10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਹਾਲੇ ਦਿੱਲੀ ਦੂਰ ਹੈ

ਅਜੀਤ ਡੈਸਕ 10-06-2026

ਪਿਛਲੇ ਦਿਨੀਂ ਦਿੱਲੀ ਵਿਚ ਹੋਈ 'ਇੰਡੀਆ' ਗੱਠਜੋੜ ਦੀ ਮੀਟਿੰਗ ਵੱਡੀ ਆਸ ਬਣਾਉਣ ਵਾਲੀ ਸਾਬਤ ਨਹੀਂ ਹੋਈ। ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿਚ ਇਸ ਗੱਠਜੋੜ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ। ਭਾਜਪਾ ਨੂੰ ਉਸ ਦੇ ਦਾਅਵੇ ਮੁਤਾਬਿਕ ਸੀਟਾਂ ਨਹੀਂ ਸਨ ਮਿਲੀਆਂ, ਜਿਸ ਕਰਕੇ ਉਸ ਨੂੰ ਨਿਤਿਸ਼ ਕੁਮਾਰ ਅਤੇ ਕੁਝ ਹੋਰ ਪਾਰਟੀਆਂ ਦਾ ਆਸਰਾ ਭਾਲਣਾ ਪਿਆ, ਪਰ ਪਿਛਲੇ 2 ਸਾਲਾਂ ਦੇ ਅਰਸੇ ਵਿਚ ਜਿਸ ਤਰ੍ਹਾਂ 'ਇੰਡੀਆ' ਗੱਠਜੋੜ ਵਿਚ ਲਗਾਤਾਰ ਮਤਭੇਦ ਅਤੇ ਵਖਰੇਵੇਂ ਪੈਦਾ ਹੁੰਦੇ ਰਹੇ, ਉਨ੍ਹਾਂ ਕਰਕੇ ਇਸ ਦੀ ਸ਼ਕਤੀ ਸੀਮਤ ਹੋ ਕੇ ਰਹਿ ਗਈ ਹੈ। ਇਸੇ ਹੀ ਸਮੇਂ ਵਿਚ ਭਾਜਪਾ ਨੇ ਦੇਸ਼ ਦੇ ਵੱਡੇ ਹਿੱਸੇ ਵਿਚ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਹਨ। ਡੀ.ਐਮ.ਕੇ. ਇਸ ਮੀਟਿੰਗ ਵਿਚ ਸ਼ਾਮਿਲ ਨਹੀਂ ਹੋਈ, ਕਿਉਂਕਿ ਉਹ ਕਾਂਗਰਸ ਨਾਲ ਨਾਰਾਜ਼ ਹੈ। ਤਾਮਿਲਨਾਡੂ ਵਿਧਾਨ ਸਭਾ ਲਈ ਡੀ.ਐਮ.ਕੇ. ਅਤੇ ਕਾਂਗਰਸ ਨੇ ਰਲ ਕੇ ਚੋਣ ਲੜੀ ਸੀ ਪਰ ਪ੍ਰਸਿੱਧ ਅਦਾਕਾਰ ਵਿਜੇ ਥਲਾਪਤੀ ਦੀ ਪਾਰਟੀ ਟੀ.ਵੀ.ਕੇ. ਨੂੰ ਵੱਡਾ ਹੁੰਗਾਰਾ ਮਿਲਣ ਤੋਂ ਬਾਅਦ ਕਾਂਗਰਸ ਨੇ ਪਾਲਾ ਬਦਲ ਲਿਆ ਅਤੇ ਉਸ ਦੀ ਸਰਕਾਰ ਵਿਚ ਸ਼ਾਮਿਲ ਹੋ ਗਈ।
ਅਜਿਹੇ ਮਾਹੌਲ ਦੇ ਹੁੰਦਿਆਂ ਡੀ.ਐਮ.ਕੇ. ਦੇ ਮੁਖੀ ਸਟਾਲਿਨ ਵਲੋਂ ਇਸ ਗੱਠਜੋੜ ਪ੍ਰਤੀ ਧਾਰੇ ਵਤੀਰੇ ਨੂੰ ਸਹੀ ਹੀ ਮੰਨਿਆ ਜਾ ਸਕਦਾ ਹੈ। ਆਮ ਆਦਮੀ ਪਾਰਟੀ ਵੀ ਇਸ ਮੀਟਿੰਗ ਵਿਚ ਸ਼ਾਮਿਲ ਨਹੀਂ ਹੋਈ, ਕਿਉਂਕਿ ਦਿੱਲੀ ਅਤੇ ਪੰਜਾਬ ਵਿਚ ਉਸ ਦੀ ਕਾਂਗਰਸ ਨਾਲ ਸਖ਼ਤ ਸਿਆਸੀ ਟੱਕਰ ਚੱਲ ਰਹੀ ਹੈ। ਬੰਗਾਲ ਦੀਆਂ ਚੋਣਾਂ ਵਿਚ ਚਾਹੇ ਮਮਤਾ ਨੂੰ ਹੁਣ ਨਿਰਾਸ਼ਾਜਨਕ ਹਾਰ ਮਿਲੀ ਹੈ ਪਰ ਚੋਣਾਂ ਤੋਂ ਪਹਿਲਾਂ ਉਸ ਨੇ ਕਾਂਗਰਸ ਅਤੇ ਖੱਬੇ-ਪੱਖੀ ਪਾਰਟੀਆਂ ਨਾਲ ਰਲ ਕੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਕੇਰਲਮ ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਮਾਰਕਸੀ ਪਾਰਟੀ ਦੀ ਕਾਂਗਰਸ ਵਲੋਂ ਕੀਤੀ ਜਾਂਦੀ ਰਹੀ ਸਖ਼ਤ ਵਿਰੋਧਤਾ ਅਤੇ ਬਿਆਨਬਾਜ਼ੀ ਕਾਰਨ ਖੱਬੇ-ਪੱਖੀ ਪਾਰਟੀਆਂ ਦੀਆਂ ਉਸ ਨਾਲ ਪਈਆਂ ਦੂਰੀਆਂ ਨੂੰ ਹਾਲੇ ਤੱਕ ਪੂਰਿਆ ਨਹੀਂ ਜਾ ਸਕਿਆ। ਚਾਹੇ ਹੁਣ ਇਹ ਗੱਠਜੋੜ ਭਾਜਪਾ ਦੀ ਵਧਦੀ ਤਾਕਤ ਨੂੰ ਵੇਖਦੇ ਹੋਏ ਇਕੱਠੇ ਹੋਣ ਦਾ ਯਤਨ ਜ਼ਰੂਰ ਕਰ ਰਿਹਾ ਹੈ ਪਰ ਇਨ੍ਹਾਂ 'ਚ ਬਹੁਤੀਆਂ ਪਾਰਟੀਆਂ ਦਾ ਵੱਖ-ਵੱਖ ਰਾਜਾਂ ਵਿਚ ਆਪੋ-ਆਪਣਾ ਪ੍ਰਭਾਵ ਹੈ। ਇਸ ਲਈ ਉਹ ਉੱਥੇ ਗੱਠਜੋੜ ਦੀਆਂ ਦੂਸਰੀਆਂ ਪਾਰਟੀਆਂ ਨੂੰ ਬਹੁਤੀ ਜਗ੍ਹਾ ਨਹੀਂ ਦੇਣਾ ਚਾਹੁੰਦੀਆਂ। ਉੱਤਰ ਪ੍ਰਦੇਸ਼ ਵਿਚ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਕਾਂਗਰਸ ਤੋਂ ਮਦਦ ਤਾਂ ਚਾਹੁੰਦੀ ਹੈ ਪਰ ਉਹ ਉਸ ਨੂੰ ਉੱਥੇ ਬਹੁਤੀ ਜਗ੍ਹਾ ਦੇਣ ਲਈ ਤਿਆਰ ਨਹੀਂ ਹੈ। ਚੋਣਾਂ ਸਮੇਂ ਸੀਟਾਂ ਦੀ ਵੰਡ ਬਾਰੇ ਵੀ ਅਕਸਰ ਇਸ ਮਸਲੇ 'ਤੇ ਦੋਹਾਂ ਦੀ ਖਟਾਸ ਸਾਹਮਣੇ ਆਉਂਦੀ ਰਹੀ ਹੈ। ਇਸੇ ਹੀ ਤਰ੍ਹਾਂ ਬਿਹਾਰ ਵਿਚ ਤੇਜਸਵੀ ਯਾਦਵ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾ ਦਲ ਵੀ ਉੱਥੇ ਕਾਂਗਰਸ ਨੂੰ ਬਹੁਤੀ ਸਿਆਸੀ ਜਗ੍ਹਾ ਦੇਣ ਲਈ ਤਿਆਰ ਨਹੀਂ। ਬੀਤੇ ਦਿਨ ਦਿੱਲੀ ਵਿਚ ਇਕੋ ਹੀ ਸਮੇਂ ਦੋ ਵੱਡੇ ਘਟਨਾਕ੍ਰਮ ਵਾਪਰੇ ਹਨ। ਇਕ ਪਾਸੇ 'ਇੰਡੀਆ' ਗੱਠਜੋੜ ਦੇ ਆਗੂ ਭਾਜਪਾ ਸਰਕਾਰ ਵਿਰੁੱਧ ਲਾਮਬੰਦੀ ਕਰਨ ਵਿਚ ਜੁਟੇ ਹੋਏ ਸਨ ਅਤੇ ਦੂਸਰੇ ਪਾਸੇ ਦਿੱਲੀ ਵਿਚ ਇਸ ਸਮੇਂ ਮਮਤਾ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਦੇ 20 ਲੋਕ ਸਭਾ ਮੈਂਬਰ ਸਪੀਕਰ ਓਮ ਬਿਰਲਾ ਨੂੰ ਮਿਲ ਕੇ ਆਪਣਾ ਵੱਖਰਾ ਧੜਾ ਬਣਾਉਣ ਦੀ ਮੰਗ ਕਰ ਰਹੇ ਸਨ।
ਲੋਕ ਸਭਾ ਵਿਚ ਤ੍ਰਿਣਮੂਲ ਕਾਂਗਰਸ ਦੇ 28 ਮੈਂਬਰ ਹਨ, ਜਿਨ੍ਹਾਂ 'ਚੋਂ ਹੁਣ 2 ਤਿਹਾਈ ਤੋਂ ਵੱਧ ਨੇ ਮਮਤਾ ਤੋਂ ਤੋੜ-ਵਿਛੋੜਾ ਕਰਨ ਦਾ ਐਲਾਨ ਕਰ ਦਿੱਤਾ ਹੈ। ਰਾਜ ਸਭਾ ਵਿਚ ਵੀ ਇਸ ਪਾਰਟੀ ਦੇ ਮੈਂਬਰਾਂ ਦੇ ਖਿਸਕਦੇ ਜਾਣ ਦੀਆਂ ਕਨਸੋਆਂ ਮਿਲ ਰਹੀਆਂ ਹਨ। 2 ਸਾਲ ਪਹਿਲਾਂ ਭਾਜਪਾ ਦੀ ਅਗਵਾਈ ਵਾਲੇ ਕੌਮੀ ਲੋਕਤੰਤਰਿਕ ਗੱਠਜੋੜ ਦੇ ਲੋਕ ਸਭਾ ਮੈਂਬਰਾਂ ਦੀ ਗਿਣਤੀ ਹੁਣ 293 ਤੋਂ ਵਧ ਕੇ 313 ਹੋ ਜਾਏਗੀ। ਚਾਹੇ ਹੋ ਰਹੀ ਇਸ ਤਰ੍ਹਾਂ ਦੀ ਭੰਨਤੋੜ ਦੇ ਬਾਵਜੂਦ ਇਕੱਠੀਆਂ ਹੋਈਆਂ ਪਾਰਟੀਆਂ ਨੇ ਐਸ.ਆਈ.ਆਰ. ਦੇ ਮਾਮਲੇ ਵਿਚ ਵੱਡੀ ਪੱਧਰ 'ਤੇ ਵੋਟਾਂ ਕੱਟੇ ਜਾਣ, ਸਿੱਖਿਆ ਦੇ ਖੇਤਰ ਵਿਚ ਨੀਟ ਦੇ ਪੇਪਰ ਲੀਕ ਹੋਣ ਅਤੇ ਬੇਰੁਜ਼ਗਾਰੀ, ਮਹਿੰਗਾਈ ਆਦਿ ਦੇ ਮਸਲਿਆਂ ਨੂੰ ਰਲ ਕੇ ਉਠਾਉਣ ਦੀ ਗੱਲ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਇਸ ਗੱਠਜੋੜ ਦੀਆਂ ਲਗਾਤਾਰ ਮੀਟਿੰਗਾਂ ਕਰਨ ਦੀ ਯੋਜਨਾ ਬਣਾਈ ਗਈ ਹੈ ਪਰ ਅਜਿਹਾ ਭਾਸਦਾ ਹੈ ਕਿ ਇਸ ਗੱਠਜੋੜ ਨੂੰ ਭਾਜਪਾ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਦਾ ਪੂਰਾ ਮੁਕਾਬਲਾ ਕਰਨ ਲਈ ਅਜੇ ਹਰ ਪੱਖੋਂ ਵੱਡੀ ਤਿਆਰੀ ਅਤੇ ਅਭਿਆਸ ਦੀ ਜ਼ਰੂਰਤ ਹੋਵੇਗੀ, ਵਿਸ਼ੇਸ਼ ਤੌਰ 'ਤੇ ਆਪਣੀ ਹਊਮੈ ਨੂੰ ਛੱਡਣ ਦੇ ਨਾਲ-ਨਾਲ ਆਪਣੇ ਗੱਠਜੋੜ ਦੇ ਸਾਥੀਆਂ ਤੋਂ ਬਹੁਤ ਕੁਝ ਹਥਿਆਉਣ ਦੀ ਨੀਤੀ ਨੂੰ ਵੀ ਤਿਆਗਣਾ ਪਵੇਗਾ। ਹਾਲ ਦੀ ਘੜੀ ਤਾਂ ਇਸ ਗੱਠਜੋੜ ਲਈ ਦਿੱਲੀ ਦੂਰ ਹੀ ਜਾਪਦੀ ਹੈ।

-ਬਰਜਿੰਦਰ ਸਿੰਘ ਹਮਦਰਦ

 

ਪਿਛਲੀ ਖ਼ਬਰ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਚੋਣ ਕਮਿਸ਼ਨ ਨੂੰ ਦਿੱਤੇ ਵਾਧੂ ਅਧਿਕਾਰ ਅਗਲੀ ਖ਼ਬਰ ਹਜ਼ਾਰਾਂ ਮੀਲਾਂ ਦੇ ਸਫ਼ਰ ਦੀ ਸ਼ੁਰੂਆਤ ਵੀ ਇਕੋ ਹੀ ਕਦਮ ਨਾਲ ਹੁੰਦੀ ਹੈ। -ਲਾਓਤਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।