02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

'ਸਾਹਿਰ' ਲੁਧਿਆਣਵੀ (08 ਮਾਰਚ 1921 ਤੋਂ 25 ਅਕਤੂਬਰ, 1980 ਤੱਕ)

ਅਜੀਤ ਡੈਸਕ 26-07-2026

ਅਬਦੁਲ ਹੱਈ, ਜੋ ਇਕ ਸ਼ਾਇਰ ਤੇ ਫ਼ਿਲਮੀ ਗੀਤਕਾਰ ਵੱਜੋਂ 'ਸਾਹਿਰ' ਲੁਧਿਆਣਵੀ ਦੇ ਤਖ਼ਲੁੱਸ ਤੇ ਉਪਨਾਮ ਨਾਲ ਚਮਕਿਆ, 08 ਮਾਰਚ 1921 ਨੂੰ ਮੁਹੱਲਾ ਕਰੀਮਪੁਰਾ, ਲੁਧਿਆਣਾ (ਪੰਜਾਬ) ਦੇ ਇਕ ਅਮੀਰ ਗੁੱਜਰ ਪਰਿਵਾਰ ਵਿਚ ਪੈਦਾ ਹੋਇਆ। ਉਸ ਦੀ ਮਾਂ ਸਰਦਾਰ ਬੇਗਮ ਦਾ ਪਿਛੋਕੜ ਕਸ਼ਮੀਰ ਤੋਂ ਸੀ ਤੇ ਉਸ ਦਾ ਆਪਣੇ ਪਤੀ ਫਜ਼ਲ ਮੁਹੰਮਦ ਤੋਂ ਤਲਾਕ ਹੋ ਗਿਆ ਸੀ। ਜਿਸ ਨੇ ਇਕ ਤੋਂ ਬਾਅਦ ਇਕ ਕਈ ਸ਼ਾਦੀਆਂ ਕੀਤੀਆਂ ਪਰ ਹੋਰ ਕਿਸੇ ਤੋਂ ਔਲਾਦ ਨਾ ਮਿਲੀ। 'ਸਾਹਿਰ' ਦੇ ਪਿਓ ਨੇ ਸਰਦਾਰ ਬੇਗਮ ਤੋਂ ਪੁੱਤਰ ਨੂੰ ਖੋਹਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪ੍ਰੰਤੂ ਸਫ਼ਲ ਨਾ ਹੋਇਆ। ਉਸ ਨੇ 'ਸਾਹਿਰ' ਦੀ ਮਾਂ ਨੂੰ ਬੇਹੱਦ ਤੰਗ ਕੀਤਾ। ਮਾਤਾ-ਪਿਤਾ ਦੇ ਤਲਾਕ ਕਾਰਨ 'ਸਾਹਿਰ' ਦਾ ਬਚਪਨ ਸੰਘਰਸ਼ਾਂ ਵਿਚ ਬੀਤਿਆ ਅਤੇ ਉਸ ਦਾ ਪਾਲਣ-ਪੋਸ਼ਣ ਉਸ ਦੀ ਮਾਂ ਨੇ ਇਕੱਲਿਆਂ ਕੀਤਾ।
'ਸਾਹਿਰ' ਦਾ ਬਚਪਨ ਤੇ ਜਵਾਨੀ ਬਹੁਤ ਕਰੜੇ ਤੇ ਔਖਿਆਈ ਦੇ ਸਮੇਂ ਸਨ। ਉਸ ਦੇ ਦੋਸਤ ਕਵੀ ਅਹਿਮਦ 'ਰਾਹੀ' (ਲਾਹੌਰ) ਦੇ ਹਵਾਲੇ ਨਾਲ, ਉਸ ਦੇ ਜੀਵਨੀ-ਲੇਖਕ ਸੁਰਿੰਦਰ ਦਿਓਲ ਨੇ 'ਸਾਹਿਰ' ਦੇ ਇਕ 'ਸਾਹਿਤਕ ਚਿੱਤਰ' ਵਿਚ ਲਿਖਿਆ ਹੈ ਕਿ 'ਉਹ ਦੁਨੀਆਂ ਵਿਚ ਸਭ ਤੋਂ ਵੱਧ ਪਿਆਰ ਆਪਣੀ ਮਾਂ ਨੂੰ ਤੇ ਸਭ ਤੋਂ ਵੱਧ ਨਫ਼ਰਤ, ਆਪਣੇ ਪਿਓ ਨੂੰ ਕਰਦਾ ਸੀ।
ਆਰੰਭ ਦੀ ਸਿੱਖਿਆ ਉਸ ਨੇ ਲੁਧਿਆਣੇ ਦੇ ਖ਼ਾਲਸਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਉਸ ਨੇ ਆਪਣੀ ਕਲਮ ਅਤੇ ਕ੍ਰਾਂਤੀਕਾਰੀ ਗੀਤਾਂ ਦੇ ਨਾਲ ਹਿੰਦੀ ਸਿਨੇਮਾ ਅਤੇ ਉਰਦੂ ਸਾਹਿਤ ਵਿਚ ਇਕ ਅਮਿੱਟ ਛਾਪ ਛੱਡੀ। 'ਸਾਹਿਰ' ਗੌਰਮਿੰਟ ਕਾਲਜ ਲੁਧਿਆਣਾ ਵਿਚ ਚਾਰ ਸਾਲ ਪੜ੍ਹਿਆ ਪਰ ਬੀ.ਏ. ਦੀ ਡਿਗਰੀ ਨਾ ਲੈ ਸਕਿਆ। ਕਹਿੰਦੇ ਹਨ ਉਹ ਆਪਣੀ ਪ੍ਰੇਮਿਕਾ ਨਾਲ ਕਾਲਜ ਦੇ ਪ੍ਰਿੰਸੀਪਲ ਦੇ ਰਿਹਾਇਸ਼ੀ ਲਾਅਨ ਵਿਚ ਫੜਿਆ ਗਿਆ, ਤੇ ਬਤੌਰ ਵਿਦਿਆਰਥੀ ਉਸ ਦਾ ਨਾਮ ਕੱਟ ਦਿੱਤਾ ਗਿਆ। ਉਸ ਦੀ 'ਨਜ਼ਰੇ-ਕਾਲਜ' ਨਜ਼ਮ ਦੇ ਸ਼ੇਅਰ ਹਨ:
ਤੂ ਆਜ ਭੀ ਹੈ ਮੇਰੇ ਲੀਏ ਜੱਨਤੇ-ਖ਼ਿਆਲ
ਹੈਂ ਤੁਝ ਮੇਂ ਦਫ਼ਨ ਮੇਰੀ ਜਵਾਨੀ ਕੇ ਚਾਰ ਸਾਲ
------
ਲੇਕਿਨ ਹਮ ਇਨ ਫਜ਼ਾਓਂ ਕੇ ਪਾਲੇ ਹੂਏ ਤੋ ਹੈਂ
ਗਰ ਯਾਂ ਨਹੀਂ ਯਾਂ ਸੇ ਨਿਕਾਲੇ ਹੂਏ ਤੋ ਹੈਂ।
ਜਵਾਨੀ ਅਵਸਥਾ ਵਿਚ ਹੀ 'ਸਾਹਿਰ' ਦੀ ਸ਼ਾਇਰੀ ਤੇ ਜ਼ਿੰਦਗੀ ਬਹੁਤ ਚਰਚਿਤ ਹੋ ਗਏ। ਕਾਲਜ ਦੇ ਦਿਨਾਂ ਵਿਚ ਹੀ ਉਹ ਆਪਣੀਆਂ 'ਗ਼ਜ਼ਲਾਂ' ਅਤੇ 'ਨਜ਼ਮਾਂ' ਲਈ ਬਹੁਤ ਹਰਮਨ ਪਿਆਰਾ ਸ਼ਾਇਰ ਹੋ ਗਿਆ। 'ਸਾਹਿਰ' ਦੀ ਸ਼ਾਇਰੀ ਦਾ ਪਹਿਲਾ ਕਾਵਿ-ਸੰਗ੍ਰਹਿ 'ਤਲਖ਼ੀਆਂ' ਸਾਲ 1943 ਵਿਚ 'ਪ੍ਰੀਤਲੜੀ' ਪ੍ਰੈੱਸ ਨੇ ਛਾਪਿਆ ਸੀ, ਜਿਸ ਦੇ ਛਪਣਸਾਰ ਸਾਹਿਤਕ ਹਲਕਿਆਂ ਵਿਚ ਤਹੱਲਕਾ ਮੱਚ ਗਿਆ ਤੇ ਉਸ ਦੀ ਗਿਣਤੀ ਨਵੇਂ ਉੱਭਰਦੇ ਸ਼ਾਇਰਾਂ ਵਿਚ ਹੋਣ ਲੱਗੀ। ਅਹਿਮਦ ਨਦੀਮ 'ਕਾਸਮੀ' ਨੇ 'ਤਲਖ਼ੀਆਂ' ਦੀ ਭੂਮਿਕਾ ਵਿਚ ਜੋ ਲਿਖਿਆ ਸੀ, ਉਹ ਸੱਚ ਹੈ ਕਿ 'ਸਾਹਿਰ' ਵਰਗੀ ਵਿਲੱਖਣਤਾ (ਇਨਫ਼ਰਾਦਿਅਤ) ਹੋਰ ਕਿਸੇ ਨਵੇਂ ਸ਼ਾਇਰ ਵਿਚ ਨਹੀਂ ਦਿਸਦੀ। ਉਸ ਦਾ ਅਗਲਾ ਗੁਣ 'ਕਾਸਮੀ' ਮੁਤਾਬਿਕ 'ਅਹਿਸਾਸ ਦੀ ਸ਼ਿੱਦਤ' ਸੀ; ਭਾਵ 'ਸਾਹਿਰ' ਦੀ ਸ਼ਾਇਰੀ ਵਿਚ ਭਾਵਨਾਵਾਂ ਦਾ ਇਕ ਹੜ੍ਹ ਸੀ। ਹੋਰ ਨਵੇਂ ਸ਼ਾਇਰਾਂ ਵਾਂਗ ਉਹ ਪ੍ਰਗਤੀਸ਼ੀਲ ਸਾਹਿੱਤਕ ਲਹਿਰ ਦਾ ਨੁਮਾਇੰਦਾ ਬਣਿਆ। 'ਸਾਹਿਰ' ਨੇ ਦੇਸ਼ ਦੀ ਵੰਡ ਤੋਂ ਪਹਿਲਾਂ 'ਸਵੇਰਾ', 'ਅਦਬੇ-ਲਤੀਫ਼' ਅਤੇ 'ਸ਼ਾਹਕਾਰ' ਵਰਗੀਆਂ ਕਈ ਉਰਦੂ ਪੱਤ੍ਰਿਕਾਵਾਂ ਦਾ ਸੰਪਾਦਨ ਵੀ ਕੀਤਾ, ਜੋ ਸਾਰੀਆਂ ਲਾਹੌਰ ਤੋਂ ਛਪਦੀਆਂ ਸਨ।
ਉਸ ਸਮੇਂ ਵਿਚ ਖੱਬੇ ਪੱਖੀ ਵਿਚਾਰ ਬਹੁਤ ਨੌਜਵਨਾਂ ਦੇ ਦਿਲੋ ਦਿਮਾਗ਼ 'ਤੇ ਛਾਏ ਹੋਏ ਸਨ। 'ਸਾਹਿਰ' ਨੇ ਵੀ ਮਾਰਕਸਿਜ਼ਮ ਦੇ ਹੱਕ ਵਿਚ ਕਾਫ਼ੀ ਕੁਝ ਲਿਖਿਆ ਤੇ ਪਾਕਿਸਤਾਨ ਸਰਕਾਰ ਨੇ ਉਸ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਜਿਸ ਉਪਰੰਤ ਉਹ ਚੋਰੀ ਛਿਪੇ ਭਾਰਤ ਵਿਚ ਆ ਗਿਆ। ਕੁਝ ਦਿਨ ਦਿੱਲੀ ਰਹਿਣ ਮਗਰੋਂ ਫ਼ਿਲਮ ਨਗਰੀ ਬੰਬਈ (ਹੁਣ ਮੁੰਬਈ) ਚਲਾ ਗਿਆ ਤੇ 25 ਅਕਤੂਬਰ 1980, ਆਖ਼ਰੀ ਸਵਾਸਾਂ ਤੱਕ ਉੱਥੇ ਹੀ ਰਿਹਾ।
'ਸਾਹਿਰ' ਦੇ ਨਾਮ ਨਾਲ ਉਸ ਦੀ ਜ਼ਿੰਦਗੀ ਵਿਚ ਦੋ ਔਰਤਾਂ ਦੇ ਪਿਆਰ ਦੇ ਕਿੱਸੇ ਜੁੜੇ ਹਨ। ਇਕ 'ਅੰਮ੍ਰਿਤਾ ਪ੍ਰੀਤਮ' ਜਿਸ ਨੇ ਆਪਣੀ ਪੁਸਤਕ (ਰਸੀਦੀ ਟਿਕਟ) ਵਿਚ ਇਸ ਦੀ ਵਿਆਖਿਆ ਕੀਤੀ ਤੇ ਦੂਜੀ 'ਸੁਧਾ ਮਲਹੋਤਰਾ' ਨਾਲ ਉਸ ਦੇ ਸੰਬੰਧ ਰਹੇ ਤੇ ਸੁਧਾ ਨੇ 'ਸਾਹਿਰ' ਦੇ ਕਈ ਗੀਤ ਆਪਣੀ ਮਧੁਰ ਆਵਾਜ਼ ਵਿਚ ਗਾਏ। ਇਹ ਪ੍ਰਪੱਕ ਮੰਨਤ ਹੈ ਕਿ 'ਸਾਹਿਰ' ਲੁਧਿਆਣਵੀ, 'ਕੈਫੀ' ਆਜ਼ਮੀ, ਜਾਨ ਨਿਸਾਰ 'ਅਖ਼ਤਰ' ਤੇ ਗੁਲਜ਼ਾਰ ਵਰਗੇ ਸ਼ਾਇਰਾਂ ਨੇ ਹਿੰਦੀ ਫ਼ਿਲਮੀ ਗੀਤਾਂ ਦਾ ਪੱਧਰ ਬੁਲੰਦ ਕੀਤਾ ਤੇ ਬਹੁਤ ਸਾਫ਼ ਸੁਥਰਾ ਰੱਖਿਆ। ਪ੍ਰਮੁੱਖ ਫ਼ਿਲਮਾਂ ਜਿਵੇਂ ਕਿ:- ਪਿਆਸਾ, ਧੂਲ ਕਾ ਫੂਲ, ਵਕਤ, ਕਭੀ ਕਭੀ, ਤ੍ਰਿਸ਼ੂਲ ਆਦਿ ਵਿਚ ਉਸ ਦੀਆਂ ਲਿਖੀਆਂ ਹੋਈਆਂ ਪੰਕਤੀਆਂ ਅੱਜ ਵੀ ਲੋਕ ਦਿਲਾਂ 'ਤੇ ਅੰਕਿਤ ਹਨ।
'ਸਾਹਿਰ' ਦੀ ਸ਼ਾਇਰੀ ਵਿਚ ਪ੍ਰੇਮ, ਸਮਾਜਿਕ ਨਾਬਰਾਬਰੀ ਅਤੇ ਕ੍ਰਾਂਤੀ ਦਾ ਅਨੋਖਾ ਸੰਗਮ ਦੇਖਣ ਨੂੰ ਮਿਲਦਾ ਹੈ। ਉਹ ਪ੍ਰਗਤੀਸ਼ੀਲ ਲੇਖਕ ਸੰਘ ਨਾਲ ਜੁੜਿਆ ਰਿਹਾ ਅਤੇ ਆਪਣੀਆਂ ਕਵਿਤਾਵਾਂ ਵਿਚ ਕਦੀ ਵੀ ਧਰਮ ਜਾਂ ਰਾਸ਼ਟਰ ਦੀਆਂ ਸੀਮਾਵਾਂ ਨੂੰ ਆੜੇ ਨਹੀਂ ਆਉਣ ਦਿੱਤਾ। ਉਹ ਇਕ ਅਜਿਹਾ ਯਥਾਰਥਵਾਦੀ ਰਚਨਾਕਾਰ ਸੀ ਜਿਸ ਨੇ ਆਪਣੀ ਕਲਮ ਦਾ ਉਪਯੋਗ ਸਮਾਜ ਦੀਆਂ ਕੁਰੀਤੀਆਂ ਅਤੇ ਜ਼ੁਲਮ ਖ਼ਿਲਾਫ਼ ਆਵਾਜ਼ ਉਠਾਉਣ ਲਈ ਕੀਤਾ।
ਹਿੰਦੀ ਸਿਨੇਮਾ ਵਿਚ ਉਨ੍ਹਾਂ ਦੇ ਯੋਗਦਾਨ ਦੇ ਲਈ ਉਸ ਨੂੰ ਦੋ ਵਾਰ 'ਫ਼ਿਲਮਫੇਅਰ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ-ਇਕ ਵਾਰ ਫ਼ਿਲਮ 'ਤਾਜਮਹੱਲ' (1963) ਦੇ ਗੀਤਾਂ ਲਈ ਅਤੇ ਦੂਸਰੀ ਵਾਰ ਫ਼ਿਲਮ 'ਕਭੀ ਕਭੀ' (1976) ਦੇ ਗੀਤ ਲਈ।
ਭਾਰਤ ਸਰਕਾਰ ਨੇ ਸਾਲ 1971 ਵਿਚ ਉਸ ਦੀ ਸਾਹਿਤਕ ਤੇ ਸੱਭਿਆਚਾਰਕ ਖੇਤਰ ਵਿਚ ਉੱਤਮ ਦੇਣ ਲਈ 'ਪਦਮਸ੍ਰੀ' ਦਾ ਸਨਮਾਨ ਦਿੱਤਾ ਤੇ ਸਰਕਾਰ ਦੇ ਡਾਕ ਮਹਿਕਮੇ ਨੇ 'ਡਾਕ ਟਿਕਟ' ਵੀ ਜਾਰੀ ਕੀਤਾ।
'ਸਾਹਿਰ' ਲੁਧਿਆਣਵੀ ਦੀ ਕਵਿਤਾ 'ਤਾਜ ਮਹੱਲ' ਦੀਆਂ ਕੁਝ ਪੰਕਤੀਆਂ ਪਾਠਕਾਂ ਦੀ ਨਜ਼ਰ ਕੀਤੀਆਂ ਜਾਂਦੀਆਂ ਹਨ:
ਤਾਜ ਤੇਰੇ ਲੀਏ ਏਕ ਮਜ਼ਹਰੇ-ਉਲਫ਼ਤ1 ਹੀ ਸਹੀ
ਤੁਝ ਕੋ ਇਸ ਵਾਦੀਏ-ਰੰਗੀੇਂ ਸੇ ਅਕੀਦਤ2 ਹੀ ਸਹੀ
ਮੇਰੀ ਮਹਿਬੂਬ ਕਹੀਂ ਔਰ ਮਿਲਾ ਕਰ ਮੁਝ ਸੇ
ਬਜ਼ਮੇ-ਸ਼ਾਹੀ3 ਮੇਂ ਗ਼ਰੀਬੋਂ ਕਾ ਗੁਜ਼ਰ ਕਿਆ ਮਾਅਨੀ
ਸਬਤ4 ਜਿਸ ਰਾਹ ਮੇਂ ਹੋਂ ਸਤਵਤੇ-ਸ਼ਾਹੀ5 ਕੇ ਨਿਸ਼ਾਂ
ਉਸ ਪੇ ਦੋ ਉਲਫ਼ਤ ਭਰੀ ਰੂਹੋਂ ਕਾ ਸਫ਼ਰ ਕਿਆ ਮਾਅਨੀ
ਮੇਰੀ ਮਹਿਬੂਬ ਪਸੇ-ਪਰਦਾ-ਏ-ਤਸ਼ਹੀਰੇ-ਵਫ਼ਾ6
ਤੂ ਨੇ ਸਤਵਤ7 ਕੇ ਨਿਸ਼ਾਨੋਂ ਕੋ ਤੋ ਦੇਖਾ ਹੋਤਾ
ਮੁਰਦਾ-ਸ਼ਾਹੋਂ8 ਕੇ ਮਕਾਬਿਰ9 ਸੇ ਬਹਲਨੇ ਵਾਲੀ
ਅਪਨੇ ਤਾਰੀਕ10 ਮਕਾਨੋਂ ਕੋ ਤੋ ਦੇਖਾ ਹੋਤਾ
ਯੇਹ ਚਮਨ-ਜ਼ਾਰ11 ਯੇਹ ਜਮਨਾ ਕਾ ਕਿਨਾਰਾ, ਯੇਹ ਮਹੱਲ
ਯੇਹ ਮੁਨੱਕਸ਼12, ਦਰ-ਔ-ਦੀਵਾਰ, ਯੇਹ ਮੇਹਰਾਬ, ਯੇਹ ਤਾਕ
ਇਕ ਸ਼ਹਿਨਸ਼ਾਹ ਨੇ ਤਾਕਤ ਕਾ ਸਹਾਰਾ ਲੇਕਰ
ਹਮ ਗ਼ਰੀਬੋਂ ਕੀ ਮੁਹੱਬਤ ਕਾ ਉਡਾਇਆ ਹੈ ਮਜ਼ਾਕ
ਮੇਰੀ ਮਹਿਬੂਬ ਕਹੀਂ ਔਰ ਮਿਲਾ ਕਰ ਮੁਝ ਸੇ।
'ਸਾਹਿਰ' ਦੇ ਕੁਝ ਸ਼ੇਅਰਾਂ ਨੂੰ ਪਾਠਕ ਪਸੰਦ ਕਰਨਗੇ, ਜਿਵੇਂ
ਜੋ ਸਾਜ਼ ਸੇ ਨਿਕਲੀ ਹੈ, ਵੋਹ ਧੁਨ ਸਬ ਨੇ ਸੁਨੀ ਹੈ,
ਜੋ ਤਾਰ ਪੇ ਗੁਜ਼ਰੀ ਹੈ ਵੋਹ ਕਿਸ ਦਿਲ ਕੋ ਪਤਾ
ਹਮ ਫ਼ੂਲ ਹੈਂ ਔਰੋਂ ਕੇ ਲੀਏ ਲਾਏ ਹੈਂ ਖ਼ੁਸ਼ਬੂ,
ਅਪਨੇ ਲੀਏ ਲੇ ਦੇ ਕੇ ਇਕ ਦਰਦ ਮਿਲਾ ਹੈ।
ਅਬ ਆਏਂ ਯਾ ਨਾ ਆਏਂ ਇਧਰ ਪੂਛਤੇ ਚਲੋ
ਕਿਆ ਚਾਹਤੀ ਹੈ ਉਨ ਕੀ ਨਜ਼ਰ ਪੂਛਤੇ ਚਲੋ
ਹਮ ਸੇ ਅਗਰ ਹੈ ਤਰਕੇ-ਤਉਲੁਕ ਤੋ ਕਿਆ ਹੂਆ
ਯਾਰੋ ਕੋਈ ਤੋ ਉਨ ਕੀ ਖ਼ਬਰ ਪੂਛਤੇ ਚਲੋ
ਜੋ ਖ਼ੁਦ ਕੋ ਕਹਿ ਰਹੇ ਹੈਂ ਕਿ ਮੰਜ਼ਿਲ-ਸ਼ਨਾਸ ਹੈਂ
ਉਨ ਕੋ ਭੀ ਕਿਆ ਖ਼ਬਰ ਹੈ ਮਗਰ ਪੂਛਤੇ ਚਲੋ।
1. ਪਿਆਰ ਦਾ ਵਾਅਦਾ 2. ਸ਼ਰਧਾ 3. ਰਾਜੇ ਦੀ ਸਭਾ 4. ਅੰਕਿਤ 5. ਰਾਜਸੀ ਮਹਿਮਾ 6. ਵਫ਼ਾ ਦੇ ਦਿਖਾਵੇ ਦੇ ਪਰਦੇ ਦੇ ਪਿੱਛੇ 7. ਤਾਕਤ 8. ਮੁਰਦਾ ਰਾਜਾ 9. ਮਕਬਰੇ, ਕਬਰਾਂ 10. ਹਨੇਰਾ 11. ਬਗ਼ੀਚਾ 12. ਉਕੇਰਨਾ, ਤਰਾਸ਼ਨਾ
-0-

ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ * ਅਗਲੀ ਖ਼ਬਰ ਕਦੀ ਪੀਲਾ ਤੇ ਕਦੀ ਹਰਾ ਹਕੀਮ-ਅਮਲਤਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।