ਅੱਜ ਦੇ ਦੌਰ ਵਿਚ ਜੇਕਰ ਸੁਹਿਰਦਿਤਾ ਨਾਲ ਸੋਚੀਏ ਤਾਂ ਸਾਡੇ ਘਰ ਵੱਡੇ ਤੇ ਪੱਕੇ ਹੋ ਗਏ ਹਨ ਪਰ ਦਿਲਾਂ ਵਿਚਕਾਰ ਦੂਰੀਆਂ ਵਧਦੀਆਂ ਜਾ ਰਹੀਆਂ ਹਨ | ਇਹ ਸਾਡੇ ਸਮੇਂ ਦੀ ਇਕ ਵੱਡੀ ਤ੍ਰਾਸਦੀ ਹੈ ਕਿ ਅਸੀਂ ਦੁਨੀਆ ਨਾਲ ਜੁੜਦੇ-ਜੁੜਦੇ ਆਪਣੇ ਨੇੜਲੇ ਰਿਸ਼ਤਿਆਂ ਤੋਂ ਦੂਰ ਹੁੰਦੇ ਜਾ ਰਹੇ ਹਾਂ | ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਮਨੁੱਖ ਕੋਲ ਬਹੁਤ ਕੁਝ ਹੈ ਪਰ ਸਮਾਂ ਘੱਟ ਹੈ | ਰਿਸ਼ਤੇ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਦੌਲਤ ਹਨ | ਮੁਸ਼ਕਿਲ ਵੇਲੇ ਇਕ ਸੱਚਾ ਰਿਸ਼ਤਾ ਹੀ ਮਨੁੱਖ ਨੂੰ ਅੰਦਰੋਂ ਮਜ਼ਬੂਤ ਕਰਦਾ ਹੈ ਜਦਕਿ ਪੈਸਾ, ਜਾਇਦਾਦ, ਸ਼ੋਹਰਤ ਅਤੇ ਸਹੂਲਤਾਂ ਜ਼ਿੰਦਗੀ ਨੂੰ ਸੁਖਾਲਾ ਹੀ ਬਣਾ ਸਕਦੀਆਂ ਹਨ |

ਰਿਸ਼ਤੇ ਪੌਦਿਆਂ ਵਾਂਗ ਹੁੰਦੇ ਹਨ | ਜੇ ਉਨ੍ਹਾਂ ਨੂੰ ਸਮੇਂ ਸਿਰ ਪਾਣੀ ਨਾ ਮਿਲੇ ਤਾਂ ਉਹ ਸੁੱਕ ਜਾਂਦੇ ਹਨ | ਇਸੇ ਤਰ੍ਹਾਂ ਪਿਆਰ, ਗੱਲਬਾਤ, ਵਿਸ਼ਵਾਸ ਅਤੇ ਸਤਿਕਾਰ ਤੋਂ ਬਿਨਾਂ ਕੋਈ ਵੀ ਰਿਸ਼ਤਾ ਲੰਮਾ ਸਮਾਂ ਨਹੀਂ ਟਿਕ ਸਕਦਾ | ਕਈ ਵਾਰ ਪਿਆਰ ਨੂੰ ਸ਼ਬਦਾਂ 'ਚ ਕਹਿਣਾ ਪੈਂਦਾ ਹੈ, ਕਈ ਵਾਰ ਗਲ਼ੇ ਲਗਾਉਣਾ ਪੈਂਦਾ ਹੈ ਅਤੇ ਕਈ ਵਾਰ ਬਿਨਾਂ ਕਿਸੇ ਸ਼ਰਤ ਦੇ ਕਿਸੇ ਆਪਣੇ ਦੇ ਕੋਲ ਬੈਠਣਾ ਪੈਂਦਾ ਹੈ | ਅੱਜ ਸਾਡੇ ਘਰਾਂ ਵਿਚ ਸਭ ਤੋਂ ਵੱਡੀ ਕਮੀ ਸੰਵਾਦ ਦੀ ਹੈ | ਇਕੋ ਛੱਤ ਹੇਠ ਰਹਿਣ ਵਾਲੇ ਲੋਕ ਕਈ ਵਾਰ ਇਕ-ਦੂਜੇ ਨਾਲ ਗੱਲ ਕਰਨ ਲਈ ਵੀ ਮੋਬਾਈਲ ਦਾ ਸਹਾਰਾ ਲੈਂਦੇ ਹਨ | ਘਰ ਵਿਚ ਬੈਠੇ ਬਜ਼ੁਰਗ ਆਪਣੀ ਗੱਲ ਸੁਣਾਉਣ ਲਈ ਤਰਸਦੇ ਹਨ ਅਤੇ ਬੱਚੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਲਈ ਕਿਸੇ ਸੁਣਨ ਵਾਲੇ ਦੀ ਭਾਲ ਕਰਦੇ ਹਨ | ਸਾਨੂੰ ਆਪਣੇ ਘਰਾਂ 'ਚ ਮੁੜ ਉਹ ਮਾਹੌਲ ਸਿਰਜਨ ਦੀ ਲੋੜ ਹੈ ਜਿੱਥੇ ਹਰ ਮੈਂਬਰ ਬਿਨਾਂ ਡਰ ਅਤੇ ਝਿਜਕ ਆਪਣੇ ਦਿਲ ਦੀ ਗੱਲ ਕਰ ਸਕੇ | ਅਸੀਂ ਅਕਸਰ ਜਵਾਬ ਦੇਣ ਲਈ ਸੁਣਦੇ ਹਾਂ, ਸਮਝਣ ਲਈ ਨਹੀਂ | ਕਿਸੇ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਆਪਣਾ ਫ਼ੈਸਲਾ ਸੁਣਾ ਦੇਣਾ, ਉਸਦੀ ਭਾਵਨਾ ਨੂੰ ਛੋਟਾ ਸਮਝਣਾ ਜਾਂ ਉਸਦੇ ਦੁੱਖ ਦੀ ਤੁਲਨਾ ਆਪਣੇ ਦੱਖ ਨਾਲ ਕਰਨਾ ਰਿਸ਼ਤੇ ਨੂੰ ਹੋਰ ਕਮਜ਼ੋਰ ਕਰ ਦਿੰਦਾ ਹੈ |
ਮਾਫ਼ ਕਰਨਾ ਵੀ ਰਿਸ਼ਤੇ ਬਚਾਉਣ ਦੀ ਇਕ ਵੱਡੀ ਕਲਾ ਹੈ | ਹਰ ਮਨੱਖ ਤੋਂ ਗ਼ਲਤੀ ਹੋ ਸਕਦੀ ਹੈ | ਜੇ ਅਸੀਂ ਹਰ ਗ਼ਲਤੀ ਨੂੰ ਦਿਲ ਵਿਚ ਪੱਥਰ ਵਾਂਗ ਰੱਖਦੇ ਰਹਾਂਗੇ ਤਾਂ ਰਿਸ਼ਤਿਆਂ ਦੀ ਨਦੀ ਕਦੇ ਸੁੱਚੀ ਨਹੀਂ ਵਹਿ ਸਕਦੀ | ਮਾਫ਼ ਕਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਹਰ ਗ਼ਲਤ ਗੱਲ ਨੂੰ ਠੀਕ ਮੰਨ ਲਈਏ | ਇਸ ਦਾ ਅਰਥ ਹੈ ਕਿ ਅਸੀਂ ਆਪਣੇ ਮਨ ਨੂੰ ਨਫ਼ਰਤ ਦੇ ਬੋਝ ਤੋਂ ਮੁਕਤ ਕਰੀਏ ਅਤੇ ਜਿੱਥੇ ਸੰਭਵ ਹੋਵੇ, ਰਿਸ਼ਤੇ ਨੂੰ ਇਕ ਹੋਰ ਮੌਕਾ ਦੇਈਏ | ਇਸੇ ਤਰ੍ਹਾਂ 'ਮੈਂ ਸਹੀ ਹਾਂ' ਦੀ ਥਾਂ 'ਸਾਡਾ ਰਿਸ਼ਤਾ ਸਹੀ ਰਹੇ' ਵਾਲੀ ਸੋਚ ਅਪਣਾਉਣੀ ਪਵੇਗੀ | ਹਰ ਬਹਿਸ ਜਿੱਤਣਾ ਜ਼ਰੂਰੀ ਨਹੀਂ ਹੁੰਦਾ | ਕਿਸੇ ਬਜ਼ੁਰਗ ਦੇ ਕੋਲ ਬੈਠ ਕੇ ਉਸ ਦੀ ਗੱਲ ਸੁਣ ਲੈਣਾ ਵੀ ਉਸ ਲਈ ਬਹੁਤ ਵੱਡੀ ਖ਼ੁਸ਼ੀ ਹੋ ਸਕਦੀ ਹੈ | ਬੱਚਿਆਂ ਨੂੰ ਮਹਿੰਗੇ ਖਿਡੌਣਿਆਂ ਨਾਲੋਂ ਮਾਪਿਆਂ ਦਾ ਸਮਾਂ ਚਾਹੀਦਾ ਹੈ | ਉਨ੍ਹਾਂ ਦੀਆਂ ਛੋਟੀਆਂ ਗੱਲਾਂ ਨੂੰ ਧਿਆਨ ਨਾਲ ਸੁਣਨਾ, ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਹੌਸਲਾ-ਅਫ਼ਜ਼ਾਈ ਕਰਨੀ ਅਤੇ ਗ਼ਲਤੀ ਹੋਣ 'ਤੇ ਸਮਝਾਉਣਾ | ਇਹ ਸਭ ਉਨ੍ਹਾਂ ਦੇ ਮਨ ਵਿਚ ਸੁਰੱਖਿਆ ਅਤੇ ਵਿਸ਼ਵਾਸ ਪੈਦਾ ਕਰਦਾ ਹੈ | ਸਾਨੂੰ ਇਹ ਵੀ ਸਮਝਣਾ ਪਵੇਗਾ ਕਿ ਹਰ ਰਿਸ਼ਤਾ ਇਕੋ ਜਿਹਾ ਨਹੀਂ ਹੁੰਦਾ | ਕੁਝ ਰਿਸ਼ਤੇ ਖ਼ੂਨ ਨਾਲ ਬਣਦੇ ਹਨ, ਕੁਝ ਦਿਲ ਨਾਲ ਅਤੇ ਕੁਝ ਸਮੇਂ ਦੇ ਨਾਲ ਪਰ ਹਰ ਰਿਸ਼ਤੇ ਦੀ ਨੀਂਹ ਵਿਸ਼ਵਾਸ ਅਤੇ ਸਤਿਕਾਰ ਹੈ | ਜਿੱਥੇ ਲਗਾਤਾਰ ਬੇਇਜ਼ਤੀ, ਧੋਖਾ ਜਾਂ ਨੁਕਸਾਨ ਹੋਵੇ, ਉੱਥੇ ਹੱਦਾਂ ਮਿੱਥ ਲੈਣੀਆਂ ਵੀ ਜ਼ਰੂਰੀ ਹਨ | ਅੱਜ ਜਦੋਂ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਤਾਂ ਫਿਰ ਅਸੀਂ ਆਪਣੇ ਪਿਆਰਿਆਂ ਨਾਲ ਨਾਰਾਜ਼ਗੀ ਕਿੰਨੀ ਦੇਰ ਤੱਕ ਰੱਖਣੀ ਹੈ? ਗੱਲ ਸਿਰਫ਼ ਇੰਨੀ ਹੈ ਕਿ ਰਿਸ਼ਤੇ ਆਪਣੇ ਆਪ ਨਹੀਂ ਬਚਦੇ, ਉਨ੍ਹਾਂ ਨੂੰ ਸਮਾਂ ਦੇਣਾ ਪੈਂਦਾ ਹੈ, ਸਮਝਣਾ ਪੈਂਦਾ ਹੈ, ਨਿਭਾਉਣਾ ਪੈਂਦਾ ਹੈ | ਜ਼ਿੰਦਗੀ ਵਿਚ ਚੀਜ਼ਾਂ ਮੁੜ ਖਰੀਦੀਆਂ ਜਾ ਸਕਦੀਆਂ ਹਨ | ਜਿਸ ਤਰ੍ਹਾਂ ਗੁਆਇਆ ਪੈਸਾ ਮੁੜ ਕਮਾਇਆ ਜਾ ਸਕਦਾ ਹੈ ਪਰ ਗੁਆਇਆ ਹੋਇਆ ਸਮਾਂ ਅਤੇ ਟੁੱਟਿਆ ਹੋਇਆ ਭਰੋਸਾ ਕਈ ਵਾਰ ਮੁੜ ਨਹੀਂ ਮਿਲਦਾ | ਆਓ ! ਮੋਬਾਈਲ ਦੀ ਸਕਰੀਨ ਤੋਂ ਅੱਖਾਂ ਹਟਾ ਕੇ ਆਪਣੇ ਸਾਹਮਣੇ ਬੈਠੇ ਇਨਸਾਨ ਨੂੰ ਵੇਖੀਏ | ਗਿਲੇ-ਸ਼ਿਕਵੇ ਕੁਝ ਘੱਟ ਕਰਨ ਦੀ ਕੋਸ਼ਿਸ਼ ਕਰੀਏ | 'ਮੈਂ' ਨੂੰ ਥੋੜ੍ਹਾ ਪਿੱਛੇ ਕਰ ਕੇ 'ਅਸੀਂ' ਨੂੰ ਅੱਗੇ ਲਿਆਈਏ ਕਿਉਂਕਿ ਜ਼ਿੰਦਗੀ ਦੀ ਅਸਲ ਖ਼ੂਬਸੂਰਤੀ ਚੀਜ਼ਾਂ ਇਕੱਠੀਆਂ ਕਰਨ ਵਿਚ ਨਹੀਂ, ਸਗੋਂ ਆਪਣਿਆਂ ਨੂੰ ਆਪਣੇ ਕੋਲ ਸੰਭਾਲ ਕੇ ਰੱਖਣ ਵਿਚ ਹੈ | ਕਿਤੇ ਐਸਾ ਨਾ ਹੋਵੇ ਕਿ ਕੱਲ੍ਹ ਸਾਡੇ ਹੱਥ ਖਾਲੀ ਹੋਣ ਅਤੇ ਸਾਡੇ ਕੋਲ ਸਿਰਫ਼ ਪਛਤਾਵਾ ਹੀ ਰਹਿ ਜਾਵੇ |
-ਪਿੰਡ ਹੀਰੋਂ ਖੁਰਦ (ਮਾਨਸਾ) ਮੋਬਾਈਲ : 92561-00049