25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਦਵਾਈਆਂ ਵਰਤੋ ਪਰ ਸਾਵਧਾਨੀ ਨਾਲ

ਦਵਾਈਆਂ ਵਰਤੋ ਪਰ ਸਾਵਧਾਨੀ ਨਾਲ

ਅਜੀਤ ਡੈਸਕ 25-09-2026

ਅੱਜ ਦੇ ਤਣਾਅਪੂਰਨ ਅਤੇ ਪ੍ਰਦੂਸ਼ਣ ਭਰੇ ਮਾਹੌਲ ਵਿਚ ਰੋਗਾਂ ਦਾ ਜਨਮ ਇਕ ਆਮ ਗੱਲ ਹੈ ਅਤੇ ਹਰ ਦੂਜੇ ਦਿਨ ਡਾਕਟਰ ਦੇ ਕੋਲ ਜਾਣਾ ਲੱਗਿਆ ਰਹਿੰਦਾ ਹੈ | ਡਾਕਟਰ ਨੂੰ  ਅਸੀਂ ਰੋਗ ਦੇ ਬਾਰੇ ਦੱਸ ਦਿੰਦੇ ਹਾਂ ਅਤੇ ਡਾਕਟਰ ਵੀ ਜਾਂਚ ਤੋਂ ਬਾਅਦ ਲੰਮਾ ਜਿਹਾ ਪਰਚਾ ਸਾਨੂੰ ਫੜਾ ਦਿੰਦਾ ਹੈ, ਜਿਸ ਵਿਚ ਦਵਾਈਆਂ ਦੀ ਸੂਚੀ ਹੁੰਦੀ ਹੈ |

ਡਾਕਟਰ ਦਵਾਈਆਂ ਤਾਂ ਦੱਸ ਦਿੰਦੇ ਹਨ, ਪਰ ਦਵਾਈ ਲੈਂਦੇ ਸਮੇਂ ਧਿਆਨ ਰੱਖਣ ਵਾਲੀ ਗੱਲ ਜਿਵੇਂ ਦਵਾਈ ਪਾਣੀ ਦੇ ਨਾਲ ਲੈਣੀ ਹੈ ਜਾਂ ਕਿਸੇ ਹੋਰ ਪੀਣ ਵਾਲੇ ਪਦਾਰਥ ਨਾਲ, ਖਾਣ ਤੋਂ ਪਹਿਲਾਂ ਜਾਂ ਖਾਣੇ ਤੋਂ ਬਾਅਦ ਜਾਂ ਦਵਾਈ ਲੈਂਦੇ ਸਮੇਂ ਕਿਹੜੀ ਚੀਜ਼ ਦੀ ਵਰਤੋਂ ਤੁਹਾਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਜਾਂ ਕਰਨੀ ਹੈ ਆਦਿ, ਕਈ ਇਸ ਤਰ੍ਹਾਂ ਦੀਆਂ ਗੱਲਾਂ ਹਨ ਜੋ ਉਹ ਨਹੀਂ ਦੱਸਦੇ | ਇਨ੍ਹਾਂ ਗੱਲਾਂ ਨੂੰ  ਜਾਣਨਾ ਬੇਹੱਦ ਜ਼ਰੂਰੀ ਹੁੰਦਾ ਹੈ |
ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦਵਾਈਆਂ ਹਨ ਜੋ ਸਾਡੇ ਭੋਜਨ ਨਾਲ ਮਿਲ ਕੇ ਆਪਣਾ ਪ੍ਰਭਾਵ ਗਵਾ ਦਿੰਦੀਆਂ ਹਨ ਅਤੇ ਰੋਗ ਉਥੇ ਦਾ ਉਥੇ ਹੀ ਰਹਿੰਦਾ ਹੈ | ਇਸ ਤਰ੍ਹਾਂ ਦੀ ਹਾਲਤ ਤੋਂ ਬਚਾਅ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਥਿਤੀ ਨੂੰ  ਜ਼ਿਆਦਾ ਗੰਭੀਰ ਬਣਾ ਦਿੰਦਾ ਹੈ | ਡਾਕਟਰ ਦੇ ਕੋਲ ਤੁਸੀਂ ਜਾਂਦੇ ਹੋ ਅਤੇ ਡਾਕਟਰ ਨੂੰ  ਦੱਸਦੇ ਹੋ ਕਿ ਦਵਾਈ ਦਾ ਕੋਈ ਅਸਰ ਨਹੀਂ ਹੋਇਆ ਅਤੇ ਡਾਕਟਰ ਵੀ ਇਹ ਸੋਚਣ ਨੂੰ  ਮਜਬੂਰ ਹੁੰਦਾ ਹੈ ਕਿ ਰੋਗ ਗੰਭੀਰ ਹੈ ਜਾਂ ਹੱਲ ਗ਼ਲਤ ਹੈ, ਉਦੋਂ ਦਵਾਈ ਦਾ ਕੋਈ ਫ਼ਰਕ ਨਹੀਂ ਪਿਆ ਅਤੇ ਉਹ ਦਵਾਈ ਬਦਲ ਦਿੰਦਾ ਹੈ | ਇਸ ਲਈ ਡਾਕਟਰ ਦਾ ਫ਼ਰਜ਼ ਹੈ ਕਿ ਉਹ ਤੁਹਾਨੂੰ ਦਵਾਈ ਦਿੰਦੇ ਸਮੇਂ ਜਿਨ੍ਹਾਂ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ ਹੈ, ਉਨ੍ਹਾਂ ਤੋਂ ਸਾਵਧਾਨ ਕਰਾਏ ਅਤੇ ਤੁਹਾਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਡਾਕਟਰ ਇਸ ਵਿਚ ਅਸਾਵਧਾਨੀ ਵਰਤਦੇ ਹਨ ਤਾਂ ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਡਾਕਟਰ ਤੋਂ ਖ਼ੁਦ ਪੁੱਛਣਾ ਚਾਹੀਦਾ ਹੈ ਕਿਉਂਕਿ ਤੁਹਾਡੀ ਸਿਹਤ ਦੀ ਸੁਰੱਖਿਆ ਤੁਹਾਡੇ ਹੱਥਾਂ ਵਿਚ ਹੈ |
ਦਵਾਈ ਲੈਂਦੇ ਸਮੇਂ ਸਭ ਤੋਂ ਜ਼ਿਆਦਾ ਮਹੱਤਵ 'ਸਮੇਂ' ਨੂੰ  ਦਿਓ | ਸਮਾਂ ਭਾਵ ਤੁਹਾਡਾ ਪੇਟ ਉਸ ਸਮੇਂ ਖਾਲੀ ਹੈ ਜਾਂ ਤੁਸੀਂ ਬਹੁਤ ਭਾਰੀ ਭੋਜਨ ਕੀਤਾ ਹੈ ਕਿਉਂਕਿ ਇਸ ਦਾ ਪ੍ਰਭਾਵ ਉਸ ਸਮੇਂ ਲਈ ਜਾਣ ਵਾਲੀ ਦਵਾਈ ਨੂੰ  ਗ੍ਰਹਿਣ ਕਰਨ 'ਤੇ ਸਮਰੱਥ ਹੈ ਜਾਂ ਨਹੀਂ | ਜੇਕਰ ਤੁਸੀਂ ਭਾਰੀ ਭੋਜਨ ਕੀਤਾ ਹੋਇਆ ਹੈ ਅਤੇ ਤੁਸੀਂ ਭੋਜਨ ਤੋਂ ਬਾਅਦ ਦਵਾਈ ਲੈਂਦੇ ਹੋ ਤਾਂ ਸਰੀਰ ਦਵਾਈ ਨੂੰ  ਦੇਰ ਨਾਲ ਹਜ਼ਮ ਕਰਦਾ ਹੈ ਅਤੇ ਉਸ ਦਵਾਈ ਦਾ ਪ੍ਰਭਾਵ ਵੀ ਘੱਟ ਹੋ ਜਾਂਦਾ ਹੈ | ਇਸ ਤਰ੍ਹਾਂ ਜ਼ਿਆਦਾਤਰ ਦਵਾਈਆਂ ਦੇ ਸੰਬੰਧ ਵਿਚ ਹੁੰਦਾ ਹੈ, ਇਸ ਲਈ ਉਨ੍ਹਾਂ ਦਵਾਈਆਂ ਨੂੰ  ਨਾਸ਼ਤੇ ਤੋਂ ਪਹਿਲਾਂ ਲੈਣ ਨੂੰ  ਕਿਹਾ ਜਾਂਦਾ ਹੈ |
ਬਹੁਤੀਆਂ ਐਂਟੀਬਾਇਓਟਿਕ ਦਵਾਈਆਂ ਨੂੰ  ਖਾਣ ਤੋਂ ਇਕ ਘੰਟਾ ਪਹਿਲਾਂ ਜਾਂ ਖਾਣੇ ਦੇ ਦੋ ਘੰਟੇ ਬਾਅਦ ਲੈਣ ਨਾਲ ਉਹ ਜ਼ਿਆਦਾ ਪ੍ਰਭਾਵੀ ਕੰਮ ਕਰਦੀਆਂ ਹਨ |
ਇਹ ਗੱਲ ਕੁਝ ਦਵਾਈਆਂ ਦੇ ਕੇਸ ਵਿਚ ਬਿਲਕੁਲ ਉਲਟੀ ਸਿੱਧ ਹੁੰਦੀ ਹੈ | ਕੁਝ ਦਵਾਈਆਂ ਪੇਟ ਵਿਚ ਸੋਜ ਦਾ ਕਾਰਨ ਬਣ ਜਾਂਦੀਆਂ ਹਨ | ਜੇਕਰ ਉਹ ਖਾਲੀ ਪੇਟ ਲਈਆਂ ਜਾਣ, ਇਸ ਲਈ ਉਨ੍ਹਾਂ ਨੂੰ  ਖਾਣੇ ਦੇ ਨਾਲ ਲੈਣਾ ਜ਼ਰੂਰੀ ਹੁੰਦਾ ਹੈ |
ਇਸੇ ਤਰ੍ਹਾਂ ਕਈ ਲੋਕ ਦਵਾਈਆਂ ਨੂੰ  ਕੋਲਾ ਜਾਂ ਸਾਫ਼ਟ ਡਿ੍ੰਕਸ ਨਾਲ ਲੈਂਦੇ ਹਨ | ਕਾਰਬੋਨੇਟਡ ਪੀਣ ਵਾਲੇ ਪਦਾਰਥ, ਕੈਫੀਨ ਵਾਲੇ, ਸਬਜ਼ੀਆਂ ਤੇ ਫਲਾਂ ਦੇ ਜੂਸ ਨਾਲ ਦਵਾਈ ਲੈਣ ਨਾਲ ਪੇਟ ਦੇ ਹਾਈਡ੍ਰੋਜਨ ਆਇਨ ਕਨਸੰਟ੍ਰੇਸ਼ਨ 'ਤੇ ਪ੍ਰਭਾਵ ਪੈਂਦਾ ਹੈ ਅਤੇ ਸਰੀਰ ਉਸ ਦਵਾਈ ਨੂੰ  ਹਜ਼ਮ ਨਹੀਂ ਕਰ ਪਾਉਂਦਾ | ਇਸ ਲਈ ਬੇਹੱਦ ਜ਼ਰੂਰੀ ਹੈ ਕਿ ਦਵਾਈ ਨੂੰ  ਸਾਦੇ ਪਾਣੀ ਨਾਲ ਲਿਆ ਜਾਵੇ | ਕਿਸੇ ਹੋਰ ਪੀਣ ਵਾਲੇ ਪਦਾਰਥ ਨਾਲ ਲੈਣ ਤੋਂ ਪਹਿਲਾਂ ਡਾਕਟਰ ਤੋਂ ਸਲਾਹ ਜ਼ਰੂਰ ਲਓ |
ਇਹੀ ਨਹੀਂ, ਕੁਝ ਖਾਣ ਵਾਲੀਆਂ ਚੀਜ਼ਾਂ ਵਿਚ ਇਸ ਤਰ੍ਹਾਂ ਦੇ ਰਸਾਇਣ ਪਾਏ ਜਾਂਦੇ ਹਨ ਜੋ ਕਿਸੇ ਵਿਸ਼ੇਸ਼ ਦਵਾਈ ਦੇ ਨਾਲ ਰੀਐਕਸ਼ਨ ਕਰ ਸਕਦੇ ਹਨ ਅਤੇ ਦਵਾਈ ਨੂੰ  ਅਪ੍ਰਭਾਵੀ ਬਣਾ ਸਕਦੇ ਹਨ | ਕੁਝ ਦਵਾਈਆਂ ਦੁੱਧ ਤੇ ਹੋਰ ਡੇਅਰੀ ਪ੍ਰੋਡਕਸ ਨਾਲ ਨਹੀਂ ਲਈਆਂ ਜਾਣੀਆਂ ਚਾਹੀਦੀਆਂ, ਕਿਉਂਕਿ ਇਨ੍ਹਾਂ ਵਿਚ ਕੈਲਸ਼ੀਅਮ ਕੁਝ ਦਵਾਈਆਂ ਨੂੰ  ਜਜ਼ਬ ਨਹੀਂ ਹੋਣ ਦਿੰਦਾ |
ਇਸੇ ਤਰ੍ਹਾਂ ਥਾਈਰਾਇਡ ਰੋਗ ਵਿਚ ਲਈਆਂ ਜਾਣ ਵਾਲੀਆਂ ਕੁਝ ਦਵਾਈਆਂ ਦੀ ਵਰਤੋਂ ਸਮੇਂ ਬੰਦਗੋਭੀ, ਸ਼ਲਗਮ, ਸੋਇਆਬੀਨ ਆਦਿ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜਾਂ ਘੱਟ ਕਰਨੀ ਚਾਹੀਦੀ ਹੈ | ਇਸੇ ਤਰ੍ਹਾਂ ਉੱਚ ਬਲੱਡਪ੍ਰੈੱਸ਼ਰ, ਤਣਾਅ ਵਾਲੀਆਂ ਦਵਾਈਆਂ ਦੀ ਵਰਤੋਂ ਕਰਦੇ ਸਮੇਂ ਵੀ ਕੁਝ ਖਾਣ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਨ ਜਾਂ ਨਾ ਕਰਨ ਬਾਰੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ | ਇਸ ਲਈ ਰੋਗ ਚਾਹੇ ਗੰਭੀਰ ਹੈ ਜਾਂ ਨਹੀਂ, ਤਿੰਨ ਗੱਲਾਂ ਬਾਰੇ ਜ਼ਰੂਰ ਪੁੱਛੋ :-
ਦਵਾਈ ਖਾਲੀ ਪੇਟ ਲੈਣੀ ਹੈ, ਕੁਝ ਖਾਣੇ ਤੋਂ ਬਾਅਦ, ਕਿੰਨੇ ਸਮੇਂ ਬਾਅਦ ਲੈਣੀ ਹੈ | ਦਵਾਈ ਪਾਣੀ ਤੋਂ ਇਲਾਵਾ ਕਿਸੇ ਹੋਰ ਪੀਣ ਵਾਲੇ ਪਦਾਰਥ ਨਾਲ ਲਈ ਜਾ ਸਕਦੀ ਹੈ ਜਾਂ ਨਹੀਂ | ਦਵਾਈ ਦੇ ਨਾਲ ਕਿਹੜੀਆਂ ਖਾਣ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਨੀ ਹੈ ਅਤੇ ਕਿੰਨੀ ਮਾਤਰਾ ਵਿਚ ਕਰਨੀ ਹੈ |

ਪਿਛਲੀ ਖ਼ਬਰ ਸਿਹਤ ਲਈ ਲਾਹੇਵੰਦ ਹੈ 'ਬਲੈਕ ਕੌਫ਼ੀ' ਅਗਲੀ ਖ਼ਬਰ ਆਪਣੇ ਗੋਡਿਆਂ ਅਤੇ ਲੱਤਾਂ ਨੂੰ ਮੋੜ ਕੇ ਨਾ ਬੈਠੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।