07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਪੰਜਾਬ ਵਿਚ ਸੈਰ ਸਪਾਟੇ ਦੇ ਵਿਕਾਸ ਦੀ ਗੱਲ

ਅਜੀਤ ਡੈਸਕ 15-02-2026

ਉੱਤਰੀ ਭਾਰਤ ਵਿਚ ਸੈਲਾਨੀ ਸਰਗਮੀਆਂ ਦੀ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਤੋਂ ਬਾਅਦ ਹਿਮਾਚਲ ਤੇ ਉਸ ਤੋਂ ਬਾਅਦ ਰਾਜਸਥਾਨ 'ਤੇ ਸੂਈ ਆ ਟਿਕਦੀ ਹੈ ਜਦ ਕਿ ਪੰਜਾਬ ਦਾ ਖਾਤਾ ਕਮਜ਼ੋਰ ਹੈ। ਪੰਜਾਂ ਦਰਿਆਵਾਂ ਦੀ ਧਰਤੀ, ਪੰਜਾਬ, ਇਕ ਖੇਤੀਬਾੜੀ ਪ੍ਰਧਾਨ ਸੂਬਾ ਹੈ ਜੋ ਸਮੁੱਚੇ ਭਾਰਤ ਨੂੰ ਦਾਣੇ ਕਮਾ ਕੇ ਦਿੰਦਾ ਹੈ। ਇੱਥੇ ਜੰਗਲ ਹਨ, ਹਰਿਆਵਲ ਹੈ, ਲੋਕ ਖੁਸ਼ਹਾਲ ਹਨ, ਖੁੱਲ੍ਹੇ ਸੁਭਾਅ ਦੇ ਹਨ, ਮਿਲਣਸਾਰ ਹਨ, ਆਏ ਗਏ ਦੀ ਪੂਰੀ ਬਾਂਹ ਫੜ ਸਕਦੇ ਹਨ ਫਿਰ ਵੀ ਸੈਰ ਸਪਾਟਾ ਇੱਥੇ ਏਨਾ ਕਮਜ਼ੋਰ ਕਿਉਂ ਹੈ?
ਮੌਕੇ ਦੀਆਂ ਸਰਕਾਰਾਂ ਨੇ ਇਕ ਦੋ ਵਾਰ ਇਸ ਵਿਚ ਸੁਧਾਰ ਕਰਨ ਲਈ ਹੰਭਲੇ ਮਾਰੇ ਹਨ ਜਾਂ ਫਿਰ ਇਹ ਕਹਿ ਲਵੋ ਕਿ ਹੰਭਲੇ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਮੈਂ ਵੀ ਪਹਿਲਾਂ ਕਈ ਵਾਰ ਪੰਜਾਬ ਦੇ ਮਸ਼ਹੂਰ ਵੈਟਲੈਂਡ ਹਰੀਕੇ ਨੂੰ ਸੈਲਾਨੀ ਹੱਬ ਬਣਾਉਣ ਬਾਰੇ ਮਸ਼ਵਰਾ ਦਿੱਤਾ ਸੀ ਕਿਉਂ ਜੋ ਇੱਥੇ ਪੰਜਾਬ ਦੇ ਦੋ ਮੁੱਖ ਦਰਿਆਵਾਂ ਸਤਲੁਜ ਤੇ ਬਿਆਸ ਦਾ ਸੰਗਮ ਹੁੰਦਾ ਹੈ ਤੇ ਸਾਰਾ ਸਾਲ ਵਿਸ਼ਾਲ ਪਾਣੀ ਹਰਕਤ ਵਿਚ ਰਹਿੰਦਾ ਹੈ, ਪਰ ਇਨ੍ਹਾਂ ਦਰਿਆਵਾਂ ਵਿਚ ਅਬਾਦੀ ਦੇ ਸੀਵਰੇਜ ਤੇ ਹੋਰ ਗੰਦਾ ਪਾਣੀ ਜੋ ਸਿੱਧਾ ਦਰਿਆਵਾਂ ਵਿਚ ਸੁੱਟਿਆ ਜਾਂਦਾ ਹੈ, ਉਹ ਇਸ ਰਾਹ ਵਿਚ ਰੁਕਾਵਟ ਬਣਿਆ ਹੋਇਆ ਹੈ ਭਾਵ ਕਿ ਜਿੰਨਾ ਚਿਰ ਇਸ ਦਾ ਹੱਲ ਨਹੀਂ ਕੀਤਾ ਜਾਂਦਾ, ਉਨ੍ਹਾਂ ਚਿਰ ਇਨ੍ਹਾਂ ਮੁਸ਼ਕ ਅਲੂਦ ਪਾਣੀਆਂ ਨੂੰ ਸੈਲਾਨੀ ਮੁਕਾਮ ਬਣਾਉਣ ਲਈ ਵਰਤੋਂ ਵਿਚ ਨਹੀਂ ਲਿਆਂਦਾ ਜਾ ਸਕਦਾ। ਸਾਡੇ ਗੁਆਂਢੀ ਸੂਬੇ ਲੇਹ-ਲੱਦਾਖ, ਕਸ਼ਮੀਰ, ਹਿਮਾਚਲ, ਰਾਜਸਥਾਨ ਸੈਰ ਸਪਾਟੇ ਦੀ ਕਮਾਈ ਦੇ ਸਿਰ 'ਤੇ ਨੱਚਦੇ ਹਨ ਤੇ ਸੈਰ ਸਪਾਟੇ ਦੇ ਸਿਲਸਿਲੇ ਵਿਚ ਜਦੋਂ ਵੀ ਕੋਈ ਰੁਕਾਵਟ ਆਉਂਦੀ ਹੈ ਤੇ ਇਨ੍ਹਾਂ ਸੂਬਿਆਂ ਵਿਚ ਭੁੱਖ ਨੱਚਦੀ ਨਜ਼ਰ ਆਉਂਦੀ ਹੈ।
ਮੰਨਿਆ ਕਿ ਪੰਜਾਬ ਨੂੰ ਆਪਣੇ ਦਾਲ ਫੁਲਕੇ ਦਾ ਜ਼ਿਆਦਾ ਫਿਕਰ ਨਹੀਂ ਹੈ ਫਿਰ ਵੀ ਸੈਲਾਨੀ ਖੇਤਰ ਦੇ ਪ੍ਰਫੁੱਲਤ ਹੋਣ ਨਾਲ ਪੰਜਾਬ ਨੂੰ ਜੋ ਆਮਦਨ ਆ ਸਕਦੀ ਹੈ, ਉਸ ਲਈ ਨਾ ਪੰਜਾਬੀ ਗੰਭੀਰ ਹਨ ਨਾ ਪੰਜਾਬ ਦੀ ਸਰਕਾਰ। ਸਰੋਤ ਹੁੰਦਿਆਂ ਹੋਇਆਂ ਵੀ, ਸਭ ਕੁਝ ਹੁੰਦਿਆਂ ਸੁੰਦਿਆਂ ਵੀ, ਇਸ ਪਾਸੇ ਲੋੜੀਂਦੀ ਕਾਰਵਾਈ ਨਹੀਂ ਹੋ ਰਹੀ। ਇਸ ਦੇ ਸੱਭਿਆਚਾਰ, ਇਸ ਦੀਆਂ ਗਤੀਵਿਧੀਆਂ, ਇਸ ਦੀਆਂ ਦਿਲਚਸਪੀਆਂ , ਇਸ ਦੀਆਂ ਤਰੱਕੀਆਂ, ਇਸ ਦੇ ਵਿਰਸੇ ਕਰਕੇ ਸਮੁੱਚੇ ਪੰਜਾਬ ਨੂੰ ਤੇ ਪੰਜਾਬੀ ਜ਼ਿੰਦਗੀ ਨੂੰ ਹਰ ਕੋਈ ਦੇਖਣਾ ਚਾਹੇਗਾ। ਜੇਕਰ ਇਸ ਬਾਰੇ ਆਮ ਲੋਕਾਂ ਤੱਕ ਇਸ਼ਤਿਹਾਰਬਾਜ਼ੀ ਪਹੁੰਚੇ ਅਤੇ ਫਿਰ ਆਏ ਸੈਲਾਨੀਆਂ ਨੂੰ ਸੰਭਾਲਿਆ ਜਾਵੇ ਤੇ ਪੂਰੀ ਸਹੂਲਤ ਤੇ ਸੁਰੱਖਿਆ ਦਿੱਤੀ ਜਾਵੇ। ਇਸ ਤਰ੍ਹਾਂ ਵਿਕਾਸ ਦੇ ਪਹਿਲੇ ਪੜਾਅ ਵਿਚ, ਹਰੀਕੇ ਦੇ ਪੱਤਣ ਦਾ ਵੱਡਾ ਵਿਕਾਸ ਤਾਂ ਕੀਤਾ ਹੀ ਜਾਵੇ ਪਰ ਇਸ ਦੇ ਨਾਲ ਹੀ ਜ਼ਿਲ੍ਹਾ ਜਲੰਧਰ ਦੇ ਕਸਬਾ ਫਿਲੌਰ (ਸਤਲੁਜ ਦਰਿਆ ਉਤੇ) ਅਤੇ ਜ਼ਿਲ੍ਹਾ ਕਪੂਰਥਲਾ ਦੇ ਕਸਬਾ (ਬਿਆਸ ਦਰਿਆ ਉਤੇ) ਸੈਲਾਨੀ ਪਿੰਡ ਬਣਾਏ ਜਾਣ ਜਿੱਥੇ ਕਿ ਤਰ੍ਹਾਂ ਤਰ੍ਹਾਂ ਦੇ ਮਨੇਰੰਜਨ ਤੇ ਸਹੂਲਤਾਂ ਸੈਲਾਨੀਆਂ ਨੂੰ ਦਿੱਤੀਆਂ ਜਾਂਣ। ਹੁਸ਼ਿਆਰਪੁਰ ਦੇ ਪਹਾੜੀ ਜੰਗਲਾਂ ਵਿਚ ਸੈਲਾਨੀਆਂ ਦੇ ਠਹਿਰਨ ਲਈ ਰੈਣ ਬਸੇਰੇ ਬਣਾਏ ਜਾਣ ਤੇ ਬਾੜੀ ਖੱਡ, ਕੂਕਾਨੇਟ, ਕਮਾਹੀ ਦੇਵੀ ਢੋਲਬਾਹਾ ਮਹਿੰਗਰੋਵਾਲ ਸੈਕਟਰਾਂ ਵਿਚ ਸੈਲਾਨੀਆਂ ਦੀ ਸੈਰ ਸਪਾਟੇ ਵਾਸਤੇ ਸਫਾਰੀ ਆਦਿ ਚਾਲੂ ਕੀਤੀ ਜਾਵੇ। ਹਰੀਕੇ ਨੂੰ ਇਕ ਵਿਕਸਤ ਛੰਭ ਬਣਾਉਣ ਦੀ ਲੋੜ ਹੈ ਤੇ ਬਿਆਸ ਪੁਲ ਤੋਂ ਲੈ ਕੇ ਹਰੀਕੇ ਤਕ ਆਧੁਨਿਕ ਫੈਅਰੀ (ਵੱਡੀ ਕਿਸਮ ਦੀ ਕਿਸ਼ਤੀ) ਦੀ ਸ਼ਟਲ ਸਰਵਿਸ ਨਾਲ ਪੰਜਾਬ ਦੇ ਸੈਰ ਸਪਾਟੇ ਵਿਚ ਇਕ ਮਹਾਂ ਨਿਵੇਕਲਾਪਨ ਆ ਸਕਦਾ ਹੈ। ਪੰਜਾਬ ਦੀ ਸੁੰਦਰਤਾ ਤੇ ਸਿਫ਼ਤੀਆਂ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾਈਆਂ ਜਾਣ, ਪੰਜਾਬ ਦੇ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਹਵਾਈ ਅੱਡਿਆਂ 'ਤੇ ਅਤੇ ਹੋਰ ਜਨਤਕ ਥਾਵਾਂ 'ਤੇ ਇਸ ਦੇ ਪੋਸਟਰ ਲਾਏ ਜਾਣ ਅਤੇ ਅਖ਼ਬਾਰਾਂ ਰਸਾਲਿਆਂ ਤੇ ਟੀ. ਵੀ ਵਿਚ ਇਸਦੇ ਇਸ਼ਤਿਹਾਰ ਦਿੱਤੇ ਜਾਣ। ਪੰਜਾਬ ਦੀ ਖੂਬਸੂਰਤੀ ਦਾ ਆਪਣਾ ਇਕ ਵਿਲੱਖਣ ਰੂਪ ਹੈ ਜੋ ਬਾਕੀ ਸਭ ਸੂਬਿਆਂ ਤੇ ਬਾਕੀ ਸਭ ਧਰਤੀਆਂ ਤੋਂ ਅਲੱਗ ਹੈ। ਇੱਥੇ ਦਾ ਸੱਭਿਆਚਾਰ ਕਲਚਰ ਤੇ ਇਥੇ ਦੀ ਜੀਵਨ ਸ਼ੈਲੀ ਕੁਲ ਦੁਨੀਆਂ ਲਈ ਦੇਖਣਯੋਗ ਹੈ। ਮਾਮੂਲੀ-ਸੁਰਮਾ ਸਿਲਾਈ ਲਾ ਕੇ ਇਸ ਨੂੰ ਸੈਰ ਸਪਾਟੇ ਵਾਲੀ ਝਲਕ ਦੇਣ ਦੇ ਬਿਲਕੁਲ ਅਨੁਕੂਲ ਬਣਾਇਆ ਜਾ ਸਕਦਾ ਹੈ। ਦੂਜੇ ਚਰਣ ਵਿਚ ਪਠਾਨਕੋਟ ਖੇਤਰ ਦੇ ਵਿਕਾਸ ਬਾਰੇ ਮਸ਼ਵਰੇ ਫਿਲਹਾਲ ਢਕ ਕੇ ਰੱਖ ਲਏ ਹਨ।

-ਐਡਵੋਕੇਟ ਫਿਲੌਰ, ਵਾਸੀ- ਥੰਮਣਵਾਲ।
ਮੋਬਾਈਲ : 98722-56005

ਪਿਛਲੀ ਖ਼ਬਰ ਚੀਨ ਜਪਾਨ ਨੂੰ ਕਹਿੰਦੈ ਮੇਰੇ ਪਾਂਡੇ ਵਾਪਸ ਕਰ ਅਗਲੀ ਖ਼ਬਰ ਧਰਤੀ ਦਾ ਸੁਰੱਖਿਆ ਕਵਚ ਹੈ ਓਜ਼ੋਨ ਪਰਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।