ਇਸ ਵੇਲੇ ਸਭ ਤੋਂ ਵੱਧ ਚਰਚਿਤ ਵਿਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੀ ਪ੍ਰੈੱਸ ਕਾਨਫਰੰਸ ਹੈ। ਭਾਵੇਂ ਉਨ੍ਹਾਂ ਵਲੋਂ ਲਾਏ ਬਹੁਤੇ ਇਲਜ਼ਾਮ ਪਹਿਲਾਂ ਹੀ ਲੋਕਾਂ ਵਿਚਕਾਰ (ਪਬਲਿਕ ਡੋਮੇਨ) ਹਨ ਪਰ ਇਨ੍ਹਾਂ ਨੂੰ ਇਕ ਸਾਬਕਾ ਜਥੇਦਾਰ ਵਲੋਂ ਦੁਹਰਾਉਣਾ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਉਨ੍ਹਾਂ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਵਿਰੋਧੀਆਂ ਤੇ ਹਾਮੀਆਂ ਵਿਚਕਾਰ ਤਿੱਖਾ ਵਿਵਾਦ ਛਿੜ ਗਿਆ ਹੈ। ਇਸ ਮੁੱਦੇ ਨੂੰ ਲੈ ਕੇ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ (ਬਾਦਲ) ਦੇ ਆਗੂ ਜਥੇਦਾਰ ਰਘਬੀਰ ਸਿੰਘ ਦੇ ਦੋਸ਼ਾਂ ਪਿੱਛੇ ਰਾਜ ਦੀ ਸੱਤਾਧਾਰੀ ਪਾਰਟੀ ਦਾ ਹੱਥ ਹੋਣ ਦੇ ਦੋਸ਼ ਲਾ ਰਹੇ ਹਨ। ਦੋਸ਼ ਹੈ ਕਿ ਆਗਾਮੀ ਵਿਧਾਨ ਸਭਾ ਚੋਣ ਨੂੰ ਮੁੱਖ ਰੱਖ ਕੇ ਪੰਥਕ ਸੰਸਥਾਵਾਂ ਤੇ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਇਹ ਪ੍ਰੈੱਸ ਕਾਨਫਰੰਸ ਕਰਵਾਈ ਗਈ ਹੈ।
ਇਸ ਬਾਰੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਨੇ ਕਾਰਵਾਈ ਕਰਦਿਆਂ ਜਥੇਦਾਰ ਰਘਬੀਰ ਸਿੰਘ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ ਤੇ ਉਨ੍ਹਾਂ ਨੂੰ 72 ਘੰਟਿਆਂ ਵਿਚ ਦੋਸ਼ਾਂ ਸੰਬੰਧੀ ਸਬੂਤ ਦੇਣ ਲਈ ਕਿਹਾ ਹੈ। ਇਸ ਮੁੱਦੇ ਬਾਰੇ ਵਿਸਥਾਰ ਵਿਚ ਚਰਚਾ ਕਿਸੇ ਹੋਰ ਕਾਲਮ ਵਿਚ ਕਰਾਂਗੇ, ਪਰ ਜੋ ਜਥੇਦਾਰ ਰਘਬੀਰ ਸਿੰਘ ਨੇ ਸਰਬੱਤ ਖ਼ਾਲਸਾ ਬੁਲਾਉਣ ਦੀ ਗੱਲ ਕਹੀ ਹੈ, ਅੱਜ ਦੇ ਹਾਲਾਤ ਵਿਚ ਪੁਰਾਤਨ ਸਮੇਂ ਵਿਚ ਬੁਲਾਏ ਜਾਂਦੇ ਸਰਬੱਤ ਖ਼ਾਲਸਾ ਵਾਂਗ ਅਜਿਹਾ ਇਕੱਠ ਬੁਲਾਇਆ ਜਾਣਾ ਸੰਭਵ ਨਹੀਂ ਜਾਪਦਾ। ਹਾਂ, ਸਿੱਖਾਂ ਨੂੰ ਇਕ ਅਜਿਹੀ ਸੰਸਥਾ ਕੌਮਾਂਤਰੀ ਪੱਧਰ 'ਤੇ ਬਣਾਉਣ ਦੀ ਲੋੜ ਹੈ, ਜੋ ਦੁਨੀਆ ਭਰ ਦੇ ਸਿੱਖਾਂ ਦੇ ਸਾਰੇ ਮਸਲਿਆਂ 'ਤੇ ਸਾਲ ਵਿਚ ਇਕ-ਦੋ ਵਾਰ ਮਿਲ ਬੈਠ ਕੇ ਜਾਂ ਆਨਲਾਈਨ ਵਿਚਾਰ ਕਰੇ ਅਤੇ ਉਨ੍ਹਾਂ ਨੂੰ ਕੋਈ ਸੇਧ ਦੇ ਸਕੇ। ਅਜਿਹੀ ਕੋਈ ਸੰਸਥਾ ਜਾਂ ਇਸਟੀਚਿਊਸ਼ਨ ਉਸਾਰਨ ਲਈ ਦੁਨੀਆ ਭਰ ਦੀਆਂ ਪ੍ਰਮੁੱਖ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਇਕੱਠ ਕਰਕੇ ਹੀ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ। ਪਰ ਇਸ ਵੇਲੇ ਤਾਂ ਹਾਲਤ ਇਹ ਹੈ ਕਿ ਕੌਮ ਨੂੰ ਆਪਣੇ ਰਹਿਬਰਾਂ ਤੋਂ ਹੀ ਜ਼ਿਆਦਾ ਖ਼ਤਰਾ ਹੈ। ਹਬੀਬ ਜਾਲਿਬ ਦੇ ਲਫ਼ਜ਼ਾਂ ਵਿਚ:
ਵਤਨ ਕੋ ਕੁਛ ਨਹੀਂ ਖ਼ਤਰਾ ਨਿਜ਼ਾਮ-ਏ-ਜ਼ਰ ਹੈ ਖ਼ਤਰੇ ਮੇਂ,
ਹਕੀਕਤ ਮੇਂ ਜੋ ਰਾਹਜ਼ਨ ਹੈ ਵਹੀ ਰਹਿਬਰ ਹੈ ਖ਼ਤਰੇ ਮੇਂ।
ਹਰਿਆਣਾ ਤੋਂ ਸਿੱਖ ਸੰਸਦ ਮੈਂਬਰ?
16 ਮਾਰਚ ਨੂੰ ਹਰਿਆਣਾ ਤੋਂ 2 ਰਾਜ ਸਭਾ ਮੈਂਬਰ ਚੁਣੇ ਜਾਣੇ ਹਨ। ਵਿਧਾਇਕਾਂ ਦੀ ਸੰਖਿਆ ਅਨੁਸਾਰ ਇਕ ਉਮੀਦਵਾਰ ਨੂੰ ਜਿੱਤਣ ਲਈ ਘੱਟੋ-ਘੱਟ 31 ਵੋਟਾਂ ਚਾਹੀਦੀਆਂ ਹਨ। ਭਾਜਪਾ ਕੋਲ ਆਪਣੇ 48 ਵਿਧਾਇਕ ਹਨ ਤੇ ਕਾਂਗਰਸ ਕੋਲ ਆਪਣੇ 37 ਵਿਧਾਇਕ ਹਨ। ਪਰ ਹਰਿਆਣਾ ਵਿਚ ਰਾਜ ਸਭਾ ਚੋਣਾਂ ਵਿਚ ਕਰਾਸ ਵੋਟਿੰਗ ਹੁੰਦੀ ਰਹੀ ਹੈ। ਇਸ ਵਾਰ ਵੀ ਚਰਚਾ ਹੈ ਕਿ ਭਾਜਪਾ ਕਾਂਗਰਸ ਤੋਂ ਕਰਾਸ ਵੋਟਿੰਗ ਕਰਵਾਉਣ ਦੇ ਯਤਨਾਂ ਵਿਚ ਹੈ। ਪਰ ਇਹ ਚੋਣ ਰਣਨੀਤੀ ਆਪਣੀ ਜਗ੍ਹਾ, ਸਾਨੂੰ ਸੁਣਾਈ ਦਿੱਤੀਆਂ 'ਸਰਗੋਸ਼ੀਆਂ' ਤੋਂ ਇਹ ਪ੍ਰਭਾਵ ਬਣ ਰਿਹਾ ਹੈ ਕਿ ਭਾਜਪਾ ਇਸ ਵਾਰ ਹਰਿਆਣਾ ਤੋਂ ਕਿਸੇ ਪੰਜਾਬੀ ਨੂੰ ਰਾਜ ਸਭਾ ਵਿਚ ਭੇਜ ਸਕਦੀ ਹੈ। ਭਾਵੇਂ ਪੰਜਾਬ ਦੀਆਂ 2027 ਦੀਆਂ ਚੋਣਾਂ ਲਈ ਭਾਜਪਾ ਦੀ ਕਮਾਨ ਸਿੱਧੇ ਰੂਪ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਹੈ, ਪਰ ਉਨ੍ਹਾਂ ਦੀ ਰਣਨੀਤੀ ਲਾਗੂ ਕਰਨ ਦਾ ਕੰਮ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕਰ ਰਹੇ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਹਰਿਆਣਾ ਤੋਂ ਪੰਜਾਬ ਦੇ ਕਿਸੇ ਵੱਡੇ ਭਾਜਪਾ ਆਗੂ, ਜਿਸ ਦਾ ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਕਿਸਾਨਾਂ ਵਿਚ ਵੀ ਕੁਝ ਚੰਗਾ ਪ੍ਰਭਾਵ ਹੋਵੇ, ਨੂੰ ਰਾਜ ਸਭਾ ਵਿਚ ਭੇਜਣ ਲਈ ਵਿਚਾਰਾਂ ਹੋ ਰਹੀਆਂ ਹਨ, ਤਾਂ ਜੋ ਪੰਜਾਬ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਵਿਚ ਪਾਰਟੀ ਨੂੰ ਲਾਭ ਮਿਲ ਸਕੇ। ਇਸ ਸੰਬੰਧੀ ਹੋਰਾਂ ਨਾਵਾਂ ਦੇ ਨਾਲ-ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਨਾਂਅ 'ਤੇ ਵੀ ਪਾਰਟੀ ਅੰਦਰ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਪੰਜਾਬ ਵਿਚ ਭਾਜਪਾ ਨੂੰ ਇਸ ਦਾ ਕੁਝ ਨਾ ਕੁਝ ਲਾਭ ਮਿਲ ਸਕਦਾ ਹੈ।
ਮਸਲਹਤ ਕਹਿ ਦੋ ਇਸੇ ਯਾ ਕਿ ਸਿਆਸਤ ਸਮਝੋ,
ਔਰ ਤੋ ਕੁਛ ਭੀ ਨਹੀਂ ਬਸ ਹਾਥ ਕੀ ਜਾਦੂਗਰੀ ਹੈ।
ਮਸਨੂਈ ਬੁੱਧੀ ਸਿਖਰ ਸੰਮੇਲਨ
ਇਕ ਪਾਸੇ ਭਾਰਤ ਵਿਚ ਏ.ਆਈ. ਇੰਪੈਕਟ ਸਿਖਰ ਸੰਮੇਲਨ ਹੋ ਰਿਹਾ ਹੈ, ਜੋ ਭਾਰਤ ਨੂੰ ਏ.ਆਈ. ਦੇ ਨਕਸ਼ੇ 'ਤੇ ਇਕ ਸਨਮਾਨਜਨਕ ਸਥਾਨ ਦਿਵਾਉਣ ਦਾ ਕੰਮ ਕਰ ਰਿਹਾ ਹੈ। ਵੈਸੇ ਵੀ ਸਟੈਨਫੋਰਡ ਗਲੋਬਲ ਏ.ਆਈ. (ਮਸਨੂਈ ਬੁੱਧੀ) ਦਰਜਾਬੰਦੀ ਵਿਚ ਭਾਰਤ ਕੋਲ ਅਮਰੀਕਾ ਤੇ ਚੀਨ ਤੋਂ ਬਾਅਦ ਤੀਸਰਾ ਸਥਾਨ ਹੈ। ਪਰ ਅਹਿਮ ਸਵਾਲ ਇਹ ਹੈ ਕਿ ਭਾਰਤ ਕਿਵੇਂ ਵਿਸ਼ਵ ਦੇ ਵੱਡੇ ਦੇਸ਼ਾਂ ਦੇ ਮੁਕਾਬਲੇ ਇਸ ਤਕਨੀਕ ਵਿਚ ਟਿਕ ਸਕੇਗਾ, ਕਿਉਂਕਿ ਭਾਰਤ ਵਿਚ ਵਿੱਦਿਆ ਤੇ ਖੋਜ 'ਤੇ ਕੀਤੇ ਜਾਣ ਵਾਲਾ ਖਰਚ ਲਗਾਤਾਰ ਘਟ ਰਿਹਾ ਹੈ। ਕੌਮੀ ਸਿੱਖਿਆ ਨੀਤੀ ਦਾ ਟੀਚਾ ਭਾਰਤ ਦੇ ਜੀ.ਡੀ.ਪੀ. ਦਾ 6 ਫ਼ੀਸਦੀ ਸਿੱਖਿਆ 'ਤੇ ਖਰਚ ਕਰਨ ਦਾ ਹੈ। ਪਰ ਭਾਰਤ ਦਾ ਸਮੁੱਚਾ ਸਿੱਖਿਆ ਬਜਟ ਜੋ 2013-14 ਵਿਚ ਡੀ.ਜੀ.ਪੀ. ਦਾ ਸਿਰਫ਼ 4.77 ਫੀਸਦੀ ਸੀ ਅਤੇ ਹੁਣ ਸਿਰਫ਼ 2.50 ਫੀਸਦੀ ਹੀ ਹੈ। ਭਾਰਤ ਨੇ ਮਾਰਚ 2024 ਵਿਚ ਏ.ਆਈ. ਮਿਸ਼ਨ ਦੀ ਪ੍ਰਾਪਤੀ ਲਈ 10300 ਕਰੋੜ ਰੁਪਏ ਰੱਖੇ ਹਨ ਜੋ ਅਮਰੀਕੀ ਡਾਲਰਾਂ ਵਿਚ 1.24 ਬਿਲੀਅਨ ਡਾਲਰ ਬਣਦੇ ਹਨ। ਪਰ ਚੀਨ ਇਸ ਤੋਂ ਲਗਭਗ 100 ਗੁਣਾ ਜ਼ਿਆਦਾ ਬਜਟ ਏ.ਆਈ. ਲਈ ਰੱਖ ਰਿਹਾ ਹੈ ਤੇ ਅਮਰੀਕਾ ਦਾ ਬਜਟ 650 ਬਿਲੀਅਨ ਅਮਰੀਕੀ ਡਾਲਰ ਹੈ, ਜੋ ਭਾਰਤ ਨਾਲੋਂ 600 ਗੁਣਾ ਤੋਂ ਵੀ ਜ਼ਿਆਦਾ ਹੈ। ਇਸ ਲਈ ਸਿਰਫ਼ ਸੰਮੇਲਨਾਂ ਦੇ ਸਿਰ 'ਤੇ ਹੀ ਭਾਰਤ ਏ.ਆਈ. ਵਿਚ ਸਨਮਾਨਜਨਕ ਸਥਿਤੀ ਵਿਚ ਟਿਕਿਆ ਨਹੀਂ ਰਹਿ ਸਕੇਗਾ, ਸਗੋਂ ਭਾਰਤ ਨੂੰ ਇਸ ਖੇਤਰ ਵਿਚ ਵਿੱਦਿਆ ਦੇ ਖੇਤਰ ਵਿਚ ਨਿਵੇਸ਼ ਵਧਾਉਣਾ ਪਵੇਗਾ। ਇਥੇ ਭਾਰਤ ਦੀ ਇਕ ਯੂਨੀਵਰਸਿਟੀ ਵਲੋਂ ਚੀਨ ਤੋਂ ਲਿਆਂਦੇ ਰੋਬੋਟ ਨੂੰ ਆਪਣਾ ਏ.ਆਈ. ਉਤਪਾਦ ਕਹਿ ਕੇ ਪੇਸ਼ ਕਰਨ ਨਾਲ ਹੋਈ ਨਮੋਸ਼ੀ ਵੀ ਚਰਚਾ ਵਿਚ ਹੈ। ਇਸੇ ਸੰਦਰਭ ਤੋਂ ਪਾਸੇ ਜਾ ਕੇ ਇਕ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਸਮਝ ਰਿਹਾ ਹਾਂ ਕਿ, ਇਸ ਸਿਖਰ ਸੰਮੇਲਨ ਵਿਚ ਕੁਝ ਸਿੱਖ ਵਿਗਿਆਨੀ ਵੀ ਏ.ਆਈ. ਮਾਹਿਰਾਂ ਵਜੋਂ ਸ਼ਾਮਿਲ ਹਨ। ਉਨ੍ਹਾਂ ਦਾ ਜ਼ਿਕਰ ਇਸ ਲਈ ਕਰਨਾ ਜ਼ਰੂਰੀ ਹੈ ਤਾਂ ਜੋ ਪੰਜਾਬੀ ਅਤੇ ਸਿੱਖ ਬੱਚੇ ਇਹ ਸਮਝ ਸਕਣ ਕਿ ਏ.ਆਈ. ਵਿਚ ਉਹ ਵੀ ਵੱਡੀ ਸਫਲਤਾ ਹਾਸਿਲ ਕਰ ਸਕਦੇ ਹਨ ਅਤੇ ਆਪਣਾ ਭਵਿੱਖ ਇਸ ਖੇਤਰ ਵਿਚ ਬਣਾ ਸਕਦੇ ਹਨ। ਪੰਜਾਬ ਸਰਕਾਰ ਨੂੰ ਵੀ ਇਸ ਵੱਲ ਧਿਆਨ ਦੇਣ ਦੀ ਲੋੜ ਹੈ।
ਇਸ ਸਿਖਰ ਸੰਮੇਲਨ ਵਿਚ 38 ਦੇਸ਼ਾਂ ਦੇ 40 ਏ.ਆਈ. ਵਿਗਿਆਨੀ ਇਕ ਸਿੱਖ ਅਮਨਦੀਪ ਸਿੰਘ ਗਿੱਲ ਦੀ ਅਗਵਾਈ ਵਿਚ ਸ਼ਾਮਿਲ ਹਨ। ਗਿੱਲ ਯੂ.ਐਨ.ਓ. ਦੇ ਅੰਡਰ ਸੈਕਟਰੀ ਹਨ ਤੇ ਉਹ ਇਸ ਵਿਸ਼ੇ ਦੇ ਮਾਹਿਰ ਮੰਨੇ ਜਾਂਦੇ ਹਨ। ਵਿਸ਼ਵ ਦੀਆਂ 100 ਮੁੱਖ ਯੂਨੀਵਰਸਿਟੀਆਂ ਵਿਚ ਸ਼ਾਮਿਲ ਤੇ ਭਾਰਤ ਦੀ ਇਕੋ ਇਕ 'ਮਸਨੂਈ ਬੁੱਧੀ' ਤੋਂ ਫੋਕਸਡ (ਕੇਂਦਰਿਤ) 'ਯੂਨੀਵਰਸਿਟੀ ਯੂਨੀਵਰਸਲ ਏ.ਆਈ. ਯੂਨੀਵਰਸਿਟੀ ਮੁੰਬਈ' ਦੇ ਚਾਂਸਲਰ ਤੇ ਸੰਸਥਾਪਕ ਤਰੁਨਦੀਪ ਸਿੰਘ ਅਨੰਦ ਵੀ ਇਸ ਸਿਖਰ ਸੰਮੇਲਨ ਵਿਚ ਸ਼ਾਮਿਲ ਹਨ। ਲਵਲੀ ਯੂਨੀਵਰਸਿਟੀ ਵਲੋਂ ਇਸ ਸੰਮੇਲਨ ਵਿਚ ਪੇਸ਼ ਕੀਤੇ 15 ਪ੍ਰੋਜੈਕਟਾਂ ਨੂੰ ਤਿਆਰ ਕਰਨ ਵਾਲਿਆਂ ਵਿਚ ਵੱਡੀ ਗਿਣਤੀ ਵਿਚ ਸਿੱਖ ਵਿਦਿਆਰਥੀਆਂ ਵੀ ਸ਼ਾਮਿਲ ਹਨ। ਉਂਜ ਵੀ ਡਿਜੀਟਲ ਕ੍ਰਾਂਤੀ ਦੀ ਜਾਨ ਮੰਨੀ ਜਾਂਦੀ ਆਪਟੀਕਲ ਫਾਈਬਰ ਤਕਨੀਕ ਦੇ ਪਿਤਾਮਾ ਮੰਨੇ ਜਾਂਦੇ ਸਵਰਗੀ ਨਰਿੰਦਰ ਸਿੰਘ ਕਪਾਨੀ ਇਕ ਸਿੱਖ ਵਿਗਿਆਨੀ ਸਨ, ਜਦੋਂ ਕਿ ਗੁਰਤੇਜ ਸਿੰਘ ਪੰਨੂੰ ਕੋਲ ਦੁਨੀਆ ਵਿਚ ਸਭ ਤੋਂ ਵੱਧ 1382 ਯੂ.ਐਸ. ਤਕਨੀਕ ਪੇਟੈਂਟ ਹਨ ਜੋ ਸੈਮੀ ਕੰਡਕਟਰ ਅਤੇ ਮੈਮੋਰੀ ਨਾਲ ਹੀ ਸੰਬੰਧਿਤ ਹਨ, ਜਿਨ੍ਹਾਂ ਬਿਨਾਂ ਏ.ਆਈ. ਦਾ ਚੱਲਣਾ ਸੰਭਵ ਹੀ ਨਹੀਂ। ਇਨ੍ਹਾਂ ਤੋਂ ਇਲਾਵਾ ਰਨਵੀਰ ਸਿੰਘ ਸਚਦੇਵਾ ਤੇ ਪ੍ਰੀਤਮ ਸਿੰਘ ਚਾਹਲ ਵਰਗੇ ਵਿਗਿਆਨੀਆਂ ਦੇ ਨਾਂਅ ਵੀ ਇਸ ਖੇਤਰ ਵਿਚ ਚਮਕ ਰਹੇ ਹਨ।
ਖ਼ੈਰ ਇਸ ਮੌਕੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੇ 'ਨਿਸ਼ਾਨ-ਏ-ਸਿੱਖੀ ਇੰਸਟੀਚਿਊਟ' ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਜਿਨ੍ਹਾਂ ਦੇ 100 ਤੋਂ ਵਧੇਰੇ ਵਿਦਿਆਰਥੀ ਇੰਜੀਨੀਅਰਿੰਗ ਦੇ ਖੇਤਰ ਵਿਚ ਵੱਡੀਆਂ ਨੌਕਰੀਆਂ ਪ੍ਰਾਪਤ ਕਰਨ ਵਿਚ ਸਫਲ ਰਹੇ ਹਨ। ਹੁਣੇ-ਹੁਣੇ ਜੇ.ਈ.ਈ. ਮੇਨਜ਼ ਦੇ ਰਿਜ਼ਲਟ ਵਿਚ ਵੀ ਇਸ ਸੰਸਥਾ ਦੇ 8 ਵਿਦਿਆਰਥੀ 90 ਫ਼ੀਸਦੀ ਤੋਂ ਵਧੇਰੇ ਨੰਬਰ ਲੈ ਕੇ ਪਾਸ ਹੋਏ ਹਨ। ਇਕ ਵਿਦਿਆਰਥੀ ਵੰਸ਼ਦੀਪ ਸਿੰਘ ਨੇ ਤਾਂ 99.03 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਇਨ੍ਹਾਂ ਸਾਰਿਆਂ ਨੂੰ ਦੇਸ਼ ਦਾ ਕੋਈ ਵੀ ਆਈ.ਆਈ.ਟੀ. ਦਾਖਲਾ ਦੇਣ ਤੋਂ ਇਨਕਾਰ ਨਹੀਂ ਕਰ ਸਕੇਗਾ।
ਇਸ ਸਭ ਕੁਝ ਦਾ ਵਿਸ਼ੇ ਤੋਂ ਬਾਹਰ ਜਾ ਕੇ ਵਰਨਣ ਕਰਨ ਦਾ ਮੰਤਵ ਸਿਰਫ਼ ਏਨਾ ਹੈ ਕਿ ਕਾਸ਼! ਹੋਰ ਸਿੱਖ ਸੰਸਥਾਵਾਂ ਵੀ ਲੰਗਰਾਂ, ਇਮਾਰਤਾਂ ਤੇ ਨਗਰ ਕੀਰਤਨਾਂ 'ਤੇ ਪੈਸਾ ਲਾਉਣ ਦੇ ਨਾਲ-ਨਾਲ ਪੰਜਾਬੀਆਂ ਤੇ ਸਿੱਖਾਂ ਦੇ ਬੱਚਿਆਂ ਨੂੰ ਟੈੱਕਨੋਕਰੇਟ ਇੰਜੀਨੀਅਰ ਤੇ ਆਈ.ਏ.ਐਸ. ਬਣਾਉਣ ਲਈ ਪੈਸਾ ਖਰਚਣ ਵਾਸਤੇ ਅੱਗੇ ਆਉਣ।
ਹਮੀ ਵੋ ਇਲਮ ਕੇ ਰੌਸ਼ਨ ਚਿਰਾਗ਼ ਹੈਂ ਜਿਨ ਕੋ,
ਹਵਾ ਬੁਝਾਤੀ ਨਹੀਂ ਹੈ ਸਲਾਮ ਕਰਤੀ ਹੈ।
(ਨਦੀਮ ਸ਼ਾਨੀ)
ਅਕਾਲੀ ਦਲ ਪੁਨਰ ਸੁਰਜੀਤ ਦੀ ਅਨੁਸ਼ਾਸਨ ਕਮੇਟੀ
ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਜਲਦੀ ਹੀ ਅਨੁਸ਼ਾਸਨੀ ਕਮੇਟੀ ਬਣਾਏ ਜਾਣ ਦੀ ਚਰਚਾ ਹੈ। ਉਮੀਦ ਹੈ ਕਿ ਇਹ ਕਮੇਟੀ ਫਰਵਰੀ ਦੇ ਆਖਰੀ ਹਫ਼ਤੇ ਜਾਂ ਮਾਰਚ ਦੇ ਪਹਿਲੇ ਹਫ਼ਤੇ ਵਿਚ ਐਲਾਨ ਦਿੱਤੀ ਜਾਵੇਗੀ। ਅਜੇ ਵਿਚਾਰ ਚੱਲ ਰਿਹਾ ਹੈ ਕਿ ਇਹ ਕਮੇਟੀ 3 ਮੈਂਬਰੀ ਹੋਵੇ ਜਾਂ 5 ਮੈਂਬਰੀ। ਇਸ ਕਮੇਟੀ ਵਿਚ ਸ਼ਾਮਿਲ ਕੀਤੇ ਜਾਣ ਲਈ ਸੰਭਾਵਿਤ ਨਾਵਾਂ ਵਿਚ ਸਾਬਕਾ ਸਪੀਕਰ ਰਵੀਇੰਦਰ ਸਿੰਘ, ਪਰਮਿੰਦਰ ਸਿੰਘ ਢੀਂਡਸਾ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰੀ, ਸੁੱਚਾ ਸਿੰਘ ਛੋਟੇਪੁਰ ਅਤੇ ਸਰਵਣ ਸਿੰਘ ਫਿਲੌਰ ਦੇ ਨਾਂਅ ਚਰਚਾ ਵਿਚ ਹਨ।
ਅਕਾਲੀ ਦਲ (ਪੁਨਰ ਸੁਰਜੀਤ) ਦੇ ਯੂਥ ਵਿੰਗ ਨੂੰ ਸਰਗਰਮ ਕੀਤੇ ਜਾਣ ਦੇ ਵੀ ਕਾਫੀ ਜ਼ਿਆਦਾ ਆਸਾਰ ਹਨ। ਸਾਡੀ ਜਾਣਕਾਰੀ ਅਨੁਸਾਰ ਜਲਦੀ ਹੀ ਇਹ ਅਕਾਲੀ ਦਲ 4 ਯੂਥ ਕੁਆਰਡੀਨੇਟਰ ਨਿਯੁਕਤ ਕਰੇਗਾ। ਇਨ੍ਹਾਂ ਵਿਚੋਂ 2 ਮਾਲਵਾ ਖੇਤਰ ਵਿਚ ਤੇ ਇਕ-ਇਕ ਦੁਆਬਾ ਤੇ ਮਾਝਾ ਖੇਤਰ ਵਿਚ ਨਿਯੁਕਤ ਕੀਤੇ ਜਾਣਗੇ।
-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com