13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸਿੱਖ ਇਤਿਹਾਸ 'ਚ ਅਹਿਮ ਸਥਾਨ ਹੈ ਜੈਤੋ ਦੇ ਮੋਰਚਾ ਦਾ

ਅਜੀਤ ਡੈਸਕ 20-02-2026

21 ਫਰਵਰੀ ਨੂੰ ਸ਼ਹੀਦੀ ਸਾਕੇ 'ਤੇ ਵਿਸ਼ੇਸ਼
ਫ਼ਰੀਦਕੋਟ ਜ਼ਿਲ੍ਹੇ ਦੇ ਇਤਿਹਾਸਕ ਸ਼ਹਿਰ ਜੈਤੋ ਦੀ ਸਿੱਖ ਇਤਿਹਾਸ 'ਚ ਬੜੀ ਅਹਿਮ ਥਾਂ ਹੈ। ਇਸ ਸ਼ਹਿਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਛੋਹ ਪ੍ਰਾਪਤ ਹੈ। ਦੇਸ਼ ਦੀ ਆਜ਼ਾਦੀ ਦੇ ਸੰਘਰਸ਼ 'ਚ ਇੱਥੋਂ ਦੇ ਦੇਸ਼ ਭਗਤਾਂ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। ਇਸ ਥਾਂ ਦੀ ਇਤਿਹਾਸਕ ਮਹਾਨਤਾ ਇਸ ਕਰਕੇ ਹੀ ਵਧੇਰੇ ਹੈ ਕਿ ਸਿੱਖ ਇਤਿਹਾਸ ਦਾ ਸਭ ਤੋਂ ਲੰਮਾ ਸਮਾਂ ਚੱਲਣ ਵਾਲਾ ਮੋਰਚਾ ਇੱਥੇ ਹੀ ਲੱਗਾ ਸੀ ਜਿਸ ਨੂੰ ਜੈਤੋ ਦੇ ਮੋਰਚੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਜੈਤੋ ਦਾ ਮੋਰਚਾ ਪਟਿਆਲਾ ਤੇ ਨਾਭਾ ਰਿਆਸਤ ਦੇ ਬਾਹਰੀ ਝਗੜੇ ਵਜੋਂ ਹੋਂਦ 'ਚ ਆਇਆ, ਕਿਉਂਕਿ ਅੰਗਰੇਜ਼ ਹਕੂਮਤ ਪਹਿਲਾਂ ਹੀ ਇਸ ਤਾਕ ਵਿਚ ਸੀ ਕਿ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਵਿਰੁੱਧ ਕੋਈ ਕਾਰਵਾਈ ਕਰਕੇ ਉਸ ਨੂੰ ਅੰਗਰੇਜ਼ੀ ਹਕੂਮਤ ਦਾ ਪ੍ਰਭਾਵ ਕਬੂਲ ਕਰਨ ਲਈ ਮਜਬੂਰ ਕੀਤਾ ਜਾ ਸਕੇ। ਅੰਗਰੇਜ਼ ਹਕੂਮਤ ਨੇ ਬੜੀ ਹੁਸ਼ਿਆਰੀ ਨਾਲ ਦੋਹਾਂ ਮਹਾਰਾਜਿਆਂ ਤੋਂ ਫ਼ੈਸਲਾ ਕਰਨ ਦੇ ਹੱਕ ਪ੍ਰਾਪਤ ਕਰ ਲਏ। ਹਕੂਮਤ ਨੂੰ ਅਜਿਹਾ ਹੱਕ ਦੇਣਾ ਹੀ ਮਹਾਰਾਜਾ ਨੂੰ ਮਹਿੰਗਾ ਪਿਆ। ਹਕੂਮਤ ਨੇ ਝਗੜੇ ਦੀ ਆੜ ਹੇਠ 8 ਜੂਨ 1923 ਨੂੰ ਮਹਾਰਾਜ ਰਿਪੁਦਮਨ ਸਿੰਘ ਨੂੰ ਨਾਭਾ ਰਿਆਸਤ ਦੀ ਰਾਜਗੱਦੀ ਤੋਂ ਲਾਹ ਕੇ ਉਸ ਨੂੰ ਰਾਜ 'ਚੋਂ ਕੱਢ ਦਿੱਤਾ। ਸਿੱਖ ਜਗਤ 'ਚ ਬੇਹੱਦ ਸਤਿਕਾਰ ਹੋਣ ਕਰਕੇ ਸ਼੍ਰੋਮਣੀ ਕਮੇਟੀ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਤੇ ਮਹਾਰਾਜਾ ਨਾਭਾ ਪ੍ਰਤੀ ਹਮਦਰਦੀ ਦਾ ਮਤਾ ਪਾਸ ਕਰਕੇ 9 ਸਤੰਬਰ 1923 ਨੂੰ 'ਨਾਭਾ ਦਿਵਸ' ਮਨਾਉਣ ਦਾ ਐਲਾਨ ਕਰ ਦਿੱਤਾ। ਇਸ ਦਿਨ ਪੰਜਾਬ 'ਚ ਥਾਂ-ਥਾਂ ਜਲੂਸ ਕੱਢੇ ਗਏ ਅਤੇ ਮਹਾਰਾਜਾ ਦੀ ਬਹਾਲੀ ਲਈ ਮਤੇ ਪਾਸ ਕੀਤੇ ਗਏ। ਜੈਤੋ ਵਿਖੇ ਵੀ ਅਜਿਹਾ ਜਲੂਸ ਕੱਢਿਆ ਗਿਆ। ਜਲੂਸ ਦੀ ਸਮਾਪਤੀ 'ਤੇ ਦੀਵਾਨ ਸਜਾਇਆ ਗਿਆ ਤੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਅਖੰਡ ਪਾਠ ਦੀ ਲੜੀ ਆਰੰਭ ਕੀਤੀ ਗਈ। ਦੂਜੇ ਪਾਸੇ ਅੰਗਰੇਜ਼ ਹਕੂਮਤ ਵਲੋਂ ਮਹਾਰਾਜਾ ਰਿਪੁਦਮਨ ਸਿੰਘ ਦੇ ਹੱਕ 'ਚ ਕੋਈ ਵੀ ਮਤਾ ਪਾਸ ਕਰਨ ਦੀ ਸਖ਼ਤ ਮਨਾਹੀ ਸੀ ਤੇ ਜੈਤੋ ਵਿਖੇ ਮਹਾਰਾਜੇ ਦੇ ਹੱਕ ਵਿਚ ਅਖੰਡ ਪਾਠਾਂ ਦੀ ਲੜੀ ਹਕੂਮਤੀ ਆਦੇਸ਼ਾਂ ਦੀ ਸਿੱਧੀ ਵਿਰੋਧਤਾ ਸੀ। ਇਸ ਕਰਕੇ 14 ਸਤੰਬਰ 1923 ਨੂੰ ਜਦੋਂ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਦੀਵਾਨ ਸਜਿਆ ਹੋਇਆ ਸੀ ਤੇ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਚੱਲ ਰਹੇ ਸਨ ਤਾਂ ਅੰਗਰੇਜ਼ੀ ਹਕੂਮਤ ਦੇ ਹਥਿਆਰਬੰਦ ਸਿਪਾਹੀਆਂ ਨੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਦਾਖਲ ਹੋ ਕੇ ਉੱਥੇ ਇਕੱਤਰ ਸ਼ਰਧਾਲੂਆਂ ਤੇ ਸੇਵਾਦਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਬੈਠੇ ਗ੍ਰੰਥੀ ਸਿੰਘਾਂ ਨੂੰ ਵੀ ਬਾਹਰ ਕੱਢ ਲਿਆਂਦਾ। ਇਸ ਤਰ੍ਹਾਂ ਚੱਲ ਰਹੇ ਅਖੰਡ ਪਾਠਾਂ ਨੂੰ ਖੰਡਤ ਕਰ ਦਿੱਤਾ ਗਿਆ। ਇਸ ਘਟਨਾ ਦਾ ਵੱਡੇ ਪੱਧਰ 'ਤੇ ਵਿਰੋਧ ਹੋਣ ਲੱਗਾ। ਘਟਨਾ ਨੇ ਮਹਾਰਾਜਾ ਨਾਭਾ ਦੇ ਰਾਜਸੀ ਸਵਾਲ ਨੂੰ ਸਿੱਖ ਧਰਮ ਦਾ ਸਵਾਲ ਬਣਾ ਦਿੱਤਾ ਤੇ ਜੈਤੋ ਵਿਖੇ ਸਿੱਖਾਂ ਨੇ ਮੋਰਚਾ ਆਰੰਭ ਕਰ ਦਿੱਤਾ। ਇਸ ਮੋਰਚੇ ਦਾ ਮੁੱਖ ਨਿਸ਼ਾਨਾ ਅਖੰਡ ਪਾਠਾਂ ਨੂੰ ਅਖੰਡ ਰੂਪ 'ਚ ਮੁੜ ਸ਼ੁਰੂ ਕਰਨਾ ਸੀ ਅਤੇ ਸ਼੍ਰੋਮਣੀ ਕਮੇਟੀ ਨੇ ਇਸ ਮੋਰਚੇ ਦੀ ਅਗਵਾਈ ਸੰਭਾਲਦਿਆਂ 25-25 ਸਿੰਘਾਂ ਦੇ ਜਥੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਭੇਜਣੇ ਆਰੰਭ ਕੀਤੇ। ਇਨ੍ਹਾਂ ਜਥਿਆਂ ਦੇ ਸਿੰਘਾਂ ਨੂੰ ਅੰਗਰੇਜ਼ ਹਕੂਮਤ ਵਲੋਂ ਜੈਤੋ ਵਿਖੇ ਗ੍ਰਿਫ਼ਤਾਰ ਕਰ ਲਿਆ ਜਾਂਦਾ, ਕਈ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਤੇ ਫਿਰ ਦੂਰ ਜੰਗਲਾਂ 'ਚ ਛੱਡ ਦਿੱਤਾ ਜਾਂਦਾ।
ਮਹਾਰਾਜਾ ਨਾਭਾ ਨੂੰ ਗੱਦੀਉਂ ਲਾਹੇ ਜਾਣ ਸੰਬੰਧੀ ਚੱਲ ਰਹੇ ਜੈਤੋ ਮੋਰਚੇ ਦਾ ਜਾਇਜ਼ਾ ਲੈਣ ਲਈ ਇੰਡੀਅਨ ਨੈਸ਼ਨਲ ਕਾਂਗਰਸ ਦੇਦਿੱਲੀ ਹੋਏ ਇਕ ਸਮਾਗਮ 'ਚ ਕਾਂਗਰਸ ਵਲੋਂ ਕੀਤੇ ਗਏ ਫ਼ੈਸਲੇ ਅਨੁਸਾਰ ਪੰਡਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿਚ ਇਕ ਵਫ਼ਦ ਜੈਤੋ ਭੇਜਿਆ ਗਿਆ। ਇਸ ਵਫ਼ਦ ਵਿਚ ਉਨ੍ਹਾਂ ਨਾਲ ਕਾਂਗਰਸੀ ਆਗੂ ਡਾ. ਕਿਚਲੂ, ਪ੍ਰਿੰ. ਗਿਡਵਾਨੀ, ਨਿਊਯਾਰਕ ਟਾਈਮਜ਼ ਦੇ ਪੱਤਰਕਾਰ ਸ੍ਰੀ ਜਿੰਮਦ ਵੀ ਸੀ। ਇਨ੍ਹਾਂ ਸਭ ਨੂੰ ਜੈਤੋ ਪੁੱਜਦਿਆਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਨਾਭਾ ਜੇਲ੍ਹ ਭੇਜ ਦਿੱਤਾ। ਸ਼੍ਰੋਮਣੀ ਕਮੇਟੀ ਨੇ 29 ਸਤੰਬਰ ਨੂੰ ਇਕ ਮਤਾ ਪਾਸ ਕਰਕੇ ਸਖ਼ਤ ਨੋਟਿਸ ਲਿਆ ਤੇ 25-25 ਸਿੰਘਾਂ ਦੇ ਜਥਿਆਂ ਦਾ ਕੋਈ ਤਸੱਲੀਬਖਸ਼ ਪ੍ਰਭਾਵ ਨਾ ਪੈਦਾ ਵੇਖ ਮੋਰਚੇ ਨੂੰ ਹੋਰ ਤੇਜ਼ ਕਰਨ ਦੇ ਫ਼ੈਸਲੇ ਵਜੋਂ 500-500 ਸਿੰਘਾਂ ਦੇ ਜਥੇ ਭੇਜਣੇ ਸ਼ੁਰੂ ਕਰ ਦਿੱਤੇ, ਜਿਸ ਤਹਿਤ ਪਹਿਲੇ 500 ਸਿੰਘਾਂ ਦੇ ਜਥੇ ਦੀ ਅਗਵਾਈ ਜਥੇਦਾਰ ਮੋਹਨ ਸਿੰਘ ਤੁੜ ਦੇ ਪਿਤਾ ਜਥੇਦਾਰ ਜਗਤ ਸਿੰਘ ਤੁੜ ਨੂੰ ਦੇ ਕੇ 21 ਫਰਵਰੀ 1924 ਨੂੰ ਜੈਤੋ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਅਖੰਡ ਪਾਠ ਦਾ ਆਰੰਭ ਕਰਨ ਦਾ ਕਾਰਜ ਸੌਂਪਿਆ ਗਿਆ। ਇਹ ਵਿਸ਼ਾਲ ਜਥਾ 9 ਫਰਵਰੀ ਨੂੰ ਅਕਾਲ ਤਖ਼ਤ ਅੰਮ੍ਰਿਤਸਰ ਤੋਂ ਅਰਦਾਸ ਕਰਕੇ ਰਵਾਨਾ ਹੋਇਆ। ਜਥੇ ਦੇ ਸਿੰਘਾਂ ਨੂੂੰ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਅਹਿੰਸਾ ਤੇ ਸ਼ਾਂਤੀ ਦਾ ਰਸਤਾ ਅਪਣਾ ਕੇ ਜੈਤੋ ਵਿਖੇ ਪੁੱਜਣ ਦਾ ਪ੍ਰਣ ਦੁਆਇਆ ਗਿਆ। ਇਹ ਜਥਾ ਨਾਭਾ, ਪਟਿਆਲਾ ਤੇ ਸੰਗਰੂਰ ਰਿਆਸਤਾਂ ਦੇ ਪਿੰਡਾਂ 'ਚੋਂ ਹੁੰਦਾ ਹੋਇਆ 20 ਫਰਵਰੀ 1924 ਨੂੰ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬਰਗਾੜੀ ਵਿਖੇ ਪੁੱਜਾ। ਇੱਥੇ ਰਾਤ ਠਹਿਰਨ ਉਪਰੰਤ ਇਹ ਜਥਾ ਜੈਤੋ ਵੱਲ ਵਧਣ ਲੱਗਾ। ਅੰਮ੍ਰਿਤਸਰ ਤੋਂ ਚੱਲੇ ਇਸ ਜਥੇ ਨਾਲ ਵੱਖ-ਵੱਖ ਥਾਵਾਂ ਤੋਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਜੁੜ ਗਏ, ਜਿਨ੍ਹਾਂ 'ਚ ਬੀਬੀਆਂ ਤੇ ਬੱਚੇ ਵੀ ਸ਼ਾਮਿਲ ਸਨ।
ਇਸ ਜਥੇ ਅੱਗੇ ਪੰਜ ਸਿੰਘ ਨਿਸ਼ਾਨ ਸਾਹਿਬ ਲੈ ਕੇ ਚੱਲ ਰਹੇ ਸਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਵੀ ਨਾਲ ਸੀ। ਜਥਾ ਜੈਤੋ ਤੋਂ ਬਾਹਰ ਗੁਰਦੁਆਰਾ ਟਿੱਬੀ ਸਾਹਿਬ ਤੋਂ ਕੁਝ ਫਰਲਾਂਗ ਪਿੱਛੇ ਰੋਕ ਦਿੱਤਾ ਗਿਆ ਤੇ ਹਕੂਮਤੀ ਫਰਮਾਨ ਸੁਣਾਇਆ ਗਿਆ ਕਿ ਇਸ ਤੋਂ ਅੱਗੇ ਕੋਈ ਵਿਅਕਤੀ ਵਧਿਆ ਤਾਂ ਗੋਲੀ ਚਲਾ ਦਿੱਤੀ ਜਾਵੇਗੀ। ਸ਼ਾਂਤਮਈ ਢੰਗ ਨਾਲ ਅੱਗੇ ਵਧ ਰਹੇ ਸਿੰਘਾਂ ਨੇ ਇਹ ਫਰਮਾਨ ਅਣਸੁਣਿਆ ਕਰ ਦਿੱਤਾ ਤੇ ਆਪਣੀ ਰਵਾਨਗੀ ਜਾਰੀ ਰੱਖੀ। ਸਿੰਘਾਂ ਨੂੰ ਅੱਗੇ ਵਧਦਾ ਦੇਖ ਅੰਗਰੇਜ਼ ਪ੍ਰਬੰਧਕ ਵਿਲਸਨ ਜਾਨਸਟਨ ਨੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਤੇ ਅਨੇਕਾਂ ਸਿੰਘ ਗੋਲੀਆਂ ਨਾਲ ਭੁੰਨ ਦਿੱਤੇ ਗਏ। ਸ਼ਹੀਦ ਹੋਏ ਸਿੰਘਾਂ ਦੀ ਸਹੀ ਜਾਣਕਾਰੀ ਨਹੀਂ ਮਿਲ ਸਕੀ ਪਰ ਸ਼੍ਰੋਮਣੀ ਕਮੇਟੀ ਅਨੁਸਾਰ 100 ਦੇ ਕਰੀਬ ਸਿੰਘ ਸ਼ਹੀਦ ਹੋ ਗਏ ਸਨ। ਇਸ ਖ਼ੌਫ਼ਨਾਕ ਘਟਨਾ ਨੇ ਸਿੰਘਾਂ ਦੇ ਹੌਸਲੇ ਹੋਰ ਵੀ ਬੁਲੰਦ ਕਰ ਦਿੱਤੇ ਤੇ ਸਿੱਖਾਂ ਅੰਦਰ ਸ਼ਹਾਦਤ ਪਾਉਣ ਦਾ ਚਾਅ ਠਾਠਾਂ ਮਾਰਨ ਲੱਗਾ। ਜਥਿਆਂ ਦਾ ਸਿਲਸਿਲਾ ਨਿਰਵਿਘਨ ਜਾਰੀ ਰਿਹਾ ਤੇ ਲੋਕ ਸ਼ਹੀਦੀ ਜਥਿਆਂ 'ਚ ਵਧ-ਚੜ੍ਹ ਕੇ ਸ਼ਾਮਲ ਹੋਣ ਲੱਗੇ। ਅੰਤ ਅੰਗਰੇਜ਼ ਹਕੂਮਤ ਨੂੰ ਸਿੱਖਾਂ ਦੇ ਇਸ ਮੋਰਚੇ ਅੱਗੇ ਗੋਡੇ ਟੇਕਣ ਲਈ ਮਜਬੂਰ ਹੋਣਾ ਪਿਆ। ਮੋਰਚੇ ਨੂੰ ਸਫਲਤਾ ਮਿਲੀ ਤੇ ਸਿੱਖ ਸੰਗਤਾਂ ਨੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਮੁੜ ਅਖੰਡ ਪਾਠ ਆਰੰਭ ਕੀਤੇ। ਸ਼ਹੀਦ ਸਿੰਘਾਂ 'ਚੋਂ ਕੇਵਲ 22 ਸਿੰਘ ਹੀ ਕਣਕ ਦੀ ਫ਼ਸਲ 'ਚੋਂ ਮਿਲੇ ਸਨ। ਉਨ੍ਹਾਂ ਦਾ ਇਕ ਜਗ੍ਹਾ ਇਕੱਠੇ ਕਰਕੇ ਸਸਕਾਰ ਕਰ ਦਿੱਤਾ ਗਿਆ, ਜਿਨ੍ਹਾਂ ਦੀ ਯਾਦ 'ਚ ਬਠਿੰਡਾ ਰੋਡ 'ਤੇ ਸਥਿਤ ਹੁਣ ਗੁਰਦੁਆਰਾ ਅੰਗੀਠਾ ਸਾਹਿਬ ਦੀ ਆਲੀਸ਼ਾਨ ਇਮਾਰਤ ਹੈ।

-ਨਿੱਜੀ ਪੱਤਰ ਪ੍ਰੇਰਕ, ਜੈਤੋ, ਜ਼ਿਲ੍ਹਾ ਫਰੀਦਕੋਟ।
ਈਮੇਲ : gabria1151@gmail.com

ਪਿਛਲੀ ਖ਼ਬਰ ਤੇਜਾ ਸਿੰਘ ਸਮੁੰਦਰੀ ਨੂੰ ਯਾਦ ਕਰਦਿਆਂ ਅਗਲੀ ਖ਼ਬਰ ਜਥੇਦਾਰ ਰਘਬੀਰ ਸਿੰਘ ਦੇ ਦੋਸ਼ਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿਚ ਗਰਮਾ-ਗਰਮੀ ਵਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।