30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ

ਅਜੀਤ ਡੈਸਕ 18-06-2026

ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੁਨੀਆ ਦੇ ਧਰਮਾਂ ਦੇ ਇਤਿਹਾਸ ਅੰਦਰ ਇਕ ਇਨਕਲਾਬੀ ਮੋੜ ਸੀ। ਇਸ ਸ਼ਹਾਦਤ ਨੇ ਜਿੱਥੇ ਧਾਰਮਿਕ ਕੱਟੜਤਾ ਦੇ ਨਾਂਅ 'ਤੇ ਮਨੁੱਖੀ ਅੱਤਿਆਚਾਰ ਦੀ ਪ੍ਰਵਿਰਤੀ ਨੂੰ ਸਿਖਰਲੀ ਚੁਣੌਤੀ ਦਿੱਤੀ, ਉੱਥੇ ਹੀ ਮਾਨਵਤਾ ਨੂੰ ਜਬਰ ਦੇ ਮੁਕਾਬਲੇ ਲਈ ਭੈਅ ਤੋਂ ਮੁਕਤ ਵੀ ਕੀਤਾ। ਸਿੱਖ ਇਤਿਹਾਸ ਅੰਦਰ ਪੰਜਵੇਂ ਪਾਤਿਸ਼ਾਹ ਦੀ ਸ਼ਹਾਦਤ ਇਕ ਕ੍ਰਾਂਤੀਕਾਰੀ ਪੰਨੇ ਵਜੋਂ ਅੰਕਿਤ ਹੈ, ਜਿਸ ਦੀ ਪ੍ਰੇਰਨਾ ਅੱਜ ਵੀ ਹਰ ਸਿੱਖ ਲਈ ਰਾਹ-ਦਸੇਰਾ ਹੈ। ਗੁਰੂ ਸਾਹਿਬ ਦੀ ਇਸ ਸ਼ਹਾਦਤ ਨੇ ਸਿੱਖਾਂ ਨੂੰ ਜ਼ੁਲਮ ਨਾਲ ਟੱਕਰ ਲੈਣ, ਅਕਾਲ ਪੁਰਖ ਦਾ ਭਾਣਾ ਮੰਨਣ ਅਤੇ ਸਬਰ, ਸੰਤੋਖ, ਦ੍ਰਿੜ੍ਹਤਾ ਨਾਲ ਆਪਣੇ ਹੱਕਾਂ ਦੀ ਰੱਖਿਆ ਕਰ ਸਕਣ ਦਾ ਰਾਹ ਦਿਖਾ ਕੇ ਸਿੱਖੀ ਦੇ ਮਹਿਲ ਦੀਆਂ ਨੀਹਾਂ ਨੂੰ ਏਨਾ ਪੱਕਾ ਤੇ ਮਜ਼ਬੂਤ ਕਰ ਦਿੱਤਾ ਕਿ ਜ਼ੁਲਮ ਦੇ ਝੱਖੜ ਇਸ ਦਾ ਕੁੱਝ ਨਾ ਵਿਗਾੜ ਸਕੇ। ਇਸ ਪਾਵਨ ਸ਼ਹਾਦਤ ਨੇ ਸਿੱਖ ਮਰਜੀਵੜਿਆਂ ਨੂੰ ਹੱਕ-ਸੱਚ ਖ਼ਾਤਰ ਕੁਰਬਾਨ ਹੋਣ ਦੀ ਅਜਿਹੀ ਜਾਚ ਸਿਖਾਈ ਕਿ ਉਨ੍ਹਾਂ ਨੇ ਸ਼ਹਾਦਤਾਂ ਦੀ ਇਕ ਲੰਮੀ ਲੜੀ ਸਿਰਜ ਦਿੱਤੀ। ਸ਼ਹਾਦਤਾਂ ਦੀ ਇਹ ਲੜੀ ਸਿੱਖ ਇਤਿਹਾਸ ਦਾ ਹਾਸਲ ਹੈ।
ਸ਼ਹੀਦ ਤੇ ਸ਼ਹਾਦਤ ਅਰਬੀ ਭਾਸ਼ਾ ਦੇ ਸ਼ਬਦ ਹਨ। ਕਿਸੇ ਉੱਚੇ-ਸੁੱਚੇ ਉਦੇਸ਼ ਲਈ ਨਿਸ਼ਕਾਮ ਰਹਿ ਕੇ ਕੁਰਬਾਨੀ ਦੇਣ ਵਾਲਾ ਸ਼ਹੀਦ ਅਖਵਾਉਂਦਾ ਹੈ। ਸਿੱਖ ਧਰਮ ਅੰਦਰ 'ਸ਼ਹਾਦਤ' ਸ਼ਬਦ ਬਹੁਤ ਹੀ ਸਤਿਕਾਰ ਭਰੇ ਸ਼ਬਦਾਂ ਵਿਚ ਦਰਜ ਹੈ। ਸਿੱਖੀ ਅੰਦਰ ਇਸ ਸ਼ਬਦ ਦੀ ਵਰਤੋਂ ਸੱਚ ਦੀ ਅਵਾਜ਼ ਬੁਲੰਦ ਰੱਖਣ ਲਈ ਦਿੱਤੀ ਗਈ ਕੁਰਬਾਨੀ ਦੀ ਗਵਾਹੀ ਵਜੋਂ ਕੀਤੀ ਜਾਂਦੀ ਹੈ ਅਤੇ ਇਹ ਗਵਾਹੀ ਕੋਈ ਆਮ ਨਹੀਂ, ਸਗੋਂ ਸਮਾਜਿਕ ਪਰਪੇਖ ਦੇ ਨਾਲ-ਨਾਲ ਰੂਹਾਨੀਅਤ ਨਾਲ ਵੀ ਭਰਪੂਰ ਹੈ। ਸ਼ਹੀਦ ਦੀ ਸ਼ਹਾਦਤ ਹਮੇਸ਼ਾ ਸੱਚ ਲਈ ਹੁੰਦੀ ਹੈ, ਇਸ ਕਰਕੇ ਸੱਚ ਤੇ ਸ਼ਹਾਦਤ ਦਾ ਰਿਸ਼ਤਾ ਵੀ ਅਟੁੱਟ ਹੈ। ਸਿੱਖ ਧਰਮ ਵਿਚ ਸੱਚ 'ਤੇ ਚੱਲਣ ਅਤੇ ਸੱਚ ਖਾਤਰ ਲੋੜ ਪੈਣ 'ਤੇ ਸ਼ਹਾਦਤ ਦੇਣ ਦਾ ਮਾਰਗ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਜਾਗਰ ਕੀਤਾ ਸੀ। ਆਪ ਜੀ ਨੇ ਗੁਰਬਾਣੀ ਅੰਦਰ ਹੁਕਮ ਕੀਤਾ:-
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ : 1412)
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਪਹਿਲੇ ਪਾਤਿਸ਼ਾਹ ਵਲੋਂ ਦਰਸਾਏ ਇਸ ਮਾਰਗ ਨੂੰ ਹੋਰ ਪੱਕਿਆਂ ਕੀਤਾ। ਪੰਜਵੇਂ ਪਾਤਿਸ਼ਾਹ ਦਾ ਸਾਰਾ ਜੀਵਨ ਪਰਉਪਕਾਰ ਤੇ ਉੱਚ ਆਦਰਸ਼ਾਂ ਲਈ ਬਤੀਤ ਹੋਇਆ। ਆਪ ਦੇ ਗੁਣ ਬੇਅੰਤ ਹਨ, ਪਰਉਪਕਾਰ ਤੇ ਸਿਫ਼ਤਾਂ ਵੀ ਬੇਸ਼ੁਮਾਰ ਹਨ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਵਿਚ ਪਹਿਲੀ ਤੇ ਦੁਨੀਆ ਦੇ ਇਤਿਹਾਸ ਵਿਚ ਲਾਸਾਨੀ ਤੇ ਬੇਮਿਸਾਲ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਅਸਲ ਕਾਰਨ ਜਹਾਂਗੀਰ ਬਾਦਸ਼ਾਹ ਦੀ ਧਾਰਮਿਕ ਕੱਟੜਤਾ ਤੇ ਤੰਗਦਿਲੀ ਸੀ। ਪੰਜਵੇਂ ਪਾਤਿਸ਼ਾਹ ਦੇ ਦਿਨੋ-ਦਿਨ ਵਧ ਰਹੇ ਤੇਜ਼ ਪ੍ਰਤਾਪ ਨੂੰ ਬਰਦਾਸ਼ਤ ਕਰਨਾ ਇਸਲਾਮੀ ਸਰਕਾਰ, ਉਸ ਦੇ ਤੁਅੱਸਬੀ ਬਾਦਸ਼ਾਹ ਤੇ ਕੱਟੜਪੰਥੀ ਠੇਕੇਦਾਰਾਂ ਲਈ ਮੁਸ਼ਕਿਲ ਹੋ ਚੁੱਕਾ ਸੀ। ਪੰਜਵੇਂ ਪਾਤਿਸ਼ਾਹ ਦੇ ਚੜ੍ਹਦੀ ਕਲਾ, ਬੇਬਾਕ ਬਿਆਨ ਤੇ ਨਿਧੜਕ ਐਲਾਨ ਜਿੱਥੇ ਉਨ੍ਹਾਂ ਦੇ ਧਰਮ-ਕਰਮ ਦੀ ਵਿਲੱਖਣਤਾ, ਆਚਾਰ-ਸਦਾਚਾਰ ਦਾ ਨਿਆਰਾਪਨ, ਕਥਨੀ-ਕਰਨੀ ਦੀ ਸੁਤੰਤਰਤਾ, ਸੁਭਾਅ ਦੀ ਨਿਰਭੈਤਾ ਅਤੇ ਸਿੱਖ ਲਹਿਰ ਦੇ ਅੱਗੇ ਵਧਣ ਦਾ ਸੂਚਕ ਸੀ, ਉੱਥੇ ਕਰਮਕਾਂਡੀ ਤੁਅੱਸਬੀ ਸ਼ਕਤੀਆਂ ਨੂੰ ਭਾਰੀ ਚੁਣੌਤੀ ਸੀ। ਗੁਰੂਘਰ ਪ੍ਰਤੀ ਸੰਗਤਾਂ ਵਿਚ ਵਧ ਰਹੀ ਸ਼ਰਧਾ ਬਾਰੇ ਸੁਣਨਾ ਹਾਕਮਾਂ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਸੀ। ਅਸਲ ਵਿਚ ਜਹਾਂਗੀਰ ਮੌਕੇ ਦੀ ਭਾਲ ਵਿਚ ਸੀ, ਕਿ ਉਸ ਨੂੰ ਕਦੋਂ ਕੋਈ ਬਹਾਨਾ ਮਿਲੇ ਤੇ ਉਹ ਸਿੱਖ ਲਹਿਰ ਨੂੰ ਖ਼ਤਮ ਕਰ ਦੇਵੇ ਤੇ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਾਂ ਤਾਂ ਮੁਸਲਮਾਨ ਬਣਾ ਦੇਵੇ ਜਾਂ ਸ਼ਹੀਦ ਕਰ ਦੇਵੇ। ਇਸ ਗੱਲ ਦਾ ਜ਼ਿਕਰ ਉਹ ਆਪਣੀ ਸਵੈ-ਜੀਵਨੀ 'ਤੁਜ਼ਕੇ ਜਹਾਂਗੀਰੀ' ਵਿਚ ਵੀ ਕਰਦਾ ਹੈ। ਉਸ ਨੂੰ ਬਹਾਨੇ ਦੀ ਤਲਾਸ਼ ਸੀ, ਜੋ ਉਸ ਨੂੰ ਖੁਸਰੋ ਦੀ ਬਗ਼ਾਵਤ 'ਚੋਂ ਮਿਲ ਗਿਆ। ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਸਹਾਇਕ ਬਣੇ।
ਜਹਾਂਗੀਰ ਨੇ ਗੁਰੂ ਸਾਹਿਬ ਨੂੰ 'ਯਾਸਾ-ਏ-ਸਿਆਸਤ' ਅਧੀਨ ਸਜ਼ਾ ਦਿੱਤੀ, ਜਿਸ ਤੋਂ ਭਾਵ ਹੈ ਤਸੀਹੇ ਦੇ ਕੇ ਮਾਰਨਾ। ਇਸ ਤਰ੍ਹਾਂ ਜਹਾਂਗੀਰ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਗੁਰੂ ਸਾਹਿਬ ਨੂੰ ਸ਼ਹੀਦ ਕਰਨ ਸਮੇਂ ਕਈ ਤਰ੍ਹਾਂ ਦੇ ਅਕਹਿ ਤੇ ਅਸਹਿ ਤਸੀਹੇ ਦਿੱਤੇ ਗਏ। ਜ਼ਾਲਮਾਂ ਵਲੋਂ ਸਖ਼ਤ ਗਰਮੀ ਦੇ ਮੌਸਮ ਵਿਚ ਉਨ੍ਹਾਂ ਨੂੰ ਉੱਬਲਦੀ ਦੇਗ਼ ਵਿਚ ਬਿਠਾਇਆ ਗਿਆ, ਤੱਤੀ ਤਵੀ 'ਤੇ ਚੌਂਕੜਾ ਲਵਾਇਆ ਗਿਆ ਅਤੇ ਪਾਵਨ ਸੀਸ 'ਤੇ ਸੜਦੀ-ਬਲਦੀ ਰੇਤ ਪਾਈ ਗਈ। ਸਭ ਸਰੀਰਕ ਕਸ਼ਟਾਂ ਨੂੰ ਬੜੇ ਸਹਿਜ ਵਿਚ ਸਹਾਰਦਿਆਂ ਇਸ ਨੂੰ ਕਰਤਾਰ ਦਾ ਭਾਣਾ ਸਮਝ ਕੇ ਗੁਰੂ ਜੀ ਅਡੋਲ ਰਹੇ। ਇਸ ਤਰ੍ਹਾਂ ਅਨੇਕਾਂ ਤਸੀਹੇ ਦੇ ਕੇ ਸੰਨ 1606 ਈ: ਵਿਚ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਮਹਾਨ ਸ਼ਹਾਦਤ ਵਾਲੇ ਸਥਾਨ 'ਤੇ ਰਾਵੀ ਕੰਢੇ ਲਾਹੌਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਸਥਿਤ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਕੌਮ ਵਿਚ ਜ਼ਬਰ ਵਿਰੁੱਧ ਸੰਘਰਸ਼ ਲਈ ਅਥਾਹ ਜੋਸ਼ ਭਰ ਦਿੱਤਾ। ਪੰਜਵੇਂ ਪਾਤਿਸ਼ਾਹ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਅਤੇ ਅਕਾਲ ਪੁਰਖ ਦੇ ਸਦਾ ਰਹਿਣ ਵਾਲੇ ਅਕਾਲ ਤਖ਼ਤ ਦਾ ਨਿਰਮਾਣ ਕਰਾਇਆ। ਛੇਵੇਂ ਪਾਤਿਸ਼ਾਹ ਵਲੋਂ ਮੀਰੀ-ਪੀਰੀ ਦੀਆਂ ਕਿਰਪਾਨਾਂ ਪਹਿਨਣਾ, ਸਸ਼ਤਰ ਇਕੱਠੇ ਕਰਨਾ, ਕਿਲ਼੍ਹੇ ਬਣਵਾਉਣਾ, ਸ਼ਾਹੀ ਫ਼ੌਜ ਦਾ ਡਟ ਕੇ ਟਾਕਰਾ ਕਰਨਾ ਅਤੇ ਉਨ੍ਹਾਂ ਨੂੰ ਕਰਾਰੀ ਹਾਰ ਦੇਣਾ ਇਸ ਸ਼ਹਾਦਤ ਦੇ ਫ਼ਲਸਰੂਪ ਹੀ ਅਮਲ ਵਿਚ ਆਏ ਸਨ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹਾਦਤ ਸੰਦੇਸ਼ ਸਾਡੇ ਲਈ ਇਹ ਹੀ ਹੈ, ਅਸੀਂ ਆਪਣੇ ਧਰਮ ਦੇ ਸੁਨਹਿਰੀ ਅਸੂਲਾਂ ਦੀ ਖ਼ਾਤਰ ਜਬਰ-ਜ਼ੁਲਮ ਦੇ ਟਾਕਰੇ ਲਈ ਸਦਾ ਤਿਆਰ ਰਹਿਣਾ ਹੈ। ਸੱਚ ਦੀ ਖ਼ਾਤਰ ਸੰਘਰਸ਼ਸ਼ੀਲ ਰਹਿਣਾ ਹੈ ਅਤੇ ਝੂਠ, ਅਨਿਆਂ ਆਦਿ ਦੀ ਜੜ੍ਹ ਪੁੱਟਣ ਲਈ ਕਦੇ ਵੀ ਪਿੱਛੇ ਨਹੀਂ ਹਟਣਾ।

-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਪਿਛਲੀ ਖ਼ਬਰ 18-06-26 ਅਗਲੀ ਖ਼ਬਰ ਹੜ੍ਹਾਂ ਨੂੰ ਰੋਕਣ ਲਈ ਤਕਨੀਕੀ ਤੇ ਵਿਗਿਆਨਕ ਵਿਵਸਥਾ ਦੀ ਲੋੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।