ਲੀਪ ਦਾ ਸਾਲ ਹਰ ਚੌਥੇ ਸਾਲ ਆਉਂਦਾ ਹੈ | ਫਰਵਰੀ ਮਹੀਨਾ, ਜੋ ਆਮ ਤੌਰ 'ਤੇ 28 ਦਿਨ ਦਾ ਹੁੰਦਾ ਹੈ, ਇਕ ਲੀਪ ਸਾਲ ਵਿਚ ਉਹ 29 ਦਿਨ ਦਾ ਹੁੰਦਾ ਹੈ | ਜਦੋਂ ਇਹ 29 ਦਿਨ ਦਾ ਹੁੰਦਾ ਹੈ, ਉਸ ਸਾਲ ਨੂੰ ਲੀਪ ਦਾ ਸਾਲ ਕਿਹਾ ਜਾਂਦਾ ਹੈ | ਇਸ ਸਾਲ ਵਿਚ 365 ਦੀ ਬਜਾਏ 366 ਦਿਨ ਹੁੰਦੇ ਹਨ | ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਹੁੰਦਾ ਹੈ ਅਤੇ ਫਰਵਰੀ ਵਿਚ ਹੀ ਇਕ ਦਿਨ ਕਿਉਂ ਜੋੜਿਆ ਜਾਂਦਾ ਹੈ? ਬਹੁਤੇ ਲੋਕਾਂ ਦੇ ਮਨ ਵਿਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਆਖਿਰ ਫਰਵਰੀ ਦਾ ਮਹੀਨਾ ਹੀ 28 ਜਾਂ 29 ਦਿਨ ਦਾ ਕਿਉਂ ਹੁੰਦਾ ਹੈ? ਇਸ ਦੇ ਪਿੱਛੇ ਰੋਮ ਦੇ ਰਾਜਾ ਨਿਊਮਾ ਪੋਂਪੀਲੀਅਸ (715-673 ਈਸਵੀ ਪੂਰਵ) ਦਾ ਹੱਥ ਹੈ | ਜੀ ਹਾਂ... ਅਸੀਂ ਜੋ ਕੈਲੰਡਰ ਵਰਤਦੇ ਹਾਂ ਉਹ ਰੋਮਨ ਕੈਲੰਡਰ 'ਤੇ ਆਧਾਰਿਤ ਹੈ | ਪੁਰਾਣੇ ਰੋਮਨ ਕੈਲੰਡਰ ਵਿਚ ਇਕ ਸਾਲ 'ਚ ਸਿਰਫ਼ 10 ਮਹੀਨੇ ਹੋਇਆ ਕਰਦੇ ਸਨ ਜਿਸ ਵਿਚ 304 ਦਿਨ ਹੁੰਦੇ ਸਨ | ਬਾਅਦ 'ਚ ਇਸ ਵਿਚ ਦੋ ਮਹੀਨੇ ਹੋਰ ਜੋੜ ਦਿੱਤੇ ਗਏ ਜਿਨ੍ਹਾਂ ਦਾ ਨਾਂਅ ਜਨਵਰੀ ਅਤੇ ਫਰਵਰੀ ਰੱਖਿਆ ਗਿਆ | ਅਜਿਹਾ ਕਰਨ ਨਾਲ ਪੂਰਾ ਸਾਲ 12 ਮਹੀਨੇ ਦਾ ਹੋ ਗਿਆ | ਇਸ ਦੇ ਕਾਰਨ ਸਾਲ ਵਿਚ 365 ਦਿਨ ਤੈਅ ਹੋ ਗਏ | ਇਹ ਕੈਲੰਡਰ ਧਰਤੀ ਅਤੇ ਸੂਰਜ ਦੀ ਪਰਿਕਰਮਾ ਦੇ ਅਨੁਸਾਰ ਬਣਾਇਆ ਗਿਆ ਸੀ | ਕਿਉਂਕਿ ਧਰਤੀ ਨੂੰ ਸੂਰਜ ਦਾ ਚੱਕਰ ਲਗਾਉਣ ਵਿਚ 365 ਦਿਨ ਅਤੇ 6 ਘੰਟੇ ਦਾ ਸਮਾਂ ਲਗਦਾ ਹੈ | ਅਜਿਹੇ ਹਾਲਾਤ ਵਿਚ ਹਰ ਸਾਲ 6 ਘੰਟੇ ਵਾਧੂ ਬੱਚ ਜਾਂਦੇ ਹਨ ਜੋ 4 ਸਾਲ ਬਾਅਦ 24 ਘੰਟੇ ਯਾਨੀ ਇਕ ਦਿਨ ਵਿਚ ਬਦਲ ਜਾਂਦੇ ਹਨ | ਇਸ ਵਜ੍ਹਾ ਕਰਕੇ ਫਰਵਰੀ ਮਹੀਨੇ ਵਿਚ ਚਾਰ ਸਾਲ ਬਾਅਦ 28 ਦਿਨ ਦੀ ਥਾਂ 29 ਦਿਨ ਹੁੰਦੇ ਹਨ |
-ਪੀ.ਸੀ.ਐਸ. ਮੋਬਾਈਲ : 97808-88878