30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਹੜ੍ਹਾਂ ਨੂੰ ਰੋਕਣ ਲਈ ਤਕਨੀਕੀ ਤੇ ਵਿਗਿਆਨਕ ਵਿਵਸਥਾ ਦੀ ਲੋੜ

ਅਜੀਤ ਡੈਸਕ 18-06-2026

ਹਰ ਸਾਲ ਮੌਨਸੂਨ ਦਾ ਮੌਸਮ ਪੰਜਾਬ ਵਿਚ ਇਕ ਚਿੰਤਾ ਜ਼ਰੂਰ ਲੈ ਕੇ ਆਉਂਦਾ ਹੈ। ਭਾਵੇਂ ਅਸੀਂ ਮੀਂਹ ਲਈ ਅਰਦਾਸ ਕਰਦੇ ਰਹਿੰਦੇ ਹਾਂ ਤਾਂ ਕਿ ਫ਼ਸਲਾਂ ਹਰੀਆਂ-ਭਰੀਆਂ ਹੋਣ ਤੇ ਧਰਤੀ ਹੇਠਲੇ ਪਾਣੀ ਦੇ ਭੰਡਾਰ ਭਰੇ ਰਹਿਣ। ਪਰ ਹੁਣ ਮੀਂਹਾਂ ਕਰਕੇ ਤਬਾਹੀ ਤੇ ਅਨਿਸ਼ਚਿਤਤਾ ਦਾ ਡਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਦਰਿਆਵਾਂ ਕੰਢੇ ਵਸੇ ਪਿੰਡ ਪਾਣੀ ਦੇ ਪੱਧਰ ਨੂੰ ਫਿਕਰ ਨਾਲ ਦੇਖਦੇ ਹਨ, ਸ਼ਹਿਰੀ ਬਸਤੀਆਂ ਪਾਣੀ ਭਰਨ ਦੇ ਡਰ ਦੇ ਸਾਏ ਹੇਠ ਜਿਊਂਦੀਆਂ ਹਨ ਤੇ ਸਰਕਾਰਾਂ ਹੜ੍ਹ ਚਿਤਾਵਨੀਆਂ ਦਾ ਜਵਾਬ ਦੇਣ ਵਿਚ ਰੁੱਝੀਆਂ ਰਹਿੰਦੀਆਂ ਹਨ। ਪੰਜਾਬ ਸਾਹਮਣੇ ਹੁਣ ਸਿਰਫ਼ ਹੜ੍ਹ ਪ੍ਰਬੰਧਨ ਦੀ ਚੁਣੌਤੀ ਨਹੀਂ ਰਹੀ, ਇਹ ਬਦਲਦੇ ਜਲਵਾਯੂ ਨਮੂਨਿਆਂ, ਘਟਦੀ ਦਰਿਆਈ ਸਮਰੱਥਾ ਤੇ ਦਹਾਕਿਆਂ ਦੀ ਵਾਤਾਵਰਨਿਕ ਅਣਦੇਖੀ ਦੇ ਵਿਚਕਾਰ ਮੌਨਸੂਨ ਲਈ ਤਿਆਰੀ ਦਾ ਸਵਾਲ ਬਣ ਗਈ ਹੈ। ਸੂਬੇ ਦੇ ਦਰਿਆ ਖ਼ਾਸਕਰ ਸਤਲੁਜ ਤੇ ਬਿਆਸ, ਅੱਜ ਉਸ ਬੋਝ ਹੇਠ ਦੱਬੇ ਹੋਏ ਹਨ, ਜੋ ਉਨ੍ਹਾਂ ਨੇ ਕਦੇ ਚੁੱਕਣਾ ਹੀ ਨਹੀਂ ਸੀ। ਸਾਲਾਂ ਦੀ ਜਮ੍ਹਾਂ ਹੋਈ ਗਾਦ (ਸਿਲਟ), ਦਰਿਆਈ ਖੇਤਰਾਂ 'ਤੇ ਹੋਏ ਕਬਜ਼ਿਆਂ ਅਤੇ ਅਢੁਕਵੇਂ ਵਿਗਿਆਨਕ ਦਰਿਆ ਪ੍ਰਬੰਧਨ ਨੇ ਮੌਨਸੂਨ ਦੇ ਪਾਣੀ ਨੂੰ ਸੁਰੱਖਿਅਤ ਢੰਗ ਨਾਲ ਵਹਾਉਣ ਦੀ ਸਮਰੱਥਾ ਨੂੰ ਬਹੁਤ ਘਟਾ ਦਿੱਤਾ ਹੈ। ਨਤੀਜੇ ਵਜੋਂ ਅੱਜ ਦਰਮਿਆਨੀ ਮਾਤਰਾ ਵਿਚ ਛੱਡਿਆ ਗਿਆ ਪਾਣੀ ਵੀ ਹੜ੍ਹ ਦਾ ਕਾਰਨ ਬਣ ਜਾਂਦਾ ਹੈ, ਪਹਿਲਾਂ ਕਦੇ ਅਜਿਹਾ ਨਹੀਂ ਸੀ ਹੁੰਦਾ।
ਦਰਿਆਵਾਂ ਦੀ ਘਟ ਰਹੀ ਸਮਰੱਥਾ
ਪੰਜਾਬ ਦੇ ਹੜ੍ਹਾਂ ਦੀ ਕਹਾਣੀ ਉਪਰਲੀਆਂ ਧਾਰਾਵਾਂ ਤੋਂ ਸ਼ੁਰੂ ਹੁੰਦੀ ਹੈ। ਸਤਲੁਜ ਤੇ ਬਿਆਸ ਦਰਿਆ ਹਿਮਾਲਿਆ ਦੇ ਨਾਜ਼ੁਕ ਪਹਾੜੀ ਸਰੋਤਾਂ ਤੋਂ ਭਾਰੀ ਮਾਤਰਾ ਵਿਚ ਮਿੱਟੀ ਲੈ ਕੇ ਆਉਂਦੇ ਹਨ। ਪਹਿਲਾਂ ਦਰਿਆਵਾਂ ਵਿਚ ਇਸ ਮਿੱਟੀ ਨੂੰ ਅੱਗੇ ਵਹਾਉਣ ਲਈ ਕਾਫ਼ੀ ਚੌੜਾਈ ਤੇ ਡੂੰਘਾਈ ਹੁੰਦੀ ਸੀ। ਪਰ ਦਹਾਕਿਆਂ ਤੋਂ ਜੰਮੀ ਗਾਦ (ਸਿਲਟ) ਨੇ ਦਰਿਆਵਾਂ ਦੇ ਹੇਠਲੇ ਹਿੱਸੇ ਉੱਚੇ ਕਰ ਦਿੱਤੇ ਹਨ, ਜਿਸ ਕਰਕੇ ਪਾਣੀ ਦੇ ਵਹਿਣ ਦੇ ਮਾਰਗ ਤੰਗ ਹੋ ਗਏ। ਪਰ ਕਈ ਥਾਵਾਂ 'ਤੇ ਦਰਿਆਵਾਂ ਅੰਦਰੋਂ ਅੰਨ੍ਹੇਵਾਹ ਰੇਤ ਤੇ ਬੱਜਰੀ ਦੀ ਖੁਦਾਈ ਨੇ ਵੀ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਮਾਹਿਰਾਂ ਨੇ ਦੱਸਿਆ ਹੈ ਕਿ ਪੰਜਾਬ ਵਿਚ ਕਈ ਥਾਵਾਂ 'ਤੇ ਗਾਦ (ਸਿਲਟ) ਜਮ੍ਹਾਂ ਹੋਣ ਕਾਰਨ ਦਰਿਆਵਾਂ ਦੇ ਹੇਠਲੇ ਹਿੱਸੇ 5 ਤੋਂ 12 ਫੁੱਟ ਤੱਕ ਉੱਚੇ ਹੋ ਗਏ, ਜਿਸ ਨਾਲ ਦਰਿਆਵਾਂ ਤੇ ਨਿਕਾਸ ਚੈਨਲਾਂ ਦੀ ਢੋਣ ਸਮਰੱਥਾ ਵਿਚ ਭਾਰੀ ਕਮੀ ਆਈ ਹੈ। ਕੁਝ ਹਿੱਸਿਆਂ ਵਿਚ ਇਹ ਸਮਰੱਥਾ ਪਹਿਲਾਂ ਦੇ ਮੁਕਾਬਲੇ ਇਕ-ਤਿਹਾਈ ਰਹਿ ਗਈ ਹੈ। ਮਾਹਿਰਾਂ ਦੀਆਂ ਵਾਰ-ਵਾਰ ਚਿਤਾਵਨੀਆਂ ਦੇ ਬਾਵਜੂਦ, ਦਰਿਆਵਾਂ ਦੀ ਗਾਦ ਕੱਢਣ ਦਾ ਕੰਮ ਖਿੰਡਿਆ-ਪੁੰਡਿਆ, ਟੁਕੜਿਆਂ ਵਿਚ ਅਤੇ ਅਣਦੇਖਾ ਰਿਹਾ ਹੈ। ਵੱਖ-ਵੱਖ ਥਾਵਾਂ 'ਤੇ ਮਸ਼ੀਨੀ ਢੰਗ ਨਾਲ ਗਾਦ ਕੱਢਣਾ ਸਮੁੱਚੀ ਵਹਾਅ ਖੇਤਰ ਦੀ ਰਣਨੀਤੀ ਦਾ ਬਦਲ ਨਹੀਂ ਹੋ ਸਕਦਾ। ਸੂਬੇ ਨੂੰ ਲੰਬੇ ਸਮੇਂ ਦੇ ਡੇਟਾ ਇਕੱਤਰੀਕਰਨ, ਪ੍ਰਵਾਹ ਅਧਿਐਨਾਂ ਤੇ ਦਰਿਆਈ ਬਣਤਰ ਦੀ ਸਮਝ 'ਤੇ ਆਧਾਰਿਤ ਵਿਗਿਆਨਕ ਵਿਧੀ ਨਾਲ ਗਾਦ ਪ੍ਰਬੰਧਨ ਲਈ ਯੋਜਨਾ ਬਣਾਉਣ ਦੀ ਲੋੜ ਹੈ। ਇਹ ਮਸਲਾ ਹੋਰ ਵੀ ਗੰਭੀਰ ਹੋ ਜਾਂਦਾ ਹੈ ਕਿਉਂਕਿ ਦਰਿਆਵਾਂ ਦੇ ਆਲੇ-ਦੁਆਲੇ ਦੇ ਖੇਤਰਾਂ 'ਤੇ ਲਗਾਤਾਰ ਕਬਜ਼ੇ ਹੋ ਰਹੇ ਹਨ। ਅਜਿਹੇ ਇਲਾਕਿਆਂ 'ਚ ਰਿਹਾਇਸ਼ੀ ਬਸਤੀਆਂ ਬਣ ਗਈਆਂ ਹਨ, ਜੋ ਇਤਿਹਾਸਕ ਤੌਰ 'ਤੇ ਕੁਦਰਤੀ ਹੜ੍ਹ-ਰੋਕੂ ਬਫ਼ਰ ਦਾ ਕੰਮ ਕਰਦੇ ਸਨ।
ਪੰਜਾਬ ਦੀ ਹੜ੍ਹ ਕਮਜ਼ੋਰੀ ਦਾ ਸੰਬੰਧ ਗੋਬਿੰਦ ਸਾਗਰ ਜਲ ਭੰਡਾਰ ਦੀ ਸਥਿਤੀ ਨਾਲ ਵੀ ਜੁੜਿਆ ਹੋਇਆ ਹੈ, ਜੋ ਭਾਖੜਾ ਡੈਮ ਦੁਆਰਾ ਬਣਾਈ ਗਈ ਜੀਵਨ-ਰੇਖਾ ਹੈ। ਛੇ ਦਹਾਕਿਆਂ ਤੋਂ ਵੱਧ ਦੇ ਸੰਚਾਲਨ ਵਿਚ ਇਸ ਜਲ ਭੰਡਾਰ ਅੰਦਰ ਭਾਰੀ ਮਾਤਰਾ ਵਿਚ ਗਾਦ ਜਮ੍ਹਾਂ ਹੋ ਗਈ ਹੈ। ਹਾਲੀਆ ਅੰਦਾਜ਼ੇ ਦੱਸਦੇ ਹਨ ਕਿ ਜਲ ਭੰਡਾਰ ਦੀ ਅਸਲ ਸਟੋਰੇਜ ਸਮਰੱਥਾ ਦਾ ਲਗਭਗ ਇਕ-ਚੌਥਾਈ ਹਿੱਸਾ ਗਾਦ ਕਾਰਨ ਘੱਟ ਚੁੱਕਾ ਹੈ। ਅਨੁਮਾਨ ਹੈ ਕਿ 2.5 ਅਰਬ ਘਣ ਮੀਟਰ ਤੋਂ ਵੱਧ ਭੰਡਾਰਨ ਸਥਾਨ ਗਾਦ ਨਾਲ ਭਰ ਚੁੱਕਾ ਹੈ। ਇਹ ਕੋਈ ਛੋਟਾ ਤਕਨੀਕੀ ਮੁੱਦਾ ਨਹੀਂ ਹੈ। ਜਲ ਭੰਡਾਰ ਦੀ ਸਟੋਰੇਜ ਭਾਰੀ ਵਰਖਾ ਦੌਰਾਨ ਇਕ ਸੁਰੱਖਿਆ ਵਿਵਸਥਾ ਵਜੋਂ ਕੰਮ ਕਰਦੀ ਹੈ। ਜਿਉਂ-ਜਿਉਂ ਸਟੋਰੇਜ ਘਟਦੀ ਜਾਂਦੀ ਹੈ, ਅਚਾਨਕ ਆਉਣ ਵਾਲੇ ਪਾਣੀ ਦੇ ਪ੍ਰਵਾਹ ਨੂੰ ਸੰਭਾਲਣ ਦੀ ਸਮਰੱਥਾ ਘਟਦੀ ਜਾਂਦੀ ਹੈ, ਜਿਸ ਨਾਲ ਡੈਮ ਸੰਚਾਲਨ ਤੇ ਹੇਠਲੇ ਇਲਾਕਿਆਂ ਵਿਚ ਹੜ੍ਹ ਪ੍ਰਬੰਧਨ 'ਤੇ ਦਬਾਅ ਵਧਦਾ ਹੈ। ਇਹ ਚੁਣੌਤੀ ਇਸ ਤੱਥ ਕਾਰਨ ਹੋਰ ਵੀ ਔਖੀ ਹੋ ਜਾਂਦੀ ਹੈ ਕਿ ਵੱਡੇ ਜਲ ਭੰਡਾਰਾਂ ਦੀ ਵਿਗਿਆਨਕ ਢੰਗ ਗਾਦ ਕੱਢਣ ਦੀ ਪ੍ਰਕਿਰਿਆ ਤਕਨੀਕੀ ਤੌਰ 'ਤੇ ਬੇਹੱਦ ਗੁੰਝਲਦਾਰ ਤੇ ਆਰਥਿਕ ਤੌਰ 'ਤੇ ਬਹੁਤ ਮਹਿੰਗੀ ਹੈ। ਸਰਕਾਰਾਂ ਨੇ ਇਸ ਮੁੱਦੇ 'ਤੇ ਸਮੇਂ-ਸਮੇਂ ਚਰਚਾ ਕੀਤੀ ਹੈ, ਕਮੇਟੀਆਂ ਬਣਾਈਆਂ ਹਨ ਅਤੇ ਪਾਇਲਟ ਪ੍ਰੋਜੈਕਟ ਵੀ ਵਿਉਂਤੇ ਹਨ, ਪਰ ਜਿਸ ਪੈਮਾਨੇ 'ਤੇ ਕੰਮ ਕਰਨ ਦੀ ਜ਼ਰੂਰਤ ਹੈ, ਉਹ ਹਾਲੇ ਤੱਕ ਨਹੀਂ ਹੋਇਆ। ਅਸਲੀਅਤ ਇਹ ਹੈ ਕਿ ਗਾਦ ਦਾ ਲਗਾਤਾਰ ਜਮ੍ਹਾਂ ਹੋਣਾ ਹੁਣ ਸਿਰਫ਼ ਜਲ ਭੰਡਾਰ ਪ੍ਰਬੰਧਨ ਦੀ ਚਿੰਤਾ ਨਹੀਂ ਰਹੀ, ਇਹ ਇਕ ਹੜ੍ਹ ਪ੍ਰਬੰਧਨ ਸੰਕਟ ਬਣ ਚੁੱਕਾ ਹੈ, ਜੋ ਪੰਜਾਬ, ਹਰਿਆਣਾ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ 'ਚ ਕਰੋੜਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ।
ਤੁਰੰਤ ਕਾਰਵਾਈ ਦੀ ਲੋੜ
ਇਸ ਸਾਲ ਦੇ ਮੌਨਸੂਨ 'ਤੇ ਅਲ-ਨੀਨੋ ਵਰਗੀਆਂ ਵੱਡੀਆਂ ਮੌਸਮੀ ਘਟਨਾਵਾਂ ਦਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ ਮੌਸਮੀ ਪ੍ਰਕਿਰਿਆਵਾਂ ਤੇਜ਼ੀ ਨਾਲ ਬਦਲ ਰਹੀਆਂ ਹਨ, ਜੋ ਲੰਬੇ ਸੋਕੇ ਤੋਂ ਬਾਅਦ ਅਚਾਨਕ ਭਾਰੀ ਮੀਂਹ ਦੇ ਰੂਪ 'ਚ ਸਾਹਮਣੇ ਆਉਂਦੀਆਂ ਹਨ। ਇਹ ਅਸਥਿਰਤਾ ਪਾਣੀ ਦੇ ਬੁਨਿਆਦੀ ਢਾਂਚੇ 'ਤੇ ਵਾਧੂ ਦਬਾਅ ਪਾਉਂਦੀ ਹੈ। ਭਾਖੜਾ ਡੈਮ ਦਾ ਜਲ-ਗ੍ਰਹਿਣ ਖੇਤਰ ਹਿਮਾਲਿਆ ਵਿਚ ਲਗਭਗ 68,000 ਵਰਗ ਕਿੱਲੋਮੀਟਰ ਵਿਚ ਫੈਲਿਆ ਹੋਇਆ ਹੈ, ਜਦਕਿ ਗੋਬਿੰਦ ਸਾਗਰ ਜਲ ਭੰਡਾਰ ਲਗਭਗ 164 ਵਰਗ ਕਿੱਲੋਮੀਟਰ ਵਿਚ ਫੈਲਿਆ ਹੈ। ਇਸ ਵਿਸ਼ਾਲ ਜਲ-ਗ੍ਰਹਿਣ ਖੇਤਰ ਵਿਚ ਬਹੁਤ ਜ਼ਿਆਦਾ ਮੀਂਹ ਜਾਂ ਬੱਦਲ ਫਟਣ ਦੀ ਘਟਨਾ ਥੋੜ੍ਹੇ ਸਮੇਂ 'ਚ ਬਹੁਤ ਜ਼ਿਆਦਾ ਪਾਣੀ ਦਾ ਵਹਾਅ ਪੈਦਾ ਕਰ ਸਕਦੀ ਹੈ ਅਤੇ ਅੰਤ ਵਿਚ ਡੈਮ ਦੇ ਹੇਠਲੇ ਇਲਾਕਿਆਂ 'ਚ ਭਿਆਨਕ ਤਬਾਹੀ ਦਾ ਕਾਰਨ ਬਣ ਸਕਦੀ ਹੈ। ਰਿਪੋਰਟਾਂ ਤੋਂ ਸੰਕੇਤ ਮਿਲਦਾ ਹੈ ਕਿ ਇਸ ਸੀਜ਼ਨ ਵਿਚ ਜਲ ਭੰਡਾਰ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਉੱਚਾ ਹੈ। ਸਿਹਤਮੰਦ ਭੰਡਾਰਨ ਸਿੰਚਾਈ ਤੇ ਬਿਜਲੀ ਉਤਪਾਦਨ ਲਈ ਜ਼ਰੂਰੀ ਹੈ, ਪਰ ਇਹ ਇਸ ਗੱਲ ਦੀ ਵੀ ਯਾਦ ਦਿਵਾਉਂਦਾ ਹੈ ਕਿ ਮੌਨਸੂਨ ਦੇ ਸਿਖਰਲੇ ਪ੍ਰਵਾਹ ਤੋਂ ਪਹਿਲਾਂ ਢੁਕਵਾਂ ਹੜ੍ਹ ਪ੍ਰਬੰਧ ਬਣਾਈ ਰੱਖਣਾ ਕਿੰਨਾ ਜ਼ਰੂਰੀ ਹੈ। ਪੰਜਾਬ ਇਹ ਨਹੀਂ ਮੰਨ ਸਕਦਾ ਕਿ ਹੜ੍ਹ ਸਿਰਫ਼ ਇਕ ਮੌਸਮੀ ਐਮਰਜੈਂਸੀ ਹੈ, ਜਿਸ ਵੱਲ ਧਿਆਨ ਉਦੋਂ ਹੀ ਦੇਣਾ ਹੈ, ਜਦੋਂ ਪਾਣੀ ਪਿੰਡਾਂ 'ਚ ਆ ਵੜੇ। ਹੜ੍ਹਾਂ ਦਾ ਪ੍ਰਬੰਧਨ ਸਾਲ ਭਰ ਲਈ ਤਰਜੀਹ ਬਣਨਾ ਚਾਹੀਦਾ ਹੈ। ਇਸ ਲਈ ਦਰਿਆਵਾਂ ਅਤੇ ਜਲ ਭੰਡਾਰਾਂ ਦੀ ਵਿਗਿਆਨਕ ਗਾਦ ਕੱਢਣ, ਹੜ੍ਹ ਖੇਤਰਾਂ ਤੋਂ ਕਬਜ਼ੇ ਹਟਾਉਣ, ਬੰਨ੍ਹਾਂ ਨੂੰ ਮਜ਼ਬੂਤ ਕਰਨ, ਕੁਦਰਤੀ ਨਿਕਾਸ ਪ੍ਰਣਾਲੀਆਂ ਦੀ ਬਹਾਲੀ ਦਾ ਕੰਮ ਨਿਰੰਤਰ ਹੁੰਦਾ ਰਹਿਣਾ ਚਾਹੀਦਾ ਹੈ। ਸਾਂਝੇ ਭੰਡਾਰ ਵਾਲੇ ਸੂਬਿਆਂ 'ਚ ਬਿਹਤਰ ਤਾਲਮੇਲ ਦੀ ਵੀ ਲੋੜ ਹੈ।
ਪੰਜਾਬ ਨੇ ਹਮੇਸ਼ਾ ਮੁਸ਼ਕਿਲਾਂ ਵਿਚ ਆਪਣੀ ਦ੍ਰਿੜਤਾ ਦਾ ਸਬੂਤ ਦਿੱਤਾ ਹੈ, ਪਰ ਇਹ ਦ੍ਰਿੜਤਾ ਤਿਆਰੀ ਦਾ ਬਦਲ ਨਹੀਂ ਹੋ ਸਕਦੀ। ਜਿਵੇਂ-ਜਿਵੇਂ ਜਲਵਾਯੂ ਖ਼ਤਰੇ ਵਧਦੇ ਹਨ ਤੇ ਦਰਿਆਈ ਪ੍ਰਣਾਲੀਆਂ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ, ਸੂਬੇ ਨੂੰ ਸਰਗਰਮ ਹੜ੍ਹ ਰੋਕਥਾਮ ਦੀ ਦਿਸ਼ਾ ਵੱਲ ਜਾਣਾ ਹੋਵੇਗਾ। ਮੌਨਸੂਨ ਦਾ ਮੌਸਮ ਹਰ ਸਾਲ ਪੰਜਾਬ ਦੀ ਪ੍ਰੀਖਿਆ ਲੈਂਦਾ ਰਹੇਗਾ। ਸਵਾਲ ਇਹ ਹੈ ਕਿ ਕੀ ਅਸੀਂ ਆਫ਼ਤਾਂ ਆਉਣ ਤੋਂ ਬਾਅਦ ਪ੍ਰਤੀਕਰਮ ਦਿੰਦੇ ਰਹਾਂਗੇ ਜਾਂ ਫਿਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਰੋਕਣ ਲਈ ਨਿਵੇਸ਼ ਕਰਾਂਗੇ।

ਸੰਸਦ ਮੈਂਬਰ (ਰਾਜ ਸਭਾ)
ਈਮੇਲ : satnam.sandhu@sansad.nic.in

ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਅਰਥ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।