23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਅੱਧੀ ਰਾਤ ਨੂੰ ਮਿਲੀ ਆਜ਼ਾਦੀ ਦੀ ਦਾਸਤਾਨ

ਅੱਧੀ ਰਾਤ ਨੂੰ ਮਿਲੀ ਆਜ਼ਾਦੀ ਦੀ ਦਾਸਤਾਨ

ਅਜੀਤ ਡੈਸਕ 23-08-2026

ਮਨੁੱਖ ਆਪਣੇ ਸੁਭਾਅ ਅਨੁਸਾਰ ਸਹਿਜੇ ਹੀ ਕਿਸੇ ਨਾਟਕ ਜਾਂ ਫ਼ਿਲਮ ਨੂੰ  ਪਰਦੇ 'ਤੇ ਦੇਖਦਿਆਂ ਇਸ ਦੇ ਪਾਤਰਾਂ ਨੂੰ  ਨਾਇਕ ਜਾਂ ਖਲਨਾਇਕ ਦੀ ਸ਼੍ਰੇਣੀ ਵਿਚ ਵੰਡ ਲੈਂਦਾ ਹੈ | ਸ਼ਾਇਦ ਹੀ ਕੋਈ ਦਰਸ਼ਕ ਉਨ੍ਹਾਂ ਪਾਤਰਾਂ ਦੇ ਮਨੋਵਿਗਿਆਨ ਤੱਕ ਪਹੁੰਚਣ ਦਾ ਯਤਨ ਕਰਦਾ ਹੋਵੇ | ਅਸਲ ਵਿਚ ਚੰਗਾ ਜਾਂ ਮਾੜਾ ਕੁਝ ਨਹੀਂ ਹੁੰਦਾ, ਡੂੰਘਾਈ ਨਾਲ ਸੋਚਿਆ ਜਾਵੇ ਤਾਂ ਅਲਬਰਟ ਆਈਨਸਟਾਈਨ ਦਾ ਸਾਪੇਖਤਾ ਦਾ ਸਿਧਾਂਤ ਕੇਵਲ ਭੌਤਿਕ ਵਿਗਿਆਨ ਤੱਕ ਸੀਮਤ ਨਾ ਰਹਿ ਕੇ ਸਮੁੱਚੀ ਮਾਨਵ ਜਾਤੀ ਦੇ ਮਨੋਵਿਗਿਆਨ ਨੂੰ  ਵੀ ਆਪਣੇ ਕਲਾਵੇ ਵਿਚ ਲਪੇਟ ਲੈਂਦਾ ਹੈ | ਭਾਵ ਕਿ ਹਰ ਮਨੁੱਖੀ ਮਨ ਦਾ ਕਿਸੇ ਸਥਿਤੀ ਨੂੰ  ਸਮਝਣ ਤੇ ਉਸ ਦਾ ਪ੍ਰਤੀਕਰਮ ਦੇਣ ਦਾ ਦਿ੍ਸ਼ਟੀਕੋਣ ਵੱਖੋ-ਵੱਖਰਾ ਹੁੰਦਾ ਹੈ | 
ਬਚਪਨ ਤੋਂ ਹੀ ਭਾਰਤ ਦੀ ਆਜ਼ਾਦੀ ਦਾ ਸੰਘਰਸ਼ ਮੇਰੀ ਨਿੱਜੀ ਦਿਲਚਸਪੀ ਦਾ ਵਿਸ਼ਾ ਰਿਹਾ ਹੈ | ਮੇਰੇ ਲਈ ਇਹ ਸੰਘਰਸ਼ 20ਵੀਂ ਸਦੀ ਦੀ ਪਹਿਲੀ ਅਰਧ ਸ਼ਤਾਬਦੀ ਦੇ ਦੇਸ਼ਕਾਲ ਦੌਰਾਨ ਖੇਡਿਆ ਗਿਆ ਇਕ ਮਹਾਂਨਾਟ ਹੈ | ਪਰ ਮੇਰੇ ਮਨ ਦਾ ਕੈਨਵਸ ਇਨ੍ਹਾਂ ਪਾਤਰਾਂ ਨੂੰ  ਨਾਇਕ ਜਾਂ ਖਲਨਾਇਕ ਦੇ ਬਿੰਬਾਂ ਵਜੋਂ ਚਿਤਰੇ ਜਾਣ ਤੋਂ ਇਨਕਾਰੀ ਹੁੰਦਿਆਂ ਹਮੇਸ਼ਾ ਕਿਸੇ ਨਿਰਪੱਖ ਲਿਖਤ ਨੂੰ  ਪੜ੍ਹਨ ਲਈ ਉਤਸੁਕ ਰਹਿੰਦਾ ਹੈ | ਇਸੇ ਖੋਜ ਦੌਰਾਨ ਪਿਛਲੇ ਦਿਨੀਂ ਮੇਰੇ ਹੱਥ ਦੋ ਗ਼ੈਰ-ਭਾਰਤੀ ਲੇਖਕਾਂ ਦੁਆਰਾ ਲਿਖੀ ਗਈ ਪੁਸਤਕ 6reedom at Midnight (1975) ਦਾ ਪੰਜਾਬੀ ਅਨੁਵਾਦ 'ਅੱਧੀ ਰਾਤ ਨੂੰ  ਅਜ਼ਾਦੀ' ਲੱਗਾ | ਦਿਲਚਸਪ ਗੱਲ ਇਹ ਹੈ ਕਿ ਇਸ ਕਿਤਾਬ ਦੇ ਲੇਖਕ ਲੈਰੀ ਕਾਲੰਸ ਅਮਰੀਕਾ ਦੇ ਪ੍ਰਸਿੱਧ ਪੱਤਰਕਾਰ ਅਤੇ ਦਾਮੀਨਿਕ ਲੈਪੀਅਰ ਫਰਾਂਸ ਦੇ ਉੱਘੇ ਲੇਖਕ ਹਨ, ਜਿਨ੍ਹਾਂ ਕੋਲ ਕਿਸੇ ਵੀ ਧਿਰ (ਹਿੰਦੂ /ਮੁਸਲਿਮ/ ਸਿੱਖ ) ਦਾ ਪੱਖਪਾਤ ਕਰਨ ਦਾ ਕੋਈ ਆਧਾਰ ਹੀ ਨਹੀਂ ਸੀ | ਇਸ ਬਹੁਤ ਚਰਚਿਤ ਕਿਤਾਬ ਦਾ ਪੰਜਾਬੀ ਅਨੁਵਾਦ 'ਪੀਪਲਜ਼ ਫੋਰਮ ਬਰਗਾੜੀ, ਪੰਜਾਬ' ਵਲੋਂ ਛਾਪਿਆ ਗਿਆ ਹੈ | ਅਨੁਵਾਦ ਭੁਪਿੰਦਰਪਾਲ ਸਿੰਘ ਜੈਤੋ ਜੀ ਨੇ ਕੀਤਾ ਹੈ | ਤੱਥਾਂ 'ਤੇ ਆਧਾਰਿਤ ਇਸ ਵੱਡ-ਆਕਾਰੀ ਕਿਤਾਬ ਨੂੰ  ਲਿਖਣ ਲਈ ਨਾ ਸਿਰਫ ਇਤਿਹਾਸਕ ਦਸਤਾਵੇਜ਼ਾਂ ਨੂੰ  ਬਲਕਿ ਉਸ ਵੇਲੇ ਦੇ ਬਹੁਤ ਸਾਰੇ ਚਸ਼ਮਦੀਦ ਗਵਾਹਾਂ ਨਾਲ ਨਿੱਜੀ ਤੇ ਰਿਕਾਰਡ ਕੀਤੀਆਂ ਹੋਈਆਂ ਮੁਲਾਕਾਤਾਂ ਨੂੰ  ਵੀ ਖੋਜ ਵਿਚ ਸ਼ਾਮਿਲ ਕੀਤਾ ਗਿਆ ਹੈ | ਆਓ! ਇਸ ਮਹਾਂਨਾਟ ਦੇ ਅਹਿਮ ਕਿਰਦਾਰਾਂ ਤੇ ਉਸ ਵੇਲੇ ਦੀ ਸਥਿਤੀ ਨੂੰ  ਸਮਝਣ ਦੀ ਦੀ ਕੋਸ਼ਿਸ਼ ਕਰੀਏ |
ਇਹ ਗੱਲ 1947 ਦੇ ਪਹਿਲੇ ਦਿਨ ਤੋਂ ਸ਼ੁਰੂ ਹੁੰਦੀ ਹੈ | ਇੰਗਲੈਂਡ ਦੀ ਲੇਬਰ ਪਾਰਟੀ ਦਾ ਨੇਤਾ ਕਲੀਮੈਂਟ ਐਟਲੀ ਦੇਸ਼ ਦਾ ਮੁਖੀ ਚੁਣਿਆ ਜਾ ਚੁੱਕਾ ਹੁੰਦਾ ਹੈ | ਉਹ ਬਸਤੀਵਾਦ ਦਾ ਹਮਾਇਤੀ ਨਾ ਹੋਣ ਕਾਰਨ ਬਰਤਾਨਵੀ ਸਾਮਰਾਜ ਨੂੰ  ਭਾਰਤ ਦੀ ਬਾਗੀ ਹੋ ਚੁੱਕੀ ਧਰਤੀ ਤੋਂ ਸਮੇਟ ਲੈਣਾ ਚਾਹੁੰਦਾ ਸੀ | ਇਹ ਇਤਿਹਾਸਿਕ ਕਾਰਜ ਕਿਸ ਵਿਧੀ ਵਿਧਾਨ ਨਾਲ ਨੇਪਰੇ ਚਾੜ੍ਹਨਾ ਹੈ, ਇਹ ਕੰਮ ਉਸ ਵੇਲੇ ਦੇ ਭਾਰਤ ਦੇ ਵਾਇਸਰਾਏ ਵੇਵਲ ਦੀ ਨੇਕ ਨੀਤੀ ਦੇ ਬਾਵਜੂਦ ਉਸ ਦੇ ਵਸੋਂ ਬਾਹਰ ਹੁੰਦਾ ਜਾ ਰਿਹਾ ਸੀ | ਇਸ ਲਈ ਐਟਲੀ ਨੇ ਮਾਊਾਟਬੈਟਨ ਨੂੰ , ਜੋ ਕਿ ਦੱਖਣ ਪੂਰਬੀ ਏਸ਼ੀਆ ਦੇ ਸੁਪਰੀਮ ਕਮਾਂਡਰ ਦੇ ਅਹੁਦੇ 'ਤੇ ਕੰਮ ਕਰ ਚੁੱਕਾ ਸੀ, ਇਸ ਮਕਸਦ ਲਈ ਚੁਣਿਆ ਗਿਆ | ਮਾਊਾਟਬੈਟਨ ਭਾਰਤ ਦੀ ਰਾਜਨੀਤਕ ਸਥਿਤੀ ਤੋਂ ਜਾਣੂੰ ਸੀ ਤੇ ਸਮੁੰਦਰੀ ਯੁੱਧਾਂ ਦੇ ਅਨੁਭਵ ਨੇ ਉਸ ਨੂੰ  ਅਜਿਹੀ ਸੂਝ-ਬੂਝ ਦਿੱਤੀ ਸੀ, ਜਿਸ ਨਾਲ ਉਹ ਵੱਡੇ ਤੋਂ ਵੱਡੇ ਫ਼ੈਸਲੇ ਵੀ ਤੁਰੰਤ ਲੈ ਸਕਦਾ ਸੀ |
ਮਾਊਾਟਬੈਟਨ ਬਿਲਕੁਲ ਵੀ ਇਸ ਅਹੁਦੇ ਨੂੰ  ਸੰਭਾਲਣਾ ਨਹੀਂ ਸੀ ਚਾਹੁੰਦਾ ਸੀ | ਇਸ ਦਾ ਮਤਲਬ ਇਹ ਨਹੀਂ ਸੀ ਕਿ ਉਹ ਭਾਰਤ ਛੱਡਣ ਦੀ ਬਰਤਾਨਵੀ ਸੋਚ ਨਾਲ ਸਹਿਮਤ ਨਹੀਂ ਸੀ, ਪ੍ਰੰਤੂ ਰਾਜ ਸਮੇਟਣ ਦਾ ਜ਼ੋਖਮ ਭਰਿਆ ਕੰਮ ਮਾਊਾਟਬੈਟਨ ਹੀ ਕਿਉਂ ਕਰੇ, ਇਸ ਲਈ ਐਟਲੀ ਨੂੰ  ਟਾਲਣ ਦੇ ਇਰਾਦੇ ਨਾਲ ਮਾਊਾਟਬੈਟਨ ਨੇ ਤਰ੍ਹਾਂ-ਤਰ੍ਹਾਂ ਦੀਆਂ ਸ਼ਰਤਾਂ ਉਸ ਦੇ ਸਾਹਮਣੇ ਰੱਖੀਆਂ | ਪਰ ਐਟਲੀ ਨੇ ਉਸ ਦੀ ਹਰ ਔਖੀ ਤੋਂ ਔਖੀ ਸ਼ਰਤ ਮਨਜ਼ੂਰ ਕਰ ਲਈ | ਆਖਰ 46 ਸਾਲਾ ਮਾਊਾਟਬੈਟਨ ਆਪਣੀ ਪਤਨੀ ਐਡਵਿਨਾ, ਪੁੱਤਰੀ ਪਾਮੇਲਾ ਤੇ ਹੋਰ ਲਾਮ ਲਸ਼ਕਰ ਨਾਲ ਭਾਰਤ ਲਈ ਰਵਾਨਾ ਹੋ ਜਾਂਦਾ ਹੈ (ਮਾਰਚ 1947) |
ਦੂਜੇ ਪਾਸੇ ਭਾਰਤ ਵਿਚ ਬੰਗਾਲ ਦੀ ਖਾੜੀ ਦੇ ਕੰਢੇ 'ਤੇ ਮੋਹਨ ਦਾਸ ਕਰਮ ਚੰਦ ਗਾਂਧੀ ਨਾਂਅ ਦਾ ਇਕ ਅਦਨਾ ਜਿਹਾ ਆਦਮੀ ਕ੍ਰਾਂਤੀ ਦੀ ਇਕ ਵੱਖਰੀ ਵਿਧਾ ਦੀ ਧੂਣੀ ਧੁਖਾਈ ਬੈਠਾ ਸੀ | ਧਰਾਤਲ 'ਤੇ ਸੁੱਤਾ ਉਹ ਆਦਮੀ ਉਸ ਸਮੇਂ ਬਹੁਤ ਕਮਜ਼ੋਰ ਅਤੇ ਛੋਟਾ ਜਿਹਾ ਜਾਪਦਾ ਸੀ | 77 ਸਾਲਾਂ ਦਾ ਉਹ ਬਜ਼ੁਰਗ ਆਦਮੀ, ਜਿਸ ਦਾ ਝੁਰੜੀਆਂ ਨਾਲ ਭਰਿਆ ਹੋਇਆ ਚਿਹਰਾ ਆਤਮ ਵਿਸ਼ਵਾਸ ਨਾਲ ਚਮਕ ਰਿਹਾ ਸੀ, ਇੰਨਾ ਸ਼ਕਤੀਸ਼ਾਲੀ ਸੀ ਕਿ ਅੰਗਰੇਜ਼ ਸਾਮਰਾਜ ਦੀਆਂ ਜੜ੍ਹਾਂ ਜਿੰਨੀਆਂ ਉਸ ਨੇ ਖੋਦੀਆਂ ਸਨ, ਉਨੀਆਂ ਹੋਰ ਕਿਸੇ ਆਦਮੀ ਨੇ ਨਹੀਂ | ਉਨੀਂ ਦਿਨੀਂ ਜਦੋਂ ਹਿੰਸਾ ਦੀ ਸਥਿਤੀ ਆਪਣੀ ਚਰਮ ਸੀਮਾ 'ਤੇ ਸੀ ਤਾਂ ਗਾਂਧੀ ਜੀ ਨੇ ਅਹਿੰਸਾ ਦਾ ਸਿਧਾਂਤ ਸਾਹਮਣੇ ਰੱਖਿਆ | ਹਥਿਆਰ ਨਾਲ ਨਹੀਂ, ਮਨੋਬਲ ਨਾਲ ਲੜੋ | ਉਨ੍ਹਾਂ ਨੇ ਭੁੱਖ (ਹੜਤਾਲ) ਦੀ ਇਕ ਹਥਿਆਰ ਦੇ ਰੂਪ ਵਿਚ ਸਫਲਤਾਪੂਰਵਕ ਵਰਤੋਂ ਕੀਤੀ | ਮਨੁੱਖੀ ਮਿਹਨਤ ਦੇ ਉਹ ਇੰਨੇ ਕਦਰਦਾਨ ਸਨ ਕਿ ਉਨ੍ਹਾਂ ਦਾ ਮੱਤ ਸੀ ਕਿ ਪੈਨਸਲ ਮਨੁੱਖ ਦੀ ਮਿਹਨਤ ਦਾ ਪ੍ਰਤੀਕ ਹੈ, ਜੇ ਉਸ ਨੂੰ  ਠੀਕ ਤਰ੍ਹਾਂ ਵਰਤੋਂ ਕੀਤੇ ਬਿਨਾਂ ਸੁੱਟ ਦਿੱਤਾ ਗਿਆ ਤਾਂ ਇਸ ਨਾਲ ਕਿਸੇ ਮਨੁੱਖ ਦੀ ਮਿਹਨਤ ਦੀ ਬੇਇੱਜ਼ਤੀ ਹੋਵੇਗੀ | ਇਸ ਲਈ ਖ਼ਤ ਲਿਖਣ ਲਈ ਪੈਨਸਲ ਨੂੰ  ਉਹ ਆਖਰੀ ਸਿਰੇ ਤੱਕ ਵਰਤਦੇ ਸਨ | ਗਾਂਧੀ ਜੀ ਦਾ ਮੰਨਣਾ ਸੀ ਕਿ ਕਿਸੇ ਦਾ ਸਿਰ ਵੱਢ ਕੇ ਤੁਸੀਂ ਉਨ੍ਹਾਂ ਵਿਚਾਰਾਂ ਨੂੰ  ਨਹੀਂ ਬਦਲ ਸਕਦੇ, ਜੋ ਉਸ ਸਿਰ ਵਿਚ ਪੈਦਾ ਹੁੰਦੇ ਹਨ | ਜੇ ਕਿਸੇ ਦਾ ਮਨ ਬਦਲਣਾ ਹੈ ਤਾਂ ਇਸ ਦਾ ਤਰੀਕਾ ਇਹ ਨਹੀਂ ਕਿ ਤੁਸੀਂ ਉਸ ਦੇ ਦਿਮਾਗ ਦੇ ਆਰ ਪਾਰ ਗੋਲੀ ਮਾਰ ਦੇਵੋ | ਉਨ੍ਹਾਂ ਦੀ ਅਜਿਹੀ ਕ੍ਰਾਂਤੀਕਾਰੀ ਵਿਚਾਰਧਾਰਾ ਰਸਕਿਨ, ਥੋਰੋ ਅਤੇ ਟਾਲਸਟਾਏ ਦੇ ਵਿਚਾਰਾਂ ਤੋਂ ਪ੍ਰਭਾਵਿਤ ਸੀ | ਗੁਰੂਦੇਵ ਰਬਿੰਦਰਨਾਥ ਟੈਗੋਰ ਉਨ੍ਹਾਂ ਦੇ ਅਜਿਹੇ ਗੁਣਾਂ ਤੋਂ ਇਨੇ ਪ੍ਰਭਾਵਿਤ ਹੋਏ ਕਿ ਗਾਂਧੀ ਜੀ ਨੂੰ  ਉਨ੍ਹਾਂ ਨੇ ਹੀ ਪਹਿਲੀ ਵਾਰ ਮਹਾਤਮਾ ਦੀ ਉਪਾਧੀ ਦਿੱਤੀ ਸੀ |
24 ਮਾਰਚ, 1947 ਨੂੰ  ਭਾਰਤ ਦੇ ਆਖਰੀ ਵਾਇਰਸਰਾਏ ਦੇ ਸਿੰਘਾਸਨ 'ਤੇ ਬੈਠਦਿਆਂ ਹੀ ਮਾਊਾਟਬੈਟਨ ਜੋੜੀ ਨੇ ਇਥੋਂ ਦੇ ਲੋਕਾਂ 'ਤੇ ਰਾਜ ਕਰਨ ਲਈ ਧੱਕੇਸ਼ਾਹੀ ਤੋਂ ਉਲਟ ਉਦਾਰਤਾ, ਸਹਿਚਾਰ ਤੇ ਮਿਲਣਸਾਰਤਾ ਦਾ ਤਰੀਕਾ ਅਪਣਾਇਆ | ਪਹਿਲੇ ਸ਼ਾਸਕਾਂ ਦੇ ਉਲਟ ਉਹ ਇਥੋਂ ਦੇ ਸਮਾਗਮਾਂ ਵਿਚ ਆਮ ਮਹਿਮਾਨਾਂ ਵਾਂਗ ਸ਼ਰੀਕ ਹੁੰਦੇ ਤੇ ਸਾਰਿਆਂ ਨਾਲ ਹੱਥ ਮਿਲਾਉਂਦੇ ਤੇ ਹਾਲ-ਚਾਲ ਪੁੱਛਦੇ | ਵਾਇਸਰਾਏ ਹਾਊਸ ਵਿਚ ਵੀ ਵੈਸ਼ਨੋ ਭਾਰਤੀ ਮਹਿਮਾਨਾਂ ਲਈ ਖ਼ਾਸ ਸ਼ਾਕਾਹਾਰੀ ਭੋਜਨ ਪਕਾਇਆ ਜਾਣ ਲੱਗਾ ਤੇ ਉਨ੍ਹਾਂ ਨੂੰ  ਛੁਰੀ ਕਾਂਟੇ ਦੀ ਥਾਂ ਹੱਥ ਨਾਲ ਖਾਣ ਦੀ ਛੋਟ ਵੀ ਦਿੱਤੀ ਜਾਣ ਲੱਗੀ  | ਸਦਭਾਵਨਾ ਦੀ ਇਸ ਨੀਤੀ ਨੂੰ  ਕਾਇਮ ਰੱਖਦਿਆਂ ਮਾਊਾਟਬੈਟਨ ਨੇ ਪ੍ਰਮੁੱਖ ਭਾਰਤੀ ਨੇਤਾਵਾਂ ਨਾਲ ਵੱਖ-ਵੱਖ ਮਿਲਣ ਦਾ ਫੈਸਲਾ ਕੀਤਾ, ਦੋਸਤਾਨਾ ਮਾਹੌਲ ਵਿਚ ਤਾਂ ਜੋ ਉਨ੍ਹਾਂ ਦਾ ਆਜ਼ਾਦੀ ਦੀ ਰੂਪ ਰੇਖਾ ਪ੍ਰਤੀ ਦਿ੍ਸ਼ਟੀਕੋਣ ਜਾਣਿਆ ਜਾ ਸਕੇ |
ਜੋ ਨੇਤਾ ਮਾਊਾਟਬੈਟਨ ਦੇ ਸਾਹਮਣੇ ਸਭ ਤੋਂ ਪਹਿਲਾਂ ਪੇਸ਼ ਹੋਇਆ, ਉਹ ਭਾਰਤ ਦੇ ਪ੍ਰਸਿੱਧ ਤੇ ਲੋਕਪਿ੍ਯ ਨੇਤਾਵਾਂ ਵਿਚੋਂ ਇਕ ਸੀ | ਉਹ ਗੰਜੇ ਹੁੰਦੇ ਜਾ ਰਹੇ ਸਿਰ 'ਤੇ ਖੱਦਰ ਦੀ ਟੋਪੀ ਰੱਖਦੇ ਸਨ | ਜੈਕਟ ਦੇ ਤੀਜੇ ਕਾਜ ਵਿਚ ਤਾਜ਼ਾ ਗੁਲਾਬ ਪਰੋਂਦੇ ਸਨ | ਜਵਾਹਰ ਲਾਲ ਨਹਿਰੂ ਸੁੰਦਰਤਾ ਜੜਿਆ ਵਿਅਕਤੀਤਵ ਭਾਰਤ ਦੇ ਨਵੇਂ ਵਾਇਸਰਾਏ ਦੇ ਮੁਕਾਬਲੇ ਕਿਸੇ ਤਰ੍ਹਾਂ ਵੀ ਘੱਟ ਨਹੀਂ ਬੈਠਦਾ ਸੀ | ਨਹਿਰੂ ਨੇ ਮਨ ਹੀ ਮਨ ਉਹ ਸਾਂਚਾ ਤਿਆਰ ਕਰ ਲਿਆ ਹੋਇਆ ਸੀ, ਜਿਸ ਵਿਚ ਉਹ ਨਵੇਂ ਭਾਰਤ ਨੂੰ  ਢਾਲਣਾ ਚਾਹੁੰਦੇ ਸਨ | ਨਵੇਂ ਭਾਰਤ ਦੇ ਦੋ ਬੁਨਿਆਦੀ ਥੰਮ੍ਹ ਜੋ ਜਵਾਹਰ ਲਾਲ ਨੇ ਸੋਚ ਰੱਖੇ ਸਨ-ਇੰਗਲੈਂਡ ਦਾ ਸੰਸਦੀ ਲੋਕਤੰਤਰ ਤੇ ਕਾਰਲ ਮਾਰਕਸ ਦਾ ਆਰਥਿਕ ਸਮਾਜਵਾਦ | ਉਹ ਦੇਸ਼ ਨੂੰ  ਉਦਯੋਗਿਕ ਕ੍ਰਾਂਤੀ ਦੇ ਰਾਹ 'ਤੇ ਤੋਰਨਾ ਚਾਹੁੰਦੇ ਸਨ | ਗੱਲਾਂ ਹੀ ਗੱਲਾਂ ਵਿਚ ਮਾਊਾਟਬੈਟਨ ਨੇ ਟਟੋਲ ਲਿਆ ਕਿ ਗਾਂਧੀ ਜੀ ਦਾ ਬਹੁਤ ਸਤਿਕਾਰ ਕਰਦੇ ਹੋਣ ਦੇ ਬਾਵਜੂਦ ਵੀ ਨਹਿਰੂ ਦੇ ਉਨ੍ਹਾਂ ਨਾਲ ਕੁਝ ਵਿਚਾਰਧਾਰਕ ਮੱਤਭੇਦ ਸਨ | ਉਹ ਗਾਂਧੀ ਜੀ ਨੂੰ  ਤਰਕ ਦੀ ਥਾਂ ਭਾਵੁਕਤਾਵੱਸ ਭਾਰਤ ਦੀ ਅਖੰਡਤਾ ਦੀ ਗੱਲ ਕਰਨ ਵਾਲਾ ਕ੍ਰਾਂਤੀਕਾਰੀ ਸਮਝਦੇ ਸਨ | ਮਾਊਾਟਬੈਟਨ ਨੇ ਨਹਿਰੂ ਨੂੰ  ਯਕੀਨ ਦਿਵਾਇਆ, ਕਿ ਉਸ ਦਾ ਪਹਿਲਾ ਯਤਨ ਇਹੀ ਹੋਵੇਗਾ ਕਿ ਭਾਰਤ ਦੇਸ਼ ਟੁਕੜੇ ਹੋਣ ਤੋਂ ਬਚ ਜਾਵੇ | ਪ੍ਰੰਤੂ ਜੇ ਅਜਿਹਾ ਨਹੀਂ ਹੁੰਦਾ ਤਾਂ ਇਕ-ਦੂਜੇ ਦੇ ਸਿਰ ਪਾੜਨ ਤੋਂ ਚੰਗਾ ਹੋਵੇਗਾ, ਕਿ ਵੱਖ ਹੋ ਜਾਣ ਅਤੇ ਜ਼ਿੰਦਗੀ ਨੂੰ  ਆਪਣੇ ਆਪਣੇ ਢੰਗ ਨਾਲ ਜਿਊਣ |
ਦੂਜੀ ਮੁਲਾਕਾਤ | ਵਾਇਸਰਾਏ ਬਨਾਮ ਗਾਂਧੀ ਜੀ | ਫਕੀਰ ਅਤੇ ਵਾਇਸਰਾਏ ਦੀ ਜੋੜੀ ਅਜਬ ਲੱਗ ਰਹੀ ਸੀ | ਇਕ ਸੀ ਪੱਕਾ ਸਮੁੰਦਰੀ ਫੌਜੀ ਅਫ਼ਸਰ, ਜੋ ਆਪਣੀ ਸ਼ਾਨਦਾਰ ਪੋਸ਼ਾਕ 'ਤੇ ਨੰਨਾ ਜਿਹਾ ਵੀ ਦਾਗ ਮਨਜ਼ੂਰ ਨਹੀਂ ਕਰ ਸਕਦਾ ਸੀ | ਦੂਜਾ ਸੀ ਇਕ ਬਜ਼ੁਰਗ ਹਿੰਦੁਸਤਾਨੀ ਜੋ ਖਾਦੀ ਦੀ ਧੋਤੀ ਅਤੇ ਸ਼ਾਲ ਤੋਂ ਇਲਾਵਾ ਤੀਜੀ ਕਿਸੇ ਵੀ ਪੋਸ਼ਾਕ ਨੂੰ  ਫਾਲਤੂ ਸਮਝਦਾ ਸੀ | ਇਕ ਉਹ ਜੋ ਕਿੱਤੇ ਤੋਂ ਹਿੰਸਾ ਦਾ ਪੁਜਾਰੀ ਸੀ, ਦੂਜਾ ਉਹ ਜੋ ਧਰਮ ਤੇ ਅਹਿੰਸਾ ਦਾ ਭਗਤ ਸੀ | ਇਕ ਉਹ ਜਿਸ ਨੂੰ  ਆਪਣੇ ਰੋਹਬ ਰੁਤਬੇ ਦੇ ਪ੍ਰਦਰਸ਼ਨ ਦਾ ਖਾਸ ਸ਼ੌਕ ਸੀ, ਦੂਜਾ ਉਹ ਜਿਸਨੇ ਖੁਦ ਆਪਣੀ ਇੱਛਾ ਨਾਲ ਅੱਤ ਦੀ ਗ਼ਰੀਬੀ ਮਨਜ਼ੂਰ ਕੀਤੀ ਸੀ |
ਵੰਡ ਨੂੰ  ਰੋਕਣ ਲਈ ਗਾਂਧੀ ਜੀ ਇਸ ਹੱਦ ਤੱਕ ਬੇਚੈਨ ਸਨ ਕਿ ਉਨ੍ਹਾਂ ਨੇ ਉਹੀ ਸੋਚ ਰੱਖਿਆ ਸੀ ਜੋ ਕਦੇ ਰਾਜਾ ਸੋਲੋਮਨ ਨੇ ਸੋਚਿਆ ਸੀ | ਬੱਚੇ ਨੂੰ  ਕੱਟ ਕੇ ਅੱਧਾ-ਅੱਧਾ ਨਾ ਵੰਡੋ | ਪੂਰਾ ਬੱਚਾ ਹੀ ਮੁਸਲਮਾਨਾਂ ਨੂੰ  ਦੇ ਦੇਵੋ | ਜਿਨਾਹ ਆਪਣੀ ਮੁਸਲਿਮ ਲੀਗ ਦੇ ਨਾਲ ਸਾਹਮਣੇ ਆਉਣ, ਸਰਕਾਰ ਬਣਾਉਣ 'ਤੇ ਦੇਸ਼ ਦੇ 30 ਕਰੋੜ ਹਿੰਦੂਆਂ 'ਤੇ ਰਾਜ ਕਰਨ | ਭਾਰਤ ਦਾ ਸਿਰਫ ਇਕ ਟੁਕੜਾ ਜਿਨਾਹ ਨੂੰ  ਕਿਉਂ ਦਿੱਤਾ ਜਾਵੇ, ਕਿਉਂ ਨਾ ਪੂਰਾ ਭਾਰਤ ਹੀ ਦੇ ਦਿੱਤਾ ਜਾਵੇ!
ਪ੍ਰੰਤੂ ਇਹ ਪ੍ਰਸਤਾਵ ਮਾਊਾਟਬੈਟਨ ਨੂੰ  ਬੇਹੱਦ ਹਵਾਈ ਲੱਗ ਰਿਹਾ ਸੀ | ਦੂਜੇ ਪਾਸੇ ਕਿਸੇ ਵੀ ਪ੍ਰਸਤਾਵ ਨੂੰ  ਉਹ ਤਾਬੜਤੋੜ ਖਾਰਜ ਵੀ ਨਹੀਂ ਕਰ ਸਕਦੇ ਸਨ, ਜਿਸ ਵਿਚੋਂ ਭਾਰਤ ਨੂੰ  ਜੋੜੀ ਰੱਖਣ ਦੀ ਕੋਈ ਤਰਕੀਬ ਨਿਕਲਣ ਦੀ ਸੰਭਾਵਨਾ ਹੋਵੇ | ਉਹ ਬੋਲੇ, “ਜੇ ਤੁਸੀਂ ਇਸ ਪ੍ਰਸਤਾਵ 'ਤੇ ਕਾਂਗਰਸ ਦੀ ਰਸਮੀ ਮਨਜ਼ੂਰੀ ਲਿਆ ਕੇ ਦੇ ਸਕਦੇ ਹੋ ਤਾਂ ਮੈਂ ਵੀ ਇਸ 'ਤੇ ਵਿਚਾਰ ਕਰਨ ਲਈ ਰਾਜ਼ੀ ਹਾਂ |” 
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 70878-61470 

ਪਿਛਲੀ ਖ਼ਬਰ ਅੰਤਰਰਾਸ਼ਟਰੀ ਮੁਸਾਫਿਰਾਂ ਨੂੰ 1 ਸਤੰਬਰ ਤੋਂ ਨਹੀਂ ਲਗਵਾਉਣੀ ਪਵੇਗੀ ਬੋਰਡਿੰਗ ਪਾਸ ’ਤੇ ਮੋਹਰ ਅਗਲੀ ਖ਼ਬਰ ਹੁੰਮਸ ਕਾਰਨ ਪੰਜਾਬ ’ਚ ਬਿਜਲੀ ਦੀ ਮੰਗ 15,515 ਮੈਗਾਵਾਟ ਤੋਂ ਟੱਪੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।