24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਪੰਜਾਬੀ ਬਜ਼ੁਰਗਾਂ ਦੀਆਂ ਰੌਣਕਾਂ ਨਾਲ ਸਜਦੇ ਕੈਨੇਡਾ ਦੇ ਪਾਰਕ

ਅਜੀਤ ਡੈਸਕ 17-06-2026

ਪ੍ਰਸਿੱਧ ਗਾਇਕ ਗੁਰਦਾਸ ਮਾਨ ਦੇ ਇਕ ਗੀਤ ਦੇ ਬੋਲ 'ਮੁੜ-ਮੁੜ ਯਾਦ ਸਤਾਉਂਦੀ ਪਿੰਡ ਦੀਆਂ ਗਲੀਆਂ ਦੀ' ਕੈਨੇਡਾ ਦੇ ਬਹੁਗਿਣਤੀ ਬਜ਼ੁਰਗਾਂ ਦੀ ਮਨੋਦਸ਼ਾ ਅਤੇ ਰੋਜ਼ਮਰ੍ਹਾ ਦੀ ਜ਼ਿੰਦਗੀ 'ਤੇ ਐਨ ਢੁਕਦੇ ਜਾਪਦੇ ਹਨ, ਜੋ ਆਪਣੀ ਖੁਸ਼ੀ ਜਾਂ ਕਿਸੇ ਮਜਬੂਰੀ ਕਾਰਨ ਆਪਣੀ ਪਿੱਤਰਭੂਮੀ ਤੋਂ ਦੂਰ ਜਾ ਵਸੇ ਹਨ। ਕੈਨੇਡਾ ਦੇ ਹੋਰਨਾਂ ਸ਼ਹਿਰਾਂ ਵਾਂਗ ਵੈਨਕੂਵਰ ਤੇ 'ਮਿੰਨੀ ਪੰਜਾਬ' ਵਜੋਂ ਜਾਣੇ ਜਾਂਦੇ ਸਰੀ ਸ਼ਹਿਰ ਦੇ ਦਰਜਨਾਂ ਪਾਰਕਾਂ ਦੇ ਹਰਿਆਵਲੇ ਵਿੱਹੜਿਆਂ 'ਚ ਪੱਸਰੀ ਨਿੱਘੀ ਧੁੱਪ 'ਚ ਖ਼ੁਦ ਨੂੰ ਸਮੇਂ ਦੇ ਹਾਲਾਤ ਅਨੁਕੂਲ ਢਾਲ ਚੁੱਕੇ ਹਜ਼ਾਰਾਂ ਪੰਜਾਬੀ ਬਜ਼ੁਰਗਾਂ ਦੀਆਂ ਰੋਜ਼ਾਨਾਂ ਲਗਦੀਆਂ ਰੌਣਕਾਂ ਇਕ ਤਰ੍ਹਾਂ ਨਾਲ ਪੰਜਾਬ ਦੇ ਪਿੰਡਾਂ ਦੀਆਂ ਪੁਰਾਣੀਆਂ ਸੱਥਾਂ ਦੀ ਝਲਕ ਪੇਸ਼ ਕਰਦੀਆਂ ਮਹਿਸੂਸ ਹੁੰਦੀਆਂ ਹਨ।
ਸਵੇਰ ਹੁੰਦੇ ਹੀ ਪੰਜਾਬੀ ਬਜ਼ੁਰਗਾਂ ਦੀਆਂ ਟੋਲੀਆਂ ਪਾਰਕਾਂ 'ਚ ਇਕੱਠੀਆਂ ਹੋਣ ਲਗਦੀਆਂ ਹਨ, ਜਿੱਥੇ ਦਿਨ ਭਰ ਚਲਦੀ ਗੁਫ਼ਤਗੂ, ਹਾਸੇ-ਮਜ਼ਾਕ, ਸ਼ਤਰੰਜ ਤੇ ਤਾਸ਼ ਦੀਆਂ ਬਾਜ਼ੀਆਂ ਦਾ ਦੌਰ ਪੰਜਾਬ ਦੀ ਤਸਵੀਰ ਪੇਸ਼ ਕਰਦਾ ਹੈ। ਇਨਾਂ ਸੱਥਾਂ 'ਚ ਚੱਲਦੀ ਖੁੰਢ-ਚਰਚਾ ਦੀ ਮੁੱਖ ਸੂਈ ਸਥਾਨਕ ਵਿਸ਼ਿਆਂ ਦੇ ਨਾਲ ਵਧੇਰੇ ਪੰਜਾਬ ਦੀ ਮੌਜੂਦਾ ਸਿਆਸਤ ਦੇ ਦੁਆਲੇ ਘੁੰਮਦੀ ਹੈ। ਕਈ ਵਾਰ ਇਸ ਚਰਚਾ 'ਚੋਂ ਉਪਜਦੀ ਤਿੱਖੀ ਬਹਿਸ ਆਲੇ-ਦੁਆਲੇ ਦੇ ਮਾਹੌਲ ਨੂੰ ਹੋਰ ਦਿਲਚਸਪ ਬਣਾ ਦਿੰਦੀ ਹੈ। ਇਨ੍ਹਾਂ 'ਚੋਂ ਬਹੁਤੇ ਬਜ਼ੁਰਗ 1970, 80 ਤੇ 90 ਦੇ ਦਹਾਕਿਆਂ ਦੌਰਾਨ ਆਪਣੀਆਂ ਆਰਥਿਕ ਤੰਗੀਆਂ ਦੂਰ ਕਰਨ ਲਈ ਪੰਜਾਬ ਤੋਂ ਕੈਨੇਡਾ ਆਏ ਸਨ ਤੇ ਫਿਰ ਇੱਥੋਂ ਦੇ ਹੋ ਕੇ ਹੀ ਰਹਿ ਗਏ। ਸ਼ੁਰੂਆਤੀ ਸਾਲਾਂ 'ਚ ਉਨ੍ਹਾਂ ਨੇ ਬੜੀ ਮਿਹਨਤ-ਮੁਸ਼ੱਕਤ ਕਰ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਭਵਿੱਖ ਸੰਵਾਰਿਆ ਅਤੇ ਅੱਜ ਉਹੀ ਪੀੜ੍ਹੀ ਪੈਨਸ਼ਨਾਂ ਤੇ ਸੇਵਾਮੁਕਤੀ ਦਾ ਸੁਖੀ ਜੀਵਨ ਮਾਣ ਰਹੀ ਹੈ। ਸਾਲ 2021 'ਚ ਹੋਈ ਮਰਦਮਸ਼ੁਮਾਰੀ ਦੌਰਾਨ ਵੈਨਕੂਵਰ, ਡੈਲਟਾ, ਸਰੀ ਤੇ ਰਿਚਮੰਡ ਨਾਲ ਸੰਬੰਧਿਤ 65 ਸਾਲਾਂ ਤੋਂ ਵਧੇਰੇ ਉਮਰ ਦੇ ਪੰਜਾਬੀ ਬਜ਼ੁਰਗਾਂ ਦੀ ਗਿਣਤੀ 30 ਹਜ਼ਾਰ ਦੇ ਲਗਭਗ ਕਿਆਸੀ ਗਈ ਸੀ, ਜਦਕਿ ਹੁਣ ਇਹ ਗਿਣਤੀ ਕਿਤੇ ਵਧੇਰੇ ਹੋਣ ਦਾ ਅਨੁਮਾਨ ਹੈ। ਕਈ ਬਜ਼ੁਰਗ ਸਵੇਰੇ ਗੁਰੂ ਘਰਾਂ 'ਚ ਮੱਥਾ ਟੇਕਣ ਤੇ ਸੇਵਾ ਕਰਨ ਤੋਂ ਬਾਅਦ ਸਿੱਧੇ ਸੱਥਾਂ ਰੂਪੀ ਪਾਰਕਾਂ 'ਚ ਆਪਣੇ ਆੜੀਆਂ ਕੋਲ ਆ ਜਾਂਦੇ ਹਨ। ਕਈਆਂ ਨੇ ਆਪਣੀਆਂ ਬੈਂਚਾਂ ਤੇ ਬੈਠਣ ਵਾਲੀਆਂ ਥਾਵਾਂ ਨੂੰ ਆਪਸੀ ਸਹਿਮਤੀ ਨਾਲ ਰਾਖਵਾਂ ਕਰ ਰੱਖਿਆ ਹੈ। ਮਾਝੇ, ਮਾਲਵੇ ਤੇ ਦੁਆਬੇ ਦੇ ਸੁਮੇਲ ਦੀ ਸਾਂਝੀ ਤਸਵੀਰ ਪੇਸ਼ ਕਰਦੀਆਂ ਇਨਾਂ ਸੱਥਾਂ 'ਚ ਕਈ ਬਜ਼ੁਰਗ ਆਪਣੇ ਮੋਬਾਈਲ 'ਤੇ ਪੰਜਾਬ ਦੀਆਂ ਤਾਜ਼ਾ ਖ਼ਬਰਾਂ ਪੜ੍ਹ ਕੇ ਦੂਜਿਆਂ ਨੂੰ ਸੁਣਾਉਂਦੇ ਹਨ।
ਸ਼ਾਮ ਵੇਲੇ ਘਰਾਂ ਨੂੰ ਪਰਤਦਿਆਂ ਕੁੱਝ ਬਜ਼ੁਰਗਾਂ ਵਲੋਂ ਗਲੇ ਦੀ ਤਰਾਵਟ ਲਈ ਨੇੜਲੇ ਸਾਥੀ ਦੇ ਘਰ ਦੀ ਕਿਸੇ ਨੁੱਕਰੇ ਪਈ 'ਚੋਂ ਦੋ ਘੁੱਟ ਲਾਉਣ ਦਾ ਵਰਤਾਰਾ ਵੀ ਕਿਤੇ-ਕਿਤੇ ਵੇਖਿਆ ਜਾ ਸਕਦਾ ਹੈ। ਸਰੀ ਨਾਲ ਸੰਬੰਧਿਤ ਨੌਜਵਾਨ ਕੰਜ਼ਰਵੇਟਿਵ ਆਗੂ ਹੋਨਵੀਰ ਰੰਧਾਵਾ ਦਾ ਕਹਿਣਾ ਸੀ ਕਿ ਪਾਰਕਾਂ 'ਚ ਬਜ਼ੁਰਗਾਂ ਦੀਆਂ ਰੌਣਕਾਂ ਨਾਲ ਸਾਰਾ ਦਿਨ ਲੱਗੀ ਰਹਿੰਦੀ ਚਹਿਲ-ਪਹਿਲ ਕਾਰਨ ਪੰਜਾਬ ਦੇ ਪਿੰਡਾਂ ਵਰਗਾ ਮਾਹੌਲ ਬਣਿਆ ਨਜ਼ਰ ਆਉਂਦਾ ਹੈ ਪਰ ਕੁਝ ਜਨਤਕ ਥਾਵਾਂ ਤੇ ਬੱਸ ਅੱਡਿਆਂ ਨੇੜੇ ਬਜ਼ੁਰਗਾਂ ਲਈ ਕੁੱਝ ਸਹੂਲਤਾਂ ਦੀ ਘਾਟ ਤੋਂ ਉਹ ਜਾਣੂ ਹਨ, ਜਿਨ੍ਹਾਂ ਦੇ ਹੱਲ ਲਈ ਉਹ ਆਪਣੇ ਸਾਥੀਆਂ ਸਮੇਤ ਆਵਾਜ਼ ਬੁਲੰਦ ਕਰਨਗੇ । ਬਜ਼ੁਰਗਾਂ ਦਾ ਕਹਿਣਾ ਹੈ ਕਿ ਕੈਨੇਡਾ 'ਚ ਉਨ੍ਹਾਂ ਨੂੰ ਸਿਹਤ ਸਹੂਲਤਾਂ, ਸਮਾਜਿਕ ਸੁਰੱਖਿਆ ਤੇ ਸੇਵਮੁਕਤੀ ਦੀਆਂ ਸਹੂਲਤਾਂ ਤਾਂ ਮਿਲਦੀਆਂ ਹਨ ਪਰ ਪੰਜਾਬ ਤੋਂ ਦੂਰ ਹੋਣ ਦੀ ਕਸਕ ਉਨ੍ਹਾਂ ਦੇ ਦਿਲ 'ਚ ਹਮੇਸ਼ਾ ਬਣੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਕਈ ਬਜ਼ੁਰਗ ਮੰਨਦੇ ਹਨ ਕਿ ਪਾਰਕਾਂ ਦੀਆਂ ਇਹ ਸੱਥਾਂ ਉਨ੍ਹਾਂ ਲਈ ਇਕੱਲੇਪਨ ਤੇ ਮਾਨਸਿਕ ਤਣਾਅ ਦੂਰ ਕਰਨ ਦਾ ਸਭ ਤੋਂ ਵਧੀਆ ਇਲਾਜ ਹਨ। ਪਾਰਕਾਂ 'ਚ ਲੱਗਣ ਵਾਲੀਆਂ ਇਨ੍ਹਾਂ ਸੱਥਾਂ ਦਾ ਹਿੱਸਾ ਪੰਜਾਬੀ ਮੂਲ ਦੀਆਂ ਬਜ਼ੁਰਗ ਔਰਤਾਂ ਵੀ ਬਣਦੀਆਂ ਹਨ। ਕੁੱਝ ਔਰਤਾਂ ਆਪਣੇ ਪਰਿਵਾਰਕ ਬੱਚਿਆਂ ਦਾ ਮਨ ਪਰਚਾਉਣ ਤੇ ਘਰ ਅੰਦਰਲੀ ਸੀਮਤ ਜਗ੍ਹਾ ਤੋਂ ਖੁੱਲ੍ਹੀ ਹਵਾ 'ਚ ਆਉਣ ਦੇ ਨਾਲ-ਨਾਲ ਆਪਣੀਆਂ ਹਾਣ ਦੀਆਂ ਔਰਤਾਂ ਨਾਲ ਦਿਲੀ ਵਲਵਲੇ ਸਾਂਝੇ ਕਰਨ ਲਈ ਪਹੁੰਚਦੀਆਂ ਹਨ। ਉਨ੍ਹਾਂ ਦੀਆਂ ਗੱਲਾਂ ਦਾ ਘੇਰਾ ਅਕਸਰ ਘਰੇਲੂ ਹਾਲਾਤ, ਨਵੇਂ ਪਕਵਾਨਾਂ ਦੀਆਂ ਵਿਧੀਆਂ, ਸਿਹਤ ਸੰਭਾਲ ਦੇ ਨੁਸਖੇ, ਬੱਚਿਆਂ ਤੇ ਪੋਤੇ-ਪੋਤਰੀਆਂ ਦੀਆਂ ਪ੍ਰਾਪਤੀਆਂ ਅਤੇ ਪਰਿਵਾਰਕ ਖੁਸ਼ੀਆਂ-ਗ਼ਮੀਆਂ ਦੇ ਆਲੇ-ਦੁਆਲੇ ਘੁੰਮਦਾ ਰਹਿੰਦਾ ਹੈ। ਕਈ ਔਰਤਾਂ ਆਪਣੇ ਪਿੰਡਾਂ ਦੀਆਂ ਪੁਰਾਣੀਆਂ ਰਸਮਾਂ ਤੇ ਵਿਆਹਾਂ ਦੀਆਂ ਯਾਦਾਂ ਸਾਂਝੀਆਂ ਕਰਦੀਆਂ ਹਨ। ਇਨ੍ਹਾਂ ਗੱਲਬਾਤਾਂ ਰਾਹੀਂ ਨਾ ਸਿਰਫ਼ ਉਨ੍ਹਾਂ ਦਾ ਸਮਾਂ ਸੁਖਾਵਾਂ ਬੀਤਦਾ ਹੈ, ਸਗੋਂ ਪ੍ਰਦੇਸ ਦੀ ਧਰਤੀ 'ਤੇ ਆਪਸੀ ਸਾਂਝ, ਮੋਹ-ਪਿਆਰ ਤੇ ਅਪਣੱਤ ਵੀ ਹੋਰ ਗੂੜ੍ਹੀ ਹੁੰਦੀ ਜਾਪਦੀ ਹੈ।
ਵੈਨਕੂਵਰ ਤੇ ਸਰੀ ਸਮੇਤ ਕੈਨੇਡਾ ਦੇ ਹੋਰ ਪਾਰਕਾਂ 'ਚ ਸਜਦੀਆਂ ਇਹ ਸੱਥਾਂ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਪੰਜਾਬੀ ਪ੍ਰਵਾਸੀਆਂ ਦੇ ਸੰਘਰਸ਼, ਮਿਹਨਤ, ਯਾਦਾਂ ਤੇ ਕਾਮਯਾਬੀ ਦੀ ਮਿਸਾਲ ਵੀ ਪੇਸ਼ ਕਰਦੀਆਂ ਹਨ। ਇਨ੍ਹਾਂ ਸੱਥਾਂ ਵਿਚ ਬੈਠੇ ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਅੱਜ ਵੀ ਪੰਜਾਬ ਦੀ ਮਿੱਟੀ ਦੀ ਖ਼ੁਸ਼ਬੂ ਮਹਿਸੂਸ ਕੀਤੀ ਜਾ ਸਕਦੀ ਹੈ।

ਵੈਨਕੂਵਰ।
ਮੋਬਾਈਲ : 0012366323828

ਪਿਛਲੀ ਖ਼ਬਰ ਪੈਸੇ ਦੀ ਦੌੜ 'ਚ ਉਲਝਿਆ ਮਨੁੱਖ ਅਗਲੀ ਖ਼ਬਰ ਆਖਰ ਸਮਝੌਤੇ 'ਤੇ ਪਹੁੰਚ ਹੀ ਗਏ ਅਮਰੀਕਾ ਤੇ ਈਰਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।