ਹਰ ਸਾਲ 8 ਜੂਨ ਨੂੰ ਵਿਸ਼ਵ ਦਿਮਾਗੀ ਕੈਂਸਰ ਦਿਵਸ (ਵਰਲਡ ਬ੍ਰੇਨ ਟਿਊਮਰ ਡੇਅ) ਮਨਾਇਆ ਜਾਂਦਾ ਹੈ, ਜਿਸ ਦਾ ਉਦੇਸ਼ ਲੋਕਾਂ ਨੂੰ ਦਿਮਾਗ਼ੀ ਰੋਗਾਂ ਪ੍ਰਤੀ ਜਾਗਰੂਕ ਕਰਨਾ ਤੇ ਸਮੇਂ ਸਿਰ ਇਲਾਜ ਲਈ ਪ੍ਰੇਰਿਤ ਕਰਨਾ ਹੈ। ਬ੍ਰੇਨ ਟਿਊਮਰ ਇਕ ਗੰਭੀਰ ਬਿਮਾਰੀ ਹੈ। ਸਿਹਤ ਵਿਗਿਆਨ ਮੰਨਦਾ ਹੈ ਕਿ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਸਾਡੀ ਬਦਲਦੀ ਜੀਵਨ-ਸ਼ੈਲੀ, ਤਣਾਅ, ਗਲਤ ਖ਼ੁਰਾਕ ਤੇ ਕੁਦਰਤ ਤੋਂ ਦੂਰ ਹੋ ਰਹੀ ਜੀਵਨ-ਪ੍ਰਣਾਲੀ ਹੈ। ਜਦੋਂ ਗੱਲ ਤੰਦਰੁਸਤ ਜੀਵਨ ਜਿਊਣ ਦੀ ਹੋਵੇ ਤਾਂ ਉੱਥੇ ਆਯੁਰਵੈਦ, ਯੋਗ ਤੇ ਨੈਚੁਰੋਪੈਥੀ ਦੀ ਮਹੱਤਵਪੂਰਨ ਭੂਮਿਕਾ ਸ਼ੁਰੂ ਹੁੰਦੀ ਹੈ। ਆਯੁਰਵੈਦ ਕਹਿੰਦਾ ਹੈ ਕਿ ਜੇ ਮਨ, ਸਰੀਰ ਤੇ ਆਤਮਾ ਵਿਚ ਸੰਤੁਲਨ ਬਣਿਆ ਰਹੇ ਤਾਂ ਰੋਗ ਨੇੜੇ ਨਹੀਂ ਆਉਂਦੇ। ਦਿਮਾਗ਼ ਸਰੀਰ ਦਾ ਸਭ ਤੋਂ ਨਾਜ਼ੁਕ ਤੇ ਮਹੱਤਵਪੂਰਨ ਅੰਗ ਹੈ। ਜਦੋਂ ਮਨ ਲਗਾਤਾਰ ਤਣਾਅ ਵਿਚ ਰਹਿੰਦਾ ਹੈ ਤਾਂ ਸਰੀਰ ਵਿਚ ਕਾਰਟੀਸੋਲ ਵਰਗੇ ਹਾਰਮੋਨ ਵਧ ਜਾਂਦੇ ਹਨ, ਜੋ ਲੰਬੇ ਸਮੇਂ ਵਿਚ ਸਿਹਤ ਨੂੰ ਪ੍ਰਭਾਵਿਤ ਕਰ ਸਕਦੇ ਹਨ। ਯੋਗ ਤੇ ਧਿਆਨ ਇਸ ਤਣਾਅ ਨੂੰ ਕੁਦਰਤੀ ਢੰਗ ਨਾਲ ਘਟਾਉਂਦੇ ਹਨ। ਅਨੁਲੋਮ-ਵਿਲੋਮ, ਭ੍ਰਾਮਰੀ, ਨਾੜੀ ਸ਼ੋਧਨ ਅਤੇ ਧਿਆਨ ਵਰਗੀਆਂ ਪ੍ਰਕਿਰਿਆਵਾਂ ਦਿਮਾਗ਼ ਨੂੰ ਸ਼ਾਂਤੀ ਦਿੰਦੀਆਂ ਹਨ। ਯੋਗ ਸਿਰਫ਼ ਕਸਰਤ ਨਹੀਂ, ਸਗੋਂ ਜੀਵਨ ਨੂੰ ਸੰਤੁਲਿਤ ਕਰਨ ਦੀ ਪ੍ਰਾਚੀਨ ਕਲਾ ਹੈ। ਨੈਚੁਰੋਪੈਥੀ ਦਾ ਮੰਨਣਾ ਹੈ ਕਿ ਸਰੀਰ ਵਿਚ ਖ਼ੁਦ ਨੂੰ ਠੀਕ ਕਰਨ ਦੀ ਕਮਾਲ ਦੀ ਸਮਰੱਥਾ ਹੁੰਦੀ ਹੈ, ਸਿਰਫ਼ ਉਸ ਨੂੰ ਸਹੀ ਵਾਤਾਵਰਨ ਤੇ ਖ਼ੁਰਾਕ ਦੀ ਲੋੜ ਹੁੰਦੀ ਹੈ। ਆਯੁਰਵੈਦਿਕ ਜੀਵਨ-ਸ਼ੈਲੀ ਵਿਚ ਸਾਤਵਿਕ ਭੋਜਨ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਤਾਜ਼ੇ ਫਲ, ਹਰੀਆਂ ਸਬਜ਼ੀਆਂ, ਦੇਸੀ ਘੀ, ਪੁੰਗਰਿਆ ਅਨਾਜ, ਬਦਾਮ, ਅਖਰੋਟ, ਨਾਰੀਅਲ ਪਾਣੀ ਤੇ ਹਲਦੀ ਵਰਗੇ ਕੁਦਰਤੀ ਪਦਾਰਥ ਦਿਮਾਗ਼ੀ ਸਿਹਤ ਲਈ ਲਾਭਕਾਰੀ ਮੰਨੇ ਜਾਂਦੇ ਹਨ। ਆਚਾਰਯ ਚਰਕ ਨੇ ਕਿਹਾ ਹੈ ਕਿ ਜੇ ਸਹੀ ਆਹਾਰ-ਵਿਹਾਰ ਦੀ ਪਾਲਣਾ ਹੋਵੇ ਤਾਂ ਔਸ਼ਧੀ ਦੀ ਲੋੜ ਵੀ ਘੱਟ ਹੀ ਪੈਂਦੀ ਹੈ। ਬ੍ਰੇਨ ਟਿਊਮਰ ਵਰਗੀਆਂ ਗੰਭੀਰ ਅਵਸਥਾਵਾਂ ਵਿਚ ਮਰੀਜ਼ ਦੀ ਪਾਚਣ ਸ਼ਕਤੀ, ਮਾਨਸਿਕ ਸਥਿਤੀ ਤੇ ਸਰੀਰਕ ਤਾਕਤ ਨੂੰ ਸੰਤੁਲਿਤ ਰੱਖਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਇਸ ਲਈ ਕੁਦਰਤੀ ਜੀਵਨ ਸ਼ੈਲੀ ਵਿਚ ਸਾਤਵਿਕ, ਹਲਕਾ ਤੇ ਜਲਦ ਹਜ਼ਮ ਹੋਣ ਵਾਲਾ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਮੂੰਗੀ ਦੀ ਦਾਲ, ਪੁਰਾਣਾ ਚੌਲ, ਜੌਂ ਤੇ ਘੱਟ ਮਾਤਰਾ ਵਿਚ ਕਣਕ ਦਾ ਹਲਕਾ ਭੋਜਨ, ਲੌਕੀ, ਤੋਰੀ, ਟਿੰਡੇ, ਗਾਜਰ ਅਤੇ ਚੁਕੰਦਰ ਦੇ ਨਾਲ-ਨਾਲ ਅਨਾਰ, ਸੇਬ, ਪਪੀਤਾ ਤੇ ਨਾਰੀਅਲ ਪਾਣੀ ਲਾਭਕਾਰੀ ਮੰਨੇ ਜਾਂਦੇ ਹਨ। ਤੁਲਸੀ, ਗਿਲੋਅ, ਬ੍ਰਹਮੀ ਤੇ ਅਸ਼ਵਗੰਧਾ ਵਰਗੀਆਂ ਜੜੀਆਂ-ਬੂਟੀਆਂ ਨੂੰ ਵੀ ਆਯੁਰਵੈਦ ਵਿਚ ਮਹੱਤਵ ਦਿੱਤਾ ਗਿਆ ਹੈ, ਪਰ ਇਨ੍ਹਾਂ ਦੀ ਵਰਤੋਂ ਸਿਰਫ਼ ਡਾਕਟਰੀ ਸਲਾਹ ਅਨੁਸਾਰ ਹੀ ਕਰਨੀ ਚਾਹੀਦੀ ਹੈ। ਬਹੁਤ ਦੇਰ ਰਾਤ ਤੱਕ ਜਾਗਣਾ, ਮੋਬਾਈਲ ਦੀ ਵੱਧ ਵਰਤੋਂ, ਗੁੱਸਾ, ਡਰ ਤੇ ਮਾਨਸਿਕ ਅਸ਼ਾਂਤੀ ਵੀ ਦਿਮਾਗ਼ੀ ਸਿਹਤ ਲਈ ਹਾਨੀਕਾਰਕ ਮੰਨੀ ਗਈ ਹੈ।
ਆਯੁਰਵੈਦ ਕਹਿੰਦਾ ਹੈ ਕਿ ਰਾਤ ਨੂੰ ਜਲਦੀ ਸੌਣਾ ਤੇ ਸਵੇਰੇ ਜਲਦੀ ਉੱਠਣਾ ਸਰੀਰ ਦੀ ਬਾਇਓਲਾਜਿਕਲ ਕਲਾਕ ਨੂੰ ਸੰਤੁਲਿਤ ਰੱਖਦਾ ਹੈ। ਇਹ ਆਦਤ ਦਿਮਾਗ਼ੀ ਤਾਕਤ ਤੇ ਯਾਦਦਾਸ਼ਤ ਨੂੰ ਵੀ ਮਜ਼ਬੂਤ ਬਣਾਉਂਦੀ ਹੈ। ਹਾਲਾਂਕਿ ਜੇ ਕਿਸੇ ਨੂੰ ਬ੍ਰੇਨ ਟਿਊਮਰ ਜਾਂ ਕੋਈ ਹੋਰ ਗੰਭੀਰ ਰੋਗ ਹੋ ਜਾਵੇ ਤਾਂ ਮਾਹਿਰ ਡਾਕਟਰ ਦੀ ਸਲਾਹ ਤੇ ਜ਼ਰੂਰੀ ਇਲਾਜ ਲੈਣਾ ਬਹੁਤ ਜ਼ਰੂਰੀ ਹੈ। ਪਰ ਇਲਾਜ ਦੇ ਨਾਲ-ਨਾਲ ਯੋਗ, ਧਿਆਨ, ਸਾਤਵਿਕ ਖ਼ੁਰਾਕ ਤੇ ਕੁਦਰਤੀ ਜੀਵਨ-ਸ਼ੈਲੀ ਮਰੀਜ਼ ਨੂੰ ਅੰਦਰੂਨੀ ਤਾਕਤ ਤੇ ਮਨੋਬਲ ਦਿੰਦੇ ਹਨ। ਅੱਜ ਦੁਨੀਆ ਭਰ ਵਿਚ 'ਇੰਟੀਗ੍ਰੇਟਿਵ ਹੈਲਥ' ਦੀ ਗੱਲ ਹੋ ਰਹੀ ਹੈ, ਜਿਸ ਦਾ ਮਤਲਬ ਹੈ ਕਿ ਆਧੁਨਿਕ ਵਿਗਿਆਨ ਤੇ ਪਰੰਪਰਾਗਤ ਪ੍ਰਣਾਲੀਆਂ ਨੂੰ ਇਕੱਠੇ ਲੈ ਕੇ ਚੱਲਣਾ। ਭਾਰਤ ਦੀ ਪ੍ਰਾਚੀਨ ਯੋਗ ਤੇ ਆਯੁਰਵੈਦ ਪਰੰਪਰਾ ਹੁਣ ਵਿਸ਼ਵ ਪੱਧਰ 'ਤੇ ਸਵੀਕਾਰ ਕੀਤੀ ਜਾ ਰਹੀ ਹੈ। ਇਹ ਸਿਰਫ਼ ਇਲਾਜ ਦੀ ਪ੍ਰਣਾਲੀ ਨਹੀਂ, ਸਗੋਂ ਜੀਵਨ ਜੀਣ ਦਾ ਵਿਗਿਆਨ ਹੈ। ਵਿਸ਼ਵ ਬ੍ਰੇਨ ਟਿਊਮਰ ਦਿਵਸ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਦਿਮਾਗ਼ ਦੀ ਸੁਰੱਖਿਆ ਲਈ ਸਿਰਫ਼ ਦਵਾਈ ਨਹੀਂ, ਸਗੋਂ ਸਹੀ ਜੀਵਨ-ਸ਼ੈਲੀ ਵੀ ਜ਼ਰੂਰੀ ਹੈ। ਜੇ ਅਸੀਂ ਕੁਦਰਤ ਦੇ ਨੇੜੇ ਰਹੀਏ, ਤਣਾਅ ਤੋਂ ਦੂਰ ਰਹੀਏ, ਯੋਗ ਅਤੇ ਪ੍ਰਾਣਾਯਾਮ ਨੂੰ ਜੀਵਨ ਦਾ ਹਿੱਸਾ ਬਣਾਈਏ ਅਤੇ ਸਾਤਵਿਕ ਖ਼ੁਰਾਕ ਅਪਣਾਈਏ ਤਾਂ ਕਈ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
(ਲੇਖਕ ਕੁਦਰਤੀ ਇਲਾਜ ਪ੍ਰਣਾਲੀ ਦੇ ਪ੍ਰਚਾਰਕ ਅਤੇ
ਦੋ ਵਾਰ ਰਾਜ ਪੁਰਸਕਾਰ ਨਾਲ ਸਨਮਾਨਿਤ ਸ਼ਖ਼ਸੀਅਤ ਹਨ।)
ਸੰਗਰੂਰ।
ਮੋਬਾਈਲ : 94174-56573