07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਚੀਨ ਜਪਾਨ ਨੂੰ ਕਹਿੰਦੈ ਮੇਰੇ ਪਾਂਡੇ ਵਾਪਸ ਕਰ

ਅਜੀਤ ਡੈਸਕ 15-02-2026

ਜਪਾਨ ਦੇ ਜਾਨਵਰਾਂ ਨਾਲ ਮੁਹੱਬਤ ਕਰਨ ਵਾਲੇ ਲੋਕਾਂ ਲਈ, ਜਨਵਰੀ ਦਾ ਅਖੀਰਲ਼ਾ ਹਫ਼ਤਾ ਬੜਾ ਹੀ ਭਾਵੁਕਤਾ ਭਰਿਆ ਰਿਹਾ। ਟੋਕੀਓ ਦੇ ਓਏਨੋ ਚਿੜੀਆਘਰ ਵਿਚ ਮੌਜੂਦ ਦੋ ਜੁੜਵਾਂ ਪਾਂਡੇ 'ਸ਼ਾਓ ਸ਼ਾਓ' ਅਤੇ 'ਲੇਈ ਲੇਈ' 27 ਜਨਵਰੀ ਨੂੰ ਚੀਨ ਵਾਪਸ ਭੇਜੇ ਗਏ ਸਨ। ਇਨ੍ਹਾਂ ਪਾਂਡਿਆਂ ਉੱਤੇ ਚੀਨ ਦਾ ਮਾਲਕਾਨਾ ਹੱਕ ਹੈ। 25 ਜਨਵਰੀ ਨੂੰ ਇਨ੍ਹਾਂ ਪਾਂਡਿਆਂ ਨੂੰ ਆਖਰੀ ਵਾਰ ਚਿੜੀਆਘਰ ਵਿਚ ਆਮ ਲੋਕਾਂ ਨੂੰ ਦਿਖਾਇਆ ਗਿਆ। ਹਜ਼ਾਰਾਂ ਲੋਕ ਆਖਰੀ ਵਾਰ ਪਾਂਡੇ ਨੂੰ ਦੇਖਣ ਲਈ ਪੁੱਜੇ ਹੋਏ ਸਨ। ਚਿੜੀਆਘਰ ਵਿਚ ਹਰੇਕ ਵਿਅਕਤੀ ਨੂੰ ਦੇਖਣ ਲਈ ਸਿਰਫ਼ ਇਕ ਮਿੰਟ ਦਾ ਸਮਾਂ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਲੋਕ ਪਾਂਡਾ ਥੀਮ ਵਾਲੇ ਖਿਡੌਣੇ ਲੈ ਕੇ ਉੱਥੇ ਪਹੁੰਚੇ ਹੋਏ ਸਨ। ਲੋਕ ਉਨ੍ਹਾਂ ਦਾ ਨਾਂਅ ਲੈ ਕੇ ਬੁਲਾਉਂਦੇ ਰਹੇ ਅਤੇ ਉਨ੍ਹਾਂ ਦੀ ਮੋਬਾਈਲ ਤੇ ਫੋਟੋ ਵੀਡੀਓ ਬਣਾਉਂਦੇ ਦੇਖੇ ਗਏ। ਕਈ ਲੋਕ ਟਿਕਟ ਨਾਂਅ ਮਿਲਣ ਦੇ ਬਾਵਜੂਦ ਚਿੜੀਆਘਰ ਆਏ ਹੋਏ ਸਨ, ਤਾਂ ਕਿ ਉਹ ਪਾਂਡਿਆਂ ਦੀ ਵਿਦਾਇਗੀ ਦੇ ਗਵਾਹ ਬਣ ਸਕਣ। ਪਾਂਡੇ ਚਲੇ ਜਾਣ ਨਾਲ ਜਪਾਨ ਪਿਛਲੇ ਪੰਜਾਹ ਸਾਲਾਂ ਵਿਚ ਪਹਿਲੀ ਵਾਰ ਪਾਂਡਾ ਜਾਨਵਰ ਤੋਂ ਵਿਰਵਾ ਹੋ ਜਾਵੇਗਾ।
ਪਾਂਡੇ ਵਿਦਾ ਹੋਣ ਪਿੱਛੇ ਜਪਾਨ ਅਤੇ ਚੀਨ ਦੇ ਵਿਚਕਾਰ ਵਿਗੜਦੇ ਸੰਬੰਧਾਂ ਨੂੰ ਮੰਨਿਆਂ ਜਾਂਦਾ ਹੈ। ਅਜੇ ਕੁਝ ਮਹੀਨੇ ਪਹਿਲਾਂ ਹੀ ਟੋਕੀਓ ਅਤੇ ਬੀਜਿੰਗ ਦੇ ਰਿਸ਼ਤਿਆਂ ਵਿਚ ਤਣਾਅ ਵਧਿਆ ਹੈ। ਜਪਾਨੀ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਦੇ ਉਸ ਬਿਆਨ ਤੋਂ ਚੀਨ ਖ਼ਫ਼ਾ ਹੈ, ਜਿਸ ਵਿਚ ਉਸ ਨੇ ਕਿਹਾ ਸੀ ਕਿ ਤਾਇਵਾਨ ਤੇ ਚੀਨ ਦੀ ਕਿਸੇ ਵੀ ਕਾਰਵਾਈ ਵਿਚ ਜਪਾਨ ਦਖ਼ਲ ਦੇ ਸਕਦਾ ਹੈ
ਟੋਕੀਓ ਮਹਾਂਨਗਰ ਸਰਕਾਰ ਵਲੋਂ ਨਵਾਂ ਪਾਂਡਾ ਭੇਜਣ ਦੀ ਬੇਨਤੀ ਦੇ ਬਾਵਜੂਦ ਚੀਨ ਨੇ ਸਾਫ਼ ਕਹਿ ਦਿੱਤਾ ਹੈ ਕਿ ਫਿਲਹਾਲ ਓਏਨੋ ਚਿੜੀਆਘਰ ਨੂੰ ਪਾਂਡਾ ਭੇਜੇ ਜਾਣ ਦੀ ਕੋਈ ਯੋਜਨਾ ਨਹੀਂ ਹੈ। ਚੀਨ ਦੇ 'ਬੀਜਿੰਗ ਡੇਲੀ' ਅਖ਼ਬਾਰ ਨੇ ਇਕ ਵਿਸ਼ੇਸ਼ਗ ਦੇ ਹਵਾਲੇ ਨਾਲ ਕਿਹਾ ਹੈ ਕਿ ਜੇ ਤਲਖ਼ੀ ਵਧਦੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਜਪਾਨ ਵਿਚ 'ਪਾਂਡਾ' ਦਿਖਾਈ ਨਹੀਂ ਦੇਵੇਗਾ।
ਜਪਾਨ ਵਿਚ ਪਾਂਡਾ ਕੂਟਨੀਤੀ ਪਹਿਲਾਂ ਵੀ ਰਾਜਨੀਤੀ ਨਾਲ ਟਕਰਾ ਚੁੱਕੀ ਹੈ। ਸੰਨ 2011 ਵਿਚ ਭੁਚਾਲ ਅਤੇ ਸੁਨਾਮੀ ਤੋਂ ਪਿੱਛੋਂ ਸੇਂਦਾਈ ਸ਼ਹਿਰ ਵਿਚ ਪਾਂਡਾ ਲਿਆਉਣ ਦੀ ਯੋਜਨਾ ਸੰਨ 2012 'ਚ ਖੇਤਰੀ ਵਿਵਾਦ ਤੋਂ ਬਾਅਦ ਰੱਦ ਕਰ ਦਿੱਤੀ ਗਈ ਸੀ।
ਪਾਠਕਾਂ ਨੂੰ ਇਹ ਦੱਸਣਾ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਪਹਿਲੀ ਵਾਰ ਜਪਾਨ ਨੂੰ ਇਹ ਪਾਂਡਿਆਂ ਦਾ ਜੋੜਾ ਸੰਨ ਚੀਨ ਨੇ 1972 'ਚ ਤੋਹਫ਼ੇ ਵਜੇਂ ਭੇਜਿਆ ਗਿਆ ਸੀ। ਇਹ ਜੋੜਾ ਦੋਵਾਂ ਦੇਸ਼ਾਂ ਵਿਚਾਲੇ ਸੁਖਾਵੇਂ ਰਾਜਨੀਤਕ ਸੰਬੰਧਾਂ ਦਾ ਪ੍ਰਤੀਕ ਸੀ। ਕਾਲੇ ਚਿੱਟੇ ਡੱਬ-ਖੜੱਬੇ ਪਾਂਡੇ ਜਲਦੀ ਹੀ ਜਪਾਨ ਵਿਚ ਹਰਮਨ-ਪਿਆਰੇ ਹੋ ਗਏ ਸਨ। ਇਨ੍ਹਾ ਨੂੰ ਕੌਮੀ ਪੱਧਰ 'ਤੇ ਮਾਣਮੱਤੇ ਮੰਨਿਆਂ ਜਾਣ ਲੱਗ ਪਿਆ ਸੀ। ਲੰਬੇ ਸਮੇਂ ਤੋਂ ਪਾਂਡਾ ਚੀਨ ਦੀ ਕੂਟਨੀਤੀ ਨਾਲ ਜੁੜਿਆ ਰਿਹਾ। ਸੰਨ 1970 ਦੇ ਦਹਾਕੇ 'ਚ ਚੀਨ ਨੇ ਅਮਰੀਕਾ, ਫਰਾਂਸ, ਬਰਤਾਨੀਆ ਅਤੇ ਜਰਮਨੀ ਜਿਹੇ ਮੁਲਕਾਂ ਨੂੰ ਵੀ ਪਾਂਡੇ ਤੋਹਫ਼ੇ ਵਜੋਂ ਦਿੱਤੇ ਸਨ। ਸੰਨ 1980 ਦੇ ਦਹਾਕੇ ਪਿੱਛੋਂ ਚੀਨ ਨੇ ਤੋਹਫ਼ੇ ਦੀ ਥਾਂ ਪਟਾ (ਲੀਜ਼) ਸਿਸਟਮ ਲਾਗੂ ਕੀਤਾ, ਜਿਸ ਤਹਿਤ ਵਿਦੇਸ਼ੀ ਚਿੜੀਆਘਰ ਸੁਰੱਖਿਅਣ ਅਤੇ ਖੋਜ ਅਧਿਐਨ ਕਰਨ ਦੇ ਇਵਜ਼ ਵਿਚ ਫ਼ੀਸ ਅਦਾ ਕਰਦੇ ਹਨ।

-ਮੋਬਾਈਲ: 97806-67686

ਪਿਛਲੀ ਖ਼ਬਰ ਸੀਰ-ਸਾਂਝ ਅਗਲੀ ਖ਼ਬਰ ਪੰਜਾਬ ਵਿਚ ਸੈਰ ਸਪਾਟੇ ਦੇ ਵਿਕਾਸ ਦੀ ਗੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।