ਗੰਡੋਇਆਂ ਦੁਆਰਾ ਫ਼ਸਲੀ ਰਹਿੰਦ-ਖੂੰਹਦ ਤੋਂ ਤਿਆਰ ਕੀਤੀ ਖਾਦ ਨੂੰ ਵਰਮੀਕੰਪੋਸਟ ਜਾਂ ਗੰਡੋਆ ਖਾਦ ਕਿਹਾ ਜਾਂਦਾ ਹੈ। ਗੰਡੋਆ ਖਾਦ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਸਭ ਤੋਂ ਢੁਕਵਾਂ ਲਾਲ ਗੰਡੋਇਆ ਹੈ, ਜਿਸ ਦਾ ਤਕਨੀਕੀ ਨਾਂਅ ਆਈਸੀਨੀਆ ਫੈਟੀਡਾ ਹੈ।
ਗੰਡੋਆ ਖਾਦ ਤਿਆਰ ਕਰਨ ਦੀ ਵਿਧੀ
* ਵਰਮੀਕੰਪੋਸਟ ਬਣਾਉਣ ਲਈ 6' (ਲੰਬਾਈ), 3' (ਚੌੜਾਈ), 2' (ਉਚਾਈ) ਦੇ ਮਾਪ ਵਾਲੇ ਸੀਮਿੰਟ ਬੈੱਡ ਪੱਧਰੀ ਜ਼ਮੀਨ 'ਤੇ ਬਣਾਏ ਜਾਣੇ ਚਾਹੀਦੇ ਹਨ। ਬੈੱਡ ਦੀ ਲੰਬਾਈ ਜਗ੍ਹਾ ਅਤੇ ਸਰੋਤਾਂ ਦੇ ਆਧਾਰ 'ਤੇ ਵੱਖ- ਵੱਖ ਹੋ ਸਕਦੀ ਹੈ।
* ਬੈੱਡ ਦਾ ਫ਼ਰਸ਼ ਪੱਕਾ ਹੋਣਾ ਚਾਹੀਦਾ ਹੈ ਤਾਂ ਜੋ ਗੰਡੋਇਆ ਦੇ ਮਲ ਅਤੇ ਪਿਸ਼ਾਬ (ਵਰਮੀਵਾਸ਼) ਦੇ ਬਾਹਰ ਰਿਸਾਅ ਤੋਂ ਬਚਿਆ ਜਾ ਸਕੇ।
* ਸਭ ਤੋਂ ਪਹਿਲਾਂ, ਬੈੱਡਾਂ ਵਿਚ ਝੋਨੇ ਦੀ ਪਰਾਲੀ ਦੀ ਜਾਂ ਖਰਾਬ ਮੱਕੀ ਦੇ ਚਾਰੇ ਦੀ ਰਹਿੰਦ-ਖੂੰਹਦ ਦੀ ਇਕ ਫੁੱਟ ਦੀ ਪਰਤ ਵਿਛਾਓ। ਝੋਨੇ ਦੀ ਪਰਾਲੀ/ਮੱਕੀ ਦੀ ਰਹਿੰਦ-ਖੂੰਹਦ ਨੂੰ ਪਾਣੀ ਛਿੜਕ ਕੇ ਚੰਗੀ ਤਰ੍ਹਾਂ ਗਿੱਲਾ ਕਰੋ ਤਾਂ ਜੋ ਨਮੀ 60-70% ਤੱਕ ਰਹੇ।
* ਇਸ ਤੋਂ ਬਾਅਦ 4-5 ਦਿਨ ਪੁਰਾਣੇ ਗੋਹੇ ਦੀ ਦੂਜੀ ਪਰਤ 2 ਫੁੱਟ ਦੀ ਡੂੰਘਾਈ ਤੱਕ ਪਾਓ।
* ਬੈੱਡ ਦੀ ਪ੍ਰਤੀ 6 ਫੁੱਟ ਲੰਬਾਈ ਵਾਸਤੇ ਇਕ ਕਿੱਲੋਗ੍ਰਾਮ ਗੰਡੋਆ (ਆਈਸੇਨੀਆ ਫੈਟੀਡਾ) ਪਾਓ। ਜੇਕਰ ਬੈੱਡ ਦਾ ਆਕਾਰ ਮਿਆਰੀ ਮਾਪਾਂ ਤੋਂ ਵੱਖਰਾ ਹੋਵੇ ਤਾਂ ਗੰਡੋਇਆ ਦੀ ਮਾਤਰਾ ਵਧਾਈ ਜਾਂ ਘਟਾਈ ਜਾ ਸਕਦੀ ਹੈ।
* ਵਾਸ਼ਪੀਕਰਨ ਰਾਹੀਂ ਪਾਣੀ ਦੇ ਨੁਕਸਾਨ ਤੋਂ ਬਚਣ ਲਈ ਭਿੱਜੀ ਹੋਈ ਝੋਨੇ ਦੀ ਪਰਾਲੀ ਦੀ ਦੋ ਇੰਚ ਦੀ ਪਰਤ ਬੈੱਡਾਂ 'ਤੇ ਵਿਛਾਓ।
* ਗੰਡੋਇਆਂ ਲਈ ਹਵਾਦਾਰੀ ਬਣਾਈ ਰੱਖਣ ਅਤੇ ਝੋਨੇ ਦੀ ਪਰਾਲੀ ਦੇ ਗਲਣ ਲਈ ਬੈੱਡਾਂ ਨੂੰ ਹਰ ਹਫ਼ਤੇ ਪਲਟਣਾ ਜ਼ਰੂਰੀ ਕਰੋ।
* ਪਾਣੀ ਦਾ ਛਿੜਕਾਅ ਗਰਮੀਆਂ ਦੇ ਦਿਨਾਂ ਵਿਚ ਦੋ ਵਾਰ ਅਤੇ ਸਰਦੀਆਂ 'ਚ 2-3 ਦਿਨਾਂ ਦੇ ਅੰਤਰਾਲ 'ਤੇ ਕਰੋ।
* ਝੋਨੇ ਦੀ ਪਰਾਲੀ ਤੋਂ ਤਿਆਰ ਕੀਤੀ ਵਰਮੀਕੰਪੋਸਟ 60-70 ਦਿਨਾਂ ਵਿਚ ਅਤੇ ਖਰਾਬ ਮੱਕੀ ਦੇ ਚਾਰੇ ਦੀ ਰਹਿੰਦ-ਖੂੰਹਦ ਤੋਂ ਤਿਆਰ ਕੀਤੀ ਵਰਮੀਕੰਪੋਸਟ 45 ਦਿਨਾਂ ਬਾਅਦ ਬਣ ਕੇ ਤਿਆਰ ਹੋ ਜਾਵੇਗੀ।
ਗੰਡੋਇਆਂ ਨੂੰ ਖਾਦ ਤੋਂ ਵੱਖ ਕਰਨਾ-ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਦਾ ਅਤੇ ਗੰਧ ਤੋਂ ਰਹਿਤ ਹੁੰਦਾ ਹੈ। ਖਾਦ ਨੂੰ ਗੰਡੋਇਆਂ ਤੋਂ ਵੱਖ ਕਰਨ ਲਈ ਬੈੱਡ ਵਿਚ ਨਮੀ ਦੀ ਮਾਤਰਾ ਘੱਟ ਕੀਤੀ ਜਾਂਦੀ ਹੈ। ਇਸ ਦੇ ਨਾਲ ਗੰਡੋਏ ਬੈੱਡ ਦੇ ਅੰਦਰ ਹੇਠਾਂ ਚਲੇ ਜਾਂਦੇ ਹਨ। ਖਾਦ ਦੇ ਢੇਰ ਨੂੰ ਉੱਪਰੋਂ ਵੱਖ ਕੀਤਾ ਜਾਂਦਾ ਹੈ। ਖਾਦ ਨੂੰ ਛਾਨਣੀ ਨੰਬਰ 9 ਅਤੇ 10 'ਚੋਂ ਲੰਘਾਇਆ ਜਾਂਦਾ ਹੈ। ਛਾਨਣੀ ਨੰਬਰ 10 ਗੰਡੋਇਆਂ ਅਤੇ ਕੋਕੂਨ ਨੂੰ ਹੇਠਾਂ ਜਾਣ ਤੋਂ ਰੋਕਦੀ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਨਵੇਂ ਬੈੱਡਾਂ ਵਿਚ ਵਰਤਿਆ ਜਾ ਸਕਦਾ ਹੈ।
ਸਾਵਧਾਨੀਆਂ
* ਵਰਮੀਬੈੱਡਾਂ 'ਤੇ ਛੱਤ ਬਣਾਉਣਾ ਜ਼ਰੂਰੀ ਹੈ ਕਿਉਂਕਿ ਛੱਤ ਬੈੱਡਾਂ ਨੂੰ ਸਿੱਧੀ ਧੁੱਪ, ਮੀਂਹ ਅਤੇ ਠੰਢੀਆਂ ਸਥਿਤੀਆਂ ਤੋਂ ਬਚਾਉਂਦੀ ਹੈ।
* ਬੈੱਡਾਂ ਵਿਚ ਨਮੀ ਬਣਾਈ ਰੱਖਣ ਲਈ ਹਰ ਰੋਜ਼ ਇਨ੍ਹਾਂ 'ਤੇ ਪਾਣੀ ਦਾ ਛਿੜਕਾਅ ਕਰਨਾ ਚਾਹੀਦਾ ਹੈ। ਵਰਮੀਕੰਪੋਸਟ ਤਿਆਰ ਕਰਦੇ ਸਮੇਂ ਗੰਡੋਇਆਂ ਦੇ ਸਾਹ ਲੈਣ ਲਈ 60-70% ਨਮੀ ਹੋਣੀ ਜ਼ਰੂਰੀ ਹੈ।
* ਪੰਛੀਆਂ ਅਤੇ ਕੀੜਿਆਂ ਤੋਂ ਗੰਡੋਇਆਂ ਨੂੰ ਬਚਾਉਣ ਲਈ ਰਹਿੰਦ-ਖੂੰਹਦ ਨੂੰ ਬੋਰੀਆਂ ਜਾਂ ਚਾਦਰਾਂ ਨਾਲ ਢਕਣਾ ਚਾਹੀਦਾ ਹੈ। ਹਰ 15 ਦਿਨਾਂ ਬਾਅਦ ਬੈੱਡਾਂ ਦੀ ਹੇਠਲੀ ਪਰਤ ਨੂੰ ਬਿਨਾਂ ਹਿਲਾਏ ਰਹਿੰਦ ਖੂੰਹਦ ਨੂੰ ਹਿਲਾਉਣਾ ਜ਼ਰੂਰੀ ਹੈ।
* ਬੈੱਡਾਂ ਦਾ ਖਾਰੀ ਅੰਕ 7-7.5 ਵਿਚਕਾਰ ਹੋਣਾ ਜ਼ਰੂਰੀ ਹੈ।
* ਗੰਡੋਇਆਂ ਨੂੰ ਕਦੇ ਵੀ ਧਾਤਾਂ (ਲੋਹਾ ਆਦਿ), ਪਲਸਾਟਿਕ ਰਸਾਇਣ, ਤੇਲ, ਸਾਬਣ, ਰੰਗ, ਕੀਟਨਾਸ਼ਕ, ਨਿੰਬੂ ਜਾਤੀ ਦੇ ਫ਼ਲਾਂ (ਸੰਤਰਾ, ਮਾਲਟਾ, ਨਿੰਬੂ ਤੇ ਗਲਗਲ ਆਦਿ) ਦਾ ਫੋਕਟ, ਪਿਆਜ਼, ਲਸਣ ਦੇ ਛਿਲਕੇ, ਬਹੁਤ ਗਰਮ ਤੇ ਮਿਰਚ ਮਸਾਲੇ ਵਾਲੇ ਜਾਂ ਤੇਜ਼ਾਬੀ ਖਾਧ ਪਦਾਰਥ, ਮੀਟ, ਹੱਡੀਆਂ, ਆਂਡੇ, ਚਿਕਨਾਈ ਵਾਲੇ ਪਦਾਰਥ ਖਾਣ ਲਈ ਨਹੀਂ ਦੇਣੇ ਚਾਹੀਦੇ।
* ਵਰਮੀਵਾਸ਼ (ਗੰਡੋਆ ਖਾਦ ਦਾ ਧੋਣ)-ਇਹ ਗੰਡੋਆ ਖਾਦ ਦੇ ਬੈੱਡ 'ਚੋਂ ਇਕੱਠਾ ਕੀਤਾ ਇਕ ਤਰਲ ਹੈ, ਜੋ ਖ਼ੁਰਾਕੀ ਤੱਤਾਂ ਦੇ ਨਾਲ-ਨਾਲ ਗੰਡੋਇਆ ਦੇ ਮਲ ਅਤੇ ਹਾਰਮੋਨਜ਼ ਦਾ ਮਿਸ਼ਰਣ ਹੁੰਦਾ ਹੈ। ਵਰਮੀਵਾਸ਼ ਨੂੰ ਫ਼ਸਲਾਂ ਦੇ ਵਾਧੇ ਅਤੇ ਝਾੜ ਵਧਾਉਣ ਲਈ ਸਪਰੇਅ ਕੀਤਾ ਜਾਂਦਾ ਹੈ।
ਬਣਾਉਣ ਦੀ ਵਿਧੀ
* ਗੰਡੋਆ ਖਾਦ ਬਣਾਉਣ ਦੀ ਵਿਧੀ ਨੂੰ ਇਕ ਬਾਲਟੀ ਵਿਚ ਜਾਂ ਮਿੱਟੀ ਦੇ ਘੜੇ ਵਿਚ ਜਿਸ ਦੇ ਹੇਠਲੇ ਹਿੱਸੇ 'ਤੇ ਟੂਟੀ ਲੱਗੀ ਹੋਵੇ, ਸਥਾਪਤ ਕਰਕੇ ਵਰਮੀਵਾਸ਼ ਇਕੱਠਾ ਕੀਤਾ ਜਾ ਸਕਦਾ ਹੈ।
* ਇਕ ਬਾਲਟੀ ਜਾਂ ਮਿੱਟੀ ਦੇ ਘੜੇ ਨੂੰ ਪੱਥਰਾਂ ਦੇ ਟੁਕੜਿਆਂ ਨਾਲ 10 ਸੈਂਟੀਮੀਟਰ ਦੀ ਉਚਾਈ ਤੱਕ ਭਰਿਆ ਜਾਂਦਾ ਹੈ। ਫਿਰ ਇਸ ਉੱਪਰ 150-200 ਗੰਡੋਇਆ ਦੇ ਨਾਲ-ਨਾਲ ਜੈਵਿਕ ਮਾਦੇ ਦੀ ਤਹਿ ਵਿਛਾਈ ਜਾਂਦੀ ਹੈ। ਗੰਡੋਏ ਗੰਡੋਆ ਖਾਦ ਬਣਾਉਣ ਦਾ ਕੰਮ ਕਰਦੇ ਹਨ।
* ਹਰ ਰੋਜ਼ ਤਕਰੀਬਨ 100 ਮਿਲੀਲੀਟਰ ਪਾਣੀ ਉੱਪਰੋਂ ਪਾਇਆ ਜਾਂਦਾ ਹੈ ਤੇ ਵਰਮੀਵਾਸ਼ ਹੇਠਾਂ ਲੱਗੀ ਟੂਟੀ ਦੁਆਰਾ ਇਕੱਠਾ ਕੀਤਾ ਜਾਂਦਾ ਹੈ।
-ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਜਲੰਧਰ।
ਮਹੱਤਵਪੂਰਨ ਹੈ ਜੈਵਿਕ ਖੇਤੀ 'ਚ ਗੰਡੋਆ ਖਾਦ
ਅਜੀਤ ਡੈਸਕ
28-07-2026