21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਕਹਾਣੀ-ਬੰਦਾ ਪ੍ਰਸੰਨ ਕਦੋਂ ਹੁੰਦਾ ਹੈ?

ਅਜੀਤ ਡੈਸਕ 14-02-2026

ਸਿਆਲ ਦੀ ਨਿੱਘੀ ਨਿੱਘੀ ਧੁੱਪ 'ਚ ਸਕੂਲ ਦੇ ਪਾਰਕ ਵਿਚ ਸ਼ਨੀਵਾਰ ਦੀ ਬਾਲ ਸਭਾ ਜੁੜੀ ਹੋਈ ਸੀ | ਪੰਜਾਬੀ ਅਧਿਆਪਕ ਜੀਵਨ ਸਿੰਘ ਦੇ ਆਉਂਦਿਆਂ ਹੀ ਸਾਰੇ ਬੱਚੇ ਉਠ ਕੇ ਖਲੋ ਗਏ |
'ਬੈਠੋ ਬੱਚਿਓ! ਤੁਹਾਨੂੰ ਪਤੈ ਅੱਜ ਇਕ ਖਾਸ ਦਿਨ ਹੈ', ਅਧਿਆਪਕ ਨੇ ਸਵਾਲ ਕੀਤਾ |
'ਜੀ ਹਾਂਜੀ |' ਸਾਰਿਆਂ ਨੇ ਰਲ ਕੇ ਜਵਾਬ ਦਿੱਤਾ |
'ਦੱਸੋ ਫਿਰ ਅੱਜ ਖਾਸ ਕੀ ਹੈ?'
'ਅੱਜ ਬੱਚਿਆਂ ਨੂੰ ਪਿਆਰ ਕਰਨ ਵਾਲੇ ਚਾਚਾ ਨਹਿਰੂ ਦਾ ਜਨਮ ਦਿਨ ਹੈ |'
'ਸ਼ਾਬਾਸ਼ ਬੱਚਿਓ! ਉਨ੍ਹਾਂ ਦੇ ਜਨਮ ਦਿਨ ਨੂੰ ਕਿਵੇਂ ਮਨਾਇਆ ਜਾਂਦਾ ਹੈ ਭਲਾ?' ਮਾਸਟਰ ਜੀ ਨੇ ਬੱਚਿਆਂ ਨੂੰ ਸਵਾਲ ਕੀਤਾ |
'ਜੀ ਬਾਲ ਦਿਵਸ ਵਜੋਂ', ਬੱਚਿਆਂ ਨੇ ਇਕੋ ਸੁਰ 'ਚ ਜਵਾਬ ਦਿੱਤਾ |
'ਚਲੋ ਫਿਰ ਅੱਜ ਦੀ ਬਾਲ ਸਭਾ ਵਿਚ ਤੁਹਾਨੂੰ ਇਕ ਸਵਾਲ ਪੁੱਛਦੇ ਹਾਂ | ਜ਼ਰਾ ਸੋਚ ਕੇ ਜਵਾਬ ਦੇਣਾ |'
'ਬਿਲੁਕਲ ਸਰ |'
'ਇਹ ਦੱਸੋ ਕਿ ਬੰਦਾ ਸਭ ਤੋਂ ਵੱਧ ਖੁਸ਼ ਜਾਂ ਪ੍ਰਸੰਨ ਕਦੋਂ ਹੁੰਦਾ ਹੈ?'
ਸਭ ਤੋਂ ਮੋਹਰਲੀ ਕਤਾਰ 'ਚ ਬੈਠੇ ਗੋਕਲ ਚੰਦ ਨੇ ਹੱਥ ਉੱਚਾ ਕਰਕੇ ਕਿਹਾ, 'ਸਰ ਮੈਂ ਦੱਸਾਂ?'
'ਸ਼ਾਬਾਸ਼ ਦੱਸੋ |'
ਸਰ ਜਦੋਂ ਘਰ ਵਿਚ ਵਿਆਹ-ਸ਼ਾਦੀ ਜਾਂ ਕੋਈ ਖ਼ੁਸ਼ੀ ਦਾ ਮਾਹੌਲ ਹੋਵੇ | ਉਦੋਂ ਸਾਰੇ ਪ੍ਰਸੰਨ ਹੁੰਦੇ ਨੇ | ਸਾਡੇ ਗੁਆਂਢੀਆਂ ਦੇ ਤਿੰਨ ਦਿਨ ਤੋਂ ਵਿਆਹ 'ਚ ਭੰਗੜੇ ਪੈ ਰਹੇ ਨੇ |'
ਇਕ ਹੋਰ ਬੱਚੇ ਨੇ ਹੱਥ ਖੜ੍ਹਾ ਕਰਕੇ ਕਿਹਾ, 'ਸਰ ਮੈਂ ਵੀ ਦੱਸਾਂ?'
'ਹਾਂ ਬਈ ਤੂੰ ਵੀ ਦਸ ਲੱਡੂ ਰਾਮਾ |'
'ਸਰ ਸਾਰੇ ਦੀਵਾਲੀ ਵਾਲੇ ਦਿਨ ਪਟਾਕੇ ਵਜਾ ਕੇ ਖੁਸ਼ ਹੁੰਦੇ ਹਨ | ਨਾਲੇ ਮਠਿਆਈਆਂ ਖਾ ਕੇ ਕੌਣ ਨੀ ਪ੍ਰਸੰਨ ਹੁੰਦਾ ਭਲਾ |'
'ਸ਼ਾਬਾਸ਼ | ਬਹਿ ਜਾ ਲੱਡੂ |'
ਸਾਊ ਜਿਹੀ ਕੁੜੀ ਨੀਲਮ ਬਾਲਾ ਉੱਠ ਕੇ ਕਹਿਣ ਲੱਗੀ, 'ਸਰ ਮੈਂ ਵੀ ਕੁਝ ਕਹਾਂ?
'ਹਾਂ ਪੁੱਤਰ |'
'ਸਰ ਜਦੋਂ ਸੋਹਣੇ ਕੱਪੜੇ ਪਾਏ ਹੋਣ, ਸਕੂਲ ਨੂੰ ਜਾਣਾ ਹੋਵੇ ਤੇ ਸਾਰਾ ਕੰਮ ਕੀਤਾ ਹੋਵੇ ਤਾਂ ਮਨ ਸੱਚੀਂ ਬਹੁਤ ਪ੍ਰਸੰਨ ਹੁੰਦਾ ਹੈ |'
ਇਕ ਹੋਰ ਨੇ ਹੱਥ ਖੜ੍ਹਾ ਕੀਤਾ, 'ਸਰ ਮੈਂ ਵੀ ਕੁਝ ਕਹਿਣੈ |'
'ਕਹਿ ਪੁੱਤਰ |'
'ਮਾਸਟਰ ਜੀ ਕੱਲ੍ਹ ਸਾਡੇ ਘਰ ਮੱਝ ਸੂਈ, ਉਹਨੇ ਬਹੁਤ ਸੋਹਣੀ ਕੱਟੀ ਦਿੱਤੀ | ਮੈਂ ਵੀ, ਮੰਮੀ-ਡੈਡੀ ਵੀ ਬਹੁਤ ਪ੍ਰਸੰਨ ਸਾਂ ਕਿ ਸਾਡੇ ਘਰ ਦੁੱਧ ਆਇਆ, ਹੁਣ ਖੀਰ ਬਣਾ ਕੇ ਖਾਵਾਂਗੇ |'
ਬਾਲ ਸਭਾ ਦੀ ਇਕ ਨੁੱਕਰ 'ਚ ਬੈਠੇ ਰਿੰਕੂ ਨੂੰ ਮਾਸਟਰ ਜੀ ਨੇ ਪੁੱਛਿਆ, 'ਰਿੰਕੂ ਤੂੰ ਕੁਝ ਬੋਲਦਾ ਨਹੀਂ, ਬੜਾ ਉਦਾਸ ਲਗਦਾ ਹੈ ਤੂੰ ਦੱਸ ਕਿ ਬੰਦਾ ਪ੍ਰਸੰਨ ਕਦੋਂ ਹੁੰਦਾ ਹੈ?'
ਰਿੰਕੂ ਔਖਾ ਜਿਹਾ ਉਠ ਕੇ ਕਹਿਣ ਲੱਗਾ, 'ਮਾਸਟਰ ਜੀ ਸਵੇਰੇ ਸਕੂਲ ਆਉਣ 'ਚ ਦੇਰੀ ਹੋ ਰਹੀ ਸੀ | ਮੈਂ ਤਾਂ ਭੁੱਖਾ ਹੀ ਆ ਗਿਆ ਕੁਝ ਨਹੀਂ ਖਾਧਾ | ਭੁੱਖ ਲੱਗੀ ਹੋਈ ਹੈ ਤੇ ਮੈਨੂੰ ਕੁਝ ਵੀ ਚੰਗਾ ਨਹੀਂ ਲਗਦਾ | ਮੈਂ ਤਾਂ ਕਹਿੰਨਾ ਕਿ ਬੰਦਾ ਪ੍ਰਸੰਨ ਉਦੋਂ ਹੁੰਦਾ ਜਦੋਂ ਰੱਜਿਆ ਹੋਵੇ, ਉਹਦਾ ਢਿੱਡ ਭਰਿਆ ਹੋਵੇ |'
'ਸ਼ਾਬਾਸ਼ ਪੁੱਤਰਾ, ਸ਼ਾਬਾਸ਼! ਬੱਚਿਓ ਰਿੰਕੂ ਨੇ ਜਿਹੜੀ ਗੱਲ ਕਹੀ ਹੈ, ਇਹ ਬਿਲਕੁਲ ਸਹੀ ਹੈ | ਨਾ ਬੰਦਾ ਕੱਪੜੇ ਪਾ ਕੇ, ਨਾ ਤਿਉਹਾਰਾਂ 'ਤੇ ਜਾ ਕੇ, ਨਾ ਵਿਆਹ-ਸ਼ਾਦੀਆਂ 'ਚ ਖ਼ੁਸ਼ ਹੁੰਦਾ ਹੈ | ਬੰਦਾ ਤਾਂ ਬਸ ਉਦੋਂ ਖ਼ੁਸ਼ ਹੁੰਦਾ ਹੈ ਜਦੋਂ ਢਿੱਡ ਭਰਿਆ ਹੋਵੇ |'
ਉੱਚੀ-ਉੱਚੀ ਤਾੜੀਆਂ ਵੱਜੀਆਂ ਤੇ ਬਾਲ ਸਭਾ ਉਠ ਗਈ |

-ashokbhaura@ gmail.com

ਪਿਛਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ ਅਗਲੀ ਖ਼ਬਰ ਫਰਵਰੀ ਦਾ ਮਹੀਨਾ 28 ਜਾਂ 29 ਦਿਨ ਦਾ ਹੀ ਕਿਉਂ ਹੁੰਦਾ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।