30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਜੀ-7 ਵਿਚ ਮੋਦੀ ਦੀ ਸ਼ਮੂਲੀਅਤ

ਅਜੀਤ ਡੈਸਕ 18-06-2026

ਅੱਜ ਦੁਨੀਆ ਭਰ ਵਿਚ ਵੱਖ-ਵੱਖ ਦੇਸ਼ਾਂ ਦੇ ਆਪੋ-ਆਪਣੇ ਹਿੱਤਾਂ ਦੀ ਰਾਖੀ ਲਈ ਅਨੇਕਾਂ ਸੰਗਠਨ ਬਣੇ ਹੋਏ ਹਨ। ਇਨ੍ਹਾਂ ਦੇ ਸੰਮੇਲਨਾਂ ਦੀ ਚਰਚਾ ਲਗਾਤਾਰ ਹੁੰਦੀ ਰਹਿੰਦੀ ਹੈ। ਇਸੇ ਕੜੀ ਵਿਚ ਹੁਣ ਫਰਾਂਸ ਵਿਚ ਹੋ ਰਹੀ ਜੀ-7 ਸੰਗਠਨ ਦੀ ਬੈਠਕ ਦੀ ਵੀ ਚਰਚਾ ਹੋ ਰਹੀ ਹੈ। ਇਹ ਸੰਗਠਨ 1975 ਵਿਚ ਹੋਂਦ 'ਚ ਆਇਆ ਸੀ। ਇਸ ਦੀਆਂ ਸਾਲਾਨਾ ਮੀਟਿੰਗਾਂ ਹੁੰਦੀਆਂ ਹਨ, ਜਿਨ੍ਹਾਂ ਵਿਚ ਇਨ੍ਹਾਂ ਦੇ ਮੈਂਬਰ ਦੇਸ਼ਾਂ ਦੇ ਮੁਖੀ ਸ਼ਾਮਿਲ ਹੁੰਦੇ ਹਨ। ਇਸ ਸੰਗਠਨ ਦੇ ਪੱਕੇ ਮੈਂਬਰ ਅਮਰੀਕਾ, ਬਰਤਾਨੀਆ, ਫਰਾਂਸ, ਜਰਮਨੀ, ਇਟਲੀ, ਕੈਨੇਡਾ ਅਤੇ ਜਪਾਨ ਹਨ।
ਭਾਰਤ ਨੂੰ ਵੀ ਸਮੇਂ-ਸਮੇਂ ਇਸ ਦੇ ਸੰਮੇਲਨਾਂ ਵਿਚ ਕੁਝ ਹੋਰ ਦੇਸ਼ਾਂ ਦੇ ਨਾਲ-ਨਾਲ ਮਹਿਮਾਨ ਦੇ ਰੂਪ ਵਿਚ ਬੁਲਾਇਆ ਜਾਂਦਾ ਹੈ। ਇਸ ਵਾਰ ਇਸ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਿਰਕਤ ਦੁਨੀਆ ਦੇ ਬਦਲਦੇ ਮਾਹੌਲ ਵਿਚ ਬੜੀ ਮਹੱਤਵਪੂਰਨ ਮੰਨੀ ਜਾ ਰਹੀ ਹੈ। ਇਸ ਸੰਗਠਨ ਦੇ ਹੋਂਦ ਵਿਚ ਆਉਣ ਸਮੇਂ ਤੋਂ ਇਸ ਦਾ ਧਿਆਨ ਆਪੋ-ਆਪਣੇ ਦੇਸ਼ਾਂ ਦੇ ਆਰਥਿਕ ਸਰੋਕਾਰਾਂ, ਲੋਕਤੰਤਰ ਅਤੇ ਵਿਸ਼ਵ ਦੇ ਹੋਰ ਮੁੱਦਿਆਂ 'ਤੇ ਰਿਹਾ ਹੈ। ਯੂਰਪੀਅਨ ਯੂਨੀਅਨ ਦੇ ਮੁਖੀਆਂ ਨੂੰ ਵੀ ਇਸ ਦੀਆਂ ਮੀਟਿੰਗਾਂ ਵਿਚ ਬੁਲਾਇਆ ਜਾਂਦਾ ਹੈ। ਅੱਜ ਦੇ ਸਮੇਂ ਵਿਚ ਕੌਮਾਂਤਰੀ ਹਾਲਾਤ ਕਾਫੀ ਬਦਲੇ ਹੋਣ ਕਾਰਨ ਅਤੇ ਇਨ੍ਹਾਂ ਦੇਸ਼ਾਂ ਵਿਚ ਵੀ ਆਪਸੀ ਤਣਾਅ ਚਲਦੇ ਹੋਣ ਕਾਰਨ ਚਾਹੇ ਅਜਿਹੇ ਸੰਮੇਲਨਾਂ ਦਾ ਮਹੱਤਵ ਜ਼ਰੂਰ ਘੱਟ ਜਾਂਦਾ ਹੈ, ਪਰ ਅਜਿਹੇ ਸੰਮੇਲਨ ਵਧਦੇ ਆਪਸੀ ਫਾਸਲਿਆਂ ਨੂੰ ਘਟਾਉਣ ਵਿਚ ਜ਼ਰੂਰ ਸਹਾਈ ਹੁੰਦੇ ਹਨ। ਪਿਛਲੇ ਸਮੇਂ ਵਿਚ ਦੁਨੀਆ ਵਿਚ ਦੋ ਵੱਡੀਆਂ ਜੰਗਾਂ ਦੇ ਚਲਦਿਆਂ ਇਨ੍ਹਾਂ ਦੇਸ਼ਾਂ ਵਿਚ ਫ਼ਾਸਲੇ ਵਧਦੇ ਰਹੇ ਹਨ। ਖ਼ਾਸ ਤੌਰ 'ਤੇ ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੀ ਕੁਝ ਮਹੀਨਿਆਂ ਤੋਂ ਚਲਦੀ ਰਹੀ ਜੰਗ ਦੌਰਾਨ ਵੀ ਹੋਰਮੁਜ਼ ਜਲਮਾਰਗ ਸੰਬੰਧੀ ਅਮਰੀਕਾ ਤੇ ਬਹੁਤੇ ਯੂਰਪੀਅਨ ਦੇਸ਼ਾਂ ਵਿਚਕਾਰ ਦੂਰੀਆਂ ਵਧਦੀਆਂ ਰਹੀਆਂ ਸਨ। ਅਮਰੀਕਾ ਨੇ ਇਹ ਰਸਤਾ ਖੋਲ੍ਹਣ ਲਈ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਨੂੰ ਸਹਾਇਤਾ ਕਰਨ ਦੀ ਅਪੀਲ ਕੀਤੀ ਸੀ, ਪਰ ਉਨ੍ਹਾਂ ਨੇ ਟਰੰਪ ਦਾ ਇਸ ਮਸਲੇ 'ਤੇ ਸਾਥ ਨਹੀਂ ਦਿੱਤਾ, ਜਿਸ ਕਾਰਨ ਅਮਰੀਕੀ ਰਾਸ਼ਟਰਪਤੀ ਇਨ੍ਹਾਂ ਨਾਲ ਕਾਫ਼ੀ ਨਾਰਾਜ਼ ਵੀ ਹੋ ਗਿਆ ਸੀ। ਰੂਸ ਅਤੇ ਯੂਕਰੇਨ ਦੀ ਜੰਗ ਵਿਚ ਵੀ ਇਨ੍ਹਾਂ ਦੇ ਆਪਸੀ ਮਤਭੇਦ ਸਾਹਮਣੇ ਆਉਂਦੇ ਰਹੇ ਹਨ। ਇਸ ਸੰਗਠਨ ਦੇ ਦੇਸ਼ ਰਾਸ਼ਟਰਪਤੀ ਟਰੰਪ ਨਾਲ ਇਸ ਲਈ ਵੀ ਸਖ਼ਤ ਨਾਰਾਜ਼ ਰਹੇ ਹਨ ਕਿ ਉਸ ਨੇ ਆਪਣੀ ਮਨਮਰਜ਼ੀ ਨਾਲ ਇਨ੍ਹਾਂ ਦੇਸ਼ਾਂ ਦੀ ਅਮਰੀਕਾ ਨੂੰ ਹੁੰਦੀ ਬਰਾਮਦ 'ਤੇ ਵੱਡੇ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ। ਇਸ ਮਸਲੇ 'ਤੇ ਹੁਣ ਤੱਕ ਵੀ ਉਨ੍ਹਾਂ ਦੀਆਂ ਦੂਰੀਆਂ ਬਣੀਆਂ ਰਹੀਆਂ ਹਨ। ਇਨ੍ਹਾਂ ਕਾਰਨਾਂ ਕਰਕੇ ਇਸ ਸਾਲਾਨਾ ਸੰਮੇਲਨ ਵਿਚ ਪਹਿਲਾਂ ਇਹ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਟਰੰਪ ਇਸ ਵਿਚ ਸ਼ਾਮਿਲ ਹੋਵੇਗਾ ਜਾਂ ਨਹੀਂ, ਪਰ ਟਰੰਪ ਨੇ ਇਸ ਵਿਚ ਸ਼ਮੂਲੀਅਤ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਥਾਂ 'ਤੇ ਕਾਫੀ ਲੰਮੇ ਸਮੇਂ ਤੋਂ ਬਾਅਦ ਉਸ ਨੂੰ ਮਿਲੇ ਹਨ, ਪਰ ਇਹ ਮਿਲਣੀ ਭਾਰਤ ਨਾਲ ਬਣੀਆਂ ਦੂਰੀਆਂ ਨੂੰ ਕਿੰਨਾ ਕੁ ਘਟਾ ਸਕੇਗੀ, ਇਹ ਵੇਖਣ ਵਾਲੀ ਗੱਲ ਹੋਵੇਗੀ। ਇਸ ਸੰਮੇਲਨ ਵਿਚ ਵਪਾਰਕ ਅਸੰਤੁਲਨ ਸੰਬੰਧੀ ਵੀ ਗੱਲਬਾਤ ਹੋਣ ਦੀ ਸੰਭਾਵਨਾ ਹੈ। ਵਾਤਾਵਰਨ ਬਦਲਾਓ ਅਤੇ ਇਸ ਸੰਬੰਧੀ ਯੋਜਨਾਵਾਂ ਬਾਰੇ ਵੀ ਇਸ ਸੰਮੇਲਨ ਵਿਚ ਸੋਚਿਆ ਜਾਏਗਾ ਅਤੇ ਟੈਰਿਫ ਦਾ ਮੁੱਦਾ ਵੀ ਇਸ ਵਿਚ ਉੱਭਰ ਸਕਦਾ ਹੈ।
ਪਿਛਲੇ ਮਹੀਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੋਬਿਓ ਨੇ ਭਾਰਤ ਦੀ ਯਾਤਰਾ ਕੀਤੀ ਸੀ ਪਰ ਅਮਰੀਕੀ ਰਾਸ਼ਟਰਪਤੀ ਵਲੋਂ ਲਗਾਤਾਰ ਭਾਰਤ ਵਿਰੁੱਧ ਕੀਤੀ ਜਾਂਦੀ ਬਿਆਨਬਾਜ਼ੀ ਅਤੇ ਪਿਛਲੇ ਦਿਨਾਂ ਵਿਚ ਅਮਰੀਕੀ ਬੰਬਾਰੀ ਨਾਲ ਓਮਾਨ ਦੀ ਖਾੜੀ ਵਿਚ ਤਿੰਨ ਭਾਰਤੀ ਮਲਾਹਾਂ ਦੇ ਮਾਰੇ ਜਾਣ ਨੇ ਵੀ ਹੁਣ ਇਕ ਨਵੀਂ ਸਥਿਤੀ ਪੈਦਾ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਭਰ ਵਿਚ ਬੜੇ ਚਰਚਿਤ ਆਗੂ ਰਹੇ ਹਨ। ਇਸ ਸੰਮੇਲਨ ਵਿਚ ਉਨ੍ਹਾਂ ਦਾ ਇਨ੍ਹਾਂ ਵੱਡੀ ਆਰਥਿਕਤਾ ਵਾਲੇ ਦੇਸ਼ਾਂ ਦੇ ਨੇਤਾਵਾਂ ਨੂੰ ਮਿਲਣਾ ਅਤੇ ਵੱਖ-ਵੱਖ ਤੌਰ 'ਤੇ ਉਨ੍ਹਾਂ ਨਾਲ ਭਾਰਤ ਨਾਲ ਸੰਬੰਧਿਤ ਮੁੱਦਿਆਂ 'ਤੇ ਵਿਚਾਰ-ਚਰਚਾ ਕਰਨਾ ਅਤੇ ਹੋਰ ਸਾਂਝ ਵਧਾਉਣਾ ਵੀ ਮਹੱਤਵਪੂਰਨ ਮੰਨਿਆ ਜਾਏਗਾ, ਕਿਉਂਕਿ ਕੌਮਾਂਤਰੀ ਮੰਚਾਂ 'ਤੇ ਭਾਰਤ ਨੂੰ ਅਣਗੌਲਿਆ ਕਰਨਾ ਹੁਣ ਆਸਾਨ ਨਹੀਂ ਹੈ।

-ਬਰਜਿੰਦਰ ਸਿੰਘ ਹਮਦਰਦ

 

ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਅਰਥ ਅਗਲੀ ਖ਼ਬਰ ਦੋਸਤੀ ਅਜਿਹੀ ਸੁਨਹਿਰੀ ਤੰਦ ਹੈ, ਜਿਸ ਵਿਚ ਦੁਨੀਆ ਦੇ ਦਿਲ ਪਰੋਏ ਜਾ ਸਕਦੇ ਹਨ। -ਜੌਨ ਐਵਲਿਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।