ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਬਲੋਚਿਸਤਾਨ 'ਚ ਜਿਸ ਤਰ੍ਹਾਂ ਦੇ ਹਾਲਾਤ ਬਣ ਚੁੱਕੇ ਹਨ, ਉਨ੍ਹਾਂ ਤੋਂ ਇਹ ਸਪੱਸ਼ਟ ਹੋਣ ਲੱਗਾ ਹੈ ਕਿ ਇਸ ਵੱਡੇ ਸੂਬੇ ਨੂੰ ਹੁਣ ਪਾਕਿਸਤਾਨ ਆਪਣੇ ਨਾਲ ਰੱਖਣ ਤੋਂ ਅਸਮਰਥ ਹੁੰਦਾ ਜਾ ਰਿਹਾ ਹੈ। ਉਥੇ ਜੰਗ ਵਰਗੇ ਹਾਲਾਤ ਪੈਦਾ ਹੋ ਗਏ ਹਨ। ਪਿਛਲੇ ਦਿਨ ਪਾਕਿਸਤਾਨ ਦੇ ਮਹੱਤਵਪੂਰਨ ਸ਼ਹਿਰ ਤੇ ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਚ ਬੋਲਦਿਆਂ ਬਲੋਚਿਸਤਾਨ ਦੇ ਇਕ ਸਾਬਕਾ ਮੁੱਖ ਮੰਤਰੀ ਅਖ਼ਤਰ ਮੈਂਗਲ ਨੇ ਸਪੱਸ਼ਟ ਰੂਪ 'ਚ ਇਹ ਐਲਾਨ ਕੀਤਾ ਕਿ ਹੁਣ ਬਲੋਚਿਸਤਾਨ ਦਾ ਪਾਕਿਸਤਾਨ ਤੋਂ ਵੱਖ ਹੋਣਾ ਹੀ ਇਕੋ ਇਕ ਹੱਲ ਹੈ। ਇਹ ਦੋਵੇਂ ਹੁਣ ਕਿਸੇ ਤਰ੍ਹਾਂ ਵੀ ਇਕੱਠੇ ਨਹੀਂ ਰਹਿ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਬਲੋਚਿਸਤਾਨ ਪਾਕਿਸਤਾਨ ਨਾਲ ਇਕ ਗੁਆਂਢੀ ਮੁਲਕ ਵਜੋਂ ਤਾਂ ਸ਼ਾਂਤੀਪੂਰਨ ਢੰਗ ਨਾਲ ਰਹਿ ਸਕਦਾ ਹੈ ਪਰ ਉਸ ਦਾ ਸੂਬਾ ਬਣ ਕੇ ਰਹਿਣਾ ਇਸ ਨੂੰ ਮਨਜ਼ੂਰ ਨਹੀਂ ਹੈ। ਇਸ ਦੇ ਨਾਲ ਹੀ ਅਖ਼ਤਰ ਮੈਂਗਲ ਨੇ ਪਾਕਿਸਤਾਨ ਦੀ ਕੌਮੀ ਅਸੈਂਬਲੀ ਤੋਂ ਵੀ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ।
ਮਿਲ ਰਹੀਆਂ ਤਾਜ਼ਾ ਖ਼ਬਰਾਂ ਅਨੁਸਾਰ ਇਸ ਬਗ਼ਾਵਤ ਨੂੰ ਦਬਾਉਣ ਲਈ ਪਾਕਿਸਤਾਨ ਨੇ ਟੈਂਕਾਂ ਤੇ ਤੋਪਖਾਨੇ ਨਾਲ ਉਥੇ ਦੇ ਕਈ ਇਲਾਕਿਆਂ 'ਤੇ ਹਮਲਾ ਕਰ ਦਿੱਤਾ ਹੈ। ਬਗ਼ਾਵਤ ਦਬਾਉਣ ਲਈ ਡਰੋਨਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਕਈ ਖੇਤਰਾਂ 'ਚ ਹਵਾਈ ਹਮਲੇ ਵੀ ਜਾਰੀ ਹਨ। ਉਥੇ ਬਹੁਤ ਸਾਰੇ ਇਲਾਕਿਆਂ ਵਿਚ ਕਰਫ਼ਿਊ ਲਗਾ ਦਿੱਤਾ ਗਿਆ ਹੈ ਅਤੇ ਫ਼ੌਜ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ ਦਬਾਉਣ ਲਈ ਬਹੁਤੇ ਇਲਾਕਿਆਂ ਨੂੰ ਛਾਣ ਮਾਰਿਆ ਹੈ। ਉਥੇ ਦੇ ਮਹਿਮਵਾਲ ਖੇਤਰ ਤੋਂ ਆਈਆਂ ਖ਼ਬਰਾਂ ਅਨੁਸਾਰ ਦਰਜਨਾਂ ਹੀ ਘਰਾਂ ਨੂੰ ਬੰਬਾਰੀ ਨਾਲ ਤਬਾਹ ਕਰ ਦਿੱਤਾ ਗਿਆ ਹੈ ਅਤੇ ਮੁਸਤੰਗ ਪੰਜਗੁਰ ਦੇ ਵੱਡੇ ਇਲਾਕਿਆਂ ਦੇ ਨਾਲ-ਨਾਲ ਹੋਰ ਵੱਡੇ ਖੇਤਰਾਂ 'ਚ ਵੀ ਪਾਕਿਸਤਾਨ ਦੀ ਫ਼ੌਜ ਦਾ ਕਹਿਰ ਜਾਰੀ ਹੈ। ਕੁਝ ਦਿਨ ਪਹਿਲਾਂ ਮਿਲੀਆਂ ਖ਼ਬਰਾਂ ਅਨੁਸਾਰ ਹੁਣ ਤੱਕ ਸੈਕੜੇ ਹੀ ਪਾਕਿਸਤਾਨੀ ਸੁਰੱਖਿਆ ਬਲਾਂ ਦੇ ਜਵਾਨ ਮਾਰੇ ਜਾ ਚੁੱਕੇ ਹਨ, ਜਦੋਂ ਕਿ ਪ੍ਰਸ਼ਾਸਨ ਨੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸੈਕੜਿਆਂ ਦੀ ਗਿਣਤੀ ਵਿਚ ਬਲੋਚਿਸਤਾਨ ਦੇ ਬਾਗ਼ੀਆਂ ਨੂੰ ਮਾਰ ਮੁਕਾਇਆ ਹੈ। ਇਹ ਬਾਗ਼ੀ ਵੀ ਸੁਰੱਖਿਆ ਚੌਂਕੀਆਂ ਤੇ ਫ਼ੌਜੀ ਛਾਉਣੀਆਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ।
ਕੁਝ ਦਿਨ ਪਹਿਲਾਂ ਉਥੋਂ ਦੇ ਵੱਡੇ ਵੱਖਵਾਦੀ ਆਗੂ ਮੀਰਯਾਰ ਬਲੋਚ ਨੇ ਬਲੋਚਿਸਤਾਨ ਲਿਬਰੇਸ਼ਨ ਚਾਰਟਰ ਜਾਰੀ ਕੀਤਾ, ਜਿਸ ਨੂੰ ਉਸ ਨੇ ਬਲੋਚਿਸਤਾਨ ਦਾ ਸੰਵਿਧਾਨ ਕਰਾਰ ਦਿੱਤਾ। ਇਸ ਛਪੇ ਹੋਏ ਦਸਤਾਵੇਜ਼ ਵਿਚ ਬਲੋਚਿਸਤਾਨ ਦੇ ਹਰ ਵਿਅਕਤੀ ਨੂੰ ਅਧਿਕਾਰਾਂ ਦੀ ਗਾਰੰਟੀ ਦਿੱਤੀ ਗਈ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਧਰਮ ਤੇ ਰਾਜਨੀਤੀ ਵੱਖੋ-ਵੱਖਰੇ ਹਨ। ਇਸ ਸੰਵਿਧਾਨ ਅਨੁਸਾਰ ਕੱਟੜਪੰਥੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਸਾਰੇ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਯਕੀਨੀ ਬਣਾਈ ਗਈ ਹੈ। ਇਹ ਵੀ ਕਿਹਾ ਗਿਆ ਹੈ ਕਿ ਦੁਨੀਆ ਬਲੋਚਿਸਤਾਨ ਨੂੰ ਧਰਮ ਨਿਰਪੱਖ ਲੋਕਤੰਤਰੀ ਗਣਰਾਜ ਦਾ ਦਰਜਾ ਦੇਵੇ। ਇਸ ਦਸਤਾਵੇਜ਼ ਨੂੰ 11 ਭਾਸ਼ਾਵਾਂ ਵਿਚ ਜਾਰੀ ਕੀਤਾ ਗਿਆ ਹੈ, ਜਿਨ੍ਹਾਂ 'ਚ ਬਲੋਚੀ, ਬ੍ਰਹਮੀ, ਹਿੰਦੀ, ਮਰਾਠੀ, ਗੁਜਰਾਤੀ, ਪੰਜਾਬੀ, ਅੰਗਰੇਜ਼ੀ, ਪਸ਼ਤੋ, ਫਾਰਸੀ, ਅਰਬੀ ਤੇ ਉਰਦੂ ਜ਼ਬਾਨਾਂ ਵੀ ਸ਼ਾਮਿਲ ਹਨ। ਇਸ ਲਈ ਪਾਕਿਸਤਾਨ ਪ੍ਰਸ਼ਾਸਨ ਲਈ ਸਭ ਤੋਂ ਵੱਡੀ ਚਿੰਤਾ ਇਹ ਬਣ ਗਈ ਹੈ ਕਿ ਹੁਣ ਇਹ ਲੜਾਈ ਸਿਰਫ਼ ਕਬੀਲਾਈ ਸਰਦਾਰਾਂ ਦੇ ਹੱਥ 'ਚ ਨਹੀਂ ਹੈ, ਸਗੋਂ ਇਸ ਵਿਚ ਡਾਕਟਰ, ਇੰਜੀਨੀਅਰ, ਵਿਗਿਆਨੀ ਤੇ ਵਕੀਲ ਤੱਕ ਵੱਡੀ ਗਿਣਤੀ 'ਚ ਸ਼ਾਮਿਲ ਹੋ ਗਏ ਹਨ। ਇਸ ਤੋਂ ਵੱਡੀ ਗੱਲ ਇਹ ਕਹੀ ਜਾ ਸਕਦੀ ਹੈ ਕਿ ਇਸ ਅੰਦੋਲਨ ਵਿਚ ਔਰਤਾਂ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਗਈਆਂ ਹਨ। ਇਨ੍ਹਾਂ ਦੀ ਅਗਵਾਈ ਆਗੂ ਮਹਰੰਗ ਬਲੋਚ ਵਰਗੀਆਂ ਪੜ੍ਹੀਆਂ ਲਿਖੀਆਂ ਲੜਕੀਆਂ ਕਰ ਰਹੀਆਂ ਹਨ। ਇਥੇ ਹੀ ਬਸ ਨਹੀਂ, ਬਹੁਤ ਸਾਰੀਆਂ ਜਾਗਰੂਕ ਔਰਤਾਂ ਫਿਦਾਈਨ ਹਮਲਿਆਂ 'ਚ ਵੀ ਸ਼ਾਮਿਲ ਹੋ ਗਈਆਂ ਹਨ।
ਚਾਹੇ ਹੁਣ ਦੀ ਲੜਾਈ ਬਲੋਚ ਬਾਗ਼ੀ 25 ਸਾਲ ਤੋਂ ਲੜ ਰਹੇ ਹਨ ਪਰ ਪਿਛਲੇ 4-5 ਸਾਲ ਤੋਂ ਇਸ ਨੇ ਸਮੂਹਿਕ ਜਨਤਕ ਭਾਵਨਾਵਾਂ ਦੀ ਤਰਜਮਾਨੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਉਥੇ ਬਹੁਗਿਣਤੀ ਲੋਕ ਬਗ਼ਾਵਤੀ ਰੁਖ਼ ਧਾਰ ਕੇ ਬਾਹਰ ਨਿਕਲ ਆਏ ਹਨ। ਜਿਥੋਂ ਤੱਕ ਬਲੋਚਿਸਤਾਨ ਦੇ ਇਤਿਹਾਸ ਦਾ ਸੰਬੰਧ ਹੈ 1947 ਵਿਚ ਇਸ ਨੂੰ ਅੰਗਰੇਜ਼ਾਂ ਨੇ ਵੱਖਰੇ ਮੁਲਕ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਸੀ। ਕਾਰਨ ਇਹ ਸੀ ਕਿ ਅੰਗਰੇਜ਼ੀ ਹਕੂਮਤ ਸਮੇਂ ਵੀ ਇਥੇ ਬਲੋਚਿਸਤਾਨ ਵਿਚ ਆਜ਼ਾਦ ਹਕੂਮਤ ਹੀ ਚਲਦੀ ਰਹੀ ਹੈ। ਇਥੋਂ ਦੀਆਂ ਰਿਆਸਤਾਂ ਦਾ ਦਰਜਾ ਹੈਦਰਾਬਾਦ ਜਾਂ ਪਟਿਆਲਾ ਦੀ ਰਿਆਸਤ ਵਰਗਾ ਨਹੀਂ ਸੀ, ਸਗੋਂ ਇਨ੍ਹਾਂ ਰਿਆਸਤਾਂ ਨੂੰ ਆਜ਼ਾਦ ਰਿਆਸਤਾਂ ਹੀ ਮੰਨਿਆ ਗਿਆ ਸੀ। 4 ਅਗਸਤ, 1947 ਨੂੰ ਮੁਹੰਮਦ ਅਲੀ ਜਿਨਾਹ, ਮਾਊਂਟ ਬੈਟਨ ਤੇ ਕਲਾਤ (ਆਧੁਨਿਕ ਬਲੋਚਿਸਤਾਨ ਦਾ ਵੱਡਾ ਹਿੱਸਾ) ਰਿਆਸਤ ਦੇ ਮੁਖੀ ਮੀਰ ਅਹਿਮਦ ਯਾਰ ਖ਼ਾਨ ਵਿਚਾਲੇ ਇਹ ਸਹਿਮਤੀ ਬਣੀ ਸੀ ਕਿ ਬਰਤਾਨਵੀ ਇੰਡੀਆ ਦੇ ਆਜ਼ਾਦ ਹੋਣ ਤੋਂ ਅਗਲੇ ਹੀ ਦਿਨ ਕਲਾਤ ਨੂੰ ਵੀ ਆਜ਼ਾਦ ਮੁਲਕ ਐਲਾਨਿਆ ਜਾਏਗਾ। 15 ਅਗਸਤ, 1947 ਨੂੰ ਅਜਿਹਾ ਹੀ ਫ਼ਰਮਾਨ ਜਾਰੀ ਕੀਤਾ ਗਿਆ ਸੀ ਪਰ ਫ਼ਰਵਰੀ, 1948 ਦੇ ਆਉਂਦੇ-ਆਉਂਦੇ ਉਸ ਸਮੇਂ ਦੇ ਪਾਕਿਸਤਾਨ ਦੇ ਗਵਰਨਰ ਜਨਰਲ ਮੁਹੰਮਦ ਅਲੀ ਜਿਨਾਹ ਨੇ ਸਖ਼ਤੀ ਨਾਲ ਮੀਰ ਅਹਿਮਦ ਯਾਰ ਖ਼ਾਨ ਨੂੰ ਦਬਾਅ ਪਾ ਕੇ ਉਸ ਤੋਂ ਬਲੋਚਿਸਤਾਨ ਦੀ ਪਾਕਿਸਤਾਨ 'ਚ ਸ਼ਮੂਲੀਅਤ ਕਰਨ ਦਾ ਐਲਾਨ ਕਰਾ ਲਿਆ ਸੀ ਪਰ ਇਸ ਐਲਾਨ ਦੇ ਬਾਵਜੂਦ ਮੀਰ ਅਹਿਮਦ ਯਾਰ ਖ਼ਾਨ ਦੇ ਭਰਾ ਪ੍ਰਿੰਸ ਅਬਦੁਲ ਕਰੀਮ ਖ਼ਾਨ ਨੇ ਉਥੇ ਅਲਹਿਦਗੀ ਦੇ ਵਿਦਰੋਹ ਦੀ ਕਮਾਨ ਸੰਭਲ ਲਈ ਸੀ ਤੇ ਉਹ ਅਫ਼ਗਾਨਿਸਤਾਨ 'ਚ ਭੱਜ ਗਿਆ ਸੀ। ਇਸ ਬਗ਼ਾਵਤ ਨੂੰ ਪਾਕਿਸਤਾਨ ਹਕੂਮਤ ਨੇ ਸਖ਼ਤੀ ਨਾਲ ਦਬਾਅ ਦਿੱਤਾ ਸੀ। ਦੂਜੀ ਬਗ਼ਾਵਤ ਸਾਲ 1959 'ਚ ਉਠੀ ਜੋ ਪਾਕਿਸਤਾਨ ਦੀ ਹਕੂਮਤ ਦੇ ਦੇਸ਼ ਨੂੰ 'ਵੰਨ ਯੂਨਿਟ' ਐਲਾਨਣ ਨਾਲ ਸ਼ੁਰੂ ਹੋਈ ਸੀ। ਬਲੋਚਿਸਤਾਨੀਆਂ ਦਾ ਇਲਜ਼ਾਮ ਸੀ ਕਿ ਇਸ ਤਰ੍ਹਾਂ ਉਨ੍ਹਾਂ ਦੀ ਪਹਿਚਾਣ ਖ਼ਤਮ ਜਾਏਗੀ। ਉਦੋਂ ਖ਼ਾਨ ਦੇ ਬੇਟਿਆਂ ਤੇ ਹੋਰ ਪਰਿਵਾਰਿਕ ਮੈਂਬਰਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ, ਜਿਸ ਨਾਲ ਇਹ ਬਗ਼ਾਵਤ ਵੀ ਠੰਢੀ ਪੈ ਗਈ ਸੀ। ਤੀਸਰੀ ਬਗ਼ਾਵਤ 1963-69 ਤੱਕ ਲਗਾਤਾਰ ਜਾਰੀ ਰਹੀ। ਇਹ ਪਾਕਿਸਤਾਨ ਹਕੂਮਤ ਵਲੋਂ ਬਲੋਚਿਸਤਾਨ ਵਿਚ ਨਵੇਂ ਫ਼ੌਜੀ ਅੱਡੇ ਬਣਾਉਣ ਤੇ ਕੁਦਰਤੀ ਸਾਧਨਾਂ 'ਤੇ ਗਲਬਾ ਸਥਾਪਿਤ ਕਰਨ ਦੇ ਰੋਸ ਵਜੋਂ ਉੱਭਰੀ ਸੀ। ਉਸ ਸਮੇਂ ਜਨਰਲ ਯਾਹੀਆ ਖ਼ਾਨ ਨੂੰ 'ਵੰਨ ਯੂਨਿਟ' ਦੀ ਨੀਤੀ ਵਾਪਸ ਲੈਣੀ ਪਈ ਸੀ। ਚੌਥੀ ਬਗ਼ਾਵਤ 1973-77 ਤੱਕ ਚਲਦੀ ਰਹੀ। ਉਸ ਸਮੇਂ ਦੇ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਨੇ ਉਥੋਂ ਦੀ ਚੁਣੀ ਹੋਈ ਪ੍ਰਾਂਤਕ ਸਰਕਾਰ ਨੂੰ ਬਰਖ਼ਾਸਤ ਕਰ ਦਿੱਤਾ ਸੀ। 1977 'ਚ ਭੁੱਟੋ ਦਾ ਤਖ਼ਤਾ ਪਲਟਣ ਤੋਂ ਬਾਅਦ ਇਹ ਲਹਿਰ ਖ਼ਤਮ ਹੋ ਗਈ ਸੀ।
ਪੰਜਵੀਂ ਵਾਰ ਬਗ਼ਾਵਤ ਸੰਨ 2000 ਵਿਚ ਸ਼ੁਰੂ ਹੋਈ ਜੋ ਹੁਣ ਤੱਕ ਜਾਰੀ ਹੈ। ਪਹਿਲਾਂ ਇਸ ਦੀ ਅਗਵਾਈ ਨਵਾਬ ਅਕਬਰ ਖਾਨ ਬੁਗਤੀ ਕਰਦਾ ਰਿਹਾ ਪਰ ਹੁਣ ਇਸ ਦੀ ਅਗਵਾਈ ਅੱਲਾ ਨਜ਼ਰ ਬਲੋਚ ਕਰ ਰਿਹਾ ਹੈ, ਜੋ ਵੱਡੀ ਗਿਣਤੀ ਜਨਤਾ ਨੂੰ ਆਪਣੇ ਨਾਲ ਲੈਣ 'ਚ ਸਫ਼ਲ ਹੁੰਦਾ ਜਾ ਰਿਹਾ ਹੈ। ਇਹ ਬਲੋਚਿਸਤਾਨ ਲਿਬਰੇਸ਼ਨ ਫਰੰਟ ਦਾ ਆਗੂ ਹੈ, ਜਿਸ ਨੇ ਇਸ ਅੰਦੋਲਨ ਨੂੰ ਪੂਰੀ ਬਲੋਚ ਜਨਤਾ ਤੱਕ ਪਹੁੰਚਾ ਦਿੱਤਾ ਹੈ। ਇਸ ਤੋਂ ਇਲਾਵਾ ਅਨੇਕਾਂ ਹੋਰ ਵੀ ਸੰਗਠਨ ਹਿੰਸਕ ਰੂਪ 'ਚ ਪਾਕਿਸਤਾਨ ਦੇ ਵਿਰੋਧ 'ਚ ਉੱਠ ਖੜ੍ਹੇ ਹੋਏ ਹਨ। ਪੈਦਾ ਹੋਏ ਅਜਿਹੇ ਹਾਲਾਤ ਵਿਚ ਪਾਕਿਸਤਾਨ ਦੀ ਸਥਿਤੀ ਪੂਰੀ ਤਰ੍ਹਾਂ ਵਿਚਾਰਗੀ ਵਾਲੀ ਬਣੀ ਨਜ਼ਰ ਆਉਣ ਲੱਗੀ ਹੈ। ਬਿਨਾਂ ਸ਼ੱਕ ਬਲੋਚਿਸਤਾਨ ਦੀ ਵੱਖ ਹੋਣ ਲਈ ਸ਼ੁਰੂ ਹੋਈ ਇਸ ਬਗ਼ਾਵਤ ਨੇ ਪਾਕਿਸਤਾਨ ਨੂੰ ਜੜ੍ਹਾਂ ਤੱਕ ਹਿਲਾ ਕੇ ਰੱਖ ਦਿੱਤਾ ਹੈ, ਜਿਸ ਕਾਰਨ ਇਸ ਦੀ ਅਖੰਡਤਾ 'ਤੇ ਵੱਡਾ ਸਵਾਲੀਆ ਨਿਸ਼ਾਨ ਲੱਗਾ ਨਜ਼ਰ ਆਉਂਦਾ ਹੈ।
-ਬਰਜਿੰਦਰ ਸਿੰਘ ਹਮਦਰਦ