ਗਰਮੀ ਦੇ ਦਿਨਾਂ ਵਿਚ ਸਰੀਰ 'ਚੋਂ ਪਸੀਨਾ ਜ਼ਿਆਦਾ ਨਿਕਲਦਾ ਹੈ, ਜਿਸ ਨਾਲ ਸਰੀਰ ਵਿਚ ਨਮਕ ਅਤੇ ਪਾਣੀ ਦੋਵਾਂ ਦੀ ਕਮੀ ਹੋ ਜਾਂਦੀ ਹੈ। ਇਸ ਦੇ ਨਾਲ ਵਾਤਾਵਰਨ ਵਿਚ ਜਦੋਂ ਤਾਪਮਾਨ ਸਰੀਰ ਦੇ ਮੁਕਾਬਲੇ ਜ਼ਿਆਦਾ ਵਧ ਜਾਂਦਾ ਹੈ ਤਾਂ ਦਿਮਾਗ਼ ਦੀ ਤਾਪ ਕੰਟਰੋਲ ਕਰਨ ਦੀ ਸੁਭਾਵਿਕ ਸਮਰੱਥਾ ਹਮੇਸ਼ਾ ਘੱਟ ਹੋਣ ਲਗਦੀ ਹੈ। ਨਤੀਜੇ ਵਜੋਂ ਬਲੱਡ ਪ੍ਰੈੱਸ਼ਰ ਘੱਟ ਹੋਣ ਲਗਦਾ ਹੈ ਅਤੇ ਇਸੇ ਪ੍ਰਕਿਰਿਆ ਵਿਚ ਲੂ ਲੱਗਣ ਦਾ ਵੀ ਡਰ ਬਣਿਆ ਰਹਿੰਦਾ ਹੈ।
ਗਰਮੀ ਵਿਚ ਜਿਥੋਂ ਤੱਕ ਹੋ ਸਕੇ ਸਾਦਾ ਭੋਜਨ ਹੀ ਖਾਓ, ਜੋ ਸੌਖਿਆਂ ਹੀ ਹਜ਼ਮ ਹੋਵੇ ਅਤੇ ਜ਼ਿਆਦਾ ਤੋਂ ਜ਼ਿਆਦਾ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਕਰੋ। ਘਰੇਲੂ ਠੰਢੇ ਪੀਣ ਵਾਲੇ ਪਦਾਰਥ, ਨਮਕੀਨ ਲੱਸੀ ਨਾਲ ਵਿਚ ਪੁਦੀਨਾ ਅਤੇ ਜੀਰਾ ਪਾ ਕੇ ਹੀ ਜ਼ਿਆਦਾ ਵਰਤੋਂ ਕਰੋ ਤਾਂ ਕਿ ਸਰੀਰ 'ਚੋਂ ਨਿਕਲਣ ਵਾਲੇ ਪਸੀਨੇ ਦੀ ਕਮੀ ਪੂਰੀ ਹੁੰਦੀ ਰਹੇ।
ਖਾਣੇ ਵਿਚ ਕੱਚਾ ਪਿਆਜ਼, ਸਲਾਦ, ਪੁਦੀਨੇ ਦੀ ਚਟਨੀ ਅਤੇ ਹਰੀਆਂ ਸਬਜ਼ੀਆਂ ਦੀ ਖੂਬ ਵਰਤੋਂ ਕਰੋ। ਖਰਬੂਜ਼ਾ, ਹਦਵਾਣਾ, ਤਰਾਂ ਖੂਬ ਖਾਓ। ਹਾਂ, ਇਹ ਜ਼ਰੂਰ ਧਿਆਨ ਰੱਖੋ ਕਿ ਸੜਕਾਂ 'ਤੇ ਵੇਚਣ ਵਾਲਿਆਂ ਤੋਂ ਕੱਟੇ ਹੋਏ ਫਲ ਆਦਿ ਕਦੀ ਨਾ ਖ਼ਰੀਦੋ ਕਿਉਂਕਿ ਇਨ੍ਹਾਂ ਨੂੰ ਖਾਣ ਤੋਂ ਬਾਅਦ ਸੰਕ੍ਰਮਣ ਹੋ ਸਕਦਾ ਹੈ।
ਘਰੋਂ ਨਿਕਲਦੇ ਸਮੇਂ ਪਾਣੀ ਜ਼ਰੂਰ ਪੀਓ। ਪਾਣੀ ਵਿਚ ਥੋੜ੍ਹੀ ਚੀਨੀ, ਗੁਲੂਕੋਜ਼ ਅਤੇ ਨਿੰਬੂ ਦੀ ਵਰਤੋਂ ਕਰੋ ਕਿਉਂਕਿ ਪਾਣੀ ਘੱਟ ਹੋਣ 'ਤੇ ਵਿਅਕਤੀ ਲੂ ਦੀ ਗ੍ਰਿਫ਼ਤ ਵਿਚ ਆ ਜਾਂਦਾ ਹੈ ਅਤੇ ਫਿਰ ਉਸ ਨੂੰ ਉਲਟੀਆਂ-ਟੱਟੀਆਂ ਵੀ ਲੱਗ ਸਕਦੀਆਂ ਹਨ। ਲੂ ਦੀ ਲਪੇਟ ਵਿਚ ਆਉਣ ਤੋਂ ਬਾਅਦ ਸਰੀਰ ਦਾ ਤਾਪਮਾਨ 104 ਡਿਗਰੀ ਤੋਂ 107 ਡਿਗਰੀ ਤੱਕ ਪਹੁੰਚ ਜਾਂਦਾ ਹੈ। ਪਾਣੀ ਦਾ ਪੂਰਾ ਧਿਆਨ ਰੱਖੋ। ਪਾਣੀ ਜ਼ਿਆਦਾ ਪੀਣ ਨਾਲ ਸਰੀਰ ਵਿਚ ਖੂਨ ਦੇ ਨਾਲ-ਨਾਲ ਪਾਣੀ ਦੀ ਮਾਤਰਾ ਵੀ ਭਰਪੂਰ ਰਹਿੰਦੀ ਹੈ।
ਜਦੋਂ ਕਦੀ ਵੀ ਤੇਜ਼ ਧੁੱਪ ਜਾਂ ਗਰਮੀ ਵਿਚੋਂ ਚੱਲ ਕੇ ਬਾਹਰ ਤੋਂ ਘਰ ਵਿਚ ਆਓ ਤਾਂ ਇਕਦਮ ਠੰਢਾ ਪਾਣੀ ਨਾ ਪੀਓ। ਥੋੜ੍ਹਾ ਰੁਕ ਕੇ, ਪਸੀਨਾ ਸੁਕਾ ਕੇ ਹੌਲੀ-ਹੌਲੀ ਨਿੰਬੂ ਸ਼ਰਬਤ ਦਾ ਪਾਣੀ ਪੀਓ। ਗਰਮੀ ਵਿਚ ਕਈ ਵਾਰ ਵਿਅਕਤੀ ਕੂਲਰ ਜਾਂ ਏਅਰਕੰਡੀਸ਼ਨਰ ਵਾਲੀ ਥਾਂ ਤੋਂ ਫੌਰਨ ਬਾਹਰ ਨਿਕਲ ਆਉਂਦਾ ਹੈ। ਕਦੀ-ਕਦੀ ਇਸ ਨਾਲ ਵੀ ਉਸ ਨੂੰ ਲੂ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਜਦੋਂ ਇਕ ਤੋਂ ਬਾਅਦ ਇਕ ਛਿੱਕਾਂ ਆਉਂਦੀਆਂ ਹਨ, ਉਦੋਂ ਉਸ ਨੂੰ ਪਤਾ ਲਗਦਾ ਹੈ ਕਿ ਠੰਢੇ ਥਾਂ ਤੋਂ ਇਕਦਮ ਬਾਹਰ ਨਿਕਲਣ 'ਤੇ ਉਸ ਨੂੰ ਜ਼ੁਕਾਮ ਹੋ ਗਿਆ ਹੈ। ਇਸ ਲਈ ਬਾਹਰ ਨਿਕਲਦੇ ਸਮੇਂ ਬਾਹਰਲੇ ਤਾਪਮਾਨ ਵਿਚ ਥੋੜ੍ਹਾ ਰੁਕ ਕੇ ਜਾਓ।
ਗਰਮੀ ਵਿਚ ਆਪਣੇ ਕੱਪੜਿਆਂ ਵੱਲ ਵਿਸ਼ੇਸ਼ ਧਿਆਨ ਰੱਖੋ। ਜ਼ਿਆਦਾ ਚੁਸਤ ਕੱਪੜੇ ਨਾ ਪਾਓ। ਹਮੇਸ਼ਾ ਢਿੱਲੇ ਅਤੇ ਅਰਾਮਦੇਹ ਕੱਪੜੇ ਹੀ ਪਾਓ। ਆਪਣਾ ਸਿਰ ਅਤੇ ਗਰਦਨ ਕਿਸੇ ਮੁਲਾਇਮ ਕੱਪੜੇ ਜਾਂ ਸਕਾਰਫ ਨਾਲ ਢਕ ਕੇ ਰੱਖੋ ਤਾਂ ਕਿ ਲੂ ਦਾ ਸਿੱਧਾ ਅਸਰ ਦਿਮਾਗ਼ ਨੂੰ ਪ੍ਰਭਾਵਿਤ ਨਾ ਕਰੇ। ਘਰ ਤੋਂ ਬਾਹਰ ਨਿਕਲਦੇ ਸਮੇਂ ਧੁੱਪ ਦੀ ਐਨਕ ਜ਼ਰੂਰ ਲਗਾਓ।
ਉਂਝ ਤਾਂ ਗਰਮੀ ਦੇ ਦਿਨਾਂ ਵਿਚ ਮਿਰਚ-ਮਸਾਲਾ ਖਾਣ ਨੂੰ ਮਨ ਨਹੀਂ ਕਰਦਾ, ਪਰ ਜੇਕਰ ਤੁਸੀਂ ਖਾਓ ਵੀ ਤਾਂ ਸ਼ਾਮ ਸਮੇਂ ਜ਼ਿਆਦਾ ਮਿਰਚ-ਮਸਾਲੇ ਵਾਲੀਆਂ ਤਲੀਆਂ ਚੀਜ਼ਾਂ ਨਾ ਖਾਓ ਕਿਉਂਕਿ ਗਰਮੀ ਵਿਚ ਖਾਣਾ ਦੇਰ ਨਾਲ ਹਜ਼ਮ ਹੁੰਦਾ ਹੈ ਅਤੇ ਖਾਣਾ ਨਾ ਹਜ਼ਮ ਹੋਣ ਕਾਰਨ ਪੇਟ ਦਰਦ, ਸਿਰ ਦਰਦ ਆਦਿ ਦੀ ਸ਼ਿਕਾਇਤ ਵੀ ਰਹਿੰਦੀ ਹੈ। ਇਸ ਲਈ ਗਰਮੀ ਵਿਚ ਹਲਕਾ ਅਤੇ ਛੇਤੀ ਹਜ਼ਮ ਹੋਣ ਵਾਲਾ ਭੋਜਨ ਹੀ ਕਰੋ।
ਉਂਝ ਤਾਂ ਗਰਮੀ ਵਿਚ ਲੂ ਤੋਂ ਬਚਣ ਲਈ ਹਰ ਆਦਮੀ ਕੋਈ ਨਾ ਕੋਈ ਉਪਾਅ ਕਰਦਾ ਹੈ, ਪਰ ਫਿਰ ਵੀ ਕਈ ਵਾਰ ਲੂ ਦੀ ਲਪੇਟ ਵਿਚ ਆ ਜਾਂਦਾ ਹੈ ਭਾਵ ਸਭ ਬਚਾਅ ਕਰਨ 'ਤੇ ਵੀ ਲੂ ਲੱਗ ਹੀ ਜਾਂਦੀ ਹੈ। ਜੇਕਰ ਇਸ ਤਰ੍ਹਾਂ ਹੋ ਜਾਵੇ ਤਾਂ ਵਿਅਕਤੀ ਨੂੰ ਤੁਰੰਤ ਠੰਢੇ ਥਾਂ 'ਤੇ ਲਿਟਾ ਕੇ ਬਰਫ ਦੇ ਪਾਣੀ ਦੀਆਂ ਪੱਟੀਆਂ ਰੱਖੋ। ਹੋ ਸਕੇ ਤਾਂ ਗਿੱਲੀ ਚਾਦਰ ਉਸ ਦੇ ਉੱਪਰ ਪਾ ਦਿਓ ਤਾਂ ਕਿ ਤੇਜ਼ ਬੁਖਾਰ ਤੋਂ ਛੁਟਕਾਰਾ ਮਿਲ ਸਕੇ। ਕੱਚੇ ਅੰਬ ਨੂੰ ਉਬਾਲ ਕੇ ਉਸ ਦਾ ਪਤਲਾ-ਪਤਲਾ ਪੰਨ ਬਣਾ ਕੇ ਉਸ ਵਿਚ ਸੁੱਕਾ ਪੁਦੀਨਾ, ਹਰਾ ਧਨੀਆ, ਪੀਸਿਆ ਹੋਇਆ, ਭੁੱਜਾ ਜ਼ੀਰਾ ਤੇ ਨਮਕ ਪਾ ਕੇ ਪਿਲਾਓ। ਲੂ ਵਿਚ ਇਹ ਕਾਫ਼ੀ ਲਾਭਕਾਰੀ ਪਾਇਆ ਗਿਆ ਹੈ। ਇਸ ਨੂੰ ਲਗਾਤਾਰ ਪੀਣ ਨਾਲ ਵੀ ਲੂ ਨਹੀਂ ਲਗਦੀ। ਜੇਕਰ ਲੂ ਲੱਗੇ ਰੋਗੀ ਨੂੰ ਦਹੀਂ ਚੰਗਾ ਲਗਦਾ ਹੈ ਤਾਂ ਉਸ ਨੂੰ ਲੱਸੀ ਬਣਾ ਕੇ ਦਿਓ, ਪਰ ਉਹ ਨਮਕੀਨ ਹੋਵੇ, ਜਿਸ ਵਿਚ ਪੁਦੀਨਾ, ਕਾਲਾ ਨਮਕ, ਭੁੱਜਾ ਜ਼ੀਰਾ ਵੀ ਪਾਓ। ਲੂ ਦੀ ਸ਼ਿਕਾਇਤ ਖ਼ਤਮ ਹੋਣ ਤੋਂ ਬਾਅਦ ਵੀ ਰੋਗੀ ਦੇ ਖਾਣ-ਪੀਣ ਵਿਚ ਸਾਵਧਾਨੀ ਵਰਤਣੀ ਚਾਹੀਦੀ ਹੈ। ਘੱਟ ਤੋਂ ਘੱਟ ਇਕ ਹਫ਼ਤੇ ਤੱਕ ਹਲਕਾ ਖਾਣਾ ਜਿਵੇਂ ਖਿਚੜੀ, ਦਲੀਆ ਅਤੇ ਸਾਬੂਦਾਣਾ ਹੀ ਦੇਣਾ ਚਾਹੀਦਾ ਹੈ।
ਲੂ ਅਤੇ ਗਰਮੀ ਤੋਂ ਬਚਾਅ ਦੇ ਕੁਝ ਉਪਾਅ
ਅਜੀਤ ਡੈਸਕ
01-05-2026