ਧੁੱਪ ਦਾ 90 ਫ਼ੀਸਦੀ ਹਿੱਸਾ ਵਾਪਸ ਵਾਤਾਵਰਨ ਵਿਚ ਰਿਫਲੈਕਟ ਹੋ ਕੇ ਚਮੜੀ ਅਤੇ ਅੱਖਾਂ 'ਤੇ ਡੂੰਘਾ ਅਸਰ ਕਰਦਾ ਹੈ | ਇਸ ਨਾਲ ਚਮੜੀ 'ਤੇ ਸਨਬਰਨ ਹੋ ਸਕਦਾ ਹੈ ਜਦੋਂ ਕਿ ਅੱਖਾਂ ਦੀਆਂ ਕਾਰਨੀਆ ਵੀ ਸੜ ਸਕਦੀਆਂ ਹਨ, ਜਿਸ ਨੂੰ ਮੈਡੀਕਲ ਭਾਸ਼ਾ ਵਿਚ 'ਫੋਟੋਕੇਰਾਈਟਿਸ' ਕਹਿੰਦੇ ਹੋ | ਇਸ ਤੋਂ ਬਚਣ ਲਈ ਅੱਖਾਂ 'ਤੇ ਐਨਕਾਂ ਦੀ ਵਰਤੋਂ ਕਰੋ, ਜਿਸ ਨਾਲ ਅੱਖਾਂ ਨੂੰ ਪ੍ਰੋਟੈਕਟਿਵ ਸ਼ੀਲਡ ਮਿਲ ਜਾਵੇਗੀ | ਮੌਸਮ ਵਿਚ ਠੰਢ ਦਾ ਅਹਿਸਾਸ ਹੁੰਦੇ ਹੀ ਅਸੀਂ ਗੀਜਰ ਆਦਿ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਾਂ ਅਤੇ ਗਰਮ ਪਾਣੀ ਨਾਲ ਨਹਾਉਣਾ ਸ਼ੁਰੂ ਕਰ ਦਿੰਦੇ ਹਾਂ ਜੋ ਕਿ ਚਮੜੀ ਲਈ ਨੁਕਸਾਨਦਾਇਕ ਸਾਬਤ ਹੁੰਦਾ ਹੈ ਕਿਉਂਕਿ ਗਰਮ ਪਾਣੀ ਚਮੜੀ ਦੇ ਕੁਦਰਤੀ ਤੇਲ ਅਤੇ ਨਮੀ ਖੋਹ ਲੈਂਦਾ ਹੈ ਜਿਸ ਨਾਲ ਚਮੜੀ ਬੇਜਾਨ ਅਤੇ ਰੁੱਖੀ ਹੋ ਜਾਂਦੀ ਹੈ | ਜੇਕਰ ਤੁਸੀਂ ਚਮੜੀ ਸੰਬੰਧੀ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੋ ਤਾਂ ਥੋੜ੍ਹਾ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਕਿਉਂਕਿ ਜ਼ਿਆਦਾ ਗਰਮ ਪਾਣੀ ਦੀ ਵਰਤੋਂ ਨਾਲ ਸੋਰਾਇਸਿਸ ਅਤੇ ਐਗਜੀਮਾ ਵਰਗੀਆਂ ਪੁਰਾਣੀਆਂ ਸਮੱਸਿਆਵਾਂ ਵਧ ਸਕਦੀਆਂ ਹਨ |
ਮੇਰਾ ਇਹ ਸੁਝਾਅ ਹੈ ਕਿ ਇਸ ਸੀਜ਼ਨ ਵਿਚ ਕੋਸੇ ਪਾਣੀ ਨਾਲ ਇਸ਼ਨਾਨ ਕਰੋ ਅਤੇ ਇਸ਼ਨਾਨ ਦਾ ਸਮਾਂ 10 ਮਿੰਟ ਤੱਕ ਸੀਮਤ ਕਰ ਦਿਓ | ਨਹਾਉਣ ਦੇ ਤੁਰੰਤ ਬਾਅਦ ਲਗਭਗ ਤਿੰਨ ਮਿੰਟ ਤੋਂ ਪਹਿਲਾਂ ਨਮੀ ਨੂੰ ਲਾਕ ਕਰਨ ਲਈ ਚੰਗੀ ਗੁਣਵੱਤਾ ਦਾ ਮਾਈਸਚਰਾਈਜ਼ਰ ਜਾਂ ਬਾਡੀ ਲੋਸ਼ਨ ਲਗਾਓ | ਚਿਹਰੇ ਦੀ ਚਮੜੀ ਨਾਜ਼ੁਕ ਹੁੰਦੀ ਹੈ, ਇਸ ਲਈ ਚਿਹਰੇ 'ਤੇ ਹਮੇਸ਼ਾ ਫੇਸ਼ੀਅਲ ਮਾਈਸਚਰਾਈਜ਼ਰ ਲਗਾਓ | ਸਰੀਰ (ਗਰਦਨ ਤੋਂ ਹੇਠਾਂ ਦੇ ਹਿੱਸੇ) ਲਈ ਬਾਡੀ ਲੋਸ਼ਨ ਦੀ ਵਰਤੋਂ ਕਰੋ | ਠੰਢ ਆਉਂਦੇ ਹੀ ਪਿਆਸ ਘੱਟ ਲਗਦੀ ਹੈ ਅਤੇ ਅਸੀਂ ਪਾਣੀ ਦੀ ਵਰਤੋਂ ਘੱਟ ਕਰ ਦਿੰਦੇ ਹਾਂ ਜਦੋਂ ਕਿ ਚਮੜੀ ਨੂੰ ਹਾਈਡ੍ਰੇਟ ਰੱਖਣ ਲਈ ਦਿਨ ਵਿਚ ਅੱਠ ਗਿਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ | ਤੁਸੀਂ ਚਾਹੋ ਤਾਂ ਠੰਢੇ ਪਾਣੀ ਦੀ ਬਜਾਏ ਕੋਸੇ ਪਾਣੀ ਦੀ ਵਰਤੋਂ ਕਰ ਸਕਦੇ ਹੋ ਪਰ ਗਰਮ ਪਾਣੀ ਤੋਂ ਪ੍ਰਹੇਜ਼ ਕਰੋ | ਭਰਪੂਰ ਪਾਣੀ ਪੀਣ ਨਾਲ ਤੁਹਾਡੇ ਬੁੱਲ੍ਹ ਨਹੀਂ ਫਟਣਗੇ ਜੋ ਕਿ ਸਰਦੀਆਂ ਵਿਚ ਆਮ ਸਮੱਸਿਆ ਹੈ | ਇਹ ਕਬਜ਼ ਅਤੇ ਥਕਾਵਟ ਤੋਂ ਬਚਾਉਂਦਾ ਹੈ ਅਤੇ ਸਰੀਰ ਵਿਚ ਊਰਜਾ ਬਣਾਈ ਰੱਖਦਾ ਹੈ |