ਅੱਜ ਸ਼ਹੀਦੀ ਦਿਵਸ 'ਤੇ ਵਿਸ਼ੇਸ਼
ਦੁਨੀਆ ਦੇ ਇਤਿਹਾਸ 'ਚ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬੇਮਿਸਾਲ ਹੈ। ਇਕ ਨਿਵੇਕਲਾ ਇਤਿਹਾਸਕ ਮੁਕਾਮ ਹੈ ਗੁਰੂ ਸਾਹਿਬ ਦੀ ਸ਼ਹਾਦਤ ਦਾ। ਅਸਲ ਵਿਚ ਇਹ ਵੀ ਹਕੀਕਤ ਹੈ ਕਿ ਇਸ ਬੇਮਿਸਾਲ ਸ਼ਹਾਦਤ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਸੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਗੁਰੂ ਅਰਜਨ ਦੇਵ ਜੀ ਦਾ ਫ਼ਰਮਾਨ ਹੈ:-
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥
(ਮਾਰੂ, ਮ:5, ਅੰਗ:1102)
ਮੌਤ ਨੂੰ ਕਬੂਲ ਕਰਨਾ ਸਿੱਖੀ ਦੀ ਪਹਿਲੀ ਤੇ ਲਾਜ਼ਮੀ ਸ਼ਰਤ ਹੈ-ਜਿਸ ਮਾਰਗ 'ਤੇ ਸਿੱਖਾਂ ਨੂੰ ਚੱਲਣ ਦਾ ਸੁਨੇਹਾ ਦਿੱਤਾ, ਪਹਿਲਾਂ ਉਸ ਮਾਰਗ 'ਤੇ ਖ਼ੁਦ ਚਲਦਿਆਂ ਆਪ ਨੇ ਕੁਰਬਾਨੀ ਦੇ ਕੇ ਆਪਣੀ ਕਥਨੀ ਨੂੰ ਕਰਨੀ ਵਿਚ ਢਾਲ ਦਿੱਤਾ ਸੀ। ਇਤਿਹਾਸਕ ਲਿਖਤਾਂ ਦੱਸਦੀਆਂ ਹਨ ਕਿ ਗੁਰੂ ਅਮਰਦਾਸ ਜੀ ਨੇ (ਗੁਰੂ) ਅਰਜਨ ਦੇਵ ਜੀ ਦੀ ਬਾਲ ਸ਼ਖ਼ਸੀਅਤ ਨੂੰ ਆਪਣੀ ਦਿਬ-ਦ੍ਰਿਸ਼ਟੀ ਨਾਲ ਘੋਖ-ਪਰਖ ਕੇ 'ਦੋਹਿਤਾ ਬਾਣੀ ਦਾ ਬੋਹਿਥਾ' ਦੀ ਭਵਿੱਖਬਾਣੀ ਕੀਤੀ ਸੀ। ਸਮਾਂ ਪਾ ਕੇ ਉਨ੍ਹਾਂ ਦੀ ਰੂਹਾਨੀਅਤ ਤੇ ਲੋਕਾਈ ਦੇ ਕਲਿਆਣ ਦੀ ਸੋਝੀ ਤੇ ਸਮਰੱਥਾ ਤੋਂ ਪ੍ਰਭਾਵਿਤ ਹੋ ਕੇ ਗੁਰੂ ਰਾਮਦਾਸ ਜੀ ਨੇ ਉਨ੍ਹਾਂ ਨੂੰ ਗੁਰਿਆਈ ਸੌਂਪ ਦਿੱਤੀ ਸੀ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਦਿਆਂ ਸਰੋਵਰ ਨੂੰ ਪੱਕਾ ਕਰਾਉਣ ਦਾ ਕਾਰਜ ਅਰੰਭਿਆ। ਸਰੋਵਰ ਦੇ ਦੁਆਲੇ ਪੌੜੀਆਂ ਪੱਕੀਆਂ ਕਰਾਈਆਂ। ਫਿਰ ਸਰੋਵਰ ਦੇ ਵਿਚਕਾਰ ਹਰਿਮੰਦਰ ਉਸਾਰਨ ਦਾ ਸੰਕਲਪ ਉਲੀਕਿਆ ਗਿਆ। ਗੁਰੂ ਸਾਹਿਬ ਨੇ ਆਪ ਸ੍ਰੀ ਹਰਿਮੰਦਰ ਸਾਹਿਬ ਦਾ ਨਕਸ਼ਾ ਤਿਆਰ ਕੀਤਾ ਅਤੇ ਫਿਰ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੀ ਦੇਖ-ਰੇਖ 'ਚ ਉਸਾਰੀ ਦਾ ਕੰਮ ਸ਼ੁਰੂ ਕਰਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖਣੇ ਇਸ ਗੱਲ ਦੇ ਪ੍ਰਤੀਕ ਸਨ ਕਿ ਬਿਨਾਂ ਕਿਸੇ ਭਿੰਨ-ਭੇਦ ਦੇ ਇਹ ਦਰਵਾਜ਼ੇ ਸਭ ਲਈ ਖੁੱਲ੍ਹੇ ਹਨ। ਸਾਈਂ ਮੀਆਂ ਮੀਰ ਨੂੰ ਉਚੇਚਾ ਸੱਦਾ ਦਿੱਤਾ ਗਿਆ। ਉਸਾਰੀ ਮੁਕੰਮਲ ਹੋਣ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ ਗਿਆ। ਦਰਬਾਰ ਸਾਹਿਬ 'ਚ ਪਰਮਾਤਮਾ ਦੀ ਉਸਤਿਤ ਦੇ ਸ਼ਬਦ ਗਾਇਣ ਦੀ ਅਲੌਕਿਕ ਰਵਾਇਤ ਪ੍ਰਪੱਕ ਕਰ ਦਿੱਤੀ ਗਈ।
ਇਸ ਗੱਲ ਦਾ ਵੀ ਉਚੇਚਾ ਧਿਆਨ ਰੱਖਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਅਤੇ ਉਸ ਦੇ ਅਤਿ ਗੰਭੀਰ ਤੇ ਸੂਖਮ ਵਿਚਾਰ ਆਮ ਲੋਕਾਂ ਦੇ ਜ਼ਹਿਨ 'ਚ ਸਹਿਜੇ ਉਤਰ ਜਾਣ। ਇਸ ਹਕੀਕਤ ਦਾ ਅਸਰ ਇਹ ਹੋਇਆ ਕਿ ਸਮੁੱਚੇ ਸਮਾਜ 'ਤੇ ਗੁਰਬਾਣੀ ਦਾ ਅਸਰ-ਅੰਦਾਜ਼ ਹੋਣਾ ਸ਼ੁਰੂ ਹੋ ਗਿਆ ਅਤੇ ਸਰਬੱਤ ਦੇ ਭਲੇ ਤੇ ਸਮੂਹਿਕ ਕਲਿਆਣ ਦਾ ਮੁਜੱਸਮਾ ਬਣ ਗਈ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ। ਇਸ ਸਾਰੇ ਸੰਦਰਭ ਵਿਚ ਗੁਰੂ ਅਰਜਨ ਪਾਤਸ਼ਾਹ ਦੇ ਇਹ ਸ਼ਬਦ ਸਮੁੱਚੇ ਮਨੁੱਖੀ ਸਮਾਜ 'ਚ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਤੇ ਵੱਖ-ਵੱਖ ਧਰਮਾਂ 'ਚ ਸਦਭਾਵ ਦਾ ਪ੍ਰਚਾਰ ਤੇ ਪਸਾਰ ਕਰਦੇ ਹਨ:-
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ॥
ਕੋਈ ਸੇਵੈ ਗੁਸਈਆ ਕੋਈ ਅਲਾਹਿ॥
ਕਾਰਣ ਕਰਣ ਕਰੀਮ॥
ਕਿਰਪਾ ਧਾਰਿ ਰਹੀਮ॥੧॥ਰਹਾਉ॥
ਕੋਈ ਨਾਵੈ ਤੀਰਥਿ ਕੋਈ ਹਜ ਜਾਇ॥
ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ॥
ਕੋਈ ਪੜੈ ਬੇਦ ਕੋਈ ਕਤੇਬ॥
ਕੋਈ ਓਢੈ ਨੀਲ ਕੋਈ ਸੁਪੇਦ॥
ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ॥
ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ॥
ਕਹੁ ਨਾਨਕ ਜਿਨਿ ਹੁਕਮੁ ਪਛਾਤਾ॥
ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ॥
(ਰਾਮਕਲੀ, ਮ:5, ਅੰਗ:885)
ਇਤਿਹਾਸਕ ਲਿਖਤਾਂ 'ਚ ਦਰਜ ਵੇਰਵਿਆਂ ਦੇ ਆਧਾਰ 'ਤੇ ਇਹ ਤੱਥ ਸਾਫ਼ ਉਜਾਗਰ ਹੁੰਦਾ ਹੈ ਕਿ ਲਗਾਤਾਰ ਤਿੰਨ ਸਾਲ (1601 ਤੋਂ 1604) ਗੁਰੂ ਜੀ ਬਾਣੀ ਦੇ ਸੰਕਲਨ ਤੇ ਸੰਪਾਦਨ ਦੇ ਕਾਰਜ ਵਿਚ ਰੁੱਝੇ ਰਹੇ ਸਨ। ਇਨ੍ਹਾਂ ਤਿੰਨਾਂ ਸਾਲਾਂ 'ਚ ਗੁਰੂ ਜੀ ਨੇ ਆਪਣੇ ਤੋਂ ਪਹਿਲਾਂ ਦੇ ਗੁਰੂ ਸਾਹਿਬਾਨ ਦੀ ਬਾਣੀ ਅਤੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਤੋਂ ਸੰਤਾਂ, ਭਗਤਾਂ, ਸੂਫ਼ੀ-ਫ਼ਕੀਰਾਂ ਦੀ ਬਾਣੀ ਨੂੰ ਇਕੱਤਰ ਕਰਕੇ ਭਾਈ ਗੁਰਦਾਸ ਜੀ ਪਾਸੋਂ ਲਿਖਾਇਆ ਅਤੇ ਫਿਰ ਇਕ ਨਿਸਚਿਤ ਤੇ ਨਿਵੇਕਲੀ ਵਿਉਂਤ ਨਾਲ ਸਾਰਾ ਸੰਪਾਦਨ-ਕਾਰਜ ਆਪ ਕੀਤਾ। ਅਸਲ ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੇ ਸਿੱਖ ਪੰਥ ਨੂੰ ਧਾਰਮਿਕ ਤੇ ਸੰਸਥਾਪਕ ਰੂਪ 'ਚ ਪੂਰੀ ਤਰ੍ਹਾਂ ਸੰਗਠਿਤ ਕਰ ਦਿੱਤਾ ਸੀ।
ਗਹੁ ਨਾਲ ਵਿਚਾਰੀਏ ਤਾਂ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਗੁਰੂ ਸਾਹਿਬ ਨੇ ਆਪਣੇ ਗੁਰਿਆਈ ਦੇ ਦੌਰ ਵਿਚ ਸੰਸਥਾਤਮਕ ਪੱਧਰ 'ਤੇ ਅਜਿਹੇ ਅਹਿਮ ਫ਼ੈਸਲੇ ਕੀਤੇ, ਜਿਨ੍ਹਾਂ ਨੇ ਜ਼ਾਹਿਰਾ ਰੂਪ 'ਚ ਸਿੱਖ ਪੰਥ ਦੇ ਭਵਿੱਖ ਦੀ ਨਵੀਂ ਨੁਹਾਰ ਸਿਰਜਣ ਦਾ ਮੁੱਢ ਬੰਨ੍ਹਿਆ। ਇਹ ਵੀ ਹਕੀਕਤ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਤੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਗੁਰੂ ਜੀ ਦੇ ਜੀਵਨ ਦੀਆਂ ਦੋ ਵੱਡੀਆਂ ਪ੍ਰਾਪਤੀਆਂ ਹਨ।
ਇਨ੍ਹਾਂ ਦੋਹਾਂ ਪ੍ਰਾਪਤੀਆਂ ਦੀ ਪ੍ਰਕਿਰਤੀ ਤੇ ਉਦੇਸ਼ ਇਕ ਪਾਸੇ ਸਰਵਭੌਮਿਕ ਹੈ ਤੇ ਸਰਬੱਤ ਦੇ ਭਲੇ ਦੀ ਭਾਵਨਾ ਨਾਲ ਓਤ-ਪੋਤ ਹੈ, ਦੂਜੇ ਪਾਸੇ ਇਹ ਦੋਵੇਂ ਪ੍ਰਾਪਤੀਆਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਇਕ ਸੰਗਠਿਤ ਧਰਮ ਦੇ ਰੂਪ ਵਿਚ ਵੱਖਰੀ ਪਛਾਣ ਦਿੰਦੀਆਂ ਹਨ। ਪਰ ਬੜੀ ਹੈਰਾਨੀ 'ਚ ਪਾ ਦੇਣ ਵਾਲੀ ਹਕੀਕਤ ਇਹ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਪ੍ਰਕਾਸ਼ ਹੋਣ ਤੋਂ ਦੋ ਸਾਲਾਂ ਬਾਅਦ ਹੀ ਹੁਕਮਰਾਨ ਜਹਾਂਗੀਰ ਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਜਾਪਦਾ ਇੱਦਾਂ ਹੈ ਕਿ ਵੇਲੇ ਦੇ ਹੁਕਮਰਾਨ ਜਹਾਂਗੀਰ ਲਈ ਸ਼ਾਇਦ ਇਹ ਬਿਲਕੁਲ ਨਾਕਾਬਲੇ ਬਰਦਾਸ਼ਤ ਸੀ ਕਿ ਸਿੱਖ ਧਰਮ ਸੰਸਥਾਤਮਕ ਰੂਪ ਵਿਚ ਪੂਰੀ ਤਰ੍ਹਾਂ ਸੰਗਠਿਤ ਹੋ ਜਾਵੇ ਅਤੇ ਗੁਰੂ ਗ੍ਰੰਥ ਸਾਹਿਬ ਵਰਗੇ ਮਹਾਨ ਧਰਮ-ਗ੍ਰ੍ਰੰਥ ਦਾ ਸੰਪਾਦਨ ਹੋਵੇ। ਇਸ ਸੰਦਰਭ 'ਚ ਇੱਥੇ ਹੁਕਮਰਾਨ ਤਬਕੇ ਦੀ ਜ਼ਹਿਨੀਅਤ ਸਮਝਣ ਲਈ 'ਤੁਜ਼ਕੇ-ਜਹਾਂਗੀਰੀ' 'ਚ ਦਰਜ ਇਬਾਰਤ ਦੀਆਂ ਸਤਰਾਂ ਗ਼ੌਰ ਨਾਲ ਪੜ੍ਹਨ ਵਾਲੀਆਂ ਹਨ।
ਇਸ ਇਬਾਰਤ ਮੁਤਾਬਕ ਬਾਦਸ਼ਾਹ ਦਾ ਕਹਿਣਾ ਹੈ, 'ਮੈਂ ਹੁਕਮ ਦਿੱਤਾ ਕਿ ਉਸ ਨੂੰ (ਗੁਰੂ) ਹਾਜ਼ਰ ਕੀਤਾ ਜਾਏ ਤੇ ਮੈਂ ਉਸ ਦਾ ਘਰ-ਘਾਟ ਤੇ ਬੱਚੇ ਮੁਰਤਜਾ ਖ਼ਾਂ ਦੇ ਹਵਾਲੇ ਕਰ ਦਿੱਤੇ ਅਤੇ ਉਸ ਦਾ ਮਾਲ ਅਸਬਾਬ ਜ਼ਬਤ ਕਰਕੇ ਹੁਕਮ ਦਿੱਤਾ ਕਿ ਉਸ ਨੂੰ ਤਸੀਹੇ ਦੇ ਕੇ ਮਾਰ-ਮੁਕਾ ਦਿੱਤਾ ਜਾਵੇ।' ਇਬਾਰਤ ਵਿਚ ਇਸ ਗੱਲ ਦੀ ਵੀ ਗਵਾਹੀ ਮਿਲਦੀ ਹੈ ਕਿ ਜਹਾਂਗੀਰ ਨੂੰ ਇਸ ਗੱਲ ਦੀ ਵੀ ਪ੍ਰੇਸ਼ਾਨੀ ਸੀ ਕਿ ਹਿੰਦੂ ਤੇ ਮੁਸਲਮਾਨ ਗੁਰੂ ਜੀ ਦੇ ਅਨੁਯਾਈ ਬਣ ਰਹੇ ਸਨ। ਫਿਰ ਉਸ ਨੇ ਆਪਣੇ ਅੰਦਰ ਦੀ ਇਸ ਗੱਲ ਨੂੰ ਵੀ ਮੰਨਿਆ ਕਿ ਉਹ ਗੁਰੂਘਰ ਦੇ ਮਜ਼ਬੂਤ ਹੁੰਦੇ ਸੰਸਥਾਤਮਕ ਰੂਪ ਨੂੰ ਵੇਖ ਕੇ ਚਿਰਾਂ ਤੋਂ ਨਾਖ਼ੁਸ਼ ਸੀ ਤੇ ਉਸ ਦੇ ਮਨ ਵਿਚ ਤਿੱਖਾ ਰੋਸ ਸੀ। ਹਕੀਕਤ ਇਹੀ ਹੈ ਕਿ ਇਹੋ ਸਾਰਾ ਕੁਝ ਕਾਰਨ ਬਣਿਆ ਗੁਰੂ ਜੀ ਦੀ ਸ਼ਹਾਦਤ ਦਾ।
ਅਖ਼ੀਰ 'ਚ ਇੱਥੇ ਇਸ ਹਕੀਕਤ ਨੂੰ ਵੀ ਦਰਜ ਕਰਨਾ ਚਾਹੁੰਦਾ ਹਾਂ ਕਿ ਅੱਜ ਵੀ ਹਜ਼ਾਰਾਂ-ਲੱਖਾਂ ਲੋਕ ਗੁਰੂ ਜੀ ਦੀ ਬੇਮਿਸਾਲ ਸ਼ਹਾਦਤ ਦੇ ਬਿਰਤਾਂਤ ਨੂੰ ਯਾਦ ਕਰਦੇ ਹਨ ਤੇ ਇਤਿਹਾਸਕ ਅਸਥਾਨਾਂ 'ਤੇ ਨਤਮਸਤਕ ਹੁੰਦੇ ਹਨ। ਸ਼ਹਾਦਤ ਦੇ ਸਾਰੇ ਘਟਨਾਕ੍ਰਮ 'ਤੇ ਨਜ਼ਰ ਮਾਰੀਏ ਤਾਂ ਇਸ ਬੇਮਿਸਾਲ ਸ਼ਹਾਦਤ ਬਾਰੇ ਲਿਖਦਿਆਂ ਹੱਥ ਕੰਬ ਉੱਠਦੇ ਹਨ। ਭਾਈ ਵੀਰ ਸਿੰਘ ਆਪਣੀ ਇਕ ਲਿਖਤ ਵਿਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਲਿਖਦੇ ਹਨ:-
'ਹਾਂ ਐਡੀ ਸੁਹਲ ਭਾਵਾਂ ਨਾਲ ਭਰੀ ਜ਼ਿੰਦਗੀ ਕਿਸ ਵਹਿਸ਼ੀਆਨਾ ਤਸੀਹਿਆਂ ਨਾਲ ਸਮਾਪਤ ਕੀਤੀ ਗਈ, ਵਾਚਕੇ ਹੋਸ਼, ਹੋਸ਼ ਵਿਚ ਨਹੀਂ ਰਹਿੰਦੀ। ਹੈਰਾਨੀ ਦੀ ਹੱਦ ਨਹੀਂ ਰਹਿੰਦੀ ਕਿ ਜਿਸ ਬੇਰਹਿਮੀ ਨਾਲ ਕੀਤੇ ਗਏ ਵਾਕਿਆ ਨੂੰ ਪੜ੍ਹਦਿਆਂ ਨੈਣ ਵਹਿੰਦੇ ਨਹੀਂ ਠੱਲ੍ਹੇ ਰਹਿੰਦੇ, ਜਿਨ੍ਹਾਂ ਨੂੰ ਲਿਖਦਿਆਂ ਹੱਥ ਕੰਬਦੇ, ਦਿਲ ਧੜਕਦਾ ਤੇ ਕਲਮ ਰੁਕ-ਰੁਕ ਜਾਂਦੀ ਹੈ।'
-ਸਾਬਕਾ ਉਪ ਕੁਲਪਤੀ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।