18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਕੀ ਰਾਜਨੀਤਕ ਗੁਰਬਤ ਦਾ ਸ਼ਿਕਾਰ ਹੈ ਪੰਜਾਬ?

ਅਜੀਤ ਡੈਸਕ 08-06-2026

ਪੰਜਾਬ ਵਿਚ ਪਿਛਲੇ ਕੁਝ ਸਾਲਾਂ ਤੋਂ ਰਾਜਨੀਤਕ ਪ੍ਰਕਿਰਿਆ ਤਿਗੜਮਬਾਜ਼ੀ ਬਣ ਗਈ ਹੈ ਅਤੇ ਕਿਸੇ ਦਬਾਅ ਹੇਠ ਜਾਂ ਵਿਅਕਤੀਗਤ ਮੁਨਾਫ਼ੇ ਲਈ ਰਾਜਨੀਤਕ ਦਲ ਬਦਲੀ, ਰਾਜਨੇਤਾਵਾਂ ਤੇ ਰਾਜਨੀਤਕ ਪਾਰਟੀਆਂ ਵਲੋਂ ਇਕ- ਦੂਜੇ ਨੂੰ ਮਾੜਾ ਕਹਿਣ ਦਾ ਰੁਝਾਨ ਤੇ ਚੋਣਾਂ ਜਿੱਤਣ ਲਈ ਰਾਜਨੀਤਕ ਪ੍ਰੇਰਨਾ ਜਾਂ ਪਾਲਿਸੀ ਦੀ ਥਾਂ ਪੈਸੇ, ਸ਼ਕਤੀ ਤੇ ਰਾਜ ਮਸ਼ੀਨਰੀ ਦੀ ਦੁਰਵਰਤੋਂ ਜ਼ੋਰ ਫੜ ਗਈ ਹੈ। ਰਾਜਨੀਤਕ ਪਾਰਟੀਆਂ ਆਪਣਾ ਨੁਮਾਇੰਦਾ ਚੁਣਨ ਵੇਲੇ ਉਸ ਵਲੋਂ ਸੂਬੇ ਦੇ ਜਲਵਾਯੂ, ਸਰੋਤਾਂ, ਸ਼ਹਿਰੀ ਸੇਵਾਵਾਂ, ਸਿਹਤ ਤੇ ਵਿੱਦਿਆ ਲਈ ਲੋਕਾਂ ਦੇ ਹਿੱਤ ਵਿਚ ਕਿਸੇ ਸੁਡੋਲ ਤੇ ਸਥੂਲ ਪਾਲਿਸੀ ਬਣਾਉਣ ਦੀ ਯੋਗਤਾ ਦੀ ਬਜਾਇ ਨੁਮਾਇੰਦੇ ਦੇ ਚੋਣ ਹਲਕੇ ਵਿਚ ਪਰਿਵਾਰਿਕ ਕਬਜ਼ੇ ਤੇ ਉਸ ਦੀ ਧਨ ਖਰਚਣ ਦੀ ਸਮਰੱਥਾ ਤੇ ਸਹਿਮਤੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸੇ ਕਰਕੇ ਪੰਜਾਬ ਵਿਚ ਰਾਜਨੀਤਕ ਗੁਰਬਤ ਪਸਰੀ ਹੋਈ ਹੈ।
ਆਜ਼ਾਦੀ ਤੋਂ ਬਾਅਦ ਲੰਬੇ ਸਮੇਂ ਤੱਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਆਪਸ ਵਿਚ ਸੱਤਾ ਦਾ ਵਟਾਂਦਰਾ ਕਰਦੇ ਰਹੇ, ਪਰ 2022 ਤੋਂ ਪੰਜਾਬ 'ਚ ਰਾਜਨੀਤਕ ਸੱਤਾ ਆਮ ਆਦਮੀ ਪਾਰਟੀ (ਆਪ) ਕੋਲ ਹੈ, ਜਦਕਿ ਭਾਜਪਾ ਸੂਬੇ ਦੀ ਵਾਗਡੋਰ ਆਪਣੇ ਹੱਥ 'ਚ ਲੈਣ ਲਈ ਕਾਹਲੀ ਪਈ ਹੋਈ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ਤੇ ਨੇਤਾ ਇਕ-ਦੂਜੇ ਦੀਆਂ ਖਾਮੀਆਂ ਸਹਾਰੇ ਲੋਕ ਮਤ ਹਾਸਿਲ ਕਰਨ ਦੀ ਤਾਕ 'ਚ ਹਨ। ਪੰਜਾਬ ਨੂੰ ਆਰਥਿਕ ਕਰਜ਼ੇ ਤੋਂ ਮੁਕਤੀ ਤੇ ਲੋਕਾਂ ਨੂੰ ਰੁਜ਼ਗਾਰ, ਵਿੱਦਿਆ, ਸਿਹਤ ਸਹੂਲਤਾਂ, ਸੁਰੱਖਿਆ ਤੇ ਹੋਰ ਸਹੂਲਤਾਂ ਦੇਣ ਲਈ ਕੋਈ ਠੋਸ ਪ੍ਰੋਗਰਾਮ ਉਲੀਕਣ ਨਾਲੋਂ ਮੁਫ਼ਤ ਆਟਾ ਦਾਲ, ਮੁਫ਼ਤ ਬਿਜਲੀ, ਮੁਫ਼ਤ ਬੱਸ ਸਫਰ, ਮੁਫ਼ਤ ਤੀਰਥ ਯਾਤਰਾ ਤੇ ਔਰਤਾਂ ਨੂੰ 1000 ਰੁਪਏ ਮਹੀਨਾ ਆਦਿ ਦੇ ਕੇ ਵੋਟਾਂ 'ਤੇ ਕੇਂਦ੍ਰਿਤ ਥੋੜ੍ਹੇ ਸਮੇਂ ਦੀ ਲੋਕਪ੍ਰਿਅਤਾ 'ਤੇ ਟੇਕ ਰੱਖੀ ਜਾ ਰਹੀ ਹੈ। ਇਸ ਖਿੱਤੇ ਦੇ 'ਦਸਾਂ ਨਹੁੰਆਂ ਨਾਲ ਕਮਾਈ ਕਰਨ ਤੇ ਵੰਡ ਕੇ ਛਕਣ' ਦੇ ਸਿਧਾਂਤ ਨੂੰ ਖ਼ੋਰਾ ਲਾ ਕੇ ਲੋਕਾਂ ਨੂੰ ਨਿਕੰਮੇ ਬਣਾਇਆ ਜਾ ਰਿਹਾ ਹੈ।
ਦੂਜੇ ਪਾਸੇ ਭਾਜਪਾ ਦੇ ਨੇਤਾ 'ਡਬਲ ਇੰਜਣ ਦੀ ਸਰਕਾਰ' ਦੀ ਦੁਹਾਈ ਪਾ ਕੇ ਲੋਕਾਂ ਨੂੰ ਦੱਸ ਰਹੇ ਹਨ ਕਿ ਜੇ ਰਾਸ਼ਟਰੀ ਖਾਤੇ 'ਚੋਂ ਕੁਝ ਹਾਸਿਲ ਕਰਨਾ ਹੈ ਤਾਂ ਉਸੇ ਪਾਰਟੀ ਨੂੰ ਸੂਬੇ ਵਿਚ ਚੁਣਿਆ ਜਾਵੇ, ਜਿਸ ਦੀ ਕੇਂਦਰ 'ਚ ਸਰਕਾਰ ਹੈ। ਮਤਲਬ ਲਾਲਚ ਦੇ ਕੇ ਲੋਕਤੰਤਰ ਨੂੰ ਕਮਜ਼ੋਰ ਕਰਨਾ। ਇਸ ਤੋਂ ਇਲਾਵਾ ਭਾਜਪਾ ਵਾਅਦਾ ਕਰ ਰਹੀ ਹੈ ਕਿ ਜੇ ਉਹ ਚੋਣ ਜਿੱਤਦੀ ਹੈ ਤਾਂ ਸੂਬੇ ਵਿਚ ਧਰਮ-ਪਰਿਵਰਤਨ ਖ਼ਿਲਾਫ ਕਾਨੂੰਨ ਬਣਾਏਗੀ; ਪਰ ਦੂਜੇ ਪਾਸੇ ਦਲ-ਬਦਲੀ ਨੂੰ ਖੁੱਲ੍ਹ ਕੇ ਉਤਸ਼ਾਹਿਤ ਕਰ ਰਹੀ ਹੈ। ਕੁਝ ਸਮਾਂ ਪਹਿਲਾਂ ਤੱਕ ਭਾਜਪਾ ਪੰਜਾਬ ਵਿਚ ਕਾਂਗਰਸ ਦੇ ਪਹਿਲੀ ਕਤਾਰ ਦੇ ਲੀਡਰਾਂ ਨੂੰ ਆਪਣੀ ਪਾਰਟੀ 'ਚ ਸ਼ਾਮਿਲ ਕਰਦੀ ਰਹੀ ਹੈ, ਪਰ ਪਿਛਲੇ ਮਹੀਨੇ ਭਾਜਪਾ ਨੇ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ (ਪੰਜਾਬ ਦੇ 6) ਦੀ ਦਲ-ਬਦਲੀ ਕਰਵਾ ਕੇ ਉਨ੍ਹਾਂ ਨੂੰ ਆਪਣੀ ਪਾਰਟੀ ਵਿਚ ਸ਼ਾਮਿਲ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਰਾਜ ਸਭਾ ਮੈਂਬਰਾਂ ਦੀ ਦਲ-ਬਦਲੀ ਤੋਂ ਕੁਝ ਦਿਨ ਪਹਿਲਾਂ ਇਨ੍ਹਾਂ 'ਚੋਂ ਇਕ ਦੇ ਘਰ ਕੇਂਦਰ ਸਰਕਾਰ ਦੀ ਆਰਥਿਕ ਬੇਨਿਯਮੀਆਂ ਖ਼ਿਲਾਫ਼ ਜਾਂਚ ਕਰਨ ਵਾਲੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਛਾਪਾ ਮਾਰਿਆ ਸੀ ਅਤੇ ਅਗਲੇ ਹੀ ਦਿਨ ਉਨ੍ਹਾਂ ਦੇ ਭਾਜਪਾ 'ਚ ਸ਼ਾਮਿਲ ਹੋਣ ਬਾਅਦ ਈ.ਡੀ. ਵੀ ਚੁੱਪ ਕਰਕੇ ਬੈਠ ਗਈ ਹੈ।
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਕੇਜਰੀਵਾਲ ਨੇ ਪਹਿਲਾਂ ਤਾਂ ਆਪਣੀ ਖਾਸ ਪਸੰਦ ਪੰਜਾਬ ਤੋਂ ਬਾਹਰ ਦੇ ਆਗੂ ਰਾਘਵ ਚੱਢਾ ਤੇ ਸੰਦੀਪ ਪਾਠਕ ਨੂੰ ਹੀਰੋ ਵਾਂਗ ਪੇਸ਼ ਕਰਦਿਆਂ ਉਨ੍ਹਾਂ ਨੂੰ ਬਿਨਾਂ ਕਿਸੇ ਸੰਵਿਧਾਨਿਕ ਅਹੁਦੇ ਦੇ ਅਪਾਰ ਤਾਕਤਾਂ ਦਿੰਦਿਆਂ ਸੂਬੇ ਦੇ ਖਰਚੇ 'ਤੇ ਸੁਰੱਖਿਆ ਦੇਣ ਤੋਂ ਇਲਾਵਾ ਰਾਜ ਸਭਾ ਦੇ ਮੈਂਬਰ ਬਣਵਾ ਦਿੱਤਾ ਸੀ। ਹੁਣ ਇਨ੍ਹਾਂ ਦੋਹਾਂ ਦੇ ਦਲ-ਬਦਲੀ ਕਰਨ 'ਤੇ 'ਆਪ' ਨੇ ਭਾਜਪਾ ਦੇ ਦਫ਼ਤਰਾਂ ਅੱਗੇ ਧਰਨੇ ਦਿੰਦਿਆਂ ਇਨ੍ਹਾਂ ਨੂੰ 'ਗ਼ਦਾਰ' ਦੱਸ ਕੇ ਆਪਣੀ ਸਿਆਸੀ ਕਚਿਆਈ ਦਾ ਪ੍ਰਗਟਾਵਾ ਕੀਤਾ ਹੈ। ਜੇ ਸਰਕਾਰ ਦੀਆਂ ਨੀਤੀਆਂ ਨੂੰ ਘੋਖੀਏ ਤਾਂ ਉੱਥੇ ਵੀ ਰਾਜਨੀਤਕ ਗੁਰਬਤ ਹੀ ਮਿਲਦੀ ਹੈ; ਲੋਕਾਂ ਦੇ ਭਲੇ ਨਾਲੋਂ ਵੱਧ ਕਾਰਪੋਰੇਟਾਂ ਦਾ ਪੱਖ ਪੂਰਦਿਆਂ ਭਾਜਪਾ ਦੀ ਕੇਂਦਰੀ ਸਰਕਾਰ ਪੰਜਾਬ ਵਿਚ ਖੇਤੀਬਾੜੀ ਦਾ ਉਦਯੋਗੀਕਰਨ ਕਰਨ ਤੇ ਇਸ ਵਿਚ ਲੱਗੀ 35-40 ਫ਼ੀਸਦੀ ਆਬਾਦੀ ਦੇ ਵੱਡੇ ਹਿੱਸੇ ਨੂੰ ਖੇਤੀ ਦੇ ਕਿੱਤੇ ਤੋਂ ਹਟਾਉਣ ਦੀ ਤਜਵੀਜ਼ ਰੱਖਦੀ ਹੈ, ਪਰ ਬਦਲ ਵਜੋਂ ਇਸ ਆਬਾਦੀ ਲਈ ਕਿਸੇ ਠੋਸ ਇੱਜ਼ਤਦਾਰ ਕਿੱਤੇ ਲਈ ਭਰੋਸੇਮੰਦ ਨੀਤੀ ਲਿਆਉਣ ਦੀ ਸੰਜੀਦਗੀ ਨਾਲ ਕੋਈ ਵਾਅਦਾ ਵੀ ਨਹੀਂ ਕਰਦੀ। ਫਿਰ ਵੀ ਭਾਜਪਾ 2027 ਵਿਚ ਪੰਜਾਬ 'ਚ ਸਰਕਾਰ ਬਣਾਉਣ ਦੀ ਉਮੀਦ ਕਰਦੀ ਹੈ।
ਪੰਜਾਬ 'ਚ ਬੇਰੁਜ਼ਗਾਰੀ ਤੇ ਅਸਮਾਨਤਾ ਖ਼ਤਮ ਕਰਨ, ਜਲਵਾਯੂ ਪਰਿਵਰਤਨ ਤੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਠੱਲ੍ਹ ਪਾਉਣ, ਸਿੱਖਿਆ ਤੇ ਸਿਹਤ ਸੇਵਾਵਾਂ ਦੇ ਡਿੱਗਦੇ ਮਿਆਰ ਨੂੰ ਨੱਥ ਪਾਉਣ ਅਤੇ ਹੋਰ ਧਾਰਮਿਕ-ਸੱਭਿਆਚਾਰਕ ਮੁੱਦਿਆਂ ਲਈ ਕੋਈ ਲੰਬੇ ਸਮੇਂ ਦੇ ਢਾਂਚਾਗਤ ਹੱਲ ਪੇਸ਼ ਕਰਨ ਦੀ ਬਜਾਏ ਭਾਜਪਾ ਦੇ ਰਾਸ਼ਟਰੀ ਤੇ ਖੇਤਰੀ ਨੇਤਾਵਾਂ ਦੁਆਰਾ 'ਡਬਲ ਇੰਜਣ ਸਰਕਾਰ' ਤੇ 'ਧਰਮ-ਪਰਿਵਰਤਨ ਵਿਰੋਧੀ ਕਾਨੂੰਨ' ਦੀ ਪੇਸ਼ਕਸ਼ ਵੀ ਸੂਬੇ ਵਿਚ ਉਨ੍ਹਾਂ ਦੀ ਰਾਜਨੀਤਕ ਗੁਰਬਤ ਹੀ ਦਰਸਾਉਂਦੀ ਹੈ, ਕਿਉਂਕਿ ਅਜਿਹੀਆਂ ਪੇਸ਼ਕਸ਼ਾਂ ਲੋਕਾਂ ਨਾਲੋਂ ਟੁੱਟੇ ਹੋਣ ਦੇ ਸੰਕੇਤ ਹੀ ਦਿੰਦੀਆਂ ਹਨ। ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਣ ਤੋਂ ਪਹਿਲਾਂ ਰਾਜ ਸਭਾ ਮੈਂਬਰ ਰਾਘਵ ਚੱਢਾ ਕਦੇ ਭਾਜਪਾ ਨੂੰ 'ਗੁੰਡਿਆਂ ਦੀ ਪਾਰਟੀ' ਤੇ 'ਵਾਸ਼ਿੰਗ ਮਸ਼ੀਨ' ਕਹਿ ਕੇ ਇਸ ਦੀ ਨਿੰਦਾ ਕਰਦੇ ਸਨ। ਇਸ ਦਾ ਅਰਥ ਸੀ ਕਿ ਦੂਜੀਆਂ ਰਾਜਨੀਤਕ ਪਾਰਟੀਆਂ ਤੋਂ ਦਲ-ਬਦਲੀ ਕਰਕੇ ਅਪਰਾਧਾਂ ਵਿਚ ਲਿਬੜੇ ਨੇਤਾਵਾਂ ਦੇ ਭਾਜਪਾ ਵਿਚ ਸ਼ਾਮਿਲ ਹੋਣ ਬਾਅਦ ਸਾਰੇ ਪਾਪ ਧੋਤੇ ਜਾਂਦੇ ਹਨ। ਹੁਣ ਰਾਘਵ ਚੱਢਾ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ ਤਾਂ ਕੀ ਰਾਘਵ ਚੱਢਾ ਨੇ 'ਗੁੰਡਿਆਂ' ਨੂੰ ਚੁਣ ਲਿਆ ਹੈ ਜਾਂ ਉਹ ਆਪ 'ਵਾਸ਼ਿੰਗ ਮਸ਼ੀਨ' ਵਿਚ ਧੋਤੇ ਗਏ ਹਨ? ਰਾਜਨੀਤਕ ਗੁਰਬਤ ਦਾ ਇਕ ਹੋਰ ਨਮੂਨਾ ਇਹ ਹੈ ਕਿ ਰਾਜਨੇਤਾ ਹੋਣ ਨਾਲ ਤੁਹਾਨੂੰ ਖੁੱਲ੍ਹ ਮਿਲ ਗਈ ਹੈ ਕਿ ਤੁਸੀ ਕਦੇ ਵੀ, ਕੁਝ ਵੀ ਕਹਿ ਦਿਓ, ਪਰ ਕਿਸੇ ਦੂਜੇ ਮੌਕੇ ਬਿਲਕੁਲ ਉਸ ਦੇ ਉਲਟ ਕਹਿ ਦਿਓ ਜਾਂ ਕਰ ਦਿਓ ਅਤੇ ਤੁਸੀਂ ਸੋਚਦੇ ਹੋ ਕਿ ਲੋਕ ਤੁਹਾਨੂੰ ਸਰਬੋਤਮ ਰਾਜਨੇਤਾ ਮੰਨਣਗੇ, ਜਿਵੇਂ ਕਿ ਤੁਸੀਂ ਭਗਵਾਨ ਹੋਵੋ।
ਆਮ ਆਦਮੀ ਪਾਰਟੀ ਦੇ ਦਲ-ਬਦਲੂ ਰਾਜ ਸਭਾ ਮੈਂਬਰਾਂ ਨੇ ਆਪਣੀ ਦਲ ਬਦਲੀ ਨੂੰ ਇਹ ਕਹਿ ਕੇ ਜਾਇਜ਼ ਠਹਿਰਾਇਆ ਹੈ ਕਿ ਮਾਂ ਪਾਰਟੀ ਵਿਚ ਉਨ੍ਹਾਂ ਦਾ ਦਮ ਘੁੱਟ ਰਿਹਾ ਸੀ। ਪਰ ਸੱਚਾਈ ਇਹ ਹੈ ਕਿ ਇਨ੍ਹਾਂ ਕੋਲ ਨਾ ਤਾਂ ਕੋਈ ਲੋਕ ਪੱਖੀ ਏਜੰਡਾ ਸੀ ਅਤੇ ਨਾ ਹੀ ਸੋਚ ਅਤੇ ਨਾ ਹੀ ਨਿਸ਼ਚਾ; ਜੇ ਕੁਝ ਹੈ ਸੀ ਤਾਂ ਇਹ ਸੀ ਅਹੁਦੇ ਤੇ ਤਾਕਤ ਦੀ ਭੁੱਖ। ਲਾਲਚ ਅਤੇ ਡਰ ਨਾਲ ਲਿਪਤ ਹੋਣ ਕਾਰਨ, ਦਲ ਬਦਲੀ ਨਾਲ ਇਨ੍ਹਾਂ ਦਾ ਦਮ ਘੁਟਣਾ ਤਾਂ ਬੰਦ ਹੋ ਗਿਆ ਹੈ ਪਰ ਇਸ ਨਾਲ ਲੋਕਾਂ ਦੇ ਵਿਸ਼ਵਾਸ਼ ਦਾ ਦਮ ਜ਼ਰੂਰ ਘੁੱਟਿਆ ਗਿਆ ਹੈ। ਭਾਰਤੀ ਜਨਤਾ ਪਾਰਟੀ ਇਨ੍ਹਾਂ ਦੇ ਮੋਢਿਆਂ 'ਤੇ ਸਵਾਰ ਹੋ ਕੇ 2027 ਦੀ ਚੋਣ ਜਿੱਤਣ ਦੀ ਉਮੀਦ ਰੱਖ ਰਹੀ ਹੈ। ਅਜਿਹੀ ਸੋਚ ਰਾਜਨੀਤਕ ਗੁਰਬਤ ਦਾ ਹੀ ਮੁਜ਼ਾਹਰਾ ਹੈ। ਰਾਜਨੀਤਕ ਗੁਰਬਤ ਦਾ ਇਕ ਹੋਰ ਨਮੂਨਾ ਇਹ ਹੈ ਕਿ ਦੂਜੀਆਂ ਪਾਰਟੀਆਂ ਦੀਆਂ ਨਾਕਾਮੀਆਂ ਸਹਾਰੇ ਹੀ ਪੰਜਾਬ ਵਿਚ ਕਾਂਗਰਸ ਪਾਰਟੀ ਆਪਣੀ ਜਿੱਤ ਨਿਸ਼ਚਿਤ ਮੰਨ ਰਹੀ ਹੈ ਅਤੇ ਇਸ ਦੇ ਸਾਰੇ ਨੇਤਾ ਮੁੱਖ ਮੰਤਰੀ ਲਈ ਆਪਣੀ ਦਾਅਵੇਦਾਰੀ ਜਤਾਉਂਦੇ ਹੋਏ ਇਕ-ਦੂਜੇ ਨਾਲ ਹੀ ਮੁਕਾਬਲੇ ਵਿਚ ਹਨ।
ਇਕ ਹੋਰ ਪੱਧਰ 'ਤੇ ਕੇਂਦਰੀ ਜਾਂਚ ਏਜੰਸੀਆਂ- ਸੀ.ਬੀ.ਆਈ. ਅਤੇ ਈ.ਡੀ. ਸੂਬੇ ਵਿਚ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨ ਲਈ ਪੰਜਾਬ ਵਿਚ ਸਰਗਰਮ ਹਨ; ਪਰ ਉਦੇਸ਼ ਦੀ ਡਗਮਗਾਉਂਦੀ ਭਰੋਸੇਯੋਗਤਾ ਨਾਲ ਅਜਿਹਾ ਰਾਜਨੀਤਕ ਮਾਹੌਲ ਪੈਦਾ ਹੋ ਰਿਹਾ ਹੈ ਕਿ ਇਹ ਕਾਰਵਾਈ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਨਾਲੋਂ ਜ਼ਿਆਦਾ ਰਾਜ ਵਿਚ ਸੱਤਾਧਾਰੀ ਪਾਰਟੀ ਨੂੰ ਕੱਚਿਆਂ ਕਰਨ ਵਾਲੀ ਹੈ। ਅਜਿਹੇ ਹਾਲਾਤ ਵਿਚ ਪੰਜਾਬ ਦੇ ਰਾਜਨੀਤਕ ਨੇਤਾਵਾਂ ਦੀਆਂ S"V ਗੱਡੀਆਂ ਦੀ 'ਹਨੇਰੀ ਅਤੇ ਗਰਜਣ' ਅਤੇ ਉਨ੍ਹਾਂ ਦੀ 'ਤੂੰ-ਤੂੰ ਮੈਂ-ਮੈਂ ' ਕਿਸੇ ਅਸੂਲੀ ਰਾਜਨੀਤੀ ਤੋਂ ਸੱਖਣੀ ਹੈ, ਜਿਸ ਨਾਲ ਪੰਜਾਬ ਸਰੋਤਾਂ ਅਤੇ ਚੇਤਨਾ ਦੀ ਗੁਰਬਤ ਦੇ ਨਾਲ-ਨਾਲ ਰਾਜਨੀਤਕ ਗੁਰਬਤ ਵੱਲ ਵਧਦਾ ਨਜ਼ਰ ਆ ਰਿਹਾ ਹੈ।

-ਸੇਵਾਮੁਕਤ ਪ੍ਰੋਫੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
ਮੋਬਾਈਲ : 94642-25655

ਪਿਛਲੀ ਖ਼ਬਰ 08-06-26 ਅਗਲੀ ਖ਼ਬਰ ਆਯੁਰਵੈਦਿਕ ਜੀਵਨ-ਸ਼ੈਲੀ, ਯੋਗ ਤੇ ਕੁਦਰਤੀ ਜੀਵਨ ਦਾ ਮਹੱਤਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।