02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਕਦੀ ਪੀਲਾ ਤੇ ਕਦੀ ਹਰਾ ਹਕੀਮ-ਅਮਲਤਾਸ

ਅਜੀਤ ਡੈਸਕ 26-07-2026

ਅਮਲਤਾਸ ਕੇਰਲਮ ਦਾ ਰਾਜ ਫੁੱਲ ਹੈ ਅਤੇ ਥਾਈਲੈਂਡ ਦਾ ਰਾਸ਼ਟਰੀ ਦਰੱਖਤ ਹੈ। ਇਸ ਦਾ ਵਿਗਿਆਨਕ ਨਾਂਅ ਕੇਸ਼ੀਆ ਫਿਸਚੂਲਾ (3ass}a f}stu&a) ਹੈ। ਇਸ ਨੂੰ ਆਰਾਗਵਧ ਜਾਂ ਗੋਲਡਨ ਸ਼ਾਵਰ ਵੀ ਕਿਹਾ ਜਾਂਦਾ ਹੈ। ਇਹ 20 ਮੀਟਰ ਤੱਕ ਲੰਬਾ ਤੇਜ਼ੀ ਨਾਲ ਵਧਣ ਵਾਲਾ ਦਰੱਖਤ ਹੈ। ਅਪ੍ਰੈਲ ਤੋਂ ਜੂਨ ਤੱਕ ਇਸ ਨੂੰ ਪੀਲੇ ਰੰਗ ਦੇ ਝਾਲਰਾਂ ਵਰਗੇ ਫੁੱਲ ਲਗਦੇ ਹਨ। ਜਦੋਂ ਇਸ ਨੂੰ ਫੁੱਲ ਲਗਦੇ ਹਨ ਤਾਂ ਇਸ ਦੇ ਸਾਰੇ ਪੱਤੇ ਝੜ ਜਾਂਦੇ ਹਨ। ਸਿਰਫ ਪੀਲੇ ਰੰਗ ਦੇ ਫੁੱਲਾਂ ਨਾਲ ਲੱਦਿਆ ਦਰੱਖਤ ਬਹੁਤ ਹੀ ਸੁਹਾਵਣੀ ਦਿੱਖ ਦਿੰਦਾ ਹੈ। ਇਸ ਨੂੰ ਡੇਢ ਤੋਂ ਢਾਈ ਫੁੱਟ ਲੰਬੀਆਂ ਫਲੀਆਂ ਲਗਦੀਆਂ ਹਨ, ਜੋ ਪਹਿਲਾਂ ਹਰੀਆਂ ਹੁੰਦੀਆਂ ਹਨ ਅਤੇ ਪੱਕ ਕੇ ਭੂਰੀਆਂ ਜਾਂ ਕਾਲੀਆਂ ਹੋ ਜਾਂਦੀਆਂ ਹਨ। ਇਸ ਪੌਦੇ ਦੇ ਸਾਰੇ ਭਾਗ ਵਰਤਣਯੋਗ ਹੁੰਦੇ ਹਨ। ਇਹ ਠੰਢੀ ਤਾਸੀਰ ਦਾ ਪੌਦਾ ਹੈ ਅਤੇ ਵਾਤ, ਪਿੱਤ ਅਤੇ ਕਫ ਤਿੰਨਾਂ ਦੋਸ਼ਾਂ ਨੂੰ ਹੀ ਸੰਤੁਲਿਤ ਕਰਦਾ ਹੈ। ਹੋਮਿਓਪੈਥੀ ਵਿਚ ਇਸ ਪੌਦੇ ਤੋਂ ਬਣੀ ਦਵਾਈ ਕੇਸ਼ੀਆ ਫਿਸਚੂਲਾ (3ass}a f}stu&a) ਕਬਜ਼ ਦੂਰ ਕਰਨ, ਪਾਚਣਤੰਤਰ ਨੂੰ ਦਰੁੱਸਤ ਕਰਨ, ਜਿਗਰ ਦੇ ਇਲਾਜ, ਚਮੜੀ ਦੀਆਂ ਬਿਮਾਰੀਆਂ ਅਤੇ ਖੰਘ-ਜੁਕਾਮ ਆਦਿ ਦੇ ਇਲਾਜ ਲਈ ਵਰਤੀ ਜਾਂਦੀ ਹੈ।
ਸਭ ਤੋਂ ਜ਼ਿਆਦਾ ਇਸ ਦੀ ਵਰਤੋਂ ਕਬਜ਼ ਦੀ ਸਮੱਸਿਆ ਦੂਰ ਕਰਨ ਲਈ ਕੀਤੀ ਜਾਂਦੀ ਹੈ। ਇਸ ਦੇ ਪੱਤੇ, ਫੁੱਲ, ਫਲੀਆਂ ਅਤੇ ਬੀਜ, ਕਬਜ਼ ਦੇ ਦੁਸ਼ਮਣ ਹਨ। ਇਸ ਦੀਆਂ ਫਲੀਆਂ ਦੇ 5-10 ਗ੍ਰਾਮ ਗੁੱਦੇ ਨੂੰ 4-5 ਘੰਟੇ ਪਾਣੀ ਵਿਚ ਭਿਓਂ ਕੇ ਖਾਣ ਨਾਲ ਕਬਜ਼ ਦੂਰ ਹੁੰਦੀ ਹੈ। ਇਹ ਭੋਜਨ ਨਾਲੀ ਵਿਚ ਪਾਣੀ ਨੂੰ ਸੁੱਕਣ ਤੋਂ ਬਚਾਉਂਦਾ ਹੈ, ਮਲ ਨੂੰ ਨਰਮ ਕਰਕੇ ਉਸ ਦੀ ਗਤੀ ਵਿਚ ਸਹਾਇਕ ਹੁੰਦਾ ਹੈ। ਇਸ ਦੇ ਫੁੱਲਾਂ ਨੂੰ ਕਾੜ੍ਹ ਕੇ ਪੀਣ ਨਾਲ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ ਅਤੇ ਬੁਖਾਰ ਵਿਚ ਲਾਭਦਾਇਕ ਹੈ। ਇਸ ਦੀ ਫਲੀ ਨੂੰ ਸਾੜ ਕੇ ਉਸ ਤੋਂ ਬਣੀ ਰਾਖ ਅਤੇ ਲੂਣ ਨੂੰ ਸ਼ਹਿਦ ਵਿਚ ਮਿਲਾ ਕੇ ਚੱਟਣ ਨਾਲ ਪੁਰਾਣੀ ਖੰਘ ਠੀਕ ਹੁੰਦੀ ਹੈ। ਅਮਲਤਾਸ ਦੇ ਪੱਤਿਆਂ ਦਾ ਰਸ ਜਾਂ ਪੇਸਟ ਨਾਰੀਅਲ ਦੇ ਤੇਲ ਵਿਚ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਦਾਗ, ਧੱਬੇ, ਝੁਰੜੀਆਂ ਅਤੇ ਕਾਲੇ ਘੇਰਿਆਂ ਤੋਂ ਆਰਾਮ ਮਿਲਦਾ ਹੈ। ਇਸ ਦੀਆਂ ਜੜ੍ਹਾਂ ਨੂੰ ਕੁੱਟ ਕੇ ਸਾਰੀ ਰਾਤ ਪਾਣੀ ਵਿਚ ਭਿਓਂ ਕੇ ਰੱਖਣ ਤੋਂ ਬਾਅਦ ਦੇਸੀ ਘਿਓ ਪਾ ਕੇ ਲੈਣ ਨਾਲ ਪਿਸ਼ਾਬ ਦੀ ਜਲਣ ਤੋਂ ਨਿਜਾਤ ਮਿਲਦੀ ਹੈ। ਇਸ ਦੀਆਂ ਜੜ੍ਹਾਂ ਦਾ ਸੇਵਨ ਅਫਾਰੇ, ਗੈਸ ਅਤੇ ਅਲਸਰ ਦੇ ਮਰੀਜ਼ਾਂ ਲਈ ਲਾਭਦਾਇਕ ਹੈ।
ਅਮਲਤਾਸ ਵਿਚ ਅਜਿਹੇ ਤੱਤ ਹੁੰਦੇ ਹਨ, ਜੋ ਕਿ ਵਗਦੇ ਖੂਨ ਦੇ ਜੰਮਣ ਅਤੇ ਜ਼ਖ਼ਮ ਭਰਨ ਵਿਚ ਸਹਾਇਕ ਹੁੰਦੇ ਹਨ। ਇਸ ਲਈ ਜਿਨ੍ਹਾਂ ਮਰੀਜ਼ਾਂ ਨੂੰ ਜ਼ਿਆਦਾ ਖੂਨ ਵਗਣ ਅਤੇ ਇਨਫੈਕਸ਼ਨ ਦੀ ਸ਼ਿਕਾਇਤ ਹੁੰਦੀ ਹੈ, ਉਨ੍ਹਾਂ ਲਈ ਇਸ ਦੇ ਪੱਤਿਆਂ ਦਾ ਸ਼ਹਿਦ ਵਿਚ ਮਿਲਾ ਕੇ ਬਣਾਇਆ ਪੇਸਟ ਜ਼ਖ਼ਮਾਂ 'ਤੇ ਲਾਉਣਾ ਗੁਣਕਾਰੀ ਮੰਨਿਆ ਜਾਂਦਾ ਹੈ। ਇਸ ਦੇ ਗੁੱਦੇ ਨੂੰ ਤਿਲਾਂ ਦੇ ਤੇਲ ਵਿਚ ਮਸਲ ਕੇ ਧੁੰਨੀ ਦੁਆਲੇ ਮਾਲਿਸ਼ ਕਰਨ ਨਾਲ ਪੇਟ ਦਰਦ ਅਤੇ ਗੈਸ ਤੋਂ ਛੁਟਕਾਰਾ ਮਿਲਦਾ ਹੈ। ਅਮਲਤਾਸ ਦੇ ਫੁੱਲਾਂ ਦਾ ਗੁਲਕੰਦ ਕਬਜ਼ ਲਈ ਲਾਭਦਾਇਕ ਹੈ ਅਤੇ ਸਰੀਰ ਨੂੰ ਤਾਜ਼ਗੀ ਦਿੰਦਾ ਹੈ। ਚਾਹਪੱਤੀ ਦੀ ਜਗ੍ਹਾ ਅਮਲਤਾਸ ਦੀਆਂ ਫਲੀਆਂ ਦਾ ਗੁੱਦਾ ਪਾ ਕੇ ਬਣਾਈ ਚਾਹ ਜਾਂ ਦੁੱਧ ਪੱਤੀ ਸਵਾਦ ਅਤੇ ਸਰੀਰ ਲਈ ਬਾਕਮਾਲ ਹੁੰਦੀ ਹੈ। ਅਮਲਤਾਸ ਦਾ ਸੇਵਨ ਚੰਗੇ ਕੋਲੈਸਟਰੋਲ ਨੂੰ ਵਧਾਉਂਦਾ ਅਤੇ ਮਾੜੇ ਕੋਲੈਸਟਰੋਲ ਨੂੰ ਘਟਾਉਂਦਾ ਹੈ। ਇਹ ਦਿਲ ਦੀਆਂ ਮਾਸਪੇਸ਼ੀਆਂ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ ਅਤੇ ਖੂਨ ਦੀਆਂ ਨਾੜੀਆਂ ਨੂੰ ਸਾਫ਼ ਰੱਖਦਾ ਹੈ। ਇਹ ਜਿਗਰ ਦੀ ਸਫ਼ਾਈ ਕਰਦਾ ਹੈ ਅਤੇ ਪੀਲੀਏ ਦੇ ਮਰੀਜ਼ਾਂ ਲਈ ਲਾਭਕਾਰੀ ਹੈ।
ਅਮਲਤਾਸ ਦਾ ਕੱਚਾ ਸੇਵਨ ਉਲਟੀਆਂ ਅਤੇ ਪੇਟ ਦਰਦ ਕਰ ਸਕਦਾ ਹੈ। ਨਵ-ਜੰਮੇ ਬੱਚੇ ਅਤੇ ਗਰਭਵਤੀ ਮਹਿਲਾਵਾਂ ਵਾਸਤੇ ਇਸ ਦਾ ਪ੍ਰਯੋਗ ਸਿਫ਼ਾਰਿਸ਼ਯੋਗ ਨਹੀਂ ਹੈ।
-ਮੋਬਾਈਲ : 8558831900

ਪਿਛਲੀ ਖ਼ਬਰ 'ਸਾਹਿਰ' ਲੁਧਿਆਣਵੀ (08 ਮਾਰਚ 1921 ਤੋਂ 25 ਅਕਤੂਬਰ, 1980 ਤੱਕ) ਅਗਲੀ ਖ਼ਬਰ ...ਤੇ ਹੁਣ ਵਾਰੀ ਮੋਰ ਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।