ਹਰ ਸਾਲ 21 ਫਰਵਰੀ ਨੂੰ ਮਨਾਇਆ ਜਾਣ ਵਾਲਾ ਕੌਮਾਂਤਰੀ ਮਾਂ-ਬੋਲੀ ਦਿਵਸ ਸਾਨੂੰ ਆਪਣੀ ਮਾਂ-ਬੋਲੀ ਦੀ ਮਹੱਤਤਾ ਦਾ ਅਹਿਸਾਸ ਕਰਵਾਉਂਦਾ ਹੈ। ਮਾਂ-ਬੋਲੀ ਸਿਰਫ਼ ਗੱਲਬਾਤ ਦਾ ਸਾਧਨ ਹੀ ਨਹੀਂ ਹੁੰਦੀ, ਇਹ ਸਾਡੀ ਪਛਾਣ, ਸਾਡੇ ਸੱਭਿਆਚਾਰ ਅਤੇ ਸਾਡੇ ਭਵਿੱਖ ਦੀ ਇਕ ਅਨਮੋਲ ਨਿਸ਼ਾਨੀ ਵੀ ਹੁੰਦੀ ਹੈ। ਇਸ ਖ਼ਾਸ ਮੌਕੇ 'ਤੇ ਮੈਂ ਆਪਣੇ ਨਿੱਜੀ ਤਜਰਬੇ ਦੀ ਇਕ ਝਲਕ ਸਾਂਝੀ ਕਰਨਾ ਚਾਹੁੰਦਾ ਹਾਂ, ਜਿਸ ਨੇ ਮੈਨੂੰ ਮਾਂ ਬੋਲੀ ਦੀ ਤਾਕਤ ਨੂੰ ਨਿਵੇਕਲੀ ਤਰ੍ਹਾਂ ਸਮਝਾਇਆ।
ਆਪਣੇ ਕਿੱਤੇ ਕਾਰਨ ਜਲੰਧਰ 'ਚ ਮੇਰੀ ਉੱਠਣੀ-ਬੈਠਣੀ ਕਾਫ਼ੀ ਹੱਦ ਤੱਕ ਕੇਰਲਾ ਵਾਸੀਆਂ ਨਾਲ ਹੀ ਹੈ। ਅਕਸਰ ਮੈਂ ਉਨ੍ਹਾਂ ਦੇ ਜਲੰਧਰ ਵਿਖੇ ਕੀਤੇ ਜਾਣ ਵਾਲੇ ਸੱਭਿਆਚਾਰਕ ਤੇ ਧਾਰਮਿਕ ਸਮਾਗਮਾਂ 'ਚ ਵੀ ਸ਼ਾਮਿਲ ਹੁੰਦਾ ਰਹਿੰਦਾ ਹਾਂ। ਉੱਥੇ ਜਾ ਕੇ ਮੈਂ ਜੋ ਦ੍ਰਿਸ਼ ਵੇਖਦਾ ਹਾਂ, ਉਹ ਦਿਲ ਨੂੰ ਛੂਹ ਲੈਂਦਾ ਹੈ। ਉਨ੍ਹਾਂ ਦੀ ਨੌਜਵਾਨ ਪੀੜ੍ਹੀ ਨਾ ਸਿਰਫ਼ ਵਧ-ਚੜ੍ਹ ਕੇ ਇਨ੍ਹਾਂ ਪ੍ਰੋਗਰਾਮਾਂ 'ਚ ਹਿੱਸਾ ਲੈਂਦੀ ਹੈ, ਸਗੋਂ ਆਪਣੇ ਰੀਤੀ-ਰਿਵਾਜਾਂ, ਰਸਮਾਂ ਅਤੇ ਖ਼ਾਸ ਕਰਕੇ ਆਪਣੀ ਮਾਂ ਬੋਲੀ ਮਲਿਆਲਮ ਨਾਲ ਡੂੰਘੀ ਜੁੜੀ ਹੋਈ ਹੈ। ਪੰਜਾਬ ਦੀ ਧਰਤੀ 'ਤੇ ਰਹਿੰਦੇ ਹੋਏ ਵੀ ਉਹ ਆਪਣੀ ਭਾਸ਼ਾ ਬੋਲਣ ਵਿਚ ਮਾਣ ਮਹਿਸੂਸ ਕਰਦੇ ਹਨ।
ਇਕ ਵਾਰ ਉਨ੍ਹਾਂ ਦੇ ਓਨਮ ਨਾਂਅ ਦੇ ਇਕ ਤਿਉਹਾਰ ਵੇਲੇ ਕੁਝ ਨੌਜਵਾਨ ਮੁੰਡੇ-ਕੁੜੀਆਂ ਮੇਰੇ ਕੋਲ ਆਏ। ਉਨ੍ਹਾਂ ਨੂੰ ਪਤਾ ਸੀ ਕਿ ਮੈਂ ਅਕਸਰ ਅਖ਼ਬਾਰਾਂ ਵਿਚ ਲਿਖਦਾ ਰਹਿੰਦਾ ਹਾਂ। ਉਨ੍ਹਾਂ ਨੇ ਬੜੀ ਨਿਮਰਤਾ ਨਾਲ ਮੈਨੂੰ ਪੁੱਛਿਆ, 'ਸਰਦਾਰ ਜੀ, ਕੀ ਜਲੰਧਰ ਵਿਚ ਸਾਨੂੰ ਆਪਣੀ ਮਾਂ-ਬੋਲੀ ਮਲਿਆਲਮ ਵਿਚ ਕੇਰਲਾ ਦੀ ਕੋਈ ਅਖ਼ਬਾਰ ਮਿਲ ਸਕਦੀ ਹੈ?' ਇਹ ਸਵਾਲ ਸੁਣ ਕੇ ਮੈਂ ਥੋੜ੍ਹਾ ਠਹਿਰ ਜਿਹਾ ਗਿਆ। ਮੇਰੇ ਮਨ ਵਿਚ ਇਕੋ ਵੇਲੇ ਦੋ ਤਸਵੀਰਾਂ ਉੱਭਰੀਆਂ, ਪਹਿਲੀ ਇਹ ਕਿ ਇਹ ਬੱਚੇ ਆਪਣੀ ਮਾਂ-ਬੋਲੀ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਪੰਜਾਬ 'ਚ ਵੀ ਨਹੀਂ ਭੁੱਲੇ ਅਤੇ ਦੂਜੀ ਇਹ ਕਿ ਸਾਡੇ ਆਪਣੇ ਬੱਚੇ, ਜੋ ਇੱਥੇ ਰਹਿੰਦੇ ਹੋਏ ਵੀ ਅਕਸਰ ਆਪਣੀ ਮਾਂ-ਬੋਲੀ ਪੰਜਾਬੀ ਬੋਲਣ ਤੋਂ ਕਤਰਾਉਂਦੇ ਹਨ।
ਇਹ ਸੋਚ ਕੇ ਦਿਲ ਵਿਚ ਚਿੰਤਾ ਜਾਗੀ ਕਿ ਅਸੀਂ ਕਿੱਥੇ ਖੜ੍ਹੇ ਹਾਂ? ਅੱਜ ਪੰਜਾਬ ਵਿਚ ਕਈ ਮਾਪੇ ਆਪਣੇ ਬੱਚਿਆਂ ਨਾਲ ਪੰਜਾਬੀ ਦੀ ਥਾਂ ਹੋਰ ਭਾਸ਼ਾਵਾਂ ਵਿਚ ਗੱਲ ਕਰਨ ਨਾਲ ਮਾਣ ਮਹਿਸੂਸ ਕਰਦੇ ਹਨ। ਸਕੂਲਾਂ ਵਿਚ ਵੀ ਪੰਜਾਬੀ ਨੂੰ ਲੋੜੀਂਦੀ ਤਵੱਜੋ ਨਹੀਂ ਦਿੱਤੀ ਜਾ ਰਹੀ। ਸਰਕਾਰੀ ਪੱਧਰ 'ਤੇ ਵੀ ਮਾਂ ਬੋਲੀ ਨੂੰ ਮਜ਼ਬੂਤ ਕਰਨ ਲਈ ਕੋਈ ਵੱਡੇ ਤੇ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕੇ ਜਾ ਰਹੇ। ਇਸ ਦੇ ਉਲਟ ਕੇਰਲਾ ਦੇ ਇਹ ਬੱਚੇ ਆਪਣੀ ਭਾਸ਼ਾ ਦੀ ਅਖ਼ਬਾਰ ਮੰਗ ਰਹੇ ਸਨ। ਮੈਨੂੰ ਇਹ ਸਿਰਫ਼ ਅਖ਼ਬਾਰ ਦੀ ਮੰਗ ਨਾ ਲੱਗੀ, ਸਗੋਂ ਉਨ੍ਹਾਂ ਦੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਇੱਛਾ ਜਾਪੀ। ਇਸ ਗੱਲਬਾਤ ਦੌਰਾਨ ਅੱਯਾਪਾ ਮੰਦਰ ਦੇ ਪ੍ਰਧਾਨ ਵੀ ਉੱਥੇ ਮੇਰੇ ਕੋਲ ਆ ਗਏ। ਉਨ੍ਹਾਂ ਨੇ ਬੜੀ ਸੰਜੀਦਗੀ ਨਾਲ ਕਿਹਾ ਕਿ ਜੇ ਬਲਦੇਵ ਜੀ ਮਲਿਆਲਮ ਅਖ਼ਬਾਰ ਇੱਥੇ ਉਪਲਬਧ ਹੋ ਜਾਵੇ ਤਾਂ ਉਹ ਰੋਜ਼ਾਨਾ ਦੀਆਂ ਲਗਭਗ 200 ਕਾਪੀਆਂ ਬੁੱਕ ਕਰਵਾ ਸਕਦੇ ਹਨ। ਇਹ ਸੁਣ ਕੇ ਮੈਂ ਹੋਰ ਵੀ ਹੈਰਾਨ ਤੇ ਪ੍ਰਭਾਵਿਤ ਹੋ ਗਿਆ। ਇਹ ਬਹੁਗਿਣਤੀ ਆਪਣੀ ਮਾਂ-ਬੋਲੀ ਪ੍ਰਤੀ ਸਮਰਪਣ ਦਾ ਪ੍ਰਮਾਣ ਸੀ।
ਇਸ ਤਜਰਬੇ ਨੇ ਮੈਨੂੰ ਅਹਿਸਾਸ ਕਰਵਾਇਆ ਕਿ ਮਾਂ-ਬੋਲੀ ਦੀ ਰੱਖਿਆ ਸਿਰਫ਼ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਪਰਿਵਾਰ ਤੇ ਹਰ ਵਿਅਕਤੀ ਦੀ ਵੀ ਹੈ। ਜਦੋਂ ਤੱਕ ਮਾਪੇ ਆਪਣੇ ਬੱਚਿਆਂ ਨਾਲ ਆਪਣੀ ਮਾਂ-ਬੋਲੀ 'ਚ ਗੱਲ ਕਰਦੇ ਹਨ, ਜਦੋਂ ਨੌਜਵਾਨ ਆਪਣੀ ਭਾਸ਼ਾ ਵਿਚ ਪੜ੍ਹਦੇ ਤੇ ਲਿਖਦੇ ਹਨ, ਤਦੋਂ ਹੀ ਕੋਈ ਭਾਸ਼ਾ ਜਿਉਂਦੀ ਰਹਿੰਦੀ ਹੈ। ਨਹੀਂ ਤਾਂ ਕਿਤਾਬਾਂ ਤੇ ਦਫ਼ਤਰਾਂ ਦੀਆਂ ਫਾਈਲਾਂ ਵਿਚ ਕੈਦ ਹੋ ਕੇ ਉਹ ਹੌਲੇ-ਹੌਲੇ ਕਮਜ਼ੋਰ ਪੈ ਜਾਂਦੀ ਹੈ। ਕੌਮਾਂਤਰੀ ਮਾਂ ਬੋਲੀ ਦਿਵਸ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਭਾਸ਼ਾਈ ਵਿਭਿੰਨਤਾ ਮਨੁੱਖਤਾ ਦੀ ਖ਼ੂਬਸੂਰਤੀ ਹੈ। ਜਿਵੇਂ ਕੇਰਲਾ ਦੇ ਇਹ ਨੌਜਵਾਨ ਪੰਜਾਬ ਵਿਚ ਰਹਿੰਦੇ ਹੋਏ ਵੀ ਆਪਣੀ ਮਲਿਆਲਮ ਭਾਸ਼ਾ ਨਾਲ ਜੁੜੇ ਹਨ, ਉਸੇ ਤਰ੍ਹਾਂ ਸਾਨੂੰ ਵੀ ਪੰਜਾਬੀ ਭਾਸ਼ਾ 'ਤੇ ਮਾਣ ਕਰਦੇ ਹੋਏ ਮਾਂ-ਬੋਲੀ ਨਾਲ ਜੁੜੇ ਰਹਿਣਾ ਚਾਹੀਦਾ ਹੈ। ਸਾਡੀ ਮਾਂ-ਬੋਲੀ ਸਾਡੀ ਪਛਾਣ ਹੈ, ਇਸ ਨੂੰ ਬੋਲਣਾ ਕੋਈ ਅਨਪੜ੍ਹਤਾ ਨਹੀਂ, ਸਗੋਂ ਆਪਣੇ ਸੱਭਿਆਚਾਰ ਨਾਲ ਨਿਭਾਈ ਜਾ ਰਹੀ ਇਕ ਵਫ਼ਾਦਾਰੀ ਹੈ।
-ਜਲੰਧਰ।
ਮੋਬਾਈਲ : 90419-25181