25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਪੈਸੇ ਦੀ ਦੌੜ 'ਚ ਉਲਝਿਆ ਮਨੁੱਖ

ਅਜੀਤ ਡੈਸਕ 17-06-2026

ਅੱਜ ਸਮਾਜ ਅੰਦਰ ਪੈਸੇ ਦੀ ਹੋੜ ਇੰਨੀ ਵੱਧ ਚੁੱਕੀ ਹੈ ਕਿ ਲੋਕ ਹਰ ਹਾਲਤ 'ਚ ਪੈਸਾ ਕਮਾਉਣਾ ਚਾਹੁੰਦੇ ਹਨ, ਚਾਹੇ ਪੈਸਾ ਗਲਤ ਤਰੀਕੇ ਨਾਲ ਹੀ ਕਿਉਂ ਨਾ ਕਮਾਇਆ ਜਾਵੇ। ਪੁਰਾਣੇ ਸਮਿਆਂ 'ਚ ਭਾਵੇਂ ਐਸ਼ੋ-ਆਰਾਮ ਦੇ ਸਾਧਨ ਸੀਮਿਤ ਸਨ, ਪਰ ਪੈਸੇ ਲਈ ਅੰਨੀ ਦੌੜ ਨਹੀਂ ਸੀ। ਲੋਕ ਮਿਹਨਤ ਕਰਕੇ ਪੂਰੇ ਪਰਿਵਾਰ ਦਾ ਪੇਟ ਭਰਦੇ ਸਨ ਤੇ ਇਕ ਦੂਜੇ ਨੂੰ ਨੀਵਾਂ ਵੀ ਨਹੀਂ ਦਿਖਾਇਆ ਜਾਂਦਾ ਸੀ। ਲੋਕ ਇਕ-ਦੂਜੇ ਦਾ ਸਤਿਕਾਰ ਕਰਦੇ ਸਨ ਤੇ ਲੋੜ ਪੈਣ 'ਤੇ ਪੈਸੇ ਧੇਲੇ ਨਾਲ ਜ਼ਰੂਰਤਮੰਦ ਦੀ ਮਦਦ ਵੀ ਕਰ ਦਿੰਦੇ ਸਨ, ਇਸ ਲਈ ਕੋਈ ਅਹਿਸਾਨ ਵੀ ਨਹੀਂ ਜਿਤਾਉਂਦੇ ਸਨ। ਪਰ ਅੱਜਕਲ੍ਹ ਕਿਸੇ ਦੀ ਮਦਦ ਤਾਂ ਕੀ ਕਰਨੀ ਹੈ, ਕਿਸੇ ਕੋਲ ਗੱਲ ਕਰਨ ਜਾਂ ਹਾਲ-ਚਾਲ ਪੁੱਛਣ ਤੱਕ ਦਾ ਸਮਾਂ ਨਹੀਂ ਹੈ। ਭਰਾ-ਭਰਾ ਦੇ ਦੁਸ਼ਮਣ ਬਣੀ ਬੈਠੇ ਹਨ, ਜੇਕਰ ਕਿਸੇ ਰਿਸ਼ਤੇਦਾਰੀ ਵਿਚ ਅਣਸੁਖਾਵੀਂ ਘਟਨਾ ਵਾਪਰ ਜਾਵੇ ਤਾਂ ਲੋਕ ਮੋਬਾਈਲ 'ਤੇ ਹੀ ਦੁੱਖ ਸਾਂਝਾ ਕਰ ਲੈਂਦੇ ਹਨ। ਲੋਕਾਂ ਕੋਲ ਕਿਸੇ ਦੇ ਦੁੱਖ ਵਿਚ ਸ਼ਰੀਕ ਹੋਣ ਲਈ ਸਮਾਂ ਤੱਕ ਨਹੀਂ ਹੈ, ਹੁਣ ਤਾਂ ਸਾਡੀ ਸਹੂਲਤ ਲਈ ਬਣਿਆ ਮੋਬਾਈਲ ਹੀ ਅਲਾਦੀਨ ਦਾ ਚਿਰਾਗ ਬਣ ਗਿਆ ਹੈ।
ਪਹਿਲਾਂ ਘਰਾਂ ਵਿਚ ਬਜ਼ੁਰਗਾਂ ਨਾਲ ਛੋਟੇ ਬੱਚੇ ਬਹੁਤਾ ਸਮਾਂ ਗੁਜ਼ਾਰਦੇ ਸਨ। ਬਜ਼ੁਰਗ ਉਨ੍ਹਾਂ ਨੂੰ ਚੰਗੀਆਂ ਗੱਲਾਂ ਸੁਣਾਉਂਦੇ ਤੇ ਚੰਗੀਆਂ ਆਦਤਾਂ ਸਿਖਾਉਂਦੇ ਸਨ। ਹੁਣ ਤਾਂ ਮਾਪਿਆਂ ਕੋਲ ਆਪਣੇ ਹੀ ਬੱਚਿਆਂ ਲਈ ਸਮਾਂ ਨਹੀਂ ਹੈ, ਉਹ ਸਵੇਰੇ ਘਰੋਂ ਨਿਕਲ ਕੇ ਸ਼ਾਮ ਨੂੰ ਘਰ ਵੜਦੇ ਹਨ।
ਬੱਚਿਆਂ ਦੀਆਂ ਤੋਤਲੀਆਂ ਗੱਲਾਂ ਸੁਣਨ ਦਾ ਮਾਂ-ਬਾਪ ਕੋਲ ਸਮਾਂ ਨਹੀਂ ਹੈ। ਜੇ ਹੋਵੇ ਵੀ ਤਾਂ ਬੱਚਿਆਂ ਨਾਲ ਹੱਸਣ-ਖੇਡਣ ਦੀ ਬਜਾਏ ਉਨ੍ਹਾਂ ਨੂੰ ਮੋਬਾਈਲ ਫੜਾ ਦਿੰਦੇ ਹਨ। ਅੱਜਕਲ੍ਹ ਬੱਚਿਆਂ ਦਾ ਬਹੁਤਾ ਸਮਾਂ ਮੋਬਾਈਲਾਂ 'ਤੇ ਲੰਘਣ ਕਰਕੇ ਉਹ ਘਰਾਂ ਤੋਂ ਬਾਹਰ ਖੇਡਣ ਤੱਕ ਨਹੀਂ ਜਾਂਦੇ। ਉਹ ਸਕੂਲ ਤੋਂ ਘਰ ਆ ਕੇ ਮੋਬਾਈਲ 'ਤੇ ਗੇਮਾਂ ਖੇਡਣ ਲੱਗ ਜਾਂਦੇ ਹਨ। ਲੋਕਾਂ ਦੀ ਜ਼ਿੰਦਗੀ 'ਚੋਂ ਸਬਰ, ਸੰਤੋਖ, ਨਿਮਰਤਾ ਤੇ ਆਪਸੀ ਪਿਆਰ ਖ਼ਤਮ ਹੋ ਗਿਆ ਹੈ। ਲੋਕ ਬਿਨਾਂ ਵਜ੍ਹਾ ਸੌੜੀ ਸੋਚ ਤੇ ਦੂਜਿਆਂ ਲਈ ਮਨਾਂ 'ਚ ਈਰਖਾ ਪਾਲ ਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਜੇਕਰ ਮੁਹੱਲੇ 'ਚ ਕਿਸੇ ਚੰਗੇ ਪਰਿਵਾਰ ਕੋਲ ਕੋਈ ਵੱਡਾ ਘਰ, ਕਾਰ ਜਾਂ ਹੋਰ ਸਹੂਲਤਾਂ ਦੇ ਸਾਧਨ ਹਨ ਤਾਂ ਬਹੁਤੇ ਲੋਕਾਂ ਦੇ ਮਨਾਂ 'ਚ ਈਰਖਾ ਵੱਸ ਉਸ ਲਈ ਨਕਾਰਾਤਮਕ ਭਾਵ ਭਰਨ ਲੱਗਦੇ ਹਨ। ਪਹਿਲਾਂ ਅਕਸਰ 'ਚਾਦਰ ਦੇਖ ਕੇ ਪੈਰ ਪਸਾਰਨ' ਦੀ ਸਲਾਹ ਦਿੱਤੀ ਜਾਂਦੀ ਸੀ, ਪਰ ਅੱਜਕਲ੍ਹ ਲੋਕ ਇਕ-ਦੂਜੇ ਦੀ ਦੇਖਾ-ਦੇਖੀ ਆਪਣੇ ਵਿੱਤ ਤੋਂ ਬਾਹਰ ਹੋ ਕੇ ਖਰਚੇ ਕਰਕੇ ਕਰਜ਼ਾਈ ਹੋ ਰਹੇ ਹਨ। ਛੋਟੇ-ਛੋਟੇ ਬੱਚੇ ਟੈਨਸ਼ਨ ਦਾ ਸ਼ਿਕਾਰ ਹੋਣ ਲੱਗੇ ਹਨ, ਉਹ ਕਿਸੇ ਨਾਲ ਮਨ ਦੀ ਗੱਲ ਸਾਂਝੀ ਨਹੀਂ ਕਰਦੇ।
ਸਮਾਂ ਬਹੁਤ ਵਡਮੁੱਲੀ ਦਾਤ ਹੈ, ਘਰ ਪਰਿਵਾਰ ਤੁਹਾਨੂੰ ਪਰਮਾਤਮਾ ਦੀ ਕਿਰਪਾ ਨਾਲ ਮਿਲੇ ਹਨ। ਆਪਣੇ ਬੱਚਿਆਂ, ਮਾਪਿਆਂ ਤੇ ਪਰਿਵਾਰ ਨੂੰ ਸਮਾਂ ਜ਼ਰੂਰ ਦਿਓ। ਉਨ੍ਹਾਂ ਨਾਲ ਜ਼ਿੰਦਗੀ ਦੇ ਦੁੱਖ-ਸੁਖ ਸਾਂਝੇ ਕਰੋ, ਇਕੱਠੇ ਬੈਠ ਕੇ ਖਾਣਾ ਖਾਓ।
ਬਜ਼ੁਰਗਾਂ ਕੋਲ ਜ਼ਿੰਦਗੀ ਦਾ ਨਿਚੋੜ ਹੁੰਦਾ ਹੈ, ਉਨ੍ਹਾਂ ਦੇ ਤਜਰਬੇ ਦਾ ਫਾਇਦਾ ਉਠਾਓ। ਸਾਡੇ ਬਜ਼ੁਰਗ ਆਪਣਾ ਆਖਰੀ ਸਮਾਂ ਬਿਰਧ ਆਸ਼ਰਮਾਂ ਵਿਚ ਬਿਤਾ ਰਹੇ ਹਨ, ਇਹ ਸਾਡੇ ਸਮਾਜ ਦੀ ਤ੍ਰਾਸਦੀ ਹੈ। ਅੱਜ ਲੋਕ ਜੰਕ ਫੂਡ ਦੇ ਮੁਰੀਦ ਬਣ ਕੇ ਨਾਮੁਰਾਦ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਬਹੁਤੇ ਲੋਕਾਂ ਦੀ ਸਵੇਰ ਦੀ ਸ਼ੁਰੂਆਤ ਖਾਲੀ ਪੇਟ ਦਵਾਈ ਖਾਣ ਨਾਲ ਸ਼ੁਰੂ ਹੁੰਦੀ ਹੈ। ਸ਼ੂਗਰ, ਬੀਪੀ ਤੇ ਪਤਾ ਨਹੀਂ ਕਿੰਨੀਆਂ ਹੋਰ ਬਿਮਾਰੀਆਂ ਛੋਟੀ ਉਮਰ ਦੇ ਨੌਜਵਾਨਾਂ ਤੇ ਬੱਚਿਆਂ ਤੱਕ ਨੂੰ ਘੇਰ ਰਹੀਆਂ ਹਨ। ਲੋਕ ਰਾਤਾਂ ਨੂੰ ਦੇਰ ਨਾਲ ਸੌਣ ਕਰਕੇ ਸਵੇਰੇ ਸਮੇਂ ਸਿਰ ਨਹੀਂ ਉੱਠਦੇ, ਸਵੇਰ ਦੀ ਸੈਰ ਕਰਨ ਲਈ ਬਹੁਤ ਘੱਟ ਲੋਕ ਘਰੋਂ ਨਿਕਲਦੇ ਹਨ।
ਲੋਕਾਂ 'ਚ ਗਰਮੀਆਂ ਤੇ ਸਰਦੀਆਂ ਨੂੰ ਸਹਾਰਨ ਦੀ ਸਮਰੱਥਾ ਤੱਕ ਨਹੀਂ ਰਹੀ। ਹਰ ਇਨਸਾਨ ਲੋਕਾਂ ਸਾਹਮਣੇ ਸੋਹਣਾ ਦਿੱਖਣਾ ਚਾਹੁੰਦਾ ਹੈ, ਕੋਈ ਪਤਲੇ ਹੋਣ ਦੀ ਤੇ ਕੋਈ ਮੋਟੇ ਹੋਣ ਦੀ ਦਵਾਈ ਖਾ ਰਹੇ ਹਨ।
ਸਮਾਜ 'ਚ ਪੈਸੇ ਦੀ ਦੌੜ ਨੇ ਰਿਸ਼ਤਿਆਂ ਨੂੰ ਖ਼ਤਮ ਕਰ ਦਿੱਤਾ ਹੈ, ਹਰ ਕੋਈ ਰਾਤੋਂ-ਰਾਤ ਅਮੀਰ ਹੋਣਾ ਚਾਹੁੰਦਾ ਹੈ। ਪਰ ਇਕ ਗੱਲ ਯਾਦ ਰੱਖਣ ਵਾਲੀ ਹੈ ਕਿ ਗਲਤ ਢੰਗ ਨਾਲ ਕਮਾਏ ਪੈਸੇ ਅਤੇ ਕੁਦਰਤ ਨਾਲ ਕੀਤੀ ਛੇੜਛਾੜ ਦੇ ਨਤੀਜੇ ਬਹੁਤ ਮਾੜੇ ਨਿਕਲਦੇ ਹਨ। ਇਨਸਾਨ ਨੇ ਪਹਾੜੀ ਖੇਤਰਾਂ ਵਿਚ ਨਦੀਆਂ-ਨਾਲਿਆਂ ਦੇ ਕੁਦਰਤੀ ਵਹਾਅ ਨੂੰ ਡੱਕ ਕੇ ਉੱਥੇ ਘਰ ਤੇ ਹੋਟਲ ਬਣਾ ਕੇ ਕੁਦਰਤੀ ਵਾਤਾਵਰਨ ਦੇ ਸੰਤੁਲਨ ਨੂੰ ਵਿਗਾੜਨ ਵਿਚ ਕੋਈ ਕਸਰ ਨਹੀਂ ਛੱਡੀ। ਖਾਧ ਪਦਾਰਥਾਂ ਵਿਚ ਮਿਲਾਵਟ ਇੰਨੀ ਵੱਧ ਚੁੱਕੀ ਹੈ ਕਿ ਅੱਜ ਸਾਨੂੰ ਕੋਈ ਵੀ ਚੀਜ਼ ਮਿਲਾਵਟ ਤੋਂ ਬਗੈਰ ਨਹੀਂ ਮਿਲਦੀ ਹੈ। ਫ਼ਸਲਾਂ ਤੇ ਸਬਜ਼ੀਆਂ ਦੀ ਪੈਦਾਵਾਰ ਲਈ ਕੀਟਨਾਸ਼ਕਾਂ ਦੀ ਬੇਲੋੜੀ ਵਰਤੋਂ ਹੋ ਰਹੀ ਹੈ।
ਸਾਡਾ ਪੌਣ-ਪਾਣੀ, ਵਾਤਾਵਰਨ ਤੇ ਰਹਿਣ-ਸਹਿਣ ਸਭ ਕੁਝ ਪ੍ਰਦੂਸ਼ਿਤ ਹੋ ਚੁੱਕਿਆ ਹੈ। ਸਾਨੂੰ ਆਪਣੇ ਬਜ਼ੁਰਗਾਂ ਤੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਗੁਜ਼ਾਰਨਾ ਚਾਹੀਦਾ ਹੈ। ਜ਼ਿੰਦਗੀ ਨੂੰ ਖੁਸ਼ਨੁਮਾ ਬਣਾਉਣ ਲਈ ਸਬਰ, ਸੰਤੋਖ ਤੇ ਸੁਹਿਰਦਤਾ ਨੂੰ ਜੀਵਨ ਦੀ ਆਦਤ ਬਣਾਓ। ਅੱਜਕੱਲ੍ਹ ਦੀ ਜ਼ਿੰਦਗੀ ਤਾਂ ਵੈਸੇ ਹੀ ਛੋਟੀ ਹੈ, ਇਸ ਨੂੰ ਹੱਸ ਖੇਡ ਕੇ ਗੁਜ਼ਾਰੋ।

ਮੁਹਾਲੀ।
ਮੋਬਾਈਲ : 78889-66168

ਪਿਛਲੀ ਖ਼ਬਰ 17-06-26 ਅਗਲੀ ਖ਼ਬਰ ਪੰਜਾਬੀ ਬਜ਼ੁਰਗਾਂ ਦੀਆਂ ਰੌਣਕਾਂ ਨਾਲ ਸਜਦੇ ਕੈਨੇਡਾ ਦੇ ਪਾਰਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।